ਮੇਰੀ ਮਾਂ (ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਭੂਰਾ ਸਿੰਘ ਕਲੇਰ ਦੀ ਸੁਪਤਨੀ) ਬਹੁਤ ਖੂਬਸੂਰਤ ਸੀ। ਮੇਰੀ ਮਾਂ ਦਾ ਨਾਮ ਰਣਜੀਤ ਕੌਰ ਸੀ, ਸਰੂ ਜਿੱਡਾ ਕੱਦ, ਸੁੰਦਰ ਨੈਣ ਨਕਸ਼, ਗੋਰਾ ਨਿਸ਼ੋਹ ਰੰਗ, ਭਰਵਾਂ ਸੁੰਦਰ ਸਰੀਰ। ਕਈ ਵਾਰ ਮੈਂ ਮਾਂ ਨੂੰ ਦੇਖ ਕੇ ਆਪਣੇ ਮਨ ਵਿੱਚ ਹੀ ਚਿਤਵ ਲੈਂਦੀ ਕਿ ' ਹੀਰ' ਸੱਚੀ ਮੁੱਚੀ ਮਾਂ ਵਰਗੀ ਹੋਵੇਗੀ। ਜਦੋਂ ਮਾਂ ਹੱਸਦੀ ਤਾਂ ਮੋਤੀਆਂ ਜਿਹੇ ਦੰਦ ਖਿੜ -ਖਿੜ ਪੈਂਦੇ। ਮਾਂ ਕੋਰੀ ਅਨਪੜ੍ਹ ਸੀ, ਪਰ ਉਸ ਵਿੱਚ ਸਿਆਣਪ ਤੇ ਸੂਝ ਐਨੀ ਕਿ ਜਦੋਂ ਗੱਲ ਕਰਦੀ ਤਾਂ ਪੜ੍ਹੇ ਲਿਖਿਆ ਨੂੰ ਮਾਤ ਪਾ ਦਿੰਦੀ। 'ਮਾਂ' ਹਰ ਗੱਲ ਬੜੀ ਵਜ਼ਨਦਾਰ ਕਰਦੀ। 'ਮਾਂ' ਨੇ ਗਰੀਬੀ ਦੇ ਹੁੰਦਿਆਂ ਵੀ ਘਰ ਨੂੰ ਬੜੀ ਸੂਝ ਬੂਝ ਨਾਲ ਬੰਨ੍ਹਿਆ। ਸਾਨੂੰ ਚਾਰਾਂ ਭੈਣ ਭਰਾਵਾਂ ਨੂੰ ਬੜੇ ਲਾਡ ਪਿਆਰ ਨਾਲ਼ ਪਾਲ਼ਿਆ ਅਤੇ ਪੜ੍ਹਾਇਆ। ਮਾਂ ਦੱਸਦੀ ਹੁੰਦੀ ਕਿ ਇੱਕ ਵਾਰ ਕੀ ਹੋਇਆ ,
"ਕਿ ਆਪਣੇ ਇੱਕ ਬੱਕਰੀ ਸੀ, ਉਸ ਨੇ ਦੋ ਪਠੋਰੇ ਦਿੱਤੇ, ਬੱਕਰੀ ਦਾ ਮੇਰੇ ਨਾਲ ਮੋਹ ਹੀ ਐਨਾ ਸੀ ਕਿ ਜਦੋਂ ਮੈਂ ਉਸ ਨੂੰ ਘਰ ਵਿੱਚ ਨਾ ਦਿਸਦੀ ਤਾਂ ਉਹ ਉੱਚੀ ਉੱਚੀ 'ਮਿਆਂ -ਮਿਆਂ' ਕਰਨ ਲੱਗ ਪੈਂਦੀ, ਇੱਕ ਦਿਨ ਤੇਰਾ ਪਿਓ ਘਰੇ ਸੁੱਤਾ ਪਿਆ ਸੀ, ਮੈਂ ਬੱਕਰੀ ਤੋਂ ਅੱਖ ਬਚਾ ਕੇ ਖੂਹ ਤੋਂ ਪਾਣੀ ਭਰਨ ਚਲੀ ਗਈ। ( ਮਾਂ ਕਹਿੰਦੀ ਉਦੋਂ ਧਰਮਸ਼ਾਲਾ ਵਿੱਚ ਖੂਹ ਲੱਗਿਆ ਹੁੰਦਾ ਸੀ , ਤੇ ਪਾਣੀ ਖੂਹ ਤੋਂ ਭਰਨਾ ਪੈਂਦਾ ਸੀ) ਜਦੋਂ ਮੈਂ ਬੱਕਰੀ ਨੂੰ ਪੰਜ ਕੁ ਮਿੰਟ ਨਾ ਦਿਸੀ ਤਾਂ ਬੱਕਰੀ ਨੇ ਅਡਾਟ ਪਾਉਣਾ ਸ਼ੁਰੂ ਕਰ ਦਿੱਤਾ। ਤੇਰਾ ਪਿਓ ਵੀ ਉੱਠ ਖੜ੍ਹਿਆ, ਚੜ੍ਹਿਆ ਹਰਖ਼, ਚੁੱਕਿਆ ਉਹਨੇ ਥਾਪਾ ,ਬੱਕਰੀ ਵੱਲ ਚਲਾਵਾਂ ਮਾਰਿਆ, ਬੱਕਰੀ ਦੇ ਤਾਂ ਨਾ ਵੱਜਿਆ ਪਠੋਰੇ ਦੇ ਜਾ ਵੱਜਿਆ, ਮੇਰੇ ਆਉਂਦਿਆਂ ਨੂੰ ਪਠੋਰਾ ਮੂਧੇ ਮੂੰਹ ਪਿਆ। ਬੱਕਰੀ ਦਾ ਕਿੱਲੇ ਨਾਲ਼ ਗੇੜਾ ਬੰਨ੍ਹਿਆ ਤੇ ਫਿਰ ਮਿਆਂ ਮਿਆਂ ਕਰੀ ਜਾਵੇ। ਜਦੋਂ ਉਹਨੇ ਮੈਨੂੰ ਬਾਰ ਵੜਦਿਆਂ ਦੇਖਿਆ ਤਾਂ ਚੁੱਪ ਕਰ ਗਈ। ਤੇਰਾ ਪਿਓ ਮੈਨੂੰ ਕਹਿੰਦਾ,' ਦੇਖੀਂ ,ਪਠੋਰਾ ਮਰ ਗਿਆ ਕਿ ਜਿਉਂਦਾ?, ਮੈਂ ਉਹਨੂੰ ਚੁੱਕ ਕੇ ਕੰਨਾਂ-ਕੁੰਨਾਂ 'ਚ ਫੂਕਾਂ ਮਾਰੀਆਂ, ਮੈਂ ਕਿਹਾ ਹੁਣ ਇਹਦੇ 'ਚ ਕੀ ਆ? ਮੈਂ ਤਾਂ ਅਜੇ ਦੁਖੀ ਜੇ ਮਨ ਨਾਲ਼ ਇਹ ਕਹਿ ਕੇ ਅਜੇ ਚੁੱਲ੍ਹੇ ਕੋਲ਼ ਹੀ ਗਈ ਸੀ ਕਿ ਪਠੋਰਾ ਕੰਨ ਜੇ ਝਾੜਦਾ ਉੱਠ ਕੇ ਕਹਿੰਦਾ 'ਮਿਣ-ਮਿਣ-ਮਿਣ',ਮੇਰਾ ਤੇ ਤੇਰੇ ਪਿਓ ਦਾ ਹਾਸਾ ਨਾ ਬੰਦ ਹੋਵੇ, ਸਾਡਾ ਹੱਸਦਿਆਂ ਦਾ ਢਿੱਡ ਦੁਖਣ ਲੱਗ ਗਿਆ"।
'ਮਾਂ' ਹੱਥਾਂ ਦੀ ਬਹੁਤ ਸਚਿਆਰੀ ਸੀ। ਸਲਾਈ ਕਢਾਈ ਮਾਂ ਨੂੰ ਸਾਰੀ ਆਉਂਦੀ ਸੀ। ਮਾਂ ਦੇ ਹੱਥਾਂ ਦੇ ਬੁਣੇ ਖੇਸ ਬਹੁਤ ਸੋਹਣੇ ਸਨ। ਹੱਥਾਂ ਦੀਆਂ ਬੁਣੀਆਂ ਦਰੀਆਂ ਉੱਤੇ, ਮਾਂ ਦੱਸਦੀ ਹੁੰਦੀ ਸੀ ਕਿ ਮੈਂ ਸੋਹਣੀ ਮਹੀਂਵਾਲ ਦੀ ਦਰੀ ਬੁਣੀ ਸੀ, ਨਾਲ਼ ਕੱਚਾ ਘੜਾ ਵੀ ਬਣਾਇਆ ਸੀ।
ਭਾਵੇਂ ਕਿ ਮਾਂ ਅਨਪੜ੍ਹ ਸੀ, ਪਰ ਪੜ੍ਹਾਈ ਦੀ ਮਹੱਤਤਾ ਬਾਰੇ ਉਸਨੂੰ ਬਹੁਤ ਜਾਣਕਾਰੀ ਸੀ ਕਿਉਂਕਿ ਪਾਪਾ ਦੇ ਲਿਖਾਰੀ ਹੋਣ ਕਰਕੇ ਘਰ ਬਹੁਤ ਸਾਰੀਆਂ ਕਿਤਾਬਾਂ ਪਈਆਂ ਸਨ, ਤਾਂ ਹੀ ਮਾਂ ਨੇ ਸਾਡੀ ਸਾਰੇ ਭੈਣ ਭਰਾਵਾਂ ਦੀ ਪੜ੍ਹਾਈ ਵੱਲ ਬਹੁਤ ਧਿਆਨ ਦਿੱਤਾ।
ਇੱਕ ਵਾਰ ਕੀ ਹੋਇਆ ਕਿ ਨਾਥਾਣੇ ਦਾ ਮੇਲਾ ਸੀ। ਮੈਂ ਤੀਜੀ ਜਾਂ ਚੌਥੀ ਜਮਾਤ ਵਿੱਚ ਪੜ੍ਹਦੀ ਹੋਵਾਂਗੀ , ਮੈਂ ਤਾਂ ਸਕੂਲ ਜਾਣ ਲੱਗੀ ਵੀਰ੍ਹਗੀ, ਮੈਂ ਕਿਹਾ, ਮੈਂ ਨਹੀਂ ਸਕੂਲ ਜਾਂਦੀ, ਬਾਬੇ ਨਾਲ਼ (ਅਸੀਂ ਦਾਦੇ ਨੂੰ ਬਾਬਾ ਕਹਿੰਦੇ ਸਾਂ) ਨਾਥਾਣੇ ਦੇ ਮੇਲੇ ਤੇ ਜਾਣਾ ਹੈ। ਮਾਂ ਨੇ ਦੋ ਤਿੰਨ ਵਾਰ ਤਾਂ ਪਿਆਰ ਜੇ ਨਾਲ਼ ਕਿਹਾ ਕਿ ਸਕੂਲੋਂ ਆ ਕੇ ਆਥਣੇ ਚਲੀ ਜਾਈਂ, ਜਦੋਂ ਮੈਂ ਨਾ ਮੰਨੀ ਤਾਂ ਮਾਂ ਨੇ ਘੁਕਾਕੇ ਅਜਿਹਾ ਥੱਪੜ ਮਾਰਿਆ ਕਿ ਕੰਨ ਟੀਂ-ਟੀਂ ਕਰਨ ਲੱਗ ਪਿਆ। ਮੈਂ ਚੁੱਕਿਆ ਬਸਤਾ ਤੇ ਓਦੋਂ ਹੀ ਪਤਾ ਲੱਗਿਆ ਜਦੋਂ ਸਕੂਲ ਪਹੁੰਚ ਗਈ। ਉਸ ਤੋਂ ਬਾਅਦ ਮੈਂ ਕਦੇ ਵੀ ਸਕੂਲੋਂ ਘਰੇ ਰਹਿਣ ਦਾ ਨਾ ਨਹੀਂ ਸੀ ਲਿਆ। ਮਾਂ ਦੀ ਝਿੜਕ ਅਤੇ ਪਿਆਰ ਸਦਕਾ ਹੀ ਮੈਂ ਉੱਚੀ ਪੜ੍ਹਾਈ ਕਰ ਸਕੀ । ਮੇਰੀ ਮਾਂ ਨੂੰ ਛਿੱਕੂ, ਬੋਹਟੇ ਤੇ ਕੱਤਣੀ ਬਣਾਉਣ ਦਾ ਬਹੁਤ ਸ਼ੌਕ ਸੀ। ਮਾਂ ਨੇ ਕੀ ਕਰਨਾ ਕਿ ਗੱਤੇ ਦੇ ਟੁਕੜੇ ਕਰਕੇ ਅਤੇ ਗਾਚਣੀ ਨੂੰ ਤੌੜੇ ਵਿੱਚ ਪਾਣੀ ਪਾ ਕੇ ਭਿਉਂ ਕੇ ਰੱਖ ਦੇਣਾ। ਦਸ ਕੁ ਦਿਨਾਂ ਬਾਅਦ ਉਹਨਾਂ ਨੂੰ ਆਟੇ ਦੀ ਤਰ੍ਹਾਂ ਗੁੰਨ ਕੇ, ਬੱਠਲ ਮੂਧਾ ਮਾਰ ਕੇ ਉਸ ਉੱਪਰ ਥੱਪ ਕੇ ਬੋਹਟੇ ਬਣਾਉਣਾ, ਫਿਰ ਕੁਝ ਦਿਨਾਂ ਲਈ ਉਹਨੂੰ ਧੁੱਪ ਵਿੱਚ ਸੁਕਾਉਣਾ, ਜਦੋਂ ਸੁੱਕ ਜਾਣਾ, ਫਿਰ ਉਹਨਾਂ ਉੱਤੇ, ਮਾਂ ਨੇ ਨੀਲੇ ਰੰਗ ਨਾਲ਼ ਕਾਨੀ ਉੱਤੇ ਰੂੰ ਲਪੇਟ ਕੇ ਮੋਰਨੀਆਂ ਤੇ ਫੁੱਲ ਬੂਟੇ ਬਣਾਉਣਾ। ਮਾਂ ਦੀ ਕਲਾਕਾਰੀ ਦਾ ਇਹ ਸਭ ਤੋਂ ਉੱਤਮ ਨਮੂਨਾ ਸੀ।
ਮੇਰੇ ਦੋਨੋਂ ਛੋਟੇ ਭੈਣ (ਨਵਕਿਰਨ ਚੀਨਾ)ਭਰਾ ਬਿੱਟੂ (ਬੀ ਕੇ ਸਾਗਰ ਫਿਲਮ ਨਿਰਦੇਸ਼ਕ) ਬਿੱਟੂ ਵੱਡਾ ਹੈ ਅਤੇ ਚੀਨਾ ਬਿੱਟੂ ਤੋਂ ਦੋ ਸਾਲ ਛੋਟੀ ਹੈ। ਮਾਂ ਨੇ ਬਹੁਤ ਔਖਿਆਂ ਦੋਨਾਂ ਨੂੰ ਸਕੂਲ ਭੇਜਣਾ।(ਸਕੂਲ ਉਸ ਸਮੇਂ ਘਰ ਤੋਂ ਘੱਟੋ ਘੱਟ ਦੋ ਕਿਲੋਮੀਟਰ ਦੀ ਦੂਰੀ ਤੇ ਪੈਂਦਾ ਸੀ)ਸਕੂਲ ਵਿੱਚ ਵੀ ਚੀਨਾ ਜਾ ਕੇ ਰੋਇਆ ਕਰੇ ਕਿ ਮੈਂ ਬਿੱਟੂ ਦੇ ਨਾਲ਼ ਬੈਠਣਾ ਹੈ। ਮਾਸਟਰ ਜੀ ਉਹਨਾਂ ਨੂੰ ਅਲੱਗ ਅਲੱਗ ਜਮਾਤਾਂ ਵਿੱਚ ਕਰ ਦਿਆ ਕਰਨ। ਇੱਕ ਦਿਨ ਕੀ ਹੋਇਆ ਕਿ ਦੋਨੇਂ, ਰੋਂਦੇ ਰੋਂਦੇ ਸਕੂਲ ਨੂੰ ਤਾਂ ਚਲੇ ਗਏ, ਸਕੂਲ ਦੇ ਬਾਰ ਵਿੱਚ ਜਾ ਕੇ ਦੋਂਨੇਂ ਇੱਕ ਦੂਜੇ ਨੂੰ ਕਹਿੰਦੇ ਕਿ ਆਪਾਂ ਘਰੇ ਮੁੜ ਚੱਲੀਏ, ਬੀਬੀ (ਮਾਂ) ਨੂੰ ਕਹਿ ਦਿਆਂਗੇ ਕਿ ਅੱਜ ਸਕੂਲ ਵਿੱਚ ਛੁੱਟੀ ਹੈ। ਹੌਲੀ ਹੌਲੀ ਦੋਨੋਂ ਘਰੇ ਮੁੜ ਆਏ। ਮਾਂ ਕਹਿੰਦੀ ਸਕੂਲ ਨਹੀਂ ਗਏ?, ਬਿੱਟੂ ਤਾਂ ਚੁੱਪ ਰਿਹਾ ਚੀਨਾ ਕਹਿੰਦੀ ,
"ਬੀਬੀ ਸਾਨੂੰ ਅੱਜ ਜੁੱਤੀ ਆ "। (ਚੀਨਾ ਥੋੜ੍ਹਾ ਤੁਤਲਾ ਬੋਲਦੀ ਸੀ)
ਮਾਂ ਚੁੱਲ੍ਹੇ ਤੇ ਰੋਟੀ ਬਣਾ ਰਹੀ ਸੀ, ਉਹਨੇ ਕੀ ਕੀਤਾ ,ਉੱਥੇ ਹੀ ਪ੍ਰਾਂਤ ਪੋਣੇ ਨਾਲ਼ ਢੱਕ ਕੇ ਦੋਨਾਂ ਦੀਆਂ ਫੜੀਆਂ ਬਾਹਾਂ ਤੇ ਦੋਨਾਂ ਦੇ ਬੈਗ ਆਪ ਫੜੇ, ਸਕੂਲ ਛੱਡ ਕੇ ਆਈ, ਨਾਲ਼ੇ ਮਾਸਟਰਾਂ ਨੂੰ ਕਿਹਾ ਕਿ ਇਹਨਾਂ ਨੂੰ ਪੜ੍ਹਾਓ, ਭਾਵੇਂ ਘੂਰ ਦਿਆ ਕਰੋ।
ਪਾਪਾ ਦੇ ਪਹਿਲਾਂ ਤੁਰ ਜਾਣ ਕਰਕੇ ਮਾਂ ਅੰਦਰੋਂ ਟੁੱਟ ਚੁੱਕੀ ਸੀ। ਸ਼ਾਮ ਨੂੰ ਮਾਂ ਨਾਲ ਰੋਜ਼ਾਨਾ ਗੱਲ ਹੋਣੀ। ਮਾਂ ਨੇ ਇੱਕ ਤਰਲੇ ਜਿਹੇ ਨਾਲ਼ ਕਹਿਣਾ," ਕੁੜੇ ਪੁੱਤ ਆ ਕੇ ਮਿਲ਼ ਜਾਹ, ਹਾਲਾਂ ਕਿ ਮਹੀਨੇ ਵਿੱਚ ਇੱਕ ਜਾਂ ਦੋ ਗੇੜੇ ਪਿੰਡ ਵੱਜ ਹੀ ਜਾਂਦੇ ਸਨ। ਚੌਵੀ ਜਨਵਰੀ 2023 ਨੂੰ ਰਾਤੀਂ ਅੱਠ ਕੁ ਵਜੇ ਮਾਂ ਨੂੰ ਫੋਨ ਕੀਤਾ,
ਮੈਂ ਕਿਹਾ, "ਮਾਂ ਕਿਵੇਂ ਆ? ਖੇਡਦੀ ਆ ਫਿਰ ਫੁੱਲਾਂ ਤੇ" (ਮਾਂ ਨੂੰ ਹਸਾਉਣ ਲਈ ਅਕਸਰ ਹੀ ਅਸੀਂ ਕਹਿ ਦਿੰਦੇ ਸਾਂ) ਮਾਂ ਕਹਿੰਦੀ," ਮੈਨੂੰ ਸਵੇਰੇ ਆ ਕੇ ਮਿਲ਼ ਜਾ ਫਿਰ ਪੁੱਤ"।
"ਮਾਂ, ਅਜੇ ਦਸ ਤਾਂ ਦਿਨ ਹੋਏ ਆ, ਤੈਨੂੰ ਮਿਲ਼ ਕੇ ਗਈ ਹਾਂ, ਕੋਈ ਨਾ ਮਾਂ, ਮੈਂ ਕੱਲ੍ਹ ਨੂੰ ਨਹੀਂ ਪਰਸੋਂ 26 ਜਨਵਰੀ ਨੂੰ ਆਵਾਂਗੀ", ਮੈਂ ਕਿਹਾ।
ਮਾਂ ਕਹਿੰਦੀ," ਤੂੰ ਤਾਂ ਐਂ ਹੀ ਕਰਦੀ ਹੁੰਨੀ ਆਂ, ਨਾ ਆਈਂ"।
ਇੰਨਾ ਕਹਿ ਕੇ ਮਾਂ ਨੇ ਫੋਨ ਕੱਟ ਦਿੱਤਾ। ਮੇਰੇ ਦਿਲ ਵਿੱਚ ਹੌਲ ਜਿਹਾ ਪੈ ਗਿਆ। ਉਸੇ ਰਾਤ ਪੌਣੇ ਕੁ ਗਿਆਰਾਂ ਵਜੇ ਕੁੱਝ ਭੁਚਾਲ ਦੇ ਝਟਕੇ ਆਏ। ਮੈਂ ਮਾਂ ਨੂੰ ਫੋਨ ਕੀਤਾ ਕਿ ਦੱਸ ਦੇਵਾਂ ਮਾਂ,ਭੁਚਾਲ ਆਇਆ ਹੈ, ਪਰ ਮਾਂ ਨੇ ਫੋਨ ਨਾ ਚੁੱਕਿਆ। ਸਵੇਰੇ ਉੱਠੀ ਸਕੂਲ ਜਾਣ ਲਈ ਤਿਆਰ ਹੋਈ, ਨਾਸ਼ਤੇ ਨਾਲ਼ ਚਾਹ ਦਾ ਕੱਪ ਵੀ ਲਿਆ ਧਰਿਆ, ਫੋਨ ਦੀ ਰਿੰਗ ਵੱਜੀ, ਮੈਂ ਸੋਚਿਆ ਕਿਸੇ ਬੱਚੇ ਦਾ ਹੋਵੇਗਾ, ਦੁਬਾਰਾ ਫਿਰ ਫੋਨ ਦੀ ਰਿੰਗ ਵੱਜੀ , ਕਾਲ ਬਿੱਟੂ ਦੀ ਸੀ ,ਹੈਲੋ ਕੀਤੀ, ਬਿੱਟੂ ਨੇ ਰੋਂਦਿਆਂ ਕਿਹਾ ,ਦੀਦੀ ਮਾਂ ਚਲੀ ਗਈ, ਇਹ ਮੇਰੀ ਮਾਂ ਨਾਲ਼ ਆਖ਼ਰੀ ਗੱਲ ਸੀ।
-
ਅੰਮ੍ਰਿਤਪਾਲ ਕਲੇਰ ਚੀਦਾ, ਲੇਖਕ
kaleramritpalkaur@gmail.com
9915780980
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.