ਵਿਦਿਆਰਥੀ ਜੀਵਨ ਕਿਸੇ ਵੀ ਇਨਸਾਨ ਦੀ ਸਮੁੱਚੀ ਜ਼ਿੰਦਗੀ ਦਾ ਇੱਕ ਅਹਿਮ ਪੜਾਅ ਹੈ। ਇਸ ਸਮੇਂ ਦੌਰਾਨ ਸਿੱਖੇ ਕੁਝ ਨੁਕਤੇ ਵਿਦਿਆਰਥੀ ਜੀਵਨ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਮੈਂ ਆਪਣੇ ਅਧਿਆਪਨ ਦੇ ਕਿੱਤੇ ਦੌਰਾਨ ਅਜਿਹੇ ਹੀ ਕੁਝ ਨੁਕਤੇ ਜਾਂਚੇ ਤੇ ਵਿਚਾਰੇ ਹਨ, ਜੋ ਮੈਂ ਅਕਸਰ ਆਪਣੇ ਵਿਦਿਆਰਥੀਆਂ ਨਾਲ ਤਾਂ ਸਾਂਝੇ ਕਰਦਾ ਹੀ ਰਹਿੰਦਾ ਹਾਂ ਤੇ ਅੱਜ ਇਸ ਲੇਖ ਰਾਹੀਂ ਆਪਣੇ ਨੰਨ੍ਹੇ-ਮੁੰਨੇ ਪਾਠਕਾਂ ਨਾਲ ਵੀ ਸਾਂਝੇ ਕਰ ਰਿਹਾ ਹਾਂ;
• ਵਿਸ਼ਿਆਂ ਲਈ ਸਮਾਂ ਵੰਡ : ਵਿਦਿਆਰਥੀ ਔਖੇ ਵਿਸ਼ੇ ਪਹਿਲਾਂ ਅਤੇ ਸਵੇਰ ਵੇਲੇ ਪੜ੍ਹੇ, ਹਿਸਾਬ ਵਿਸ਼ਾ ਉਦੋਂ ਪੜ੍ਹਿਆ ਜਾਵੇ ਜਦੋਂ ਨੀਂਦ ਘੇਰ ਰਹੀ ਹੋਵੇ ਅਤੇ ਸੌਖੇ ਵਿਸ਼ਿਆਂ ਨੂੰ ਘੱਟ ਸਮਾਂ ਦਿੱਤਾ ਜਾਵੇ। ਵਿਦਿਆਰਥੀ ਆਪਣੇ ਆਖਰੀ ਪ੍ਰੀਖਿਆ ਦੇ ਨਤੀਜਿਆਂ ਨੂੰ ਵਿਚਾਰੇ ਅਤੇ ਆਉਣ ਵਾਲੀ ਪ੍ਰੀਖਿਆ ਵਿੱਚ ਨਤੀਜੇ ਸੁਧਾਰਨ ਦਾ ਯਤਨ ਕਰੇ।
• ਆਗਿਆਕਾਰੀ : ਵਿਦਿਆਰਥੀ ਦਾ ਆਪਣੇ ਵੱਡਿਆਂ, ਮਾਪਿਆਂ ਅਤੇ ਅਧਿਆਪਕਾਂ ਦਾ ਆਗਿਆਕਾਰੀ ਹੋਣਾ ਬਹੁਤ ਜ਼ਰੂਰੀ ਹੈ। ਨਿਮਰਤਾ ਨਾਲ ਹੀ ਚੰਗੇ ਗੁਣ ਸਿੱਖੇ ਅਤੇ ਮਾੜੇ ਕੰਮ ਛੱਡੇ ਜਾ ਸਕਦੇ ਹਨ।
• ਸਹਿਣਸ਼ੀਲਤਾ: ਜੇਕਰ ਵਿਦਿਆਰਥੀ ਵਿੱਚ ਸਹਿਣਸ਼ੀਲਤਾ ਦਾ ਗੁਣ ਨਹੀਂ ਹੈ ਤਾਂ ਉਸਦੀ ਸਖਸ਼ੀਅਤ ਵਿਚਲੇ ਬਾਕੀ ਗੁਣ ਵੀ ਅੱਖੋਂ-ਪਰੋਖੇ ਹੋ ਜਾਂਦੇ ਹਨ। ਜੇਕਰ ਵੱਡੇ ਕਿਸੇ ਕਾਰਨ ਵਿਦਿਆਰਥੀ ਨੂੰ ਝਿੜਕਦੇ ਵੀ ਹਨ ਤਾਂ ਵਿਦਿਆਰਥੀ ਸਹਿਣਸ਼ੀਲਤਾ ਨਾਲ ਸੁਣੇ, ਆਪਣੀ ਗਲਤੀ ਵਿਚਾਰੇ ਅਤੇ ਅੱਗੋਂ ਤੋਂ ਉਸਨੂੰ ਨਾ ਦੁਹਰਾਵੇ।
• ਚੰਗੀਆਂ ਆਦਤਾਂ ਅਪਨਾਉਣਾ : ਵਿਦਿਆਰਥੀਆਂ ਨੂੰ ਖਾਣੇ, ਬੋਲਣ, ਪਹਿਨਣ, ਦੋਸਤ ਬਣਾਉਣ, ਕਿਤਾਬਾਂ ਪੜ੍ਹਨ, ਵਿਹਲੇ ਸਮੇਂ ਦੀ ਯੋਗ ਵਰਤੋਂ ਆਦਿ ਸਬੰਧੀ ਚੰਗੀਆਂ ਆਦਤਾਂ ਅਪਨਾਉਣੀਆਂ ਚਾਹੀਦੀਆਂ ਹਨ।
• ਵਿਹਲੇ ਸਮੇਂ ਦੀ ਸੁਯੋਗ ਵਰਤੋਂ : ਇੱਕ ਵਿਦਿਆਰਥੀ ਵਿਹਲੇ ਸਮੇਂ ਦੌਰਾਨ ਆਪਣੇ ਮਾਪਿਆਂ ਦੀ ਉਹਨਾਂ ਦੇ ਕੰਮ ਵਿੱਚ ਜਾਂ ਕਮਜ਼ੋਰ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਸਹਾਇਤਾ ਕਰ ਸਕਦਾ ਹੈ। ਮਨ ਦੀ ਸ਼ਾਂਤੀ ਅਤੇ ਖੁਸ਼ੀ ਲਈ ਜੇਕਰ ਇੱਕ ਵਿਦਿਆਰਥੀ ਕੁਝ ਸਮਾਂ ਪਾਠ ਕਰੇ ਅਤੇ ਕਿਸੇ ਸਮਾਜ ਭਲਾਈ ਸੰਸਥਾ ਨਾਲ ਜੁੜਕੇ ਲੋੜਵੰਦਾਂ ਦੀ ਸਹਾਇਤਾ ਕਰੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ।
• ਸੁੰਦਰ ਲਿਖਾਈ : ਪ੍ਰੀਖਿਆ ਵਿੱਚ ਵਧੀਆ ਨਤੀਜੇ ਹਾਸਲ ਕਰਨ ਲਈ ਵਿਦਿਆਰਥੀ ਦੀ ਲਿਖਾਈ ਸੁੰਦਰ ਹੋਣ ਦੇ ਨਾਲ-ਨਾਲ ਉਸਨੂੰ ਆਪਣੇ ਉੱਤਰਾਂ ਦੀ ਪੇਸ਼ਕਾਰੀ ਵਧੀਆ ਢੰਗ ਨਾਲ ਕਰਨ ਦੀ ਜਾਂਚ ਵੀ ਜ਼ਰੂਰ ਹੋਣੀ ਚਾਹੀਦੀ ਹੈ।
• ਵਾਰੋ-ਵਾਰ ਦੁਹਰਾਈ : ਇੱਕ ਵਾਰ ਕੋਈ ਵਿਸ਼ਾ ਪੜ੍ਹਨਾ ਤੇ ਭੁੱਲ ਜਾਣਾ ਸੁਭਾਵਿਕ ਹੈ। ਇਸ ਲਈ ਵਿਦਿਆਰਥੀ ਆਪਣੇ ਪਾਠਕ੍ਰਮ ਦੀ ਵਾਰ-ਵਾਰ ਦੁਹਰਾਈ ਕਰੇ। ਜਿਵੇਂ- ਜਿਵੇਂ ਦੁਹਰਾਈ ਦੀ ਸੰਖਿਆ ਵਧਦੀ ਜਾਵੇਗੀ, ਤਿਵੇਂ-ਤਿਵੇਂ ਉਸ ਵਿੱਚ ਲਗਦਾ ਸਮਾਂ ਵੀ ਘਟਦਾ ਜਾਵੇਗਾ। ਜੇਕਰ ਹੋ ਸਕੇ ਤਾਂ ਵਿਦਿਆਰਥੀ ਲਿਖਕੇ ਯਾਦ ਕਰਨ ਦੀ ਆਦਤ ਪਾਵੇ। ਅਜਿਹੇ ਢੰਗ ਨਾਲ ਕੀਤੀ ਤਿਆਰੀ ਇੰਨੀ ਕੁ ਕਾਰਗਰ ਹੁੰਦੀ ਹੈ ਕਿ ਪ੍ਰੀਖਿਆ ਵੇਲੇ ਇੱਕ ਝਾਤ ਮਾਰਨ ਤੇ ਹੀ ਵਿਦਿਆਰਥੀ ਨੂੰ ਸਭ ਚੇਤੇ ਰਹਿ ਜਾਂਦਾ ਹੈ ਤੇ ਲੰਬੇ ਸਮੇਂ ਤੱਕ ਰਹਿੰਦਾ ਹੈ।
• ਪਹਿਰਾਵਾ : ਆਧੁਨਿਕ ਮੋਬਾਈਲ ਤੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਅਕਸਰ ਵਿਦਿਆਰਥੀ ਬਾਹਰੀ ਦੁਨੀਆ ਦੀ ਚਕਾਚੌਂਧ ਵਿੱਚ ਡਗਮਗਾ ਜਾਂਦੇ ਹਨ ਅਤੇ ਫੈਸ਼ਨਪ੍ਰਸਤ ਹੋਣਾ ਲੋਚਦੇ ਹਨ। ਪਰੰਤੂ ਵਿਦਿਆਰਥੀ ਉਮਰ ਮੁਤਾਬਕ ਸਾਦੇ ਕੱਪੜਿਆਂ ਵਿੱਚ ਹੀ ਸੋਂਹਦੇ ਹਨ, ਜੋ ਉਹਨਾਂ ਲਈ ਅਰਾਮਦਾਇਕ ਹੋਣ ਅਤੇ ਸਮਾਜ ਵਿੱਚ ਵਿਚਰਦਿਆਂ ਉਹਨਾਂ ਨੂੰ ਅਸਹਿਜ ਮਹਿਸੂਸ ਨਾ ਕਰਵਾਉਣ।
• ਰੁਚੀਆਂ : ਜ਼ਿੰਦਗੀ ਨੂੰ ਬਿਹਤਰ ਢੰਗ ਨਾਲ ਜਿਉਣ ਲਈ ਵਿਦਿਆਰਥੀ ਦਾ ਚੰਗੀਆਂ ਰੁਚੀਆਂ ਅਪਨਾਉਣਾ ਬਹੁਤ ਹੀ ਜ਼ਰੂਰੀ ਹੈ। ਇਹ ਰੁਚੀਆਂ ਉਸਦੇ ਸ਼ੌਂਕ ਵਿੱਚੋਂ ਜਨਮ ਲੈਣ ਅਤੇ ਉਸਦੀ ਪੜ੍ਹਾਈ ਵਿੱਚ ਰੁਕਾਵਟ ਨਾ ਬਣਨ ਤਾਂ ਹੋਰ ਵੀ ਵਧੀਆ ਹੈ। ਕਈ ਵਾਰ ਇਹਨਾਂ ਰੁਚੀਆਂ ਸਦਕਾ ਹੀ ਇਨਸਾਨ ਜ਼ਿੰਦਗੀ ਵਿੱਚ ਸਫ਼ਲਤਾ ਦੇ ਝੰਡੇ ਗੱਡ ਦਿੰਦਾ ਹੈ। ਸਿਰਫ਼ ਇਹੀ ਨਹੀਂ, ਇਹ ਰੁਚੀਆਂ ਉਸਦੀ ਰੋਜ਼ੀ-ਰੋਟੀ ਦਾ ਸਾਧਨ ਵੀ ਬਣ ਸਕਦੀਆਂ ਹਨ। ਅਜਿਹੀਆਂ ਅਣਗਿਣਤ ਉਦਾਹਰਨਾਂ ਵਿੱਚ ਮਿਲਖਾ ਸਿੰਘ, ਡਾ.ਅਬਦੁਲ ਕਲਾਮ ਅਤੇ ਪੀ.ਟੀ.ਊਸ਼ਾ ਵਰਗੇ ਮਹਾਨ ਪ੍ਰੇਰਣਾਸ੍ਰੋਤ ਸ਼ਾਮਲ ਹਨ।
• ਪ੍ਰੇਰਣਾਦਾਇਕ ਕਹਾਣੀਆਂ ਅਤੇ ਲਘੂ ਫ਼ਿਲਮਾਂ: ਵਿਦਿਆਰਥੀ ਆਪਣੇ ਬਜ਼ੁਰਗਾਂ ਅਤੇ ਮਾਪਿਆਂ ਨਾਲ ਸਮਾਂ ਬਿਤਾਉਂਦਿਆਂ ਉਨ੍ਹਾਂ ਤੋਂ ਪ੍ਰੇਰਣਾਦਾਇਕ ਕਹਾਣੀਆਂ ਸੁਣਨ। ਇਸ ਤੋਂ ਇਲਾਵਾ ਉਹ ਲਘੂ ਫ਼ਿਲਮਾਂ ਵੀ ਦੇਖ ਸਕਦੇ ਹਨ ਜੋ ਮਨੋਰੰਜਨ ਦੇ ਨਾਲ-ਨਾਲ ਸਿੱਖਿਆ ਭਰਪੂਰ ਹੋਣ।
• ਨੈਤਿਕ ਗੁਣ : ਇੱਕ ਵਿਦਿਆਰਥੀ ਦੇ ਇੱਕ ਵਧੀਆ ਇਨਸਾਨ ਬਣ ਉਭਰਨ ਵਿੱਚ ਨੈਤਿਕ ਗੁਣਾਂ ਦਾ ਹੋਣਾ ਲਾਜ਼ਮੀ ਹੈ। ਅਜਿਹੇ ਗੁਣਾਂ ਦੀ ਪ੍ਰਾਪਤੀ ਲਈ ਵਿਦਿਆਰਥੀ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਤਾਂ ਚੰਗੀ ਗੱਲ ਹੈ।
• ਲਗਾਤਾਰਤਾ ਅਤੇ ਅਨੁਸ਼ਾਸਨ : ਚੰਗੇ ਗੁਣਾਂ ਨੂੰ ਕੇਵਲ ਅਪਨਾਉਣਾ ਹੀ ਕਾਫ਼ੀ ਨਹੀਂ ਹੈ। ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਅਨੁਸ਼ਾਸਨ ਵਿੱਚ ਰਹਿੰਦਿਆਂ ਇਹਨਾਂ ਗੁਣਾਂ ਨੂੰ ਵਿਹਾਰਕਤਾ ਵਿੱਚ ਲਿਆਵੇ ਅਤੇ ਆਪਣੇ ਜੀਵਨ ਨੂੰ ਵਧੀਆ ਬਣਾਵੇ।
ਵਿਦਿਆਰਥੀ ਜੀਵਨ ਸਵੇਰ ਦੀ ਸਭਾ ਨਾਲ ਹੁੰਦੀ ਸਕੂਲੀ ਦਿਨ ਦੀ ਸ਼ੁਰੂਆਤ ਤੋਂ ਹੀ ਵਿਦਿਆਰਥੀ ਲਈ ਅਨੇਕ ਚੰਗੇ ਵਿਚਾਰ, ਆਦਤਾਂ ਅਤੇ ਮੌਕੇ ਪੇਸ਼ ਕਰਦਾ ਹੈ, ਜਿਨ੍ਹਾਂ ਨੂੰ ਵਕਤ ਰਹਿੰਦਿਆਂ ਦੋ ਵਿਦਿਆਰਥੀ ਸਮਝਦਾ ਅਤੇ ਅਪਣਾ ਲੈਂਦਾ ਹੈ, ਉਸਦਾ ਜੀਵਨ ਉੱਨਾਂ ਹੀ ਖੁਸ਼ਹਾਲ ਬਣ ਜਾਂਦਾ ਹੈ। ਆਸ ਹੈ ਕਿ ਮੇਰੇ ਬਾਲ ਪਾਠਕ ਵੀ ਜੀਵਨ ਨੂੰ ਸਫ਼ਲ ਬਣਾਉਣ ਲਈ ਹੁਣ ਤੋਂ ਹੀ ਯਤਨਸ਼ੀਲ ਹੋਣਗੇ।
-
ਰੰਧਾਵਾ ਸਿੰਘ ਪਟਿਆਲਾ, ਪਿ੍ੰਸੀਪਲ
jakhwali89@gmail.com
9417131332
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.