ਕਬੱਡੀ ਜਗਤ ਦਾ ਧਰੂ ਤਾਰਾ ਸੀ ਦੇਵੀ ਦਯਾਲ ------ ਗੁਰਭਜਨ ਗਿੱਲ
ਪੰਜਾਬ ਵਿੱਚ ਐਸੇ ਸੁਥਰੇ ਬਹੁਤ ਘੱਟ ਕਬੱਡੀ ਖਿਡਾਰੀ ਹੋਏ ਨੇ, ਜਿੰਨ੍ਹਾਂ ਦੇ ਪਿੰਡੇ ਨੂੰ ਕਦੇ ਮਿੱਟੀ ਲੱਗੀ ਮੈਂ ਨਹੀਂ ਵੇਖੀ।
ਦੇਵੀ ਦਯਾਲ ਉਨ੍ਹਾਂ ਸੁਥਰੇ ਖਿਡਾਰੀਆਂ ਵਿੱਚੋਂ ਵੀ ਨਿਵੇਕਲਾ ਤੇ ਅਲੱਗ ਖੜ੍ਹਾ ਸੀ। ਨੀਲੋਂ ਪੁਲ ਤੋਂ ਦੋਰਾਹੇ ਵੱਲ ਆਉਂਦਿਆਂ ਉਸ ਦਾ ਪਿੰਡ ਕੁੱਬੇ ਸੀ ਜਿੱਥੇ ਉਹ ਅਕਸਰ ਹਰ ਸ਼ਾਮ ਕਬੱਡੀ ਦੇ ਨਵੇਂ ਨਵੇਂ ਖਿਡਾਰੀ ਚੰਡਦਾ। ਉਸ ਦੇ ਜਵਾਨ ਪੁੱਤਰ ਅਲੰਕਾਰ ਸ਼ਰਮਾ ਦੀ ਮੌਤ ਨੇ ਪਿੰਜ ਦਿੱਤਾ ਸੀ। ਉਹ ਅੰਦਰੋਂ ਡੋਲ ਚੁਕਾ ਸੀ ਪਰ ਪੂਰੀ ਸ਼ਕਤੀ ਨਾਲ ਲੋਕਾਂ ਦੇ ਪੁੱਤਰਾਂ ਚੋਂ ਅਲੰਕਾਰ ਲੱਭਦਾ ਰਹਿੰਦਾ। ਉਸ ਨੂੰ ਕਬੱਡੀ ਖੇਤਰ ਵਿੱਚ ਭੀਸ਼ਮ ਪਿਤਾਮਾ ਮੰਨਿਆ ਜਾਂਦਾ ਸੀ।
ਮੈਥੋਂ 6ਸਾਲ ਵੱਡਾ ਵੀਰ ਸੀ ਦੇਵੀ ਦਯਾਲ। ਉਸ ਨੂੰ ਪਹਿਲੀ ਵਾਰ ਮੈ 1970 ਵਿੱਚ ਆਪਣੇ ਗੁਰੂ ਨਾਨਕ ਕਾਲਿਜ ਕਾਲਾ ਅਫ਼ਗਾਨਾ (ਗੁਰਦਾਸਪੁਰ) ਵਿੱਚ ਖੇਡਦਿਆਂ ਵੇਖਿਆ। ਉਦੋਂ ਸ਼ਾਇਦ ਉਹ ਅਜੇ ਡੀ ਏ ਵੀ ਕਾਲਿਜ ਜਲੰਧਰ ਵਿੱਚ ਐੱਮ ਏ ਕਰਦਾ ਸੀ। ਉਸ ਬਾਰੇ ਕੁਮੈਂਟੇਟਰ ਮੁਖਤਿਆਰ ਸਿੰਘ ਦੇ ਬੋਲ ਮੈਨੂੰ ਅੱਜ ਵੀ ਚੇਤੇ ਹਨ ਕਿ ਦੇਵੀ ਦਯਾਲ ਤਾਂ ਉੱਡਣਾ ਬਾਜ਼ ਹੈ। ਖੜ੍ਹਾ ਖਲੋਤਾ ਬੰਦਾ ਟੱਪ ਜਾਂਦੈ। ਮੈਂ ਜਾਫੀਆਂ ਦੇ ਉੱਪਰੋਂ ਦੀ ਟੱਪਦਿਆਂ ਉਸ ਨੂੰ ਆਪ ਵੇਖਿਆ। ਉਹ ਵਧੀਆ ਐਥਲੀਟ ਸੀ ਤੇਜ਼ ਦੌੜਾਂ ਦੌੜਨ ਵਾਲਾ ਚੇਤਕ ਘੋੜਾ।
ਫਿਰ ਉਹ ਪੰਚਾਇਤੀ ਰਾਜ ਖੇਡ ਪਰਿਸ਼ਦ ਵਿੱਚ ਕਬੱਡੀ ਕੋਚ ਬਣ ਗਿਆ। ਕਬੱਡੀ ਨੂੰ ਅੰਤਰ ਰਾਸ਼ਟਰੀ ਨਕਸ਼ੇ ਤੇ ਪਹੁੰਚਾਉਣ ਵਿੱਚ ਸਰਵਣ ਸਿੰਘ ਬੱਲ ਮਗਰੋਂ ਦੇਵੀ ਦਯਾਲ ਦਾ ਸਭ ਤੋਂ ਵੱਡਾ ਯੋਗਦਾਨ ਹੈ।
1967-68 ਵਿੱਚ ਮਾਲਵਾ ਕਾਲਿਜ ਸਮਰਾਲਾ ਵਿੱਚ ਖੇਡਾਂ ਦੇ ਮਹਿਕਮਾ ਮੁਖੀ ਪ੍ਰੋਃ ਜਗਜੀਤ ਸਿੰਘ ਕੰਗ ਕਾਰਨ ਸਮਰਾਲਾ ਕਬੱਡੀ ਦੀ ਟਕਸਾਲ ਬਣ ਚੁਕਾ ਸੀ। ਦੇਵੀ ਦਯਾਲ ਉਨ੍ਹਾਂ ਵਕਤਾਂ ਦਾ ਵੱਡਾ ਖਿਡਾਰੀ ਸੀ। ਖੇਡਾਂ ਤੇ ਪੜ੍ਹਾਈ ਪੱਖੋਂ ਬਰਾਬਰ ਪੂਰਮਪੂਰਾ।
1976 ਚ ਜਦ ਮੈਂ ਗੁਰੂ ਨਾਨਕ ਨੈਸ਼ਨਲ ਕਾਲਿਜ ਦੋਰਾਹਾ ਵਿੱਚ ਲੈਕਚਰਰ ਜਾ ਲੱਗਿਆ ਤਾਂ ਅਸੀਂ ਕੁਝ ਦੋਸਤ ਦੇਵੀ ਦਯਾਲ ਦੇ ਦਰਸ਼ਨ ਕਰਨ
ਕੁੱਬੇ ਪਿੰਡ ਗਏ। ਉਸ ਦਾ ਸਾਤਵਿਕ ਜੀਵਨ ਮਿਸਾਲੀ ਸੀ। ਉਸ ਦੀ ਮੁਹੱਬਤੀ ਗਲਵੱਕੜੀ ਉਮਰਾਂ ਲੰਮੀ ਤੱਗਣ ਵਾਲੀ ਸੀ। ਬਦੇਸ਼ਾਂ ਵਿੱਚ ਦੇਵੀ ਦਯਾਲ ਪੰਜਾਬੀਆਂ ਦੇ ਘਰਾਂ ਚ ਪੂਜਿਆ ਜਾਂਦਾ ਸੀ ਆਪਣੇ ਚੰਗੇ ਵਿਹਾਰ ਕਾਰਨ।
ਉਸ ਦੀ ਕਰਮ ਭੂਮੀ ਵਰਿਆਮ ਸਟੇਡੀਅਮ ਤੇ ਪੁੱਤਰ ਦੀ ਯਾਦ ਵਿੱਚ ਬਣਾਈ ਅਲੰਕਾਰ ਸ਼ਰਮਾ ਕਬੱਡੀ ਕਲੱਬ ਅੱਜ ਮਗਰੋਂ ਦੇਵੀ ਦਯਾਲ ਨੂੰ ਲੱਭਦੀ ਫਿਰੇਗੀ ਪਰ ਉਸ ਦੇ ਭੌਚੱਕੇ ਹੀ ਪੈਣਗੇ। ਉਹ ਨਹੀਂ ਆਵੇਗਾ।
ਉਸ ਦੀ ਮਿਹਨਤ ਸਦਕਾ ਸਮਰਾਲਾ ਤਹਿਸੀਲ ਦੇ ਘਰ ਘਰ ਕਬੱਡੀ ਦੀ ਪਨੀਰੀ ਲੱਗੀ ਜੋ ਮਗਰੋਂ ਬੋਹੜ ਬੂਟੇ ਬਣੇ।
ਮੈਨੂੰ ਇਸ ਗੱਲ ਦਾ ਮਾਣ ਹੈ ਕਿ ਦੇਵੀ ਦਯਾਲ ਮੈਥੋਂ ਵੱਡਾ ਹੋਣ ਦੇ ਬਾਵਜੂਦ ਬਰਾਬਰ ਦਾ ਸਤਿਕਾਰ ਦੇਂਦਾ ਸੀ। ਉਸ ਨਾਲ ਕਿਲ੍ਹਾ ਰਾਏਪੁਰ ਗੁੱਜਰਵਾਲ, ਗੁਰੂ ਨਾਨਕ ਸਟੇਡੀਅਮ, ਵਰਿਆਮ ਸਟੇਡੀਅਮ, ਪੰਜਾਬ ਖੇਤੀ ਯੂਨੀਵਰਸਿਟੀ ਦੇ ਖੇਡ ਮੈਦਾਨਾਂ ਚ ਹੋਈਆਂ ਮੁਲਾਕਾਤਾਂ ਕਦੇ ਵੀ ਨਹੀਂ ਵਿੱਸਰਨਗੀਆਂ।
ਉਸ ਦੀ ਯਾਦ ਵਿੱਚ ਮੈਂ ਸਿਰ ਝੁਕਾਉਂਦਾ ਹੋਇਆ ਵੱਡੇ ਵੀਰ ਪ੍ਰਿੰਸੀਪਲ ਸਰਵਣ ਸਿੰਘ ਦੇ ਲਿਖੇ ਬੋਲਾਂ ਨੂੰ ਹੀ ਤੁਹਾਡੇ ਲਈ ਪੇਸ਼ ਕਰਦਾ ਹਾਂ।
==============
ਕਬੱਡੀ ਮੇਲਿਆਂ ਦਾ ਸ਼ਿੰਗਾਰ ਸੀ ਦੇਵੀ ਦਿਆਲ◾️ਸਰਵਣ ਸਿੰਘ (ਪ੍ਰਿੰਸੀਪਲ) ਟੋਰਾਂਟੋ (ਕੈਨੇਡਾ)
ਬੜਾ ਅਫਸੋਸ ਹੈ ਦੇਵੀ ਦਿਆਲ ਵੀ ਸਰਵਣ ਸਿੰਘ ਰਮੀਦੀ ਦੇ ਰਾਹ ਤੁਰ ਗਿਆ। ਦੋਵੇਂ ਕਬੱਡੀ ਦੇ ਧਨੰਤਰ ਖਿਡਾਰੀ ਤੇ ਕਬੱਡੀ ਦੇ ਮੁੱਢਲੇ ਕੋਚ ਸਨ। ਕਬੱਡੀ ਮੇਲਿਆਂ ਵਿਚ ਦੇਵੀ ਦਿਆਲ ਦੀ ਝੰਡੀ ਹੁੰਦੀ ਸੀ। ਉਹ ਵੀਹ ਸਾਲ ਤੇਜ਼ਤਰਾਰ ਕਬੱਡੀ ਖੇਡਿਆ। 1967 ਵਿਚ ਮੈਂ ਉਸ ਨੂੰ ਪਹਿਲੀ ਵਾਰ ਸਮਰਾਲੇ ਕਾਲਜ ਦੇ ਖੇਡ ਮੈਦਾਨ ਵਿਚ ਵੇਖਿਆ ਸੀ। ਉਥੇ ਅਸੀਂ ਢੁੱਡੀਕੇ ਕਾਲਜ ਦੀ ਟੀਮ ਲੈ ਕੇ ਗਏ ਸਾਂ। ਉਦੋਂ ਉਹ ਬੀ. ਏ. ਦਾ ਵਿਦਿਆਰਥੀ ਸੀ। ਸੂਰਜ ਦੀ ਲਿਸ਼ਕੋਰ ਵਿਚ ਉਹਦਾ ਭਖਿਆ ਹੋਇਆ ਗੋਰਾ ਰੰਗ ਲਾਟ ਵਾਂਗ ਜਗ ਰਿਹਾ ਸੀ। ਉਹ ਏਨਾ ਫੁਰਤੀਲਾ ਤੇ ਤਕੜਾ ਨਿਕਲਿਆ ਕਿ ਉਸ ਨੇ ਸਾਡੇ ਜਾਫੀਆਂ ਨੂੰ ਅਸਲੋਂ ਰੋਲ ਦਿੱਤਾ। ਉਹਦੇ ਸਡੌਲ ਸਰੀਰ ਵਰਗਾ ਜੁੱਸਾ ਸ਼ਾਇਦ ਹੀ ਕਿਸੇ ਹੋਰ ਕਬੱਡੀ ਖਿਡਾਰੀ ਦਾ ਹੋਵੇ। ਪੌਣੇ ਛੇ ਫੁੱਟ ਕੱਦ, ਪੰਜਾਸੀ ਕਿੱਲੋ ਵਜ਼ਨ ਤੇ ਗੋਲ ਗੁੰਦਵੇਂ ਪੱਠਿਆਂ ਵਾਲਾ ਗੋਰਾ ਨਿਛੋਹ ਬਦਨ। ਪੱਟਾਂ ਦੀਆਂ ਘੁੱਗੀਆਂ ਤੇ ਡੌਲਿਆਂ ਦੀਆਂ ਮੱਛਲੀਆਂ ਰਾਹ ਜਾਂਦਿਆਂ ਤੋਂ ਸਿਫ਼ਤਾਂ ਕਰਾਉਂਦੀਆਂ। ਉਹ ਤੇਜ਼ੀ ਨਾਲ ਕਬੱਡੀ ਪਾਉਂਦਾ ਜਿਵੇਂ ਸੌ ਮੀਟਰ ਦੀ ਦੌੜ ਲਾ ਰਿਹਾ ਹੋਵੇ। ਜਾਫੀਆਂ ਕੋਲ ਜਾ ਕੇ ਇਕ ਦੋ ਨਿੱਕੀਆਂ ਨਿੱਕੀਆਂ ਚੁੰਗੀਆਂ ਭਰਦਾ ਤੇ ਬਿਜਲੀ ਦੇ ਕਰੰਟ ਵਾਂਗ ਜਾਫੀ ਨੂੰ ਛੋਹ ਕੇ ਪੰਦਰਾਂ ਸਕਿੰਟਾਂ `ਚ ਈ ਆਪਣੇ ਪਾੜੇ ਪਰਤ ਆਉਂਦਾ। ਦੇਵੀ ਦਿਆਲ ਨੂੰ ਰੋਕਣਾ ਰਾਕਟ ਨੂੰ ਹੱਥ ਪਾਉਣਾ ਸੀ!
ਦੇਵੀ ਦਿਆਲ ਦਾ ਜਨਮ 2 ਦਸੰਬਰ 1947 ਨੂੰ ਪਿੰਡ ਕੁੱਬਾ ਤਹਿਸੀਲ ਸਮਰਾਲਾ ਵਿਚ ਹੋਇਆ ਸੀ। ਉਹ ਅੱਠਵੀਂ ਤਕ ਆਪਣੇ ਪਿੰਡ ਪੜ੍ਹਿਆ ਤੇ ਦਸਵੀਂ ਖ਼ਾਲਸਾ ਸਕੂਲ ਘੁਲਾਲ ਤੋਂ ਕੀਤੀ। ਕਬੱਡੀ ਦੇ ਖਿਡਾਰੀ ਆਮ ਕਰ ਕੇ ਦਸ ਬਾਰਾਂ ਜਮਾਤਾਂ ਪੜ੍ਹਦੇ ਹਨ ਪਰ ਦੇਵੀ ਦਿਆਲ ਨੇ ਐੱਮ. ਏ. ਪਾਸ ਕੀਤੀ। ਮਾਲਵਾ ਕਾਲਜ ਸਮਰਾਲਾ ਪਿੱਛੋਂ ਉਹ ਸਰਕਾਰੀ ਕਾਲਜ ਲੁਧਿਆਣਾ ਤੇ ਡੀ. ਏ. ਵੀ. ਕਾਲਜ ਜਲੰਧਰ `ਚ ਪੜ੍ਹਿਆ ਜਿਥੇ ਕਬੱਡੀ ਦੀਆਂ ਟਰਾਫੀਆਂ ਜਿਤਾਉਂਦਾ ਰਿਹਾ। ਉਹਦੇ ਨਾਂ ਦੀ ਏਨੀ ਦਹਿਸ਼ਤ ਸੀ ਕਿ ਮੈਚ ਤੋਂ ਪਹਿਲਾਂ ਹੀ ਵਿਰੋਧੀ ਖਿਡਾਰੀ ਦਿਲ ਛੱਡ ਜਾਂਦੇ।
ਉਹਦੀ ਗੁੱਡੀ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਵਿਚ ਚੜ੍ਹੀ ਸੀ। ਐਟਮ ਬੰਬ ਕਹਾਉਂਦਾ ਤੋਖੀ ਉਦੋਂ ਢਲ਼ ਰਿਹਾ ਸੀ ਪਰ ਦੇਵੀ ਚੜ੍ਹ ਰਿਹਾ ਸੀ। 1973 ਵਿਚ ਇੰਗਲੈਂਡ ਦੀ ਟੀਮ ਪੰਜਾਬ ਵਿਚ ਕਬੱਡੀ ਮੈਚ ਖੇਡਣ ਆਈ ਤਾਂ ਪਹਿਲਾ ਟੈੱਸਟ ਮੈਚ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਚ ਖੇਡਿਆ ਗਿਆ। ਕਬੱਡੀ ਉਦੋਂ ਸਾਹ ਨਾਲ ਪਾਈ ਜਾਂਦੀ ਸੀ। ਦੇਵੀ ਨੇ ਪਹਿਲੀ ਕਬੱਡੀ ਪਾਈ ਤਾਂ ਇੰਗਲੈਂਡ ਦੇ ਜਾਫੀ ਹਿੰਮਤ ਸੋਹੀ ਨੇ ਉਸ ਦੇ ਵੱਟ ਕੇ ਧੌਲ ਮਾਰੀ ਜੋ ਉਹਦੀ ਪੁੜਪੁੜੀ ਵਿਚ ਵੱਜੀ। ਉਹ ਘੁਮੇਟਣੀ ਖਾ ਕੇ ਡਿੱਗ ਪਿਆ ਤੇ ਮੈਚ ਖੇਡਣ ਦੇ ਕਾਬਲ ਨਾ ਰਿਹਾ। ਇੰਗਲੈਂਡ ਦੀ ਟੀਮ 62-60 ਅੰਕਾਂ ਨਾਲ ਮੈਚ ਜਿੱਤੀ। ਜੇਕਰ ਉਹ ਖੇਡਣੋਂ ਆਰੀ ਨਾ ਹੁੰਦਾ ਤਾਂ ਨਤੀਜਾ ਹੋਰ ਹੀ ਹੁੰਦਾ।
ਫਿਰ ਉਹ ਪੰਜਾਬ ਦੀ ਟੀਮ ਨਾਲ ਇੰਗਲੈਂਡ ਕਬੱਡੀ ਖੇਡਣ ਗਿਆ। ਮਾਰਚ ਪਾਸਟ ਵੇਲੇ ਖਿਡਾਰੀਆਂ ਦੇ ਪੱਗਾਂ ਬੱਧੀਆਂ ਸਨ। ਦੇਵੀ ਦਿਆਲ ਵੀ ਗੁਲਾਬੀ ਪੱਗ ਬੰਨ੍ਹ ਕੇ ਢੁੱਕਾ। ਦਰਸ਼ਕ ਵਾਰ ਵਾਰ ਪੁੱਛਦੇ, “ਏਹਨਾਂ `ਚ ਦੇਵੀ ਦਿਆਲ ਕਿਹੜਾ ਹੋਇਆ ਬਈ? ਪੱਗ ਨਾਲ ਉਹ ਦੇਵੀ ਨੂੰ ਦੇਵੀ ਦਿਆਲ ਨਹੀਂ ਸਨ ਸਮਝ ਰਹੇ। ਉਹ ਵਾਰ ਵਾਰ ਆਖਦੇ, “ਇਹ ਤਾਂ ਨਕਲੀ ਦੇਵੀ ਦਿਆਲ ਆ। ਸਾਨੂੰ ਅਸਲੀ ਦੇਵੀ ਦਿਆਲ ਦਿਖਾਓ!”
ਆਖ਼ਰ ਦੇਵੀ ਦਿਆਲ ਨੇ ਪੱਗ ਉਤਾਰੀ ਤੇ ਅਸਲੀ ਨਕਲੀ ਦਾ ਭੁਲੇਖਾ ਦੂਰ ਕੀਤਾ। ਉਨ੍ਹਾਂ ਦਿਨਾਂ `ਚ ਉਹ ਢੁੱਡੀਕੇ ਦੇ ਖੇਡ ਮੇਲੇ ਵਿਚ ਕਬੱਡੀ ਖੇਡਣ ਆਇਆ ਤਾਂ ਮੈਨੂੰ ਇੰਗਲੈਂਡ ਦੀਆਂ ਗੱਲਾਂ ਦੱਸਣ ਲੱਗ ਪਿਆ। ਆਖਣ ਲੱਗਾ, “ਪ੍ਰੋਫੈਸਰ ਸਾਹਿਬ, ਏਥੇ ਤਾਂ ਸੁੱਕੇ ਹੱਡ ਰਗੜਾਈ ਦੇ ਆ। ਕਬੱਡੀ ਖੇਡਣ ਦੀ ਲੱਜ਼ਤ ਤਾਂ ਇੰਗਲੈਂਡ ਵਿਚ ਆਉਂਦੀ ਆ। ਓਥੋਂ ਮੈਨੂੰ ਪੰਜ ਹਜ਼ਾਰ ਪੌਂਡ ਮਿਲੇ। ਓਥੇ ਤਾਂ ਕਿਸੇ ਕਬੱਡੀ ਖਿਡਾਰੀ ਦਾ ਵਿਆਹ ਮੰਗਣਾ ਵੀ ਹੋਵੇ ਤਾਂ ਹਜ਼ਾਰ ਹਜ਼ਾਰ ਪੌਂਡ ਸ਼ਗਨਾਂ ਦੇ ਈ ਹੋ ਜਾਂਦੇ ਆ। ਮੈਂ ਤਾਂ ਖ਼ੈਰ ਵਿਆਹਿਆ ਹੋਇਆ ਸੀ। ਇੰਗਲੈਂਡ `ਚ ਮੈਨੂੰ ਕਈ ਮਾਪਿਆਂ ਨੇ ਕਿਹਾ, “ਕਬੱਡੀ ਦੇ ਚੰਗੇ ਖਿਡਾਰੀਆਂ ਦੀ ਦੱਸ ਪਾ, ਅਸੀਂ ਧੀਆਂ ਵਿਆਹੁਣ ਨੂੰ ਤਿਆਰ ਆਂ!”
1970 ਵਿਚ ਉਹ ਪੰਜਾਬ ਪੰਚਾਇਤੀ ਰਾਜ ਖੇਡ ਪ੍ਰੀਸ਼ਦ ਦਾ ਕਬੱਡੀ ਕੋਚ ਬਣ ਗਿਆ ਸੀ। 2005 ਵਿਚ ਜ਼ਿਲ੍ਹਾ ਖੇਡ ਅਫਸਰ ਦੀ ਪਦਵੀ ਤੋਂ ਰਿਟਾਇਰ ਹੋਇਆ। 1974 ਵਿਚ ਪੰਜਾਬ ਦੀ ਜਿਹੜੀ ਟੀਮ ਵਲਾਇਤ ਕਬੱਡੀ ਖੇਡਣ ਗਈ ਉਹਦਾ ਉਹ ਮੀਤ ਕਪਤਾਨ ਸੀ। ਇੰਗਲੈਂਡ ਜਿਸ ਨੂੰ ਬੀਅਰ ਸ਼ਰਾਬ ਦਾ ਘਰ ਕਿਹਾ ਜਾਂਦਾ ਹੈ ਉਥੇ ਵੀ ਦੇਵੀ ਦਿਆਲ ਬੀਅਰ ਸ਼ਰਾਬ ਪੀਣੋਂ ਬਚਿਆ ਰਿਹਾ ਸੀ। ਮੈਂ ਉਸ ਦੇ ਸੋਹਣੇ ਪਾਲੇ ਹੋਏ ਜੁੱਸੇ ਦਾ ਰਾਜ਼ ਜਾਣਨ ਲਈ ਉਸ ਦੀ ਖਾਧ ਖੁਰਾਕ ਪੁੱਛੀ ਤਾਂ ਉਹਨੇ ਦੱਸਿਆ ਸੀ ਕਿ ਉਹ ਦੁੱਧ ਅਤੇ ਫਲਾਂ ਦਾ ਜੂਸ ਪੀਂਦਾ ਹੈ। ਆਂਡੇ ਤੇ ਮੀਟ ਖਾ ਲੈਂਦਾ ਹੈ। ਮੁੱਠੀ ਭਰ ਬਦਾਮ ਵੀ ਚੱਬਦਾ ਹੈ। ਮੈਂ ਆਖਿਆ, “ਬਦਾਮ ਤਾਂ ਬਹੁਤ ਮਹਿੰਗੇ ਹੁੰਦੇ ਹਨ।” ਉਸ ਦਾ ਜਵਾਬ ਸੀ, “ਸ਼ਰਾਬ ਨਾਲੋਂ ਤਾਂ ਫੇਰ ਵੀ ਸਸਤੇ ਪੈਂਦੇ ਹਨ।”
ਜਦੋਂ ਉਹ ਰਿਟਾਇਰ ਹੋ ਕੇ ਕੁੱਬੇ ਦੇ ਵਰਿਆਮ ਸਟੇਡੀਅਮ ਵਿਚ ਕਬੱਡੀ ਅਕੈਡਮੀ ਚਲਾਉਣ ਲੱਗਾ ਤਾਂ ਉਸ ਨਾਲ ਡਾਢਾ ਮਾੜਾ ਭਾਣਾ ਵਰਤ ਗਿਆ। ਹੋਣੀ ਨੇ ਉਹਦਾ ਇਕੋ ਇਕ ਜੁਆਨ ਪੁੱਤਰ ਟੋਨੀ ਅਲੰਕਾਰ ਉਹਤੋਂ ਖੋਹ ਲਿਆ। ਟੋਨੀ ਉਭਰਦਾ ਕੌਡਿਆਲ ਸੀ ਜਿਸ ਤੋਂ ਬੜੀਆਂ ਆਸਾਂ ਸਨ। ਪਰ ਕੈਂਸਰ ਦੀ ਚੰਦਰੀ ਬਿਮਾਰੀ ਉਸ ਨੂੰ ਲੈ ਬੈਠੀ। ਉਸ ਦੀ ਯਾਦ ਵਿਚ ਦੇਵੀ ਦਿਆਲ ਟੋਨੀ ਅਲੰਕਾਰ ਕਬੱਡੀ ਅਕੈਡਮੀ ਚਲਾ ਸੀ ਕਿ ਹੁਣ ਆਪ ਵੀ ਚਲਾਣਾ ਕਰ ਗਿਆ। ਪ੍ਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਦੇ ਜੀਆਂ ਤੇ ਦੋਸਤਾਂ ਮਿੱਤਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.