ਬਾਈ ਇੰਦਰਜੀਤ ਕੁਰੜ ਦਾ ਨਾਮ ਲਿਆਂ ਪੰਜਾਬ ਵਿੱਚ ਨਕਸਲਬਾੜੀ ਲਹਿਰ ਬਾਰੇ ਸੁਣਿਆ ਪੜ੍ਹਿਆ ਇਤਿਹਾਸ ਸਿਰ ਵਿੱਚ ਗੂੰਜਣ ਲੱਗ ਜਾਂਦਾ ਹੈ। 1928 ਵਿੱਚ ਬਾਈ ਇੰਦਰਜੀਤ ਪੰਡਤ ਸ਼੍ਰੀ ਰਾਮ ਜੀ ਦੇ ਘਰ ਮਾਤਾ ਲਾਜਵੰਤੀ ਦੀ ਕੁੱਖੋਂ ਪੈਦਾ ਹੋਇਆ। ਬਚਪਨ ਬੜਾ ਤੰਗੀਆਂ ਤਰਸ਼ੀਆਂ ਵਾਲਾ ਬੀਤਿਆ। ਬਾਪੂ ਨੇ ਪੜ੍ਹਨੇ ਪਾਇਆ ਪਰ ਪੜ੍ਹਨ ਵੱਲ ਰੱਤੀ ਭਰ ਵੀ ਰੁਚਿਤ ਨਾਂ ਹੋਇਆ। ਜਵਾਨ ਹੋਇਆ ਤਾਂ ਚੱਕੀ ਚਲਾਉਣ ਸਿੱਖ ਗਿਆ। ਉਨ੍ਹਾਂ ਸਮਿਆਂ ਵਿੱਚ ਡੀਜਲ ਇੰਜਣ ਉੱਪਰ ਚੱਕੀ ਚੱਲਦੀ ਹੁੰਦੀ ਸੀ। ਕਈ ਥਾਵਾਂ ਵਜੀਦਕੇ, ਦੇਹਰਾਦੂਨ, ਗਦਾਈਆ, ਭਰਤਪੁਰ ਆਦਿ ਥਾਵਾਂ ਉੱਤੇ ਕੰਮ ਕਰਨ ਤੋਂ ਬਾਅਦ ਪਿੰਡ ਦੀ ਹੀ ਮਿਸਤਰੀਆਂ ਦੀ ਚੱਕੀ ਉੱਪਰ ਕੰਮ ਕਰਨ ਲੱਗਾ।
ਮੌਜੂਦਾ ਸੜਕਾਂ ਦੀ ਥਾਂ ਉਸ ਸਮੇਂ ਸੂਇਆਂ ਦੀਆਂ ਪਟੜੀਆਂ ਹੀ ਕਾਰਗਰ ਸਨ। ਕਾਰਾਂ,ਜੀਪਾਂ ਦੀ ਸਾਈਕਲ ਹੀ ਮੁੱਖ ਆਵਾਜਾਈ ਦੇ ਸਾਧਨ ਸਨ। ਇਸੇ ਕਰਕੇ ਬਾਈ ਇੰਦਰਜੀਤ ਹੋਰਾਂ ਵੀ ਸੂਏ ਤੇ ਸਈਕਲ ਮੁਰੰਮਤ ਕਰਨ ਵਾਲੀ ਝੁੱਗੀ ਪਾ ਲਈ। ਨਕਸਾਲਬਾੜੀ ਲਹਿਰ ਦੇ ਹਮਦਰਦ ਇੱਕ ਮਾਸਟਰ ਮੁਖਤਿਆਰ ਸਿੰਘ ਲੋਹਟਬੱਦੀ ਨੇ ਸਾਈਕਲ ਮੁਰੰਮਤ ਦੀ ਝੁੱਗੀ ਪੰਜਗਰਾਈਆਂ ਵਾਲੇ ਰਾਹ ਸੂਏ ਦੇ ਪੁਲ ਤੇ ਖੋਹਲਣ ਲਈ ਮਨਾ ਲਿਆ। ਬਹੁਤੀ ਦੇਰ ਨਾਂ ਲੱਗੀ ਇਹ ਝੋਂਪੜੀ ਇਲਾਕੇ ਦੇ ਨਕਸਾਲਵਾੜੀਆਂ ਪਿਆਰਾ ਸਿੰਘ ਦੱਧਾਹੂਰ, ਟਹਿਲ ਸਿੰਘ ਦੱਧਾਹੂਰ, ਸ਼ਰੀਫ਼ ਮੁਹੰਮਦ ਕਾਂਝਲਾ, ਗੁਰਦਿਆਲ ਸ਼ੀਤਲ ਸ਼ੇਰਪੁਰ, ਨਛੱਤਰ ਸਿੰਘ ਮਾਹਮਦਪੁਰ ਆਦਿ ਦਾ ਟਿਕਾਣਾ ਬਣ ਗਈ। ਉਹ ਬਹੁਤਾ ਚਿਰ ਭਾਵੇਂ ਨਾਂ ਰੁਕਦੇ ਪਰ ਆਪਣਾ ਰੁੱਕਾ ਹਾਸਲ ਕਰਕੇ ਆਪਣੀ ਮੰਜਿਲ ਵੱਲ ਅੱਗੇ ਵਧ ਜਾਂਦੇ।
ਇਨ੍ਹਾਂ ਨਕਸਲਵਾੜੀ ਲਹਿਰ ਦੇ ਯੋਧਿਆਂ ਦਾ ਵਰਤ ਵਰਤਾਉ, ਗੱਲਬਾਤ ਦੇ ਸਲੀਕੇ ਤੋਂ ਉਨ੍ਹਾਂ ਦਾ ਮਕਸਦ ਵੀ ਬਾਈ ਇੰਦਰਜੀਤ ਨੂੰ ਸਮਝ ਆਉਣ ਲੱਗ ਗਿਆ ਕਿ ਇਹ ਕਾਣੀ ਵੰਡ ਖਤਮ ਕਰਨਾ ਚਾਹੁੰਦੇ ਹਨ। ਵੱਡੇ ਜਗੀਰਦਾਰਾਂ ਸਰਮਾਏਦਾਰਾਂ ਕੋਲੋਂ ਜ਼ਮੀਨ ਅਤੇ ਸਰਮਾਇਆ ਖੋਹਕੇ ਗਰੀਬ ਕਿਸਾਨਾਂ-ਮਜਦੂਰਾਂ ਚ ਵੰਡਕੇ ਬਰਾਬਰਤਾ ਵਾਲਾ ਸਮਾਜ ਸਿਰਜਣਾ ਚਾਹੁੰਦੇ ਹਨ। ਰੂਸ ਅਤੇ ਚੀਨ ਵਿੱਚ ਹੋਏ ਇਨਕਲਾਬਾਂ ਬਾਰੇ ਵੀ ਬਾਈ ਇੰਦਰਜੀਤ ਨੂੰ ਨਕਸਲੀ ਯੋਧਿਆਂ ਵੱਲੋਂ ਕੀਤੀਆਂ ਜਾਂਦੀਆਂ ਵਾਰਤਾਲਾਪਾਂ ਚੰਗੀਆਂ ਲੱਗਦੀਆਂ।
ਨਕਸਲਬਾੜੀ ਯੋਧੇ ਬਾਈ ਇੰਦਰਜੀਤ ਕੁਰੜ ਦੀ ਝੁੱਗੀ ਨੁਮਾ ਟਿਕਾਣੇ ਨੂੰ 1970-71 ਵਿੱਚ ਮਹਿਲਕਲਾਂ ਇਲਾਕੇ ਦੇ ਨਕਸਲਬਾੜੀ ਲਹਿਰ ਦੇ ਯੋਧਿਆਂ ਦੇ ਟਿਕਾਣੇ ਵਜੋਂ ਜਾਣਿਆ ਜਾਂਦਾ ਸੀ। ਨਕਸਲਬਾੜੀ ਲਹਿਰ ਲਈ ਬਾਈ ਇੰਦਰਜੀਤ ਦੀ ਸਾਈਕਲ ਮੁਰੰਮਤ ਕਰਨ ਵਾਲੇ ਕੁੱਲੀ ਮੌਜੂਦਾ ਸਮੇਂ ਦਾ ਗੂਗਲ ਸੀ। ਨਕਸਲਬਾੜੀ ਲਹਿਰ ਦੇ ਸ਼ਹੀਦ ਬੇਅੰਤ ਸਿੰਘ ਮੂੰਮ, ਪਿਆਰਾ ਸਿੰਘ ਦੱਧਾਹੂਰ, ਟਹਿਲ ਸਿੰਘ ਦੱਧਾਹੂਰ, ਸ਼ਰੀਫ਼ ਮੁਹੰਮਦ ਕਾਂਝਲਾ, ਗੁਰਦੇਵ ਦਰਦੀ ਖਿਆਲੀ ਅਤੇ ਗੁਰਦਿਆਲ ਸ਼ੀਤਲ ਲਈ ਕੁਰੜ ਸੂਏ ਉੱਤੇ ਬਾਈ ਇੰਦਰਜੀਤ ਦੀ ਸਾਈਕਲ ਰਿਪੇਅਰ ਕਰਨ ਵਾਲੀ ਝੁੱਗੀ ਸਭ ਤੋਂ ਵੱਡੀ ਠਾਹਰ ਸੀ।
1970 ਵਿੱਚ ਪਿੰਡ ਦੇ ਹੀ ਇੱਕ ਪ੍ਰੀਵਾਰ ਨਾਲ ਝਗੜਾ ਚਲਦਾ ਹੋਣ ਕਰਕੇ ਉਸ ਨੇ ਪੁਲਿਸ ਨੂੰ ਮੁਖਬਰੀ ਕਰ ਦਿੱਤੀ ਕਿ ਇੰਦਰਜੀਤ ਕੋਲ ਨਕਸਲੀਏ ਆਉਂਦੇ ਹਨ। ਪੁਲਿਸ ਦਾ ਡੀਐਸਪੀ ਵੱਡੀ ਨਫ਼ਰੀ ਲੈਕੇ ਸਵੱਖਤੇ ਹੀ ਪਿੰਡ ਆ ਧਮਕਿਆ। ਗਵਾਂਢ ਰਹਿੰਦੀ ਔਰਤ ਨੇ ਬਾਈ ਇੰਦਰਜੀਤ ਨੂੰ ਪੁਲਿਸ ਦੇ ਆਉਣ ਬਾਰੇ ਸੂਚਿਤ ਕਰਦਿਆਂ ਆਸੇ ਪਾਸੇ ਹੋ ਜਾਣ ਦੀ ਸਲਾਹ ਦਿੱਤੀ ਪਰ ਬਾਈ ਇੰਦਰਜੀਤ ਨੇ ਕਿਹਾ ਕਿ ਮੈਂ ਕਿਹੜਾ ਕੋਈ ਗੁਨਾਹ ਕੀਤਾ ਹੈ ਕਿ ਮੈਂ ਆਸੇ ਪਾਸੇ ਹੋਵਾਂ। ਡੀਐਸਪੀ ਆਪ ਦੂਰ ਖੜ੍ਹਾ ਰਿਹਾ, ਗੋਡਿਆਂ ਭਾਰ ਹੋਈ ਹਥਿਆਰਬੰਦ ਪੁਲਿਸ ਨੇ ਘਰ ਨੂੰ ਚਾਰੇ ਪਾਸੇ ਤੋਂ ਘੇਰਾ ਪਾਕੇ ਗ੍ਰਿਫ਼ਤਾਰ ਕਰ ਲਿਆ।
ਧਨੌਲਾ ਅਤੇ ਲੱਡਾ ਕੋਠੀ ਇੰਟੈਰੋਗੇਸ਼ਨ ਸੈਂਟਰ ਵਿੱਚ ਢਾਈ ਮਹੀਨੇ ਪੁਲਿਸ ਨੇ ਅੰਨ੍ਹਾ ਤਸ਼ੱਦਦ ਢਾਹਿਆ। ਪੁਲਿਸ ਨੇ ਜਬਰ ਦਾ ਹਰ ਢੰਗ ਤਰੀਕਾ ਵਰਤਿਆ ਪਰ ਧੁਨ ਦੇ ਪੱਕੇ ਬਾਈ ਇੰਦਰਜੀਤ ਨੇ ਹਰ ਕਿਸਮ ਦਾ ਤਸ਼ੱਦਦ ਸਹਿਕੇ ਵੀ ਨਕਸਾਲਬਾੜੀ ਲਹਿਰ ਬਾਰੇ ਭੋਰਾ ਵੀ ਭੇਤ ਨਾਂ ਦਿੱਤਾ। ਇਸੇ ਸਮੇ ਬਾਈ ਇੰਦਰਜੀਤ ਹੋਰਾਂ ਦਾ ਘਰ ਵੀ ਪੁਲਿਸ ਨੇ ਉਜਾੜ ਦਿੱਤਾ। ਜਦ ਪੁਲਿਸ ਘਰ ਉਜਾੜਨ ਤੇ ਤੁਲ ਗਈ ਤਾਂ ਬਾਈ ਇੰਦਰਜੀਤ ਹੁਰਾਂ ਦੀ ਜੀਵਨ ਸਾਥਣ ਬਿਮਲਾ ਦੇਵੀ ਵੱਲੋਂ ਕਣਕਾਂ ਦੀ ਵਾਢੀ ਕਰਨ ਵਾਲੀ ਦਾਤੀ ਨੂੰ ਹਥਿਆਰ ਬਣਾਕੇ ਸਿਪਾਹੀਆਂ ਨੂੰ ਕੀਤੇ ਚੈਲੰਜ ਨੇ ਪੁਲਿਸ ਨੂੰ ਪੈਰ ਪਿੱਛੇ ਖਿੱਚਣ ਲਈ ਮਜ਼ਬੂਰ ਕਰ ਦਿੱਤਾ। ਕਾਫੀ ਦੇਰ ਤਾਂ ਪਤਾ ਵੀ ਨਹੀਂ ਲੱਗਾ ਕਿ ਬਾਈ ਇੰਦਰਜੀਤ ਜਿੰਦਾ ਵੀ ਹੈ ਜਾਂ ਨਹੀਂ। ਪਿੰਡ ਆਕੇ ਫਿਰ ਆਪਣਾ ਸਾਈਕਲ ਮੁਰੰਮਤ ਕਰਨ ਦਾ ਕੰਮ ਸ਼ੁਰੂ ਕਰ ਲਿਆ।
ਬਾਈ ਇੰਦਰਜੀਤ ਨੂੰ ਨਕਸਾਲਵਾੜੀ ਲਹਿਰ ਦੇ ਸਾਥੀਆਂ ਦੀ ਪਛਾਣ ਬਾਰੇ ਪੁੱਛਿਆ ਤਾਂ ਬੜੇ ਮਾਣ ਨਾਲ ਕਹਿੰਦੇ ਕਿ ਜਦ ਕੋਈ ਸਾਡੀ ਲਹਿਰ ਦਾ ਸਾਥੀ ਆਉਂਦਾ ਤਾਂ ਹੱਥ ਮਿਲਾਉਣ ਦਾ ਲਹਿਜਾ ਹੀ ਸਾਡੀ ਵੱਡੀ ਪਛਾਣ ਸੀ। ਲਹਿਰ ਦੇ ਬਾਅਦ ਜਨਤਕ ਜਥੇਬੰਦੀਆਂ ਦਾ ਉਭਾਰ ਹੋਇਆ। ਪਿੰਡ ਦੀ ਨੌਜਵਾਨ ਸਭਾ ਵੱਲੋਂ ਪਿੰਡ ਵਿੱਚ ਸੱਭਿਆਚਾਰਕ ਪ੍ਰੋਗਰਾਮ ਰੱਖਿਆ ਤਾਂ ਕੁੱਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਪ੍ਰੋਗਰਾਮ ਰੋਕਣ ਦੀ ਧਮਕੀ ਦਿੱਤੀ। ਪਰ ਪੂਰੀ ਦ੍ਰਿੜਤਾ ਨਾਲ ਦਲੀਲ ਸਹਿਤ ਗੱਲ ਰੱਖਦਿਆਂ ਪ੍ਰੋਗਰਾਮ ਸਫਲ ਕੀਤਾ। ਮੁੜਕੇ ਕਿਸੇ ਦੀ ਹਿੰਮਤ ਨਹੀਂ ਪਈ ਕਿ ਅੜ ਸਕੇ, ਸਾਰੀ ਜ਼ਿੰਦਗੀ ਕਿਸੇ ਦੀ ਟੈਂ ਨਹੀਂ ਮੰਨੀ। ਪੂਰੀ ਠੁੱਕ ਅਤੇ ਸਵੈਮਾਣ ਨਾਲ਼ ਜ਼ਿੰਦਗੀ ਗੁਜ਼ਾਰੀ।
ਹਜ਼ਾਰਾਂ ਵਿੱਚੋਂ ਇੱਕ ਵੱਖਰੀ ਪਛਾਣ ਰੱਖਣ ਵਾਲਾ ਇਨਸਾਨ 96 ਸਾਲ ਦਾ ਸ਼ਾਨਾਮੱਤਾ ਸਫ਼ਰ ਪੂਰਾ ਕਰ ਕੇ ਅਲਵਿਦਾ ਆਖ ਗਿਆ ਹੈ। ਕਿਰਤ ਦੇ ਧਨੀ ਬਾਈ ਇੰਦਰਜੀਤ ਆਖਰੀ ਸਮੇਂ ਤੱਕ ਆਪਣੀ ਜਨਮ ਭੋਇੰ ਨਾਲ ਵਫ਼ਾ ਪਾਲੀ। ਤਿੰਨ ਧੀਆਂ ਅਤੇ ਇੱਕ ਪੁੱਤਰ ਹਰਭਗਵਾਨ ਬਾਈ ਦੇ ਪ੍ਰੀਵਾਰ ਦੀ ਮਹਿਕਦੀ ਫੁਲਵਾੜੀ ਹੈ। ਬਾਈ ਇੰਦਰਜੀਤ ਹੁਰਾਂ ਦੇ ਵਿਚਾਰਾਂ ਦੀ ਵਿਰਾਸਤ ਦਾ ਛੱਟਾ ਸਮਾਜ ਨੂੰ ਵੰਡਣ ਰਹੇ ਆਪਣੇ ਪੁੱਤਰ ਡਾ ਹਰਭਗਵਾਨ ਵੱਲੋਂ ਬਹੁਤਾ ਜੋਰ ਪਾਉਣ ਤੇ ਇੱਕ ਵਾਰ ਬਰਨਾਲੇ ਚਲਾ ਗਿਆ, ਸਾਈਕਲ ਮੁਰੰਮਤ ਵਾਲਾ ਕੰਮ ਵੀ ਸ਼ੁਰੂ ਕਰ ਲਿਆ ਪਰ ਸ਼ਹਿਰੀ ਲੋਕਾਂ ਦੀ ਮੌਕਾਪ੍ਰਸਤੀ ਰਾਸ ਨਾਂ ਆਈ ਮੁੜ ਡੇਰਾ ਆਪਣੀ ਜਨਮ ਭੋਇਂ ਕੁਰੜ ਹੀ ਲਾ ਲਿਆ। ਫ਼ੁਰਸਤ ਦੇ ਪਲਾਂ ਵਿੱਚ ਕਈ ਵਾਰ ਉਹ ਆਪਣੀ ਜ਼ਿੰਦਗੀ ਅਤੇ ਨਕਸਲਬਾੜੀ ਲਹਿਰ ਦੀਆਂ ਗੱਲਾਂ ਸੁਣਾਉਣ ਲੱਗ ਜਾਂਦੇ।
ਅਸੀਂ ਅਤੇ ਉੱਥੇ ਬੈਠੇ ਲੋਕ ਇਹਨਾਂ ਗਾਥਾਵਾਂ ਨੂੰ ਸੁਣ ਕੇ ਲਹਿਰ ਵਿੱਚ ਕੁੱਦਣ ਵਾਲ਼ੇ ਨੌਜੁਆਨਾਂ ਦਾ ਹੌਂਸਲੇ ਅਤੇ ਦ੍ਰਿੜ੍ਹਤਾ ਨੂੰ ਸਲਾਮ ਕਰਦੇ। ਬਾਈ ਇੰਦਰਜੀਤ ਕੁਰੜ ਹੁਰਾਂ ਦਾ ਟਿਕਾਣਾ ਚੱਲ ਰਹੀਆਂ ਕਿਸਾਨਾਂ-ਮਜਦੂਰਾਂ ਨੌਜਵਾਨਾਂ ਸਮੇਤ ਧੀਆਂ ਭੈਣਾਂ ਦੀ ਰਾਖੀ ਲਈ ਚੱਲ ਰਹੇ ਮਹਿਲਕਲਾਂ ਲੋਕ ਘੋਲ ਦੀ ਚਰਚਾ ਦਾ ਵਿਸ਼ਾ ਬਣਦਾ। ਅੰਤਲੇ ਸਮੇਂ ਤੱਕ ਆਪਣੇ ਯਾਰਾਂ ਬੇਲੀਆਂ ਨਾਲ ਮੋਹ ਦੀਆਂ ਤੰਦਾਂ ਪੁਗਾਉਂਦਾ ਅਲਵਿਦਾ ਆਖ ਗਿਆ। ਸਿਰਫ ਅਖੀਰਲੇ ਤਿੰਨ ਮਹੀਨੇ ਆਪਣੀ ਧੀ ਕੋਲ ਕੁੰਭੜਵਾਲ ਰਹਿਕੇ 10 ਜਨਵਰੀ ਨੂੰ ਉਹ ਨਕਸਲਬਾੜੀ ਯੋਧਾ ਇੰਦਰਜੀਤ ਕੁਰੜ 96 ਸਾਲ ਦਾ ਲੰਮਾ ਸਿਰੜੀ ਮਾਣਮੱਤਾ ਸਫ਼ਰ ਤਹਿ ਕਰਨ ਉਪਰੰਤ ਅਲਵਿਦਾ ਆਖ ਗਿਆ। ਉਸ ਵੱਡੀਆਂ ਵੱਡੀਆਂ ਜਮਾਤਾਂ ਪਾਸ ਪੜ੍ਹਿਆਂ ਲਿਖਿਆਂ ਦੇ ਮੁਕਾਬਲੇ ਕਾਣੀ ਵੰਡ ਵਾਲੇ ਸਮਾਜ ਦੀਆਂ ਗੁੱਝੀਆਂ ਰਮਜਾਂ ਨੂੰ ਸਮਝਣ ਵਾਲੇ ਕਾਗਜ਼ਾਂ ਵਿੱਚ ਕੋਰੇ ਅਨਪੜ੍ਹ ਇੰਦਰਜੀਤ ਕੁਰੜ ਦੀ ਘਾਲਣਾ ਨੂੰ ਸਲਾਮ!!
ਬਾਈ ਇੰਦਰਜੀਤ ਕੁਰੜ ਹੁਰਾਂ ਸੈਂਕੜੇ ਸਾਥੀਆਂ ਦੀਆਂ ਦਿੱਤੀਆਂ ਹੋਈਆਂ ਸ਼ਹਾਦਤਾਂ ਬੇਕਾਰ ਨਹੀਂ, ਸਗੋਂ ਉਨ੍ਹਾਂ ਦੀ ਵਿਗਿਆਨਕ ਵਿਚਾਰਧਾਂਰਾ ਮੁਕਤੀ ਦੇ ਪੈਗਾਮ ਦਾ ਚਾਨਣ ਵੰਡਣ ਰਹੀਆਂ ਹਨ। ਬਾਈ ਇੰਦਰਜੀਤ ਕੁਰੜ ਦੇ ਵਾਰਸਾਂ ਦਾ ਅਹਿਦ ਹੈ ਕਿ ਤੁਸੀਂ ਅਤੇ ਤੇਰੇ ਯੋਧੇ ਸਾਥੀਆਂ ਨੇ ਜਿਸ ਬਰਾਬਰੀ ਵਾਲੇ ਲੁੱਟ, ਜਬਰ ਅਤੇ ਦਾਬੇ ਤੋਂ ਰਹਿਤ ਨਵਾਂ ਜਮਹੂਰੀ ਸਮਾਜ ਸਿਰਜਣ ਦਾ ਸੰਕਲਪ ਲਿਆ ਸੀ, ਉਸ ਜਮਾਤੀ ਜੰਗ ਨੂੰ ਜਾਰੀ ਰੱਖਣਗੇ। ਬਾਈ ਇੰਦਰਜੀਤ ਨਮਿੱਤ 19 ਜਨਵਰੀ ਨੂੰ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ।
-
ਨਰਾਇਣ ਦੱਤ, ਪ੍ਰਧਾਨ ਇਨਕਲਾਬੀ ਕੇਂਦਰ ਪੰਜਾਬ
*********
8427511770
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.