ਮਨੁੱਖੀ ਜ਼ਿੰਦਗੀ ਵਿੱਚ ਨਿਰੰਤਰ ਆ ਰਿਹਾ ਬਦਲਾਅ ਭਾਵੇਂ ਤਰੱਕੀ ਦੇ ਨਵੇਂ ਦਿੱਸ ਹੁੰਦੇ ਸਿਰਜ ਰਿਹਾ ਹੈ ਪਰ ਕੁਝ ਅਜਿਹੇ ਬਦਲਾਅ ਵੀ ਵੇਖਣ ਨੂੰ ਮਿਲ ਰਹੇ ਹਨ ਜੋ ਇਨਸਾਨੀ ਜ਼ਿੰਦਗੀ ਵਿੱਚੋਂ ਸਕੂਨ,ਆਪਸੀ ਭਾਈਚਾਰੇ ਅਤੇ ਸਹਿਨਸ਼ੀਲਤਾ ਨੂੰ ਲਗਾਤਾਰ ਖਤਮ ਕਰ ਰਹੇ ਹਨ। ਬਦਲਾਅ ਦੇ ਇਸ ਦੌਰ ਵਿੱਚ ਹੀ ਵਿਆਹ ਕਲਚਰ ਵਿੱਚ ਵੀ ਵੱਡਾ ਫੇਰ-ਬਦਲ ਆ ਚੁੱਕਾ ਹੈ। ਕਰੀਬ ਢਾਈ- ਤਿੰਨ ਦਹਾਕੇ ਪਹਿਲਾਂ ਹੁੰਦੇ ਵਿਆਹਾਂ ਦੀ ਜੇਕਰ ਗੱਲ ਕਰੀਏ ਤਾਂ ਉਸ ਸਮੇ ਵਿਆਹ ਵਾਲੇ ਘਰਾਂ ਵਿੱਚ ਇੱਕ ਅਲੱਗ ਕਿਸਮ ਦਾ ਨਜ਼ਾਰਾ ਵੇਖਣ ਨੂੰ ਮਿਲਦਾ ਸੀ ਅਤੇ ਵਿਆਹਾਂ ਵਿੱਚ ਪਹੁੰਚਣ ਵਾਲੇ ਸਕੇ-ਸਬੰਧੀਆਂ ਵਲੋਂ ਵੀ ਮਹੀਨਾ-ਮਹੀਨਾ ਪਹਿਲਾ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ ਜਾਂਦੀਆਂ ਸਨ। ਵਿਆਹ ਲਈ ਨਵੇਂ ਕੱਪੜੇ ਸਿਵਾਉਣ ਦਾ ਸ਼ੌਕ ਅਲੱਗ ਹੀ ਕਿਸਮ ਦਾ ਹੁੰਦਾ ਸੀ। ਘਰਾਂ ਵਿੱਚ ਹੀ ਦਰਜ਼ੀ ਬਿਠਾਕੇ ਸਾਰੇ ਪਰਿਵਾਰ ਦੇ ਕੱਪੜੇ ਵਿਆਹ ਲਈ ਤਿਆਰ ਕਰਵਾ ਲਏ ਜਾਂਦੇ ਸਨ ਅਤੇ ਜੁੱਤੀ-ਜੋੜਾ ਲੈਣ ਲਈ ਬਜ਼ਾਰ ਦੀਆਂ ਕਈ- ਕਈ ਦੁਕਾਨਾਂ 'ਤੇ ਘੁੰਮਣ ਤੋਂ ਬਾਅਦ ਹੀ ਕਦੇ ਆਪਣੀ- ਆਪਣੀ ਪਸੰਦ ਦੀਆਂ ਜੁੱਤੀਆਂ ਮਿਲਦੀਆਂ ਸਨ। ਪੱਗਾਂ ਨੂੰ ਨਵੀਂ ਦਿੱਖ ਦੇਣ ਲਈ ਰੰਗ ਕਰਵਾਇਆ ਜਾਂਦਾ ਅਤੇ ਚੁੰਨੀਆਂ ਨੂੰ ਗੋਟੇ ਲਾਏ ਜਾਂਦੇ। ਉਸ ਸਮੇਂ ਦੇ ਵਿਆਹਾਂ ਵਿੱਚ ਨਾਨਕਿਆਂ ਦੀ ਟੌਹਰ ਵੱਖਰੀ ਹੁੰਦੀ ਸੀ। ਵਿਆਹ ਸਮੇਂ ਨਾਨਕਿਆਂ ਅਤੇ ਦਾਦਕਿਆਂ ਦਾ ਬੋਲੀਆਂ, ਭੰਗੜੇ ਅਤੇ ਗਿੱਧੇ ਨਾਲ ਹੁੰਦਾ ਮੁਕਾਬਲਾ ਵੀ ਵੇਖਣ ਯੋਗ ਹੁੰਦਾ ਸੀ।
ਨਾਨਕਿਆਂ ਵਲੋਂ ਕੱਢੀ ਜਾਂਦੀ ਜਾਗੋ ਪੂਰੇ ਪਿੰਡ ਵਿੱਚ ਘੁੰਮਦੀ। ਜਾਗੋ ਸੁੱਤੇ ਪਏ ਲੋਕਾਂ ਦੇ ਮੰਜੇ ਮੂਧੇ ਮਾਰਕੇ ਅਤੇ ਹੱਟੀਆਂ ਤੋਂ ਖਾਣ-ਪੀਣ ਦਾ ਸਮਾਨ ਇੱਕਠਾ ਕਰਕੇ ਵਿਆਹ ਵਾਲੇ ਘਰ ਵੱਲ ਮੁੜਦੀ। ਉਸ ਸਮੇਂ ਇਹ ਸਭ ਕੁਝ ਹਾਸੇ- ਠੱਠੇ ਅਤੇ ਵਿਆਹ ਦੇ ਮਾਹੌਲ ਨੂੰ ਹੋਰ ਖੁਸ਼ਗਵਾਰ ਬਣਾਉਣ ਲਈ ਕੀਤਾ ਜਾਂਦਾ। ਲੋਕਾਂ ਵਿੱਚ ਸਹਿਨਸ਼ੀਲਤਾ ਕੁੱਟ-ਕੁੱਟਕੇ ਭਰੀ ਹੋਈ ਸੀ। ਜਿਸ ਪਿੰਡ ਵਿੱਚ ਜਾਗੋ ਕੱਢੀ ਜਾਂਦੀ ਉਸ ਪਿੰਡ ਦੇ ਲੋਕ ਨਾਨਕਿਆਂ ਵਲੋਂ ਕੀਤੇ ਜਾਂਦੇ ਅਜਿਹੇ ਸ਼ੁਗਲ- ਮੇਲੇ ਨੂੰ ਹੱਸ-ਹੱਸਕੇ ਪਰਵਾਨ ਕਰਦੇ ਅਤੇ ਘਰ-ਘਰ ਪਹੁੰਚੀ ਜਾਗੋ ਵਿੱਚ ਤੇਲ ਪਾ ਕੇ ਆਪਣੀ ਹਿੱਸੇਦਾਰੀ ਬਣਾਉਂਦੇ। ਉਸ ਸਮੇਂ ਦੇ ਵਿਆਹ ਇੱਕ-ਇੱਕ ਹਫ਼ਤਾ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਸਨ। ਸ਼ਰੀਕੇ-ਕਬੀਲੇ ਵਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਜਾਂਦੀ। ਵਿਆਹ ਵਿੱਚ ਪਹੁੰਚਣ ਵਾਲੇ ਮੇਲਗੇਲ ਲਈ ਮੰਜੇ-ਬਿਸਤਰੇ ਪਿੰਡ ਵਿੱਚੋਂ ਇੱਕਠੇ ਕੀਤੇ ਜਾਂਦੇ। ਵਿਆਹ ਦੇ ਸਾਰੇ ਕੰਮਾਂ ਲਈ ਅਲੱਗ-ਅਲੱਗ ਡਿਊਟੀਆਂ ਲਗਾਈਆਂ ਜਾਂਦੀਆਂ।ਕਿਸੇ ਨੂੰ ਹਲਵਾਈ ਕੋਲ ਰਹਿਣ ਦੀ ਹਿਦਾਇਤ ਕੀਤੀ ਜਾਂਦੀ ਅਤੇ ਕਿਸੇ ਦੀ ਮੰਜੇ- ਬਿਸਤਰੇ ਜਾਂ ਟੈਂਟ ਦਾ ਸਮਾਨ ਲਿਆਉਣ ਦੀ ਡਿਊਟੀ ਲੱਗਦੀ।ਉਸ ਸਮੇਂ ਪਿੰਡਾਂ ਵਿੱਚ ਘਰਾਂ ਵਿੱਚ ਹੀ ਟੈਂਟ ਲਗਾਕੇ ਵਿਆਹ ਵਿੱਚ ਪਹੁੰਚਣ ਵਾਲੇ ਰਿਸ਼ਤੇ ਦਾਰਾਂ ਅਤੇ ਹੋਰ ਸਨੇਹੀਆਂ ਲਈ ਖਾਣ-ਪੀਣ ਦੀ ਸੁਚੱਜੀ ਵਿਵਸਥਾ ਕੀਤੀ ਜਾਂਦੀ ਸੀ। ਵਿਆਹ ਵਿੱਚ ਵਰਤਣ ਲਈ ਦੁੱਧ ਵੀ ਪਿੰਡ ਵਿੱਚੋਂ ਹੀ ਇੱਕਠਾ ਕੀਤਾ ਜਾਂਦਾ। ਜਿਨ੍ਹਾਂ ਦੀ ਡਿਊਟੀ ਦੁੱਧ ਇੱਕਠਾ ਕਰਨ ਦੀ ਲੱਗਦੀ ਉਹ ਬਾਲਟੀਆਂ ਲੈ ਕੇ ਘਰ- ਘਰ ਪਹੁੰਚਦੇ ਅਤੇ ਦੁੱਧ ਇੱਕਠਾ ਕਰਦੇ। ਬਹੁਤੇ ਲੋਕ ਵਿਆਹ ਵਾਲੇ ਘਰ ਆਪ ਹੀ ਦੁੱਧ ਪਹੁੰਚਦਾ ਕਰਨ ਨੂੰ ਆਪਣੀ ਡਿਊਟੀ ਸਮਝਦੇ। ਦੁੱਧ ਲੈ ਕੇ ਆਏ ਭਾਂਡੇ ਨੂੰ ਕਦੇ ਖਾਲੀ ਨਹੀ ਸੀ ਮੋੜਿਆ ਜਾਂਦਾ। ਘਰ ਦੀ ਸੁਆਣੀ ਉਸ ਵਿੱਚ ਲੱਡੂ ਪਾ ਕੇ ਵਾਪਸ ਕਰਦੀ। ਇਸੇ ਤਰ੍ਹਾਂ ਹੀ ਪਿੰਡ ਵਿੱਚੋਂ ਮੰਜੇ- ਬਿਸਤਰੇ ਵੀ ਇੱਕਠੇ ਕੀਤੇ ਜਾਂਦੇ। ਵਿਆਹ ਵਾਲੇ ਘਰ ਵਿੱਚ ਚਾਰ-ਪੰਜ ਦਿਨ ਪਹਿਲਾਂ ਹੀ ਮਿਠਾਈਆਂ ਬਣਾਉਣ ਲਈ ਕੜਾਹੀ ਚੜ੍ਹ ਜਾਂਦੀ। ਹਲਵਾਈ ਨੂੰ ਸਮੇਂ ਸਿਰ ਸਾਰਾ ਸਮਾਨ ਮੁਹੱਈਆ ਕਰਵਾਉਣ ਲਈ ਕਈ-ਕਈ ਜਣੇ ਹਲਵਾਈ ਦੇ ਕੋਲ ਬੈਠੇ ਰਹਿੰਦੇ। ਇਸ ਤਰ੍ਹਾਂ ਮਿਠਾਈਆਂ ਅਤੇ ਸਬਜ਼ੀਆਂ ਆਦਿ ਤਿਆਰ ਕਰਨ ਲਈ ਪਿੰਡ ਦੇ ਲੋਕ ਹਲਵਾਈ ਨਾਲ ਹੱਥ ਵਟਾਉਂਦੇ। ਸ਼ਬਜੀਆਂ ਦੇ ਭਰੇ ਟੋਕਰੇ ਵਿਚਕਾਰ ਰੱਖਕੇ ਆਸਪਾਸ ਕੁਰਸੀਆਂ ਅਤੇ ਮੰਜੇ ਡਾਹ ਲਏ ਜਾਂਦੇ। ਅੱਖ ਝਪਕਦਿਆਂ ਹੀ ਸਭ ਸਬਜ਼ੀਆਂ ਅਤੇ ਹੋਰ ਲੋੜੀਂਦਾ ਸਮਾਨ ਤਿਆਰ ਕਰਕੇ ਹਲਵਾਈ ਅੱਗੇ ਰੱਖ ਦਿੱਤਾ ਜਾਂਦਾ। ਜਦੋ ਲੱਡੂ ਵੱਟਣ ਦੀ ਵਾਰੀ ਆਉਂਦੀ ਤਾਂ ਵੱਡਾ ਕੜਾਹਾ ਵਿਚਕਾਰ ਰੱਖ ਲਿਆ ਜਾਂਦਾ। ਹਰ ਕੋਈ ਲੱਡੂ ਵੱਟਣ ਵਿੱਚ ਆਪਣਾ- ਆਪਣਾ ਯੋਗਦਾਨ ਪਾਉਂਦਾ। ਫਿਰ ਮਿਠਾਈਆਂ ਅਤੇ ਸ਼ਬਜੀਆਂ ਤਿਆਰ ਕਰਕੇ ਵਰਤਾਵੇ ਦੇ ਹਵਾਲੇ ਕਰ ਦਿੱਤੀਆਂ ਜਾਂਦੀਆਂ ਜਿਨ੍ਹਾਂ ਨੂੰ ਵਰਤਾਉਣ ਦੀ ਜ਼ਿੰਮੇਵਾਰੀ ਵੱਡੀ ਉਮਰ ਦੀਆਂ (ਸਿਆਣੀਆਂ ਬੁੜੀਆਂ ) ਨੂੰ ਦਿੱਤੀ ਜਾਂਦੀ। ਇਸ ਤਰ੍ਹਾਂ ਆਪਣੀ ਦੇਖਰੇਖ ਵਿੱਚ ਤਿਆਰ ਕੀਤੇ ਵਿਆਹ ਦੇ ਸਾਰੇ ਸਮਾਨ ਵਿੱਚ ਸਫ਼ਾਈ ਅਤੇ ਪੌਸ਼ਟਿਕਤਾ ਦਾ ਵੀ ਪੂਰਾ-ਪੂਰਾ ਖਿਆਲ ਰੱਖਿਆ ਜਾਂਦਾ ਪਰ ਅੱਜਕੱਲ ਦੇ ਵਿਆਹਾਂ ਵਿੱਚੋਂ ਇਹ ਸਭ ਕੁਝ ਵਿਸਰ ਚੁੱਕਾ ਹੈ। ਅਜੋਕੇ ਸਮੇਂ ਦੇ ਮੈਰਿਜ਼ ਪੈਲੇਸ ਕਲਚਰ ਨੇ ਜਿੱਥੇ ਸਾਡੀਆਂ ਵਿਰਾਸਤੀ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਵੱਡੀ ਢਾਹ ਲਾਈ ਹੈ ਉੱਥੇ ਹੀ ਭੱਜ ਦੌੜ ਦੀ ਇਸ ਜ਼ਿੰਦਗੀ ਵਿੱਚ ਵਿਆਹ ਕੇਵਲ ਕੁਝ ਘੰਟਿਆਂ ਤੱਕ ਹੀ ਸੀਮਤ ਹੋ ਗਏ ਹਨ। ਹੁਣ ਵਿਆਹਾਂ ਵਿੱਚ ਇੱਕਠੇ ਮਿਲ ਬੈਠਕੇ ਕੰਮ ਕਰਦਾ ਸ਼ਰੀਕਾ-ਕਬੀਲਾ ਨਜ਼ਰੀ ਨਹੀਂ ਪੈਂਦਾ ਅਤੇ ਨਾ ਹੀ ਵਿਆਹ ਵਾਲੇ ਘਰਾਂ ਵਿੱਚ ਪਹਿਲਾ ਜਿੰਨੀ ਚਹਿਲ-ਪਹਿਲ ਨਜ਼ਰ ਆਉਂਦੀ ਹੈ। ਹੁਣ ਤਾਂ ਜਾਗੋ ਵਿੱਚ ਵੀ ਤੇਲ ਨਹੀਂ ਪਾਇਆ ਜਾਂਦਾ ਸਗੋਂ ਸੈੱਲਾਂ ਵਾਲੀਆਂ ਜਾਗੋ ਆਂਢ-ਗੁਆਂਢ ਵਿੱਚ ਗੇੜਾ ਕੱਢਕੇ ਘਰ ਨੂੰ ਪਰਤ ਆਉਂਦੀਆਂ ਹਨ। ਹੁਣ ਤਾਂ ਕੇਵਲ ਕੁਝ ਕੁ ਘੰਟਿਆਂ ਲਈ ਹੀ ਰਿਸ਼ਤੇਦਾਰ ਅਤੇ ਸਕੇ-ਸਬੰਧੀ ਮੈਰਿਜ਼ ਪੈਲੇਸਾਂ ਵਿੱਚ ਇੱਕਠੇ ਹੁੰਦੇ ਹਨ ਅਤੇ ਉਥੋਂ ਹੀ ਵਿਦਾਈ ਲੈ ਕੇ ਘਰਾਂ ਨੂੰ ਪਰਤ ਜਾਂਦੇ ਹਨ। ਅੱਜਕੱਲ ਹਰ ਕੋਈ ਵਿਆਹ ਸਮਾਗਮਾਂ ਨੂੰ ਠੇਕੇ 'ਤੇ ਦੇ ਕੇ ਸੁਰਖ਼ਰੂ ਹੋ ਰਿਹਾ ਹੈ ਪਰ ਇਸ ਵਰਤਾਰੇ ਨਾਲ ਜਿੱਥੇ ਆਪਸੀ ਭਾਈਚਾਰਕ ਸਾਂਝ ਨੂੰ ਵੱਡੀ ਢਾਹ ਲੱਗ ਰਹੀ ਹੈ ਉਥੇ ਹੀ ਹੁਣ ਬਦਲਾਅ ਦੇ ਇਸ ਦੌਰ ਵਿੱਚ ਵਿਆਹਾਂ ਦੇ ਰੰਗ ਵੀ ਫਿੱਕੇ ਪੈਣ ਲੱਗੇ ਹਨ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.