ਗ਼ਦਰ ਪਾਰਟੀ ਦੇ ਬਾਨੀ ਖ਼ਜ਼ਾਨਚੀ ਕਾਂਸ਼ੀ ਰਾਮ ਮੜੌਲੀ ਦੀ ਸ਼ਹਾਦਤ, ਗ਼ਦਰ ਪਾਰਟੀ ਦੀ ਬੁਨਿਆਦੀ ਨੀਤੀ, ਉਦੇਸ਼ਾਂ, ਲਾ ਮਿਸਾਲ ਘਾਲਣਾ ਇਸ ਮਹਾਨ ਇਤਿਹਾਸਕ ਵਿਰਾਸਤ ਦੀ ਸਾਡੇ ਸਮਿਆਂ ਅੰਦਰ ਪ੍ਰਸੰਗਿਕਤਾ ਬਾਰੇ ਖਰੜ ਵਿਖੇ 20 ਜਨਵਰੀ ਨੂੰ ਹੋ ਰਹੀ ਗੰਭੀਰ ਵਿਚਾਰ ਚਰਚਾ ਅਜੋਕੇ ਅਤੇ ਆਉਣ ਵਾਲੇ ਕੱਲ੍ਹ ਦੇ ਸਰੋਕਾਰਾਂ ਨੂੰ ਆਪਣੇ ਕਲਾਵੇ ਵਿਚ ਲਵੇਗੀ।
1928 ਦੇ ਫਾਂਸੀ ਅੰਕ 'ਚ 'ਬੰਦੀ' ਨਾਮ ਹੇਠ ਉਸ ਵੇਲੇ ਦੀ ਇਨਕਲਾਬੀ ਕੌਮੀ ਮੁਕਤੀ ਲਹਿਰ ਦੀ ਸਿਰਮੌਰ ਸਖ਼ਸ਼ੀਅਤ ਭਗਤ ਸਿੰਘ ਦੀ ਕਲਮ ਤੋਂ ਲਿਖਿਆ ਕਾਂਸ਼ੀ ਰਾਮ ਮੜੌਲੀ ਬਾਰੇ ਲੇਖ ਉਹਨਾਂ ਦੇ ਆਦਰਸ਼ਮਈ ਅਤੇ ਪ੍ਰੇਰਨਾਦਾਇਕ ਜੀਵਨ ਦੇ ਦੀਦਾਰ ਕਰਵਾਉਂਦਾ ਹੈ।
ਭਗਤ ਸਿੰਘ ਲਿਖਦੇ ਨੇ ਕਿ ਕਾਂਸ਼ੀ ਰਾਮ ਮੜੌਲੀ ਮੁਢਲੀ ਸਿੱਖਿਆ ਹਾਸਲ ਕਰਕੇ 30 ਤੋਂ ਲੈਕੇ 60 ਰੁਪਏ ਤੱਕ ਦੀ ਨੌਕਰੀ ਛੱਡ ਕੇ ਹਾਂਗਕਾਂਗ ਅਤੇ ਉਸ ਉਪਰੰਤ ਅਮਰੀਕਾ ਜਾ ਕੇ ਬਾਰੂਦ ਫੈਕਟਰੀ ਵਿਚ ਕੰਮ ਕਰਨ ਲੱਗਾ। ਅਮਰੀਕਾ ਅਤੇ ਭਾਰਤ ਅੰਦਰ ਗ਼ੁਲਾਮੀ ਦੇ ਸੰਗਲਾਂ 'ਚ ਲੋਕਾਂ ਦੀ ਦੁਰਦਸ਼ਾ ਬਾਰੇ ਗਹਿਰਾਈ ਨਾਲ਼ ਚਿੰਤਨ ਕਰਨ ਲੱਗੇ। ਉਹ ਗ਼ਦਰ ਪਾਰਟੀ ਦੇ ਬਾਨੀਆਂ ਵਿਚ ਸ਼ੁਮਾਰ ਹੋ ਕੇ ਜਿੱਥੇ ਖ਼ਜ਼ਾਨਚੀ ਦੀਆਂ ਜ਼ਿੰਮੇਵਾਰੀਆਂ ਅਦਾ ਕਰਦੇ ਉਸਤੋਂ ਕਿਤੇ ਵਧਕੇ ਬਾਰੀਕਬੀਨੀ ਨਾਲ਼ ਆਜ਼ਾਦੀ ਦੀ ਜੱਦੋਜਹਿਦ ਨੂੰ ਇਨਕਲਾਬੀ ਲੀਹਾਂ ਉੱਪਰ ਸਿਰਜਣ ਲਈ ਅਥਾਹ ਮਿਹਨਤ ਕਰਦੇ । ਮੁਲਕ ਨੂੰ ਆਜ਼ਾਦ ਕਰਵਾਉਣ ਲਈ ਦੇਸ਼ ਨੂੰ ਚੱਲੋ ਦੇ ਸੱਦੇ ਮੌਕੇ ਉਹ ਵੀ ਭਾਰਤ ਆਉਣ ਵਿੱਚ ਸਫ਼ਲ ਹੋਏ।
ਉਹਨਾਂ ਨੇ ਜਨਮ ਸਥਾਨ ਅਤੇ ਪਰਿਵਾਰ ਦੀ ਥਾਂ ਵਡੇਰੀ ਧਰਤੀ ਅਤੇ ਵਡੇਰੇ ਪਰਿਵਾਰ ਨੂੰ ਅਪਣਾਉਣ ਕਾਰਨ ਉਹ ਗ਼ਦਰ ਦੀ ਗੂੰਜ ਬਣਕੇ ਫੈਲ ਗਏ। ਭਗਤ ਸਿੰਘ ਲਿਖਦੇ ਨੇ ਕਿ ਮਿਸ਼ਰੀ ਵਾਲਾ ਫਿਰੋਜ਼ਪੁਰ ਵਿਖੇ ਫੜੇ ਜਾਣ ਉਪਰੰਤ ਉਹਨਾਂ ਨੂੰ ਇਹ ਕਹਿਕੇ ਇਨਸਾਫ਼ ਦੇ ਮੰਦਰ ਨੇ ਫਾਂਸੀ ਦੀ ਸਜ਼ਾ ਸੁਣਾਈ ਕਿ ਮਿਸ਼ਰੀ ਵਾਲਾ ਫਿਰੋਜ਼ਪੁਰ ਸਾਕੇ ਵਿੱਚ ਜਿਹੜੀ ਪਹਿਲਾਂ ਇੱਕ ਜੱਥੇ ਨੂੰ ਫਾਂਸੀ ਲਗਾਈ ਗਈ ਬਾਅਦ ਦੀ ਪੜਤਾਲ ਤੋਂ ਪਤਾ ਲੱਗਦਾ ਹੈ ਕਿ ਕਾਂਸ਼ੀ ਰਾਮ ਮੜੌਲੀ ਅਸਲ ਮੁਜ਼ਰਿਮ ਹੈ ਇਸ ਕਰਕੇ ਇਸਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ।
ਭਗਤ ਸਿੰਘ ਲਿਖਦੇ ਹਨ ਕਿ ਫਾਂਸੀ ਤੋਂ ਪਹਿਲਾਂ ਜਦੋਂ ਕਾਂਸ਼ੀ ਰਾਮ ਮੜੌਲੀ ਜੇਲ੍ਹ 'ਚ ਬੰਦ ਸੀ ਤਾਂ ਉਸ ਵੇਲੇ ਉਹਨਾਂ ਨੇ ਮੁਲਾਕਾਤ ਤੇ ਆਏ ਆਪਣੇ ਭਰਾ ਨੂੰ ਕਿਹਾ ਕਿ ਤੇਰੀਆਂ ਅੱਖਾਂ 'ਚ ਹੰਝੂ ਨਹੀਂ ਆਉਣੇ ਚਾਹੀਦੇ। ਮੈਂ ਕੋਈ ਗੁਨਾਹ ਨਹੀਂ ਕੀਤਾ। ਉਹਨਾਂ ਆਪਣੇ ਪਿਤਾ ਨੂੰ ਕਿਹਾ ਕਿ ਇਸ ਧਰਤੀ ਦੇ ਅਨੇਕਾਂ ਪੁੱਤਰਾਂ ਵਿੱਚ ਮੈਨੂੰ ਦੇਖਦੇ ਰਹਿਣਾ।
ਇਹ ਸ਼ਬਦ ਗਵਾਹ ਹਨ ਕਿ ਗ਼ਦਰੀ ਕੋਈ ਅੱਬੜਬਾਹੇ ਉੱਠੇ ਭੁੱਲੜ ਜਾਂ ਬਾਗ਼ੀ ਨਹੀਂ ਸਗੋਂ ਉਹਨਾਂ ਦਾ ਵਿਗਿਆਨਕ ਸਮਾਜਿਕ ਇਨਕਲਾਬੀ ਤਬਦੀਲੀ ਦਾ ਨਿਸ਼ਾਨਾ ਸੀ; ਆਜ਼ਾਦੀ, ਬਰਾਬਰੀ, ਖੁਸ਼ਹਾਲੀ, ਧਰਮ- ਨਿਰਪੱਖਤਾ, ਸਾਂਝੀਵਾਲਤਾ ਭਰੇ ਨਵੇਂ ਸਮਾਜ ਦੀ ਸਿਰਜਣਾ ਕਰਨਾ।
ਕਾਂਸ਼ੀ ਰਾਮ ਮੜੌਲੀ ਦੇ ਸੰਗਰਾਮੀ ਜੀਵਨ ਸਫ਼ਰ 'ਤੇ ਪੰਛੀ ਝਾਤ ਮਾਰਿਆਂ ਅਣਮੁੱਲੇ ਇਤਿਹਾਸਕ ਸਬਕ ਝੋਲੀ ਪੈਂਦੇ ਹਨ।
ਉਹਨਾਂ ਦਾ ਜਨਮ 13 ਅਕਤੂਬਰ 1883 ਨੂੰ ਮੜੌਲੀ ਕਲਾਂ (ਰੋਪੜ) ਵਿਖੇ ਹੋਇਆ ਜੋ ਉਸ ਵੇਲੇ ਅੰਬਾਲਾ 'ਚ ਪੈਦਾ ਸੀ। ਮਾਂ ਮਹਿਤਾਬ ਕੌਰ ਅਤੇ ਪਿਤਾ ਗੰਗਾ ਰਾਮ ਦੇ ਘਰ ਪੈਦਾ ਹੋਏ ਕਾਂਸ਼ੀ ਰਾਮ ਨੇ 8ਵੀਂ ਮੋਰਿੰਡਾ ਅਤੇ ਦਸਵੀਂ ਮਹਿੰਦਰਾ ਹਾਈ ਸਕੂਲ ਪਟਿਆਲਾ ਤੋਂ ਕੀਤੀ। ਉਹ ਆਰਜ਼ੀ ਨੌਕਰੀ ਛੱਡਕੇ ਰੋਟੀ ਰੋਜ਼ੀ ਲਈ ਪ੍ਰਦੇਸੀ ਹੋ ਗਏ। ਵਤਨੋਂ ਦੂਰ ਉਹਨਾਂ ਨੂੰ ਗ਼ੁਲਾਮੀ ਦਾ ਅਹਿਸਾਸ ਹੋਇਆ।
ਪ੍ਰਦੇਸ਼ ਵਿਚ ਪ੍ਰਵਾਸੀਆਂ ਨੂੰ ਹਰ ਕਦਮ ਜਲੀਲ ਕਰਨ, ਉਹਨਾਂ ਦੀ ਕਿਰਤ ਕਮਾਈ ਨੂੰ ਬੁਰਕ ਮਾਰਨ, ਨਸਲੀ ਵਿਤਕਰੇ ਦੰਗਿਆਂ ਦੀ ਅੱਗ ਦਾ ਸੇਕ ਉਸਨੂੰ ਨੇੜਿਓਂ ਮਹਿਸੂਸ ਹੋਇਆ।
ਅਮਰੀਕਾ ਵਿਚ ਇੰਡੋ ਅਮਰੀਕਨ ਸੁਸਾਇਟੀ ਤੇ ਨਿਉਯਾਰਕ ਬਾਰ ਐਸੋਸੀਏਸ਼ਨ ਸੰਸਥਾਵਾਂ ਹੋਂਦ ਵਿੱਚ ਆਈਆਂ। ਇਹਨਾਂ ਨੇ ਇੰਡੀਆ ਹਾਊਸ ਬਣਾਏ। ਇੰਡੀਆ ਹਾਊਸ ਵਿਚ ਤਾਰਕ ਨਾਥ ਦਾਸ, ਬਰਕਤ ਉੱਲਾ, ਲਾਲਾ ਹਰਦਿਆਲ, ਲਾਲਾ ਠਾਕੁਰ ਦਾਸ ਧੂਰੀ ਆਦਿ ਸ਼ਾਮਲ ਹੋਏ।
ਅਮਰੀਕਾ ਦੇ ਸ਼ਹਿਰ ਸੇਂਟ ਜਾਰਡਨ ਰਹਿੰਦੇ ਸਮੇਂ ਕਾਂਸ਼ੀ ਰਾਮ ਨੇ ਪੀ ਐੱਸ ਖ਼ਾਨ ਖ਼ੋਜੇ ਨਾਲ਼ ਮਿਲ਼ ਕੇ ਇੰਡੀਆ ਇੰਡੀਪੈਂਡੈਂਸ ਲੀਗ ਖੜ੍ਹੀ ਕੀਤੀ। ਕਾਂਸ਼ੀ ਰਾਮ ਮੜੌਲੀ ਅਤੇ ਬਾਬਾ ਸੋਹਣ ਸਿੰਘ ਭਕਨਾ ਨੇ ਇਸ ਲੀਗ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਈ।
ਸੇਂਟ ਜਾਨ ਦੀ ਆਰਾ ਮਿੱਲ ਵਾਂਗ ਕਈ ਕੇਂਦਰਾਂ ਉਪਰ ਭਾਰਤੀਆਂ ਸਮੇਤ ਹੋਰ ਪ੍ਰਵਾਸੀ ਕਾਮਿਆਂ ਉਪਰ ਕਨੇਡਾ ਦੇ ਮਜ਼ਦੂਰਾਂ ਨੂੰ ਹਮਲੇ ਕਰਨ ਲਈ ਭੜਕਾਇਆ ਗਿਆ। ਸਥਾਨਕ ਕਾਮਿਆਂ ਦੇ ਮਨਾਂ ਅੰਦਰ ਇਹ ਜ਼ਹਿਰ ਧੂੜੀ ਗਈ ਕਿ ਇਹ ਬਾਹਰੋਂ ਆਏ ਲੋਕ ਤੁਹਾਡੀਆਂ ਨੌਕਰੀਆਂ ਹੜੱਪ ਕਰ ਗਏ। ਇਸ ਲਈ ਇਹਨਾਂ ਨੂੰ ਏਥੋਂ ਮਾਰ ਭਜਾਉਣਾ ਲਾਜ਼ਮੀ ਹੈ।
12 ਜੁਲਾਈ 1912 ਦੇ ਸ਼ੁਰੂ ਵਿਚ ਪੋਰਟਲੈਂਡ ਵਿਚ ਜੁੜੇ ਇਕੱਠ ਵਿੱਚ ਸੋਹਣ ਸਿੰਘ ਭਕਨਾ, ਊਧਮ ਸਿੰਘ ਕਸੇਲ, ਹਰਨਾਮ ਸਿੰਘ, ਕਾਂਸ਼ੀ ਰਾਮ, ਰਾਮ ਰੱਖਾ ਅਤੇ ਸਾਥੀ ਹਾਜ਼ਰ ਹੋਏ।
ਹਿੰਦੀ ਐਸੋਸ਼ੀਏਸ਼ਨ ਆਫ਼ ਪੈਸੀਫਿਕ ਕੋਸਟ ਨਾਮ ਦੀ ਜੱਥੇਬੰਦੀ ਅੱਗੇ ਚੱਲ ਕੇ ਗ਼ਦਰ ਅਖ਼ਬਾਰ ਦੀ ਮਕਬੂਲੀਅਤ ਕਾਰਨ ਗ਼ਦਰ ਪਾਰਟੀ ਕਰਕੇ ਜਾਣੀਂ ਜਾਣ ਲੱਗੀ।
ਮੁਲਕ ਵਿਚ ਆ ਕੇ ਗ਼ਦਰ ਕਰਨ ਦੇ ਸੱਦੇ ਨੂੰ ਹੁੰਗਾਰਾ ਭਰਦਿਆਂ ਭਾਰਤ ਇੱਕ ਜੱਥੇ ਨਾਲ਼ ਆਇਆ ਕਾਂਸ਼ੀ ਰਾਮ ਫਿਰੋਜ਼ਪੁਰ ਦੇ ਮਿਸ਼ਰੀ ਵਾਲਾ ਵਿਖੇ ਨਾਕੇ ਤੇ ਹੋਰ ਗ਼ਦਰੀ ਭਾਈਆਂ ਨਾਲ਼ ਫੜੇ ਗਏ। ਉਹਨਾਂ ਨਾਲ਼ ਰਹਿਮਤ ਅਲੀ ਵਜੀਦਕੇ, ਜਗਤ ਸਿੰਘ ਸੁਰ ਸਿੰਘ, ਜੀਵਨ ਸਿੰਘ, ਬਖ਼ਸ਼ੀਸ਼ ਸਿੰਘ, ਲਾਲ ਸਿੰਘ ਅਤੇ ਧਿਆਨ ਸਿੰਘ ਫੜੇ ਗਏ।
ਕਾਂਸ਼ੀ ਰਾਮ ਮੜੌਲੀ ਨੂੰ 27 ਮਾਰਚ 1915 ਨੂੰ ਲਾਹੌਰ ਕੇਂਦਰੀ ਜੇਲ੍ਹ ਵਿੱਚ ਫਾਂਸੀ ਲਗਾ ਦਿੱਤਾ। ਬਾਕੀ ਸਾਥੀਆਂ ਨੂੰ 25 ਮਾਰਚ 1915 ਨੂੰ ਸਾਹੀਵਾਲ ਜੇਲ੍ਹ ਮਿੰਟਗੁਮਰੀ ਜੇਲ੍ਹ 'ਚ
ਫਾਂਸੀ ਲਗਾਇਆ ਗਿਆ।
ਸ੍ਰੀ ਗੁਰੂ ਰਵਿਦਾਸ ਭਵਨ ਖਰੜ ਵਿਖੇ 20 ਜਨਵਰੀ 2024 ਨੂੰ ਕਾਂਸ਼ੀ ਰਾਮ ਮੜੌਲੀ ਦੇ ਜੀਵਨ ਵਰਕੇ ਫਰੋਲ਼ਦੇ ਹੋਏ ਗ਼ਦਰੀ ਬਾਬੇ ਵਿਚਾਰਧਾਰਕ ਮੰਚ ਦੇ ਉੱਦਮ ਨਾਲ਼ ਹੋ ਰਹੀ ਵਿਚਾਰ ਚਰਚਾ ਅਜੋਕੀ ਪੀੜ੍ਹੀ ਨੂੰ ਗ਼ਦਰੀ ਵਿਰਾਸਤ ਤੋਂ ਰੌਸ਼ਨੀ ਲੈਣ ਲਈ ਪ੍ਰੇਰਿਤ ਕਰੇਗਾ।
-
ਅਮੋਲਕ ਸਿੰਘ, ਲੇਖਕ
*********
98778 68710
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.