’’ਧੰਨਿ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧੁ ਬਿਚਾਰੈ॥’’ ਦੇ ਧਾਰਨੀ ਸੰਤ ਸਿਪਾਹੀ, ਸਰਬੰਸਦਾਨੀ, ਬਾਦਸ਼ਾਹ ਦਰਵੇਸ਼, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਦੀਆਂ ਦੀ ਗੁਲਾਮੀ ਨਾਲ ਕੁਮਲਾ ਰਹੀ ਭਾਰਤੀ ਸਮਾਜ ਨੂੰ ਮੁੜ ਸੁਰਜੀਤ ਕਰਨ ਹਿਤ ਨਾ ਕੇਵਲ ਉਨਾਂ ਦੇ ਦਰਦ ਨੂੰ ਵੰਡਾਇਆ ਸਗੋਂ ਭਾਰਤੀ ਲੋਕਾਂ ਅੰਦਰ ਸੱਚੀ ਅਧਿਆਤਮਿਕਤਾ, ਸਹਿਣਸ਼ੀਲਤਾ, ਸਾਂਝੀਵਾਲਤਾ, ਪਰਉਪਕਾਰ, ਸੁਤੰਤਰਤਾ, ਗੌਰਵ, ਅਣਖ ਗ਼ੈਰਤ, ਬੀਰਤਾ ਅਤੇ ਚੜ੍ਹਦੀਕਲਾ ਦੀ ਜੋਤ ਜਗਾਈ। ਵਿਦੇਸ਼ੀ ਧਾੜਵੀਆਂ ਦੇ ਆਗਮਨ ਦਾ ਟਾਕਰਾ ਕਰਨ ਲਈ ਉਸ ਵਕਤ ਭਾਰਤੀ ਸਮਾਜ ਅੰਦਰ ਨਾ ਏਕਤਾ, ਨਾ ਹੌਸਲਾ ਸੀ ਨਾ ਹੀ ਤਾਕਤ। ਜੇਕਰ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਰਬੰਸ ਵਾਰ ਕੇ ਹਿੰਦ ਉੱਤੇ ਪਰਉਪਕਾਰ ਨਾ ਕਰਦੇ ਤਾਂ ਹਿੰਦ ਦੀ ਵੰਨ ਸੁਵੰਨਤਾ, ਅਨੇਕਤਾ ਵਿਚ ਏਕਤਾ ਖ਼ਤਮ ਹੋ ਜਾਂਦੀ, ਸੰਸਕ੍ਰਿਤੀ ਅਤੇ ਸਭਿਆਚਾਰ ਨਸ਼ਟ ਹੋ ਜਾਂਦਾ। ਜਿੱਥੇ ਮੰਦਰ ਢਾਹੇ ਜਾ ਰਹੇ ਹੋਣ ਉੱਥੇ ਸਾਹਿਤਕ ਕਿਰਤਾਂ ਤਾਂ ਕਿਥੋਂ ਲੱਭਣੀਆਂ ਸਨ? ਉਹ ਆਪਣਾ ਧਰਮ ਤਿਆਗ ਕੇ ਇਸਲਾਮੀ ਹਾਕਮਾਂ ਦੇ ਜ਼ਾਲਮ ਤਲਵਾਰ ਅੱਗੇ ਸਿਰ ਝੁਕਾ ਦਿੰਦੇ ਅਤੇ ਇੱਥੇ ਕੇਵਲ ਇਸਲਾਮ ਦਾ ਬੋਲਬਾਲਾ ਹੁੰਦਾ। ਇਸ ਹਕੀਕਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਰਤ ਦਸਵੇ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਨਕਲਾਬੀ ਲਹਿਰ ਅਤੇ ਸਿੰਘਾਂ ਦੀਆਂ ਕੁਰਬਾਨੀਆਂ ਸਦਕਾ ਹੀ ਆਪਣੀ ਸੰਸਕ੍ਰਿਤੀ, ਹੋਂਦ, ਹਸਤੀ, ਧਰਮ ਅਤੇ ਸਭਿਆਚਾਰ ਨੂੰ ਬਚਾ ਸਕਿਆ ਹੈ। ਭਾਰਤ ਗੁਰੂ ਗੋਬਿੰਦ ਸਿੰਘ ਜੀ ਦਾ ਕਰਜ਼ਾ ਲਾਹ ਹੀ ਨਹੀਂ ਸਕਦਾ। ਐਵੇਂ ਨਹੀਂ ਸੀ ਸੂਫ਼ੀ ਫ਼ਕੀਰ ਸਾਈ ਬੁੱਲੇ ਸ਼ਾਹ ਨੇ ਕਿਹਾ ਕਿ,
’’ਨ ਕਹੂੰ ਜਬ ਕੀ, ਨਾ ਕਹੂੰ ਤਬ ਕੀ, ਬਾਤ ਕਹੂੰ ਮੈਂ ਅਬ ਕੀ।
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਸੁੰਨਤ ਹੋਤੀ ਸਭ ਕੀ’’।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੀਵਨ ’ਚ ਕਈ ਜੰਗਾਂ ਜਿੱਤੀਆਂ ਪਰ ਕਿਸੇ ਵੀ ਭੂਮੀ ’ਤੇ ਕਬਜ਼ਾ ਨਹੀਂ ਕੀਤਾ। ਭਾਰਤ ਦੀ ਏਕਤਾ ਲਈ ਉਨ੍ਹਾਂ ਪੰਜ ਪਿਆਰਿਆਂ ਦੀ ਚੋਣ ਕੀਤੀ ਤਾਂ ਵੀ ਉਹ ਦੇਸ਼ ਦੇ ਵੱਖ ਵੱਖ ਖੇਤਰਾਂ ਤੋਂ ਸਨ। ਸਿੱਖਾਂ ਦੇ ਪੰਜ ਵਿਚੋਂ ਦੋ ਤਖ਼ਤ ਪੰਜਾਬ ਤੋਂ ਬਾਹਰ ਹਨ। ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲੋਂ ਤਿਲਕ ਜੰਞੂ (ਹਿੰਦੂ ਧਰਮ) ਦੀ ਰਾਖੀ ਲਈ ਦਿੱਲੀ ਵਿਖੇ ਸ਼ਹਾਦਤ ਦੇਣ ’ਚ ਆਪ ਜੀ ਦੀ ਬਾਲ ਅਵਸਥਾ ਵਿਚ ਨਿਭਾਈ ਗਈ ਵੱਡੀ ਭੂਮਿਕਾ, 1699 ਦੀ ਵਿਸਾਖੀ ਨੂੰ ਇਕ ਬਾਟੇ ਵਿਚ ਅੰਮ੍ਰਿਤ ਛਕਾ ਕੇ ਜਾਤੀ ਊਚ ਨੀਚ ਨੂੰ ਖ਼ਤਮ ਕਰਦਿਆਂ ਖ਼ਾਲਸਾ ਪੰਥ ਦੀ ਸਿਰਜਣਾ, ਸਰਬੰਸ ਵਾਰਨ, ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਸ਼ਾਮਿਲ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਸੰਪੂਰਨਤਾ ਕਰਨੀ ਅਤੇ 7 ਅਕਤੂਬਰ 1708 ਨੂੰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਤਖ਼ਤ ਸੱਚਖੰਡ ਹਜ਼ੂਰ ਸਾਹਿਬ ਨਾਂਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦਾ ਸਦੀਵੀ ਗੁਰੂ ਥਾਪਦਿਆਂ ਸਿੱਖ ਕੌਮ ਨੂੰ ’ਸ਼ਬਦ ਗੁਰੂ’ ਦੇ ਲੜ ਲਾਉਣ ਵਰਗੇ ਮਹਾਨ ਕਾਰਜ ਆਪ ਜੀ ਦੇ ਹਿੱਸੇ ਆਏ ਹਨ।
ਇਹ ਨਵੇਂ ਯੁੱਗ ਦਾ ਆਗਾਜ਼ ਸੀ। ਗੁਰੂ ਸਾਹਿਬ ਨੇ ਕੇਵਲ ਸਿੱਖੀ ਨੂੰ ਹੀ ਪ੍ਰਫੁਲਿਤ ਨਹੀਂ ਕੀਤਾ, ਸਗੋਂ ਭਾਰਤ ਅਤੇ ਭਾਰਤੀ ਸਮਾਜ ਦਾ ਨੁਹਾਰ ਨੂੰ ਬਦਲ ਕੇ ਰੱਖ ਦਿੱਤਾ। ਗੁਰੂ ਸਾਹਿਬ ਵੱਲੋਂ ਪੰਜਾਬ ਭੇਜੇ ਗਏ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ’ਚ ਸਿੱਖਾਂ ਵੱਲੋਂ ਸਰਹਿੰਦ ਫ਼ਤਿਹ ਕਰਨ ਉਪਰੰਤ ਖ਼ਾਲਸਾ ਰਾਜ ਕਾਇਮ ਕਰਦਿਆਂ ਪਰਜਾ ਲਈ ਹਲੀਮੀ ਰਾਜ ਦਾ ਮਾਡਲ ਲਾਗੂ ਕਰਨਾ ਅਤੇ ਕਿਸਾਨੀ ਨੂੰ ਜ਼ਮੀਨਾਂ ਦਾ ਮਾਲਕਾਨਾ ਹੱਕ ਦੇਣਾ ਗੁਰੂ ਨਾਨਕ ਦੇ ’ਨਿਰਮਲ ਪੰਥ’ ਸਿੱਖ ਇਨਕਲਾਬ ਦਾ ਸਿਖਰ ਸੀ। ਇਹ ਕਿਸੇ ਵੀ ਯੂਰਪੀਅਨ ਦੇਸ਼ਾਂ ਦੀ ਕ੍ਰਾਂਤੀ ਤੋਂ ਪਹਿਲਾਂ ਦੀ ਸਮਾਜਿਕ ਰਾਜਨੀਤਿਕ ਕ੍ਰਾਂਤੀ ਸੀ।
ਦਸਮੇਸ਼ ਪਿਤਾ ਕਲਮ ਅਤੇ ਤੇਗ਼ ਦੋਹਾਂ ਦੇ ਧਨੀ ਸਨ। ਗੁਰੂ ਸਾਹਿਬ ਨੇ ਤੇਗ਼ ਨਾਲ ਹੀ ਦੁਸ਼ਮਣ ਨੂੰ ਪਾਰ ਨਹੀਂ ਬੁਲਾਇਆ ਸਗੋਂ ਔਰੰਗਜ਼ੇਬ ਵਰਗਾ ਜ਼ਾਲਮ ਬਾਦਸ਼ਾਹ ਗੁਰੂ ਸਾਹਿਬ ਦੀ ਚਿੱਠੀ ’ਜ਼ਫਰਨਾਮਾਹ’ ਪੜ੍ਹ ਕੇ ਹੀ ਫ਼ਾਨੀ ਸੰਸਾਰ ਤੋਂ ਕੂਚ ਕਰ ਗਿਆ। ਦਸਮ ਪਿਤਾ ਦੀ ਪ੍ਰਮਾਣਿਕ ਸਾਹਿਤਕ ਰਚਨਾ ਦਸਮ ਗ੍ਰੰਥ ਦੇ ਰੂਪ ’ਚ ਸਾਡੇ ਕੋਲ ਮੌਜੂਦ ਹੈ। ਜਿਸ ਨੂੰ ਹਜ਼ੂਰੀ ਵਿਦਵਾਨ ਸਿੰਘਾਂ ਵੱਲੋਂ ਸੰਗ੍ਰਹਿ ਦੇ ਰੂਪ ਤਿਆਰ ਕਰਨ ਦੇ ਇਤਿਹਾਸਕ ਹਵਾਲੇ ਮਿਲਦੇ ਹਨ। ਕੁਝ ਲੋਕ ਇਸ ਗ੍ਰੰਥ ਦੀ ਪ੍ਰਮਾਣਿਕਤਾ ’ਤੇ ਸਵਾਲ ਉਠਾ ਕੇ ਵਾਦ ਵਿਵਾਦ ਖੜੇ ਕਰਦੇ ਹਨ। ਪਰ ਸਿਦਕਵਾਨ ਸਿੰਘਾਂ ਲਈ ਦਸਮ ਦੀ ਬਾਣੀ ’ਤੇ ਕਿਸੇ ਤਰਾਂ ਦਾ ਕਿੰਤੂ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਦਸਮ ਦੀ ਬਾਣੀ ਬੀਰ ਰਸ ਪ੍ਰਧਾਨ ਹੈ । ਜ਼ੁਲਮ ਨੂੰ ਪ੍ਰਭੂ ਦਾ ਭਾਣਾ ਮੰਨ ਕੇ ਸਹਿਣ ਕਰੀ ਜਾ ਰਹੀ ਭਾਰਤੀਆਂ ਦੀ ਮਾਨਸਿਕਤਾ ਅਤੇ ਅਣਖ ਨੂੰ ਜਗਾਉਣ ’ਚ ਦਸਮ ਦੀ ਬਾਣੀ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸੇ ਲਈ ਦਸਮ ਗ੍ਰੰਥ ਅਤੇ ਖ਼ਾਲਸਾ ਪੰਥ ਦਾ ਅਟੁੱਟ ਰਿਸ਼ਤਾ ਹੈ। ਗੁਰੂ ਸਾਹਿਬ ਵਰਗੇ ਕ੍ਰਾਂਤੀਕਾਰੀ ਹਸਤੀ ਦੀ ਰਚਨਾ ਜਾਂ ਕਹਿ ਲਵੋ ਧਰਮ ਯੋਧਿਆਂ ਦੇ ਇਸ ਗ੍ਰੰਥ ਦੀ ਰਮਜ਼ ਕਾਇਰ ਲੋਕ ਨਹੀਂ ਸਮਝ ਸਕਦੇ। ਸਿੱਖ ਸਾਹਿਤ ਵਿਚ ਹੀ ਨਹੀਂ ਭਾਰਤੀ ਸਾਹਿਤ ਵਿਚ ਵੀ ਦਸਮ ਗ੍ਰੰਥ ਇਕ ਗੌਰਵ ਪੂਰਨ ਸਥਾਨ ਰੱਖਦਾ ਹੈ। ਇਸ ਅੰਦਰ ਅਧਿਆਤਮਕ ਗਿਆਨ, ਦਾਰਸ਼ਨਿਕ ਵਿਸ਼ਲੇਸ਼ਣ, ਆਚਾਰ ਵਿਉਹਾਰ, ਰਸਮ ਰਿਵਾਜ, ਸਮਾਜਿਕ ਰੀਤੀਆਂ, ਮਤ ਮਤਾਂਤਰ, ਪੁਰਾਣਿਕ ਇਤਿਹਾਸ, ਸਭਿਆਚਾਰ, ਕੋਮਲ ਕਲਾ, ਸ਼ਸਤਰ ਵਿੱਦਿਆ, ਸੰਸਾਰੀ ਕਹਾਣੀਆਂ, ਸਾਹਿਤਕ ਸ਼ੈਲੀਆਂ ਅਤੇ ਭਾਸ਼ਾਵਾਂ ਦਾ ਅਨੋਖਾ ਭੰਡਾਰ ਹੈ।
ਗੁਰਬਾਣੀ ਦੇ ਪੌਰਾਣਿਕ ਹਵਾਲਿਆਂ ਦੀ ਵਿਆਖਿਆ, ਯੁੱਧ ਲਈ ਬੀਰਤਾ ਦਾ ਚਾਅ ਪੈਦਾ ਕਰਨਾ ਅਤੇ ਪੁਰਾਤਨ ਵਿਰਸੇ ਵਿਚ ਪ੍ਰਾਪਤ ਮਿਥਿਹਾਸ ਦਾ ਬੀਰ ਰਸੀ ਰੂਪਾਂਤਰਨ ਦਸਮ ਗ੍ਰੰਥ ਦਾ ਮੂਲ ਉਦੇਸ਼ ਹੈ। ਦਸਮ ਦੀ ਬਾਣੀ ਨੇ ਸਾਹਿਤ ਵਿਚੋਂ ਭੋਗਵਾਦੀ ਸ਼ਿੰਗਾਰੀ ਰੀਤ ਨੂੰ ਤਿਆਗ ਕੇ ਬੀਰਤਾ ਤੇ ਸਵੈਮਾਨ ਦੇ ਨਵੇਂ ਪੂਰਨੇ ਪਾਏ। ਹਥਲੀ ਲੇਖ ਵਿਚ ਦਸਮ ਗ੍ਰੰਥ ਦੀਆਂ ਬਾਣੀਆਂ ਬਾਰੇ ਵਿਸਥਾਰ ਦੀ ਬਹੁਤੀ ਗੁੰਜਾਇਸ਼ ਨਹੀਂ ਹੈ। ਚੰਡੀ ਦੀ ਵਾਰ ਵਰਗੀਆਂ ਅਨੇਕਾਂ ਦਸਮ ਦੀਆਂ ਬਾਣੀਆਂ ਨੇ ਸਾਹਸਹੀਣ ਭਾਰਤੀ ਲੋਕਾਂ ਅੰਦਰ ਬੀਰਤਾ ਦਾ ਸੰਚਾਰ ਕੀਤਾ ਉੱਥੇ ਹੀ ਚਰਿਤ੍ਰੋ ਪਖਯਾਨ ਨੇ ਸਦਾਚਾਰ ਤੋਂ ਟੁੱਟ ਰਹੇ ਲੋਕਾਂ ਦਾ ਮਾਰਗ ਦਰਸ਼ਨ ਕੀਤਾ ਹੈ।
ਗੁਰੂ ਗੋਬਿੰਦ ਸਿੰਘ ਦੀ ਆਤਮ ਕਥਾ ’’ਬਚਿੱਤਰ ਨਾਟਕ’’, ਦਸਮ ਗ੍ਰੰਥ ਦਾ ਇਕ ਵੀ ਅਕਾਰੀ ਰਚਨਾ ਹੈ। ਇਸ ਦੇ ਸ਼ੁਰੂ ਵਿਚ ਭਾਰਤੀ ਅਵਤਾਰਾਂ ਦਾ ਪੁਰਾਣਿਕ ਬਿਰਤਾਂਤ ਹੈ। ਗੁਰੂ ਸਾਹਿਬ ਗ੍ਰੰਥ ਦੀ ਸੰਪੂਰਨਤਾ ਲਈ ਪ੍ਰਭੂ ਤੋਂ ਸਹਾਇਤਾ ਮੰਗਦੇ ਹਨ। ਅਕਾਲ ਦੀ ਉਸਤਤਿ ਦੇ ਨਾਲ ਸ਼ਸਤਰਾਂ ਦੀ ਮਹਿਮਾ ਵੀ ਕੀਤੀ। ਸ੍ਰਿਸ਼ਟੀ ਦੀ ਰਚਨਾ ਅਤੇ ਸੂਰਜ ਚੰਦਰਮਾ, ਅਕਾਸ਼, ਦੇਵ ਦੈਂਤਾਂ ਦੀ ਰਚਨਾ ਦਾ ਭੇਤ ਵੀ ਉਜਾਗਰ ਕੀਤਾ। ਬ੍ਰਹਮਾ, ਵਿਸ਼ਨੂੰ, ਮਹੇਸ਼ ਅਤੇ ਪਰਜਾਪਤੀ ਨੂੰ ਪ੍ਰਗਟ ਕਰਨ ਅਤੇ ਫਿਰ ਮਧੁ ਅਤੇ ਕੈਟਭ ਦੋ ਦੈਂਤਾਂ ਦੀ ਉਤਪਤੀ ਬਾਰੇ ਦੱਸਿਆ। ਇੱਥੇ ਹੀ ਦੈਂਤਾਂ ਦਾ ਨਾਸ ਕਰਦੇ ਚੰਡੀ ਚਰਿੱਤਰ ਨੂੰ ਵੀ ਉਲੀਕਿਆ ਗਿਆ ਹੈ।
ਸੂਰਜ ਵੰਸ਼ ਅਤੇ ਭਗਵਾਨ ਰਾਮ ਅਤੇ ਲਛਮਣ ਉਸ ਤੋਂ ਬਾਅਦ ਲਵ ਕੁਛ ਦੇ ਬਾਰੇ ਅਤੇ ਇਸ ਵੰਸ਼ ਦਾ ਇਕ ਦੂਜੇ ਨਾਲ ਝਗੜੇ ਨੂੰ ਅਧਾਰ ਬਣਾਇਆ ਜੋ ਅੱਗੇ ਚੱਲ ਕੇ ਬੇਦੀਆਂ ਅਤੇ ਸੋਢੀਆਂ ਦੀ ਗਲ ਚਲੀ। ਬੇਦੀ ਕੁਲ ’ਚ ਗੁਰੂ ਨਾਨਕ ਦਾ ਆਗਮਨ ਅਤੇ ਲਗਾਤਾਰ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਤਕ ਦੀ ਸ਼ਹੀਦੀ ਦਾ ਵਰਣਨ ਕੀਤਾ ਗਿਆ। ਫਿਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੂਰਵਲੇ ਜਨਮ ਬਾਰੇ ਅਤੇ ਹੇਮਕੁੰਟ ਪਰਬਤ ’ਤੇ ਤਪ ਕਰਨ ਬਾਰੇ, ਫਿਰ ਅਕਾਲ ਪੁਰਖ ਨਾਲ ਬਚਨ ਬਿਲਾਸ ਬਾਰੇ ਦੱਸਦੇ ਹਨ। ਜਿਨ੍ਹਾਂ ਨੇ ਆਪ ਜੀ ਨੂੰ ਆਪਣਾ ਪੁੱਤ ਬਣਾ ਕੇ ’’ਮੈਂ ਅਪਨਾ ਸੁਤ ਤੋਹਿ ਨਿਵਾਜਾ॥’’ ਸੰਸਾਰ ਵਿਖੇ ਜਾਣ ਦੀ ਆਗਿਆ ਕੀਤੀ। ਆਪ ਜੀ ਦਾ ਪਟਨਾ ਸਾਹਿਬ ਵਿਖੇ ਅਵਤਾਰ, ਪਾਉਂਟਾ ਸਾਹਿਬ ਪ੍ਰਵੇਸ਼ ਅਤੇ ਪਹਾੜੀ ਰਾਜਿਆਂ ਨਾਲ ਭੰਗਾਣੀ ਦੇ ਯੁੱਧ, ਨਦੌਣ ਦੇ ਯੁੱਧ ਅਤੇ ਅਨੰਦਪੁਰ ’ਤੇ ਮੁਗ਼ਲਾਂ ਦੀ ਚੜ੍ਹਾਈ ਦਾ ਵਰਣਨ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ’ਤਿਲਕ ਜੰਞੂ ਰਾਖਾ ਪ੍ਰਭ ਤਾਕਾ। ਕੀਨੋ ਬਡੋ ਕਲੂ ਮਹਿ ਸਾਕਾ’’ ਕਹਿਕੇ ਉਨ੍ਹਾਂ ਸਭ ਲੋਕਾਂ ਦੇ ਭੁਲੇਖੇ ਦੂਰ ਕੀਤੇ ਜੋ ਹਿੰਦੂ ਧਰਮ ਦੀ ਰਾਖੀ ਦੀ ਥਾਂ ਕੇਵਲ ਧਾਰਮਿਕ ਅਜ਼ਾਦੀ ਲਈ ਕੁਰਬਾਨੀ ਦੇਣ ਦੀ ਗਲ ਕਰਦੇ ਹਨ।
ਬਚਿੱਤਰ ਨਾਟਕ ਦੀ ਤਰਾਂ ’’ਜ਼ਫ਼ਰਨਾਮਾ’’ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਹਕਾਰ ਰਚਨਾ ਹੈ। ਇਹ ਫ਼ਾਰਸੀ ਵਿਚ ਹੈ। ਇਹ ਇਕ ਖ਼ਤ ਹੈ ਜੋ ਅਨੰਦਪੁਰ ਜੰਗ ਤੋਂ ਬਾਅਦ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਪਿੱਛੋਂ ਬਾਦਸ਼ਾਹ ਔਰੰਗਜ਼ੇਬ ਨੂੰ ਰੋਹ ਮਈ ਪਰ ਜਿੱਤ ਦੇ ਪੈਗ਼ਾਮ ਵਜੋਂ ਲਿਖਿਆ ਗਿਆ। ਜਿਸ ਵਿਚ ਕਸਮ ਤੋੜਨ ਲਈ ਹਕੂਮਤ ਨੂੰ ਲਾਹਨਤਾਂ ਪਾਈਆਂ ਗਈਆਂ। ਔਰੰਗਜ਼ੇਬ ਨੂੰ ਨੈਤਿਕ ਤੌਰ ’ਤੇ ਹਾਰਿਆ ਹੋਇਆ ਅਤੇ ਗੁਰੂ ਸਾਹਿਬ ਆਪ ਸਭ ਕੁਝ ਗਵਾ ਕੇ ਵੀ ਅਧਿਆਤਮਕ ਰੂਪ ਵਿਚ ਚੜ੍ਹਦੀਕਲਾ ਤੇ ਜਿੱਤ ਦੇ ਅਹਿਸਾਸ ਨੂੰ ਪੇਸ਼ ਕਰਦੇ ਹਨ। ਜ਼ਫ਼ਰਨਾਮਾ ਇਸ ਕਰਕੇ ਲਿਖਿਆ ਗਿਆ ਕਿ ਆਪਣੇ ਆਪ ਨੂੰ ਇਸਲਾਮ ਦਾ ਪੈਰੋਕਾਰ ਮੰਨਣ ਵਾਲੇ ਔਰੰਗਜ਼ੇਬ ਨੂੰ ਇਹ ਅਹਿਸਾਸ ਕਰਾਇਆ ਜਾ ਸਕੇ ਕਿ ਤੇਰੇ ਅਹਿਲਕਾਰਾਂ, ਸੈਨਾਪਤੀਆਂ ਨੇ ਅਮਨ ਅਮਾਨ ਲਈ ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਕੇ ਗਿਣਤੀ ਦੇ ਭੁੱਖੇ ਭਾਣੇ ਸਿੰਘਾਂ ’ਤੇ ਟਿੱਡੀ ਦਲ ਵਾਂਗ ਟੁੱਟ ਕੇ ਪੈ ਗਏ।
ਇਹ ਲੜਾਈ ਦਾ ਤਰੀਕਾ ਨਹੀਂ। ਕੋਝੀਆਂ ਕਰਤੂਤਾਂ ਸਨ। ਤੇਰੇ ਇਹ ਆਦਮੀ ਲੂੰਬੜ ਚਾਲਾਂ ਚੱਲਣ ਵਾਲੇ ਮੱਕਾਰੀ ਲੋਕ ਹਨ। ਗੁਰੂ ਸਾਹਿਬ ਵੱਲੋਂ ਸੁਣਾਈਆਂ ਗਈਆਂ ਖਰੀਆਂ ਖਰੀਆਂ ਗੱਲਾਂ ਨਾਲ ਔਰੰਗਜ਼ੇਬ ਘਬਰਾ ਗਿਆ, ਸੋਚੀਂ ਪੈ ਗਿਆ। ਉਸ ਦੀ ਰੂਹ ਨੂੰ ਹਲੂਣਾ ਮਿਲਿਆ। ਉਹ ਆਪਣੇ ਗੁਨਾਹਾਂ ’ਤੇ ਪਛਤਾਵਾ ਕਰਦਾ। ਗੁਰੂ ਸਾਹਿਬ ਨਾਲ ਮੁਲਾਕਾਤ ਲਈ ਬੇਚੈਨ ਹੋ ਉੱਠਿਆ। ਇਤਿਹਾਸਕ ਪੱਖੋਂ ਇਹ ਸਪਸ਼ਟ ਹੈ ਕਿ ਔਰੰਗਜ਼ੇਬ ਨੇ ਗੁਰੂ ਸਾਹਿਬ ਦੇ ਪੱਤਰ ਤੋਂ ਪ੍ਰਭਾਵਿਤ ਹੋ ਕੇ ਸੂਬਾ ਲਾਹੌਰ ਅਤੇ ਸੂਬਾ ਸਰਹਿੰਦ ਨੂੰ ਹਦਾਇਤ ਦਿੱਤੀ ਕਿ ਸਤਿਗੁਰਾਂ ਨੂੰ ਬਾ ਇੱਜ਼ਤ ਸਤਿਕਾਰ ਸਹਿਤ ਉਨ੍ਹਾਂ ਕੋਲ ਪਹੁੰਚਾਇਆ ਜਾਵੇ। ਪਰ ਗੁਰੂ ਦਾ ਦੀਦਾਰ ਉਸ ਦੇ ਹਿੱਸੇ ’ਚ ਨਹੀਂ ਸੀ। ਉਹ ਅੰਦਰ ਇੰਨਾ ਜ਼ਖ਼ਮੀ ਹੋਇਆ ਕਿ ਉਹ ਫ਼ਾਨੀ ਸੰਸਾਰ ਤੋਂ ਹੀ ਕੂਚ ਕਰ ਗਿਆ। ਖ਼ਤ ਤੋਂ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਲੜਾਈ ਜਾਂ ਖ਼ੂਨ ਖ਼ਰਾਬੇ ਦੇ ਹੱਕ ਵਿਚ ਨਹੀਂ ਸਨ। ਉਹ ਹਰ ਹੀਲੇ ਅਮਨ ਅਤੇ ਗੱਲਬਾਤ ਰਾਹੀਂ ਮਾਮਲੇ ਨੂੰ ਸੁਲਝਾਉਣਾ ਚਾਹੁੰਦੇ ਸਨ। ਪਰ ਜਦ ਸ਼ਾਂਤੀ ਦਾ ਕੋਈ ਵੀ ਢੰਗ ਤਰੀਕਾ ਕਾਰਗਰ ਸਾਬਤ ਨਾ ਹੋਇਆ ਤਾਂ ਤਲਵਾਰ ਨੂੰ ਹੱਥ ਪਾਉਣਾ ਜਾਇਜ਼ ਹੈ। -
’’ਚੂੰ ਕਾਰ ਅਜ਼ ਹਮਾ ਹੀਲ ਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਬਸ਼ਮਸ਼ੀਰ ਦਸਤ।’’
ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਭਾਰਤੀ ਮਿਥਿਹਾਸ, ਅਵਤਾਰਾਂ ਅਤੇ ਘਟਨਾਵਾਂ ਦੇ ਹਵਾਲਿਆਂ ਦੀ ਵਿਸਤਰਿਤ ਵਿਆਖਿਆ ਦਸਮ ਗ੍ਰੰਥ ਵਿਚ ਪ੍ਰਾਪਤ ਹੈ। ਦਸਮ ਗ੍ਰੰਥ ਦਾ ਸਿਧਾਂਤਕ ਦਾਰਸ਼ਨਿਕ ਵਿਸ਼ਵਾਸ ਹੂ- ਬਹੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਹੈ। ਦੋਹਾਂ ਵਿਚ ਕੋਈ ਫ਼ਰਕ ਨਹੀਂ। ਦਸਮ ਗ੍ਰੰਥ ਵਿਚ ਵੀ ਨਿਰਗੁਣ ਸਰਵ ਸ਼ਕਤੀਮਾਨ ਇੱਕੋ ਇਕ ਨਿਰੰਕਾਰ ਦੀ ਉਪਾਸ਼ਨਾ ਹੈ। ਗੁਰੂ ਸਾਹਿਬ ਅਵਤਾਰ ਪੂਜਕ ਨਹੀਂ, ਗੁਰੂ ਸਾਹਿਬ ਲਈ ਇਸ਼ਟ ਦੇਵੀ ਦੇਵਤੇ ਨਹੀਂ, ਕੇਵਲ ਅਕਾਲ ਪੁਰਖ ਹੀ ਹੈ ਜੋ ਸਭ ਦੇਵੀ ਦੇਵਤਿਆਂ ਤੇ ਅਵਤਾਰਾਂ ਦਾ ਸਿਰਜਕ ਹੈ। ਦਸਮ ਗ੍ਰੰਥ ਵਿਚ ਦਰਜ ਚਉਬੀਸ ਅਵਤਾਰ ਦਾ ਬਿਰਤਾਂਤ ਵਿਸ਼ਵਾਸ ਲਈ ਨਹੀਂ, ਜਾਣਕਾਰੀ ਲਈ ਹੈ। ਗੁਰੂ ਸਾਹਿਬ ਇਕ ਅਕਾਲ ਦੇ ਪੁਜਾਰੀ ਹਨ,
’’ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨਾ ਮਾਨਯੋ’’ ।।
ਦਸਮ ਗ੍ਰੰਥ ਵਿਚ ਕਰੋੜਾਂ ਬ੍ਰਹਮਾ, ਵਿਸ਼ਨੂੰਆਂ, ਸ਼ਿਵਾਂ, ਇੰਦਰਾਂ, ਚੰਦਾਂ, ਸੂਰਜਾਂ ਦੀ ਹੋਂਦ ਨੂੰ ਸਵੀਕਾਰ ਦੇ ਹਨ ਪਰ ਸੁਤੰਤਰ ਹੋਂਦ ਨੂੰ ਸਵੀਕਾਰੀ ਨਹੀਂ ਗਈ।
’’ਕਾਲ ਪੁਰਖ ਕੀ ਦੇਹ ਮੇਂ ਕੋਟਿਕ ਬਿਸਨ ਮਹੇਸ।
ਕੋਟਿ ਇੰਦਰ ਬ੍ਰਹਮਾ ਕਿਤੇ ਰਵਿ ਸਾਸਿ ਜਲੇਸ।’’
ਪ੍ਰਭੂ ਨੇ ਕਰੋੜਾਂ ਕ੍ਰਿਸ਼ਨ ਵਰਗੇ ਪੈਦਾ ਕੀਤੇ। ਫਿਰ ਉਨ੍ਹਾਂ ਦਾ ਨਾਸ ਕੀਤਾ, ਫਿਰ ਬਣਾਇਆ। ਪਰ ਪ੍ਰਭੂ ਪੂਰਨ ਪ੍ਰਕਾਸ਼ ਰੂਪ ਇਕ ਹੈ ਜੋ ਨਾਸ ਨਹੀਂ ਹੁੰਦਾ।
’’ਕਿਤੇ ਕ੍ਰਿਸ਼ਨ ਸੇ ਕੀਟ ਕੋਟੈ ਉਪਾਏ। ਉਸਾਰੇ ਗੜ੍ਹੇ ਫੇਰਿ ਮੇਟੇ ਬਨਾਏ।’’ ਇਸੇ ਤਰਾਂ ਹੀ ’’ਏਕ ਸਿਵ ਭਏ ਏਕ ਗਏ ਏਕ ਫਿਰ ਭਏ। ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ।।’’
ਦਸਮ ਦੀ ਬਾਣੀ ’’ਭਗਉਤੀ ਉਸਤਿਤ’’ ਸਿਰਲੇਖ ਤੋਂ ਕਈ ਲੋਕ ਭੁਲੇਖਾ ਪੈਦਾ ਕਰਦੇ ਹਨ ਕਿ ਭਗਉਤੀ ਦੁਰਗਾ ਹੈ । ਜੇਕਰ ਭਗਉਤੀ ਦਾ ਅਰਥ ਦੁਰਗਾ ਹੀ ਹੁੰਦਾ ਤਾਂ ਆਪ ਜੀ ’’ਤੈਹੀ ਦੁਰਗਾ ਸਾਜਿ ਕੈ ਦੈਂਤਾਂ ਦਾ ਨਾਸੁ ਕਰਾਇਆ।’’ ਨਾ ਕਹਿੰਦੇ।
ਦਸਮ ਗ੍ਰੰਥ ਦੀ ਪ੍ਰਥਮ ਬਾਣੀ ’’ਜਾਪੁ’’ ਹੈ, ਜੋ ਕਿ ਅੰਮ੍ਰਿਤ ਸੰਚਾਰ ਦੀਆਂ ਪੰਜ ਬਾਣੀਆਂ ਅਤੇ ਨਿੱਤਨੇਮ ਦੀਆਂ ਬਾਣੀਆਂ ਵਿਚੋਂ ਇਕ ਹੈ। ਇਹ ਦਸਮ ਗ੍ਰੰਥ ਦਾ ਅਧਾਰ ਵੀ ਹੈ। ਭਾਸ਼ਾ ਪੱਖੋਂ ਇਹ ਸੰਸਕ੍ਰਿਤ, ਅਰਬੀ ਫ਼ਾਰਸੀ, ਪੰਜਾਬੀ ਅਤੇ ਹਿੰਦੂ ਮੁਸਲਮਾਨ ਸ਼ਬਦਾਵਲੀ ਦਾ ਅਨੋਖਾ ਸੰਗਮ ਹੈ। ਇਹ ਬਾਣੀ ਜਪੁਜੀ ਸਾਹਿਬ ਦੀ ਤਰਾਂ ਨਿਰੰਕਾਰ ਦੀ ਉਪਾਸ਼ਨਾ ਹੈ, ਜਾਪੁ ਦੇ ਅੰਤਿਮ ’ਚ ’’ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ।। ਸਦਾ ਅੰਗ ਸੰਗੇ ਅਭੰਗੰ ਬਿਭੁਤੇ’’ ਰਾਹੀਂ ਇਹ ਦ੍ਰਿੜ੍ਹ ਕਰਾਇਆ ਜਾਂਦਾ ਹੈ ਕਿ ਤੂੰ (ਪ੍ਰਭੂ) ਸਭ ਜੀਵਾਂ ਦੇ ਸਦਾ ਅੰਗ ਸੰਗ ਰਹਿੰਦਾ, ਤੇਰਾ ਪ੍ਰਤਾਪ ਕਦੇ ਨਾਸ਼ ਨਹੀਂ ਹੁੰਦਾ ਤੂੰ ਜੁਗ ਜੁਗ ਅਟੱਲ ਤੇ ਅਬਿਨਾਸ਼ੀ ਹੈ। ਦਸਮੇਸ਼ ਪਿਤਾ ਦੀ ਬਾਣੀ ’ਚ ਅਕਾਲ ਪੁਰਖ ਦੀ ਮਹਿਮਾ ਦਾ ਵਰਣਨ ਹੈ। ’’ਅਕਾਲ ਉਸਤਤਿ’’ ਬਾਣੀ ਦੇ ਨਾਮਕਰਨ ਤੋਂ ਹੀ ਇਹ ਪਤਾ ਚਲਦਾ ਹੈ। ਇਸ ਬਾਣੀ ਰਾਹੀ ਦੂਰਦਰਸ਼ੀ ਗੁਰੂ ਸਾਹਿਬ ਨੇ ਫ਼ੌਲਾਦ ਜਿਹੇ ਆਚਰਨ ਉਸਾਰਨ ਲਈ ਖ਼ਾਲਸੇ ਨੂੰ ਸਰਬਲੋਹ ਦਾ ਵਰਦਾਨ ਦਿੱਤਾ। ਕਿਉਂਕਿ ਸਰਬਲੋਹ ਸਭ ਵਸਤਾਂ ਵਿਚੋਂ ਖਰਾ, ਸੱਚਾ ਅਤੇ ਦ੍ਰਿੜ੍ਹ ਅਟੱਲ ਹੈ। ਸਰਬਲੋਹ ਅਕਾਲੀ ਸ਼ਕਤੀ ਦਾ ਪ੍ਰਤੀਕ ਹੈ। ’’ਅਕਾਲ ਪੁਰਖ ਕੀ ਰੱਛਾ ਹਮਨੈ। ਸਰਬ ਲੋਹ ਦੀ ਰੱਛਿਆ ਹਮ ਨੈ। ਸਰਬ ਕਾਲ ਜੀ ਦੀ ਰੱਛਿਆ ਹਮਨੈ। ਸਰਬ ਲੋਹ ਜੀ ਦੀ ਸਦਾ ਰੱਛਿਆ ਹਮ ਨੈ।।’’ ਇੱਥੇ ਹੀ ’ਤਵਪ੍ਰਸਾਦਿ ਸਵੈਯਾ’ ਦੇ ਵਿਚ ਗੁਰੂ ਸਾਹਿਬ ਕਰਮ ਕਾਂਡ ਨੂੰ ਰੱਦ ਕਰਦੇ ਹਨ। ਅਤੇ ਕਹਿੰਦੇ ਹਨ ਕਿ ਧਰਮਾਂ ਦੇ ਕਰਮ ਕਾਂਡ ਪ੍ਰਭੂ ਨਾਲ ਪਿਆਰ ਤੋਂ ਰਹਿਤ ਹੋਣ ਕਰਕੇ ਕਿਸੇ ਮੁੱਲ ਦੇ ਨਹੀਂ। ’’ ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂੰ ਤੇ ਏਕ ਰਤੀ ਬਿਨੁ ਰਤੀ ਕੇ।।’’
ਬਚਿੱਤਰ ਨਾਟਕ ’ਚ ਚੰਡੀ ਚਰਿੱਤਰ ਸੁਤੰਤਰ ਰਚਨਾ ਨਹੀਂ ਹੈ। ਇਹ ਹਿੰਦੀ ’ਚ ’ਚੰਡੀ ਚਰਿੱਤਰ ਉਕਤਿ ਬਿਲਾਸ’ ਅਤੇ ਪੰਜਾਬੀ ’ਚ ’ਵਾਰ ਦੁਰਗਾ ਕੀ’ ਸੁਤੰਤਰ ਲਿਖਤਾਂ ਹਨ। ਚੰਡੀ ਚਰਿੱਤਰ ਮਾਰਕੰਡੇ ਪੁਰਾਣ ਦੇ 81 ਤੋਂ 94 ਅਧਿਆਏ ’ਚ ਦਰਜ਼ ਸਤ ਸੌ ਸਲੋਕਾਂ ਦੇ ’ਦੁਰਗਾਸਪਤਸ਼ਤੀ’ ਦਾ ਖੁੱਲ੍ਹਾ ਕਾਵਿ ਅਨੁਵਾਦ ਹੈ। ਜਿਸ ਵਿਚ ਕੁਝ ਚੋਣਵੇਂ ਕਥਾ- ਵਸਤੂ ਨੂੰ ਹੀ ਲਿਆ ਗਿਆ ਹੈ ਅਤੇ ਆਪਣੇ ਉਦੇਸ਼ ਲਈ ਬੀਰ ਰਸੀ ਛੰਦਾਂ ਦੇ ਪ੍ਰਯੋਗ ਨਾਲ ਰੋਚਿਕ ਕਥਾ ਦੀ ਉਸਾਰੀ ਕੀਤੀ ਗਈ। ਇਸ ਦਾ ਮੂਲ ਉਦੇਸ਼ ਜ਼ਾਲਮ ਹਕੂਮਤਾਂ ਤੋਂ ਭੈਭੀਤ ਹੋਈ ਬੈਠੀ ਲੋਕਾਈ ’ਚ ਵੀਰਤਾ ਦਾ ਸੰਚਾਰ ਕਰਨਾ ਸੀ, ਧਰਮ ਯੁੱਧ ਲਈ ਉਨ੍ਹਾਂ ’ਚ ਚਾਉ ਪੈਦਾ ਕਰਨਾ ਸੀ, ਇਹ ਕਿ ਇਕ ਇਸਤਰੀ ਦੈਂਤਾਂ ਦਾ ਨਾਸ ਕਰ ਸਕਦੀ ਹੈ ਤਾਂ ਤੁਸੀਂ ਕਿਊ ਨਹੀਂ ਜ਼ੁਲਮ ਦਾ ਨਾਸ ਕਰ ਸਕਦੇ? ਇਸ ਦਾ ਪਾਠ ਕਰਨ ਵਾਲਾ ਵਿਅਕਤੀ ਨਿਡਰ ਹੋ ਜਾਂਦਾ ਹੈ। ਇਸ ਬਾਣੀ ’ਚ ਗੁਰੂ ਸਾਹਿਬ ਨਿਰਗੁਣ ਬ੍ਰਹਮ ਦੀ ਉਸਤਤਿ ਕਰਦੇ ਹਨ, ਫਿਰ ਨਾਇਕ ਚੰਡੀ ਦੀ ਉਸਤਤਿ ਹੈ। ਜਿਸ ’ਚ ਚੰਡੀ ਨੂੰ ਵੀ ਉਸ ਪ੍ਰਮਾਤਮਾ ਦੀ ਹੀ ਸ਼ਕਤੀ ਦਾ ਪ੍ਰਕਾਸ਼ ਕਿਹਾ। ਜੋ ਸਭ ਕੁਝ ਦੀ ਸਿਰਜਣਾ ਕਰਦਿਆਂ ਖ਼ੁਦ ਬੈਠ ਕੇ ਤਮਾਸ਼ਾ ਦੇਖ ਰਹੇ ਹਨ।
ਇਸ ਦੇ ਪਹਿਲੇ ਅਧਿਆਏ ’ਚ ਮਧੁ ਤੇ ਕੈਟਭ ਦੋ ਦੈਂਤਾਂ ਦੇ ਬੱਧ ਦੀ ਕਥਾ ਹੈ। ਦੂਜੇ ’ਚ ਮਹਿਖਾਸੁਰ ਦੀ ਮੌਤ, ਤੀਜੇ ’ਚ ਧੂਮ੍ਰਲੋਚਨ ਦੈਂਤ ਦਾ ਚੰਡੀ ਹੱਥੋਂ ਮਾਰਿਆ ਜਾਣਾ ਅਤੇ ਚੌਥੇ ’ਚ ਚੰਡ ਤੇ ਮੁੰਡ ਦਾ ਨਾਸ, ਪੰਜਵੇਂ ’ਚ ਰਕਤਬੀਜ਼ ਦਾ ਆਗਮਨ ਤੇ ਕਾਲੀ ਦੇਵੀ ਦਾ ਪ੍ਰਗਟ ਹੋਣਾ, ਛੇਵੇਂ ’ਚ ਨਿਸੁੰਭ ਅਤੇ ਸੱਤਵੇਂ ’ਚ ਦੈਂਤ ਰਾਜ ਸੁੰਭ ਦੇ ਮਾਰੇ ਜਾਣ ਦਾ ਬਿਰਤਾਂਤ ਹੈ। ਸੱਤਵੇਂ ’ਚ ਚੰਡੀ ਦੀ ਜੈ ਜੈ ਕਾਰ ਹੁੰਦੀ ਦਿਖਾਈ ਹੈ। ਇਸੇ ਅਧਿਆਏ ’ਚ ਗੁਰੂ ਸਾਹਿਬ ਅਕਾਲ ਪੁਰਖ ਤੋਂ ਨੇਕੀ ਕਰਨ ਅਤੇ ਜਿੱਤ ਲਈ ’’ਦੇਹ ਸਿਵਾ ਬਰ ਮੁਹਿ ਇਹੈ ਸੁਭ ਕਰਮਨ ਤੇ ਕਬਹੂ ਨ ਟਰੋਂ। ਨਾ ਡਰੋ ਅਰਿ ਸੋਂ ਜਬ ਜਾਇ ਲਰੋ ਨਿਸਚੈ ਕਰਿ ਅਪਨੀ ਜੀਤ ਕਰੋ।’’ ਦਾ ਵਰ ਮੰਗਦੇ ਹਨ। ਇੱਥੇ ਸਿਵਾ ਤੋਂ ਭਾਵ ਨਿਰੰਕਾਰ ਹੈ। ਨਾ ਕਿ ਸ਼ਿਵ ਜੀ ਭਗਵਾਨ। ਗੁਰੂ ਸਾਹਿਬ ਦਾ ਅਕਾਲ ਪੁਰਖ ਨਿਰੰਕਾਰ ਤੋਂ ਰਣ ਵਿਚ ਜੂਝਣ ਦਾ ਵਰ ਮੰਗਣਾ ਰੱਬੀ ਵਿਸ਼ਵਾਸ ਅਤੇ ਮਨੁੱਖੀ ਏਕਤਾ ਦੇ ਨਾਲ ਆਤਮ ਵਿਸ਼ਵਾਸ ਨੂੰ ਵੀ ਦ੍ਰਿੜ੍ਹ ਕਰਾਉਂਦਾ ਹੈ। ਗੁਰੂ ਸਾਹਿਬ ਨੇ ਇਕ ਸਬਕ ਦਿੱਤਾ ਹੈ ਕਿ ਨੇਕੀ ਲਈ ਸਭ ਕੁਝ ਨਿਛਾਵਰ ਕੀਤਾ ਜਾ ਸਕਦਾ ਹੈ। ਲੜੋ ਅਤੇ ਜਿੱਤ ਹਾਸਲ ਕਰੋ। ਚੰਡੀ ਦੀ ਵਾਰ ਪਿੱਛੇ ਗੁਰੂ ਸਾਹਿਬ ਦੀ ਹੋਰ ਕੋਈ ਕਾਮਨਾ ਨਹੀਂ ਸਿਵਾਏ ਇਸ ਦੇ ਕਿ ਮੁਰਦਾ ਹੋ ਚੁੱਕੇ ਭਾਰਤੀ ਲੋਕਾਂ ਵਿਚ ਧਰਮਯੁੱਧ ਦਾ ਚਾਅ ਅਤੇ ਬੀਰ ਰਸ ਪੈਦਾ ਕਰਨ ਲਈ ਦੁਰਗਾ ਤੇ ਦੈਂਤਾਂ ਦੇ ਜੰਗਾਂ ਦਾ ਵਰਣਨ ਵੀਰ ਰਸ ਵਿਚ ਕੀਤਾ ਜਾਵੇ। ਤਾਂ ਕਿ ਇਨ੍ਹਾਂ ਕਾਰਨਾਮਿਆਂ ਨੂੰ ਪੜ੍ਹ ਸੁਣ ਕੇ ਕਾਇਰ ਬੰਦੇ ਦਾ ਵੀ ਖ਼ੂਨ ਖੌਲ ਉੱਠੇ ਅਤੇ ਉਹ ਜ਼ਾਲਮ ਨਾਲ ਟੱਕਰ ਲੈ ਕੇ ਉਸ ਨੂੰ ਖ਼ਤਮ ਕਰਨ ਦੀ ਹਿੰਮਤ ਰੱਖ ਸਕੇ।
ਗੁਰੂ ਸਾਹਿਬ ਖਲਨਾਇਕਾਂ ਦੀ ਬਹਾਦਰੀ ਨੂੰ ਵੀ ਸਲਾਹੁਣ ਤੋਂ ਪਿੱਛੇ ਨਹੀਂ ਰਹੇ। ਬੀਰ ਰਸੀ ਕਾਵਿ ’ਚ ਰਣ ਭੂਮੀ ਦਾ ਵਰਣਨ ਪੜ੍ਹ ਕੇ ਹਰ ਕਿਸੇ ਦਾ ਖ਼ੂਨ ਖੌਲਣਾ ਸੁਭਾਵਿਕ ਹੈ। ਇਕ ਵੰਨਗੀ -
’’ ਕਟਾ ਕੱਟ ਬਾਹੈ। ਉਭੈ ਜੀਤ ਚਾਹੈ।। ਮਹਾਂ ਮੱਦ ਮਾਂਤੇ। ਤਪੇ ਤੇਜ ਤਾਤੇ। ਰਸੰ ਰੁਦ੍ਰ ਰਾਚੇ। ਉਭੇ ਜੁੱਧ ਮਾਚੇ। ਕਰੈਂ ਬਾਣ ਅਰਚਾ। ਧਨੁਰ ਬੇਦ ਚਰਚਾ।।’’
ਗੁਰੂ ਸਾਹਿਬ ਇਸਤਰੀ ਨਾਇਕਾ ਨੂੰ ਸਥਾਨ ਦੇਣ ’ਤੇ ਸ਼ਿੰਗਾਰ ਰਸ ਨੂੰ ਵੀ ਨਹੀਂ ਭੁੱਲੇ। ਜਦ ਇਕ ਔਰਤ ਸ਼ੇਰ ਦੀ ਸਵਾਰੀ ਕਰਦਿਆਂ ਹਥਿਆਰ ਫੜਦੀ ਹੈ ਜਿਸ ਦਾ ਅਸਰ ਮਰਦਾਂ ’ਤੇ ਹੋਣਾ ਸੁਭਾਵਕ ਹੈ।
ਚੰਡੀ ਚਰਿੱਤਰ ਦੁਤੀਆ (ਚੰਡੀ ਚਰਿੱਤਰ ਦੂਜਾ) ਇਹ ਚੰਡੀ ਚਰਿੱਤਰ ਦਾ ਦੂਸਰਾ ਸੁਤੰਤਰ ਵਾਰ ਹੈ। ਇਸ ਵਿਚ ਗੁਰੂ ਵੀ ਗੁਰੂ ਸਾਹਿਬ ਨੇ ਮਹਿਖਾਸੁਰ ਤੋਂ ਲੈ ਕੇ ਸੁੰਭ ਆਦਿ ਦੈਂਤਾਂ ਦੇ ਦੁਰਗਾ ਚੰਡੀ ਦੀ ਤਰਫੋ ਨਾਸ ਕਰਨ ਦਾ ਵਰਣਨ ਹੈ। ਭਾਰਤੀ ਮਿਥਿਹਾਸ ਵਿਚ ਦੇਵੀ ਦਾ ਸੰਕਲਪ ਬਹੁਤ ਮਹਾਨ ਰਿਹਾ ਹੈ। ਇਹ ਪ੍ਰਮੇਸ਼ਰ ਦੀ ਅਸੀਮ ਸ਼ਕਤੀ ਦਾ ਦੀ ਅੰਸ਼ ਹੈ। ਜੋ ਅਵਤਾਰ ਲੈ ਕੇ ਦੁਸ਼ਟਾਂ ਦਾ ਨਾਸ ਕਰਦੀ ਹੈ। ਜਦੋਂ ਕਿਤੇ ਬ੍ਰਹਮਾ, ਵਿਸਨੂ ਤੇ ਮਹੇਸ਼ ਸ਼ਕਤੀਆਂ ’ਤੇ ਅਸੁਰੀ ਸ਼ਕਤੀਆਂ ਕਾਬੂ ਪਾ ਲੈਂਦੀਆਂ ਹਨ ਤਾਂ ਦੇਵੀ ਪ੍ਰਗਟ ਹੋ ਕੇ ਚਮਤਕਾਰ ਦਿਖਾਉਂਦੀ ਹੈ। ਦੇਵਤੇ ਨੇਕੀ ਦਾ ਅਤੇ ਦੈਂਤ ਬਦੀ ਦੇ ਪ੍ਰਤੀਨਿਧੀ ਹਨ। ਦੁਰਗਾ ਉਹ ਪ੍ਰਤੀਕ ਹੈ ਜੋ ਸਾਹਸ ਨਾਲ ਸੰਕਟਾਂ ਨੂੰ ਪਾਰ ਕਰਦੀ ਹੈ ਅਤੇ ਆਤਮ ਵਿਸ਼ਵਾਸ ਨੂੰ ਜਗਾਉਂਦੀ ਹੈ। ਇਸ ਬਾਣੀ ਵਿਚ ਰਣ ਭੂਮੀ ਦਾ ਚਿਤਰਨ ਇਸ ਤਰਾਂ ਕੀਤਾ ਗਿਆ ਹੈ-
’’ਗਜੇ ਬੀਰ ਗਾਜੀ। ਤੁਰੇ ਤੁੰਦ ਤਾਜੀ। ਮਹਿਖਾਸੁਰ ਕਰਖੇ। ਸਰੰ ਧਾਰ ਬਰਖੇ।
ਇਤੈ ਸਿੰਘ ਗੱਜਯੋ। ਮਹਾ ਸੰਖ ਬੱਜਯੋ। ਰਹਯੋ ਨਾਦ ਪੂਰੰ। ਛੁਹੀ ਗੈਣਿ ਧੂਰੰ।।’’
ਗੁਰੂ ਸਾਹਿਬ ਦਾ ਮਕਸਦ ਪ੍ਰਮਾਤਮਾ ਨਾਲ ਲੋਕਾਈ ਨੂੰ ਜੋੜਨਾ ਹੈ -
’’ਦੋਹਰਾ ।। ਜੇ ਜੇ ਤੁਮਰੇ ਧਿਆਨ ਕੋ ਨਿਤ ਉਠਿ ਧਿਐ ਹੈਂ ਸੰਤ।
ਅੰਤ ਲਹੈਂਗੇ ਮੁਕਤਿ ਫਲੁ ਪਾਵਹਿੰਗੇ ਭਗਵੰਤ।। ’’ ’’ਵਾਰ ਸ੍ਰੀ ਭਗਉਤੀ ਜੀ ਕੀ’’ ਪੰਜਾਬੀ ਵਿਚ ਰਚੀ ਗਈ ਇਸ ਵਾਰ ਨੂੰ ਵਾਰ ਦੁਰਗਾ ਕੀ ਵੀ ਕਿਹਾ ਜਾਂਦਾ ਹੈ। ਜਿਸ ਦੇ ਮੰਗਲਾਚਰਨ ਵਿਚ ਵਾਰ ਭਗਉਤੀ ਲਿਖੀ ਹੋਣ ਨਾਲ ਕਈਆਂ ਨੂੰ ਇੰਜ ਲਗਦਾ ਹੈ ਕਿ ਭਗਉਤੀ ਦੇਵੀ ਦਾ ਅਨੁਸਰਨ ਹੈ। ਜਦੋਂ ਕਿ ਭਗਉਤੀ ਅਕਾਲ ਹੈ। ਜਿਸ ਤੋਂ ਦੁਰਗਾ ਨੇ ਸ਼ਕਤੀ ਲੈ ਕੇ ਦੈਂਤਾਂ ਦਾ ਖਾਤਮਾ ਕੀਤਾ। ਬੇਸ਼ੱਕ ਵਾਰ ਦੁਰਗਾ ਦੀ ਹੈ ਪਰ ਇਸ ਵਿਚ ਸਿਫ਼ਤ ਸਲਾਹ ਪ੍ਰਭੂ ਦੀ ਹੈ। ਪ੍ਰਭੂ ਤੋਂ ਹੀ ਬਲ ਲੈ ਕੇ ਦੁਰਗਾ ਨੇ ਦੈਂਤਾਂ ਦਾ ਨਾਸ ਕੀਤਾ ਹੈ। ਉਸ ਦੀ ਸੁਤੰਤਰ ਹਸਤੀ ਨਹੀਂ ਮੰਨੀ ਗਈ। ’’ਤੈ ਹੀ ਦੁਰਗਾ ਸਾਜਿ ਕੈ ਦੈਂਤਾਂ ਦਾ ਨਾਸੁ ਕਰਾਇਆ।।’’ ਇਸ ਵਾਰ ਦੀ ਪਹਿਲੀ ਪਉੜੀ ’ਚ ਪ੍ਰਿਥਮ ਭਗਉਤੀ ਨੂੰ ਸਿਮਰ ਕੇ ਗੁਰ ਨਾਨਕ ਤੋਂ ਲੈ ਕੇ ਨੌਵੇਂ ਗੁਰਾਂ ਤਕ ਦੀ ਉਸਤਤ ਸਿੱਖ ਅਰਦਾਸ ਦਾ ਹਿੱਸਾ ਬਣਿਆ । ਇਸ ਦੀ ਕਥਾ ’ਚ ਗੁਰੂ ਸਾਹਿਬ ਸੁਣਾਉਂਦੇ ਹਨ ਕਿ ਪ੍ਰਭੂ ਨੇ ਪਹਿਲਾਂ ਖੰਡਾ ਰੂਪੀ ਸ਼ਕਤੀ ਪੈਦਾ ਕੀਤੀ। ਪਿੱਛੋਂ ਜਗਤ ਨੂੰ ਉਤਪੰਨ ਕੀਤਾ। ਫਿਰ ਬ੍ਰਹਮਾ ਵਿਸਨੂ ਤੇ ਸ਼ਿਵ ਨੂੰ ਪੈਦਾ ਕਰ ਕੁਦਰਤ ਦੀ ਖੇਡ ਸੰਸਾਰ ਬਣਾਇਆ। ਸਮੁੰਦਰ ਪਹਾੜ ਧਰਤੀ ਅਤੇ ਬਿਨਾ ਥੰਮ੍ਹਾਂ ਤੋ ਅਕਾਸ਼ ਨੂੰ ਖੜ੍ਹਾ ਕੀਤਾ। ਦੇਵਤੇ ਅਤੇ ਦੈਂਤ ਬਣਾ ਕੇ ਉਨ੍ਹਾਂ ’ਚ ਝਗੜਾ ਕਰਾਇਆ। ਫਿਰ ਅਕਾਲ ਪੁਰਖ ਨੇ ਹੀ ਦੁਰਗਾ ਤੋਂ ਦੈਂਤਾਂ ਨੂੰ ਮਰਵਾਇਆ। ਗੁਰੂ ਸਾਹਿਬ ਪੰਜਾਬੀ ਵਿਚ ਹੀ ਰਣਭੂਮੀ ਦੇ ਦ੍ਰਿਸ਼ ਨੂੰ ਇੰਜ ਬਿਆਨ ਕਰਦੇ ਹਨ ਕਿ-
’’ਲੱਖ ਨਗਾਰੇ ਵੱਜਣ ਆਮੋ ਸਾਮ੍ਹਣੇ। ਰਾਕਸ਼ ਰਣੋ ਨ ਭੱਜਣ ਰੋਹੇ ਰੋਹਲੇ।
ਸ਼ੀਹਾਂ ਵਾਂਗ ਗੱਜਣ ਸਭੇ ਸੂਰਮੇ। ਤਣਿ ਤਣਿ ਕੈਬਰ ਛੱਡਣ ਦੁਰਗਾ ਸਾਹਮ੍ਹਣੇ।’’
’’ਗਿਆਨ ਪ੍ਰਬੋਧ’’ ’ਚ ਭਾਰਤੀ ਧਰਮ ਫ਼ਿਲਾਸਫ਼ੀ ਤੇ ਜੀਵਨ ਜਾਂਚ ਜਿਸ ਨੂੰ ਚਾਰ ਪਦਾਰਥ ਧਰਮ, ਅਰਥ, ਕਾਮ ਤੇ ਮੋਖ ਵੀ ਕਿਹਾ ਜਾਂਦਾ ਹੈ,ਬਾਰੇ ਚਰਚਾ ਕੀਤੀ ਗਈ ਹੈ। ਇਸ ਦੀ ਸ਼ੈਲੀ ਅਤੇ ਬੋਲੀ ਅਕਾਲ ਉਸਤਤ ਤੇ ਜਾਪੁ ਨਾਲ ਮਿਲਦੀ ਹੈ। ਸ਼ੁਰੂਆਤ ’ਚ ਨਿਰਗੁਣ ਅਤੇ ਸਰਗੁਣ ਪ੍ਰਭੂ ਦੀ ਉਸਤਤੀ ਕੀਤੀ ਗਈ। ਫਿਰ ਪੁਰਾਤਨ ਗ੍ਰੰਥਾਂ ’ਚੋਂ ਮਹਾਂਭਾਰਤ ਦੀ ਕਥਾ ਦਾ ਵਰਣਨ ਕੀਤਾ ਗਿਆ। ਜੰਗ ਤੋਂ ਬਾਅਦ ਰਾਜਾ ਯੁਧਿਸ਼ਟਰ ਦੇ ਮਨ ਦੀ ਉਪਰਾਮਤਾ ਅਤੇ ਭੀਸ਼ਮ ਪਿਤਾਮਾ ਵੱਲੋਂ ਦਿੱਤੀ ਗਈ ਧਰਮ ਸਿੱਖਿਆ ਅਤੇ ਰਾਜਨੀਤੀ ਦੀ ਗਲ ਕੀਤੀ ਗਈ। ਭੀਸ਼ਮ ਪਿਤਾਮਾ ਵੱਲੋਂ ਯੱਗ ਕਰਨ ਅਤੇ ਦਾਨ ਕਰਨ ਲਈ ਪ੍ਰੇਰਿਆ ਗਿਆ। ਪਰ ਗੁਰੂ ਸਾਹਿਬ ਇੱਥੇ ਹੀ ਇਹ ਵੀ ਉਪਦੇਸ਼ ਕਰਦੇ ਹਨ ਕਿ
’’ਅਨੰਤ ਜੱਗਯ ਕਰਮਣੰ। ਗਜਾਦਿ ਆਦਿ ਧਰਮਣੰ ।
ਅਨੇਕ ਦੇਸ ਭਰਮਣੰ। ਨ ਏਕ ਨਾਮ ਕੇ ਸਮੰ।।’’
ਭਾਵ ਕਿ ਗੁਰੂ ਸਾਹਿਬ ਜੱਗ ਰੀਤੀਆਂ ਦੇ ਹਾਮੀ ਨਹੀਂ, ਅਨੇਕਾਂ ਜੱਗ ਕਰ ਲਵੇ, ਹਾਥੀ ਘੋੜੇ ਦਾਨ ਕਰ ਧਰਮ ਕਰੇ, ਅਨੇਕਾਂ ਦੇਸਾਂ ’ਚ ਭਰਮਣ ਕਰ ਲਵੇ ਫਿਰ ਵੀ ਇਹ ਸਾਰੇ ਕੰਮ ਇਕ ਪ੍ਰਭੂ ਦੇ ਨਾਮ ਦੇ ਸਮਾਨ ਵੀ ਨਹੀਂ ਹਨ।
’’ਚੌਵੀਸ ਅਵਤਾਰ’’ ਰਚਨਾ ਵਿੱਚ ਵਿਸ਼ਨੂੰ ਦੇ 24 ਅਵਤਾਰਾਂ ਦੀਆਂ ਚਰਿਤ-ਕਥਾਵਾਂ ਦਾ ਵਰਣਨ ਕੀਤਾ ਗਿਆ ਹੈ। ਇਹ ਭਗਵਤ ਪੁਰਾਣ ਦੇ ਦਸਵੇਂ ਸਕੰਧ ਦੇ ਅਧਾਰਿਤ ਹੋਣ ਦੇ ਬਾਵਜੂਦ ਕੁਝ ਕੁ ਭਿੰਨ ਹੈ। ਸਰਵ ਸ਼ਕਤੀਮਾਨ ਸੱਤਾ ਅਕਾਲ ਪੁਰਖ ਹੈ, ਵਿਸ਼ਨੂੰ ਉਸ ਦੇ ਅਧੀਨ ਹੈ, ਉਸ ਦੇ ਆਦੇਸ਼ਾਂ ਦੀ ਪਾਲਣਾ ਕਰਦਾ ਹੋਇਆ ਅਵਤਾਰ ਧਾਰਨ ਕਰਦਾ ਹੈ। ਗੁਰੂ ਸਾਹਿਬ ਇਨ੍ਹਾਂ ਅਵਤਾਰਾਂ ਦਾ ਉਪਾਸ਼ਕ ਨਹੀਂ। ’’ਜੋ ਚਉਬੀਸ ਅਵਤਾਰ ਕਹਾਏ, ਤਿਨ ਭੀ ਤੁਮ ਪ੍ਰਭ ਤਨਕ ਨ ਪਾਏ।।’’
ਇਸ ਵਿੱਚ ਵਰਣਿਤ 24 ਅਵਤਾਰਾਂ ਦੇ ਨਾਂ ਮੱਛ, ਕੱਛ, ਨਰ, ਨਾਰਾਇਣ, ਮਹਾ ਮੋਹਨੀ, ਵੈਰਾਹ,ਨਰਸਿੰਘ, ਬਾਵਨ, ਪਰਸਰਾਮ, ਬ੍ਰਹਮਾ, ਰੁਦਰ, ਜਲੰਧਰ, ਬਿਸਨ, ਅਰਹੰਤ ਦੇਵ, ਮਨੁ ਰਾਜਾ, ਧਨੰਤਰ ਵੈਦ, ਸੂਰਜ, ਚੰਦਰ, ਰਾਮ, ਕ੍ਰਿਸ਼ਨ, ਨਰ (ਅਰਜੁਨ), ਬਉਧ ਅਤੇ ਨਿਹਕਲੰਕੀ ਹਨ। ਇਨ੍ਹਾਂ ਵਿਚੋਂ ਰਾਮ ਅਵਤਾਰ, ਕ੍ਰਿਸ਼ਨ ਅਵਤਾਰ ਵੱਡੀਆਂ ਰਚਨਾਵਾਂ ਹਨ। ਕਥਾਵਾਂ ਵਿਚ ਜਿੱਥੇ ਵੀ ਯੁੱਧ ਦਾ ਵਰਣਨ ਆਇਆ ਬੀਰ ਰਸ ਦਾ ਪ੍ਰਯੋਗ ਕੀਤਾ ਗਿਆ। ਇਹ ਪੌਰਾਣਿਕ ਰਚਨਾ ਆਪਣੇ ਰਚਨਾ ਉਦੇਸ਼ ਵਿੱਚ ਪੂਰੀ ਤਰ੍ਹਾਂ ਸਫਲ ਹੈ ਕਿਉਂਕਿ ਜਿਨ੍ਹਾਂ ਲੋਕਾਂ ਨੇ ਕਦੇ ਤਲਵਾਰ ਨੂੰ ਹੱਥ ਨਹੀਂ ਸੀ ਲਾਇਆ, ਉਹ ਯੁੱਧ ਵੀਰ ਬਣ ਕੇ ਰਣ ਵਿੱਚ ਨਿੱਤਰ ਕੇ ਜੇਤੂ ਹੋਣ ਦਾ ਮਾਣ ਪ੍ਰਾਪਤ ਕੀਤਾ। ਯੁੱਧ ਲਈ ਪ੍ਰੇਰਿਤ ਕਰਨ ਦਾ ਉਦੇਸ਼ ਮਨੁੱਖੀ ਵਿਕਾਸ ਵਿੱਚ ਰੁਕਾਵਟ ਪਾਉਣ ਵਾਲੀਆਂ ਸ਼ਕਤੀਆਂ ਨੂੰ ਬਲਹੀਣ ਕਰਨ ਨਾਲ ਸੀ। ਦਸਮ ਗ੍ਰੰਥ ਵਿਚ ਬ੍ਰਹਮਾ ਜੀ ਦੇ 17 ਉਪ ਅਵਤਾਰਾਂ ਦੀ ਕਥਾ ਅਤੇ ਸ਼ਿਵ ਜੀ ਦੇ ਅਨੇਕਾਂ ਉਪ ਅਵਤਾਰਾਂ ਦੀ ਕਥਾ ਸ਼ਾਮਿਲ ਹਨ।
’’ਸ਼ਸਤਰ ਨਾਮ ਮਾਲਾ’’ ਰਚਨਾ ਵਿਚ ਗੁਰੂ ਸਾਹਿਬ ਸ਼ਸਤਰਾਂ ਅਤੇ ਅਸਤਰ ਦੇ ਹਵਾਲੇ ਨਾਲ ਪ੍ਰਭੂ ਦੀ ਸਿਰਜਣਾ ਅਤੇ ਗੁਣਾਂ ਨੂੰ ਯਾਦ ਕਰਦੇ ਹਨ। ਪਾਤਸ਼ਾਹ ਅਕਾਲ ਪੁਰਖ ਨੂੰ ਯਾਦ ਕਰਦਿਆਂ ਤਲਵਾਰ, ਕਿਰਪਾਨ, ਖੰਡਾ, ਖੜਗ, ਬੰਦੂਕ, ਤਬਰ (ਛਵੀ), ਸੈਫ, ਸਰੋਹੀ ਅਤੇ ਸੈਹਥੀ (ਬਰਛੀ) ਆਦਿਕ ਸ਼ਸਤਰਾਂ ਨੂੰ ਪੀਰ ਦਾ ਦਰਜਾ ਦਿੰਦੇ ਹਨ। ਇਸ ਵਿਚ ਅਨੇਕਾਂ ਸ਼ਸਤਰਾਂ ਦੇ ਨਾਮ ਗਿਣਾਏ ਗਏ ਹਨ। ’’ਅਸਿ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ। ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ।’’ ਇਹ ਹੀ ਕਾਰਨ ਹੈ ਕਿ ਸਿੱਖੀ ਵਿਚ ਪੀਰ ਜਾਣ ਕੇ ਸ਼ਸ਼ਤਰਾਂ ਦੀ ਵੀ ਪੂਜਾ ਕੀਤੀ ਜਾਂਦੀ ਹੈ।
’’ਚਰਿੱਤਰ ਪਾਖਯਾਨ’’ ਵਿਚ ਗੁਰੂ ਸਾਹਿਬ ਵੱਲੋਂ ਇਸਤਰੀ ਪੁਰਸ਼ਾਂ ਦੇ ਚਲਿੱਤਰਾਂ ਸੰਬੰਧੀ ਰੋਚਿਕ ਕਥਾਵਾਂ ਅੰਕਿਤ ਹਨ। ਤ੍ਰਿਆ ਚਰਿੱਤਰ ਵਧੇਰੇ ਹਨ। ਬੇਸ਼ੱਕ ਸਿੱਖ ਧਰਮ ਵਿਚ ’’ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ’’ ਕਹਿ ਕੇ ਇਸਤਰੀ ਦੀ ਵਡਿਆਈ ਕੀਤੀ ਗਈ ਹੈ। ਕੁਲ 404 ਚਲਿੱਤਰਾਂ ਦਾ ਵਰਣਨ ਕੀਤਾ ਗਿਆ ਹੈ। ਇਸ ਦੇ ਵੱਖ ਵੱਖ ਚਰਿਤਰਾਂ ਵਿਚ ਮਨੋਵਿਗਿਆਨਕ ਚਿੱਤਰ ਮਿਲਦੇ ਹਨ। ਗੁਰੂ ਸਾਹਿਬ ਆਪਣੇ ਸਿੱਖਾਂ ਵਿਚ ਸਦਾਚਾਰਕ ਗੁਣਾਂ ਨੂੰ ਭਰਨਾ ਚਾਹੁੰਦੇ ਸਨ। ਪੁਰਾਣੇ ਭਾਰਤੀ ਧਰਮਾਂ ਵਿਚ ਪਰਾਈ ਜਾਨ, ਪਰਾਇਆ ਮਾਲ, ਪਰਾਈ ਇਸਤਰੀ, ਝੂਠ ਤੋਂ ਵਰਜਿਆ ਗਿਆ ਸੀ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਲਈ 4 ਕੁਰਹਿਤਾਂ ਲਾਗੂ ਕੀਤੀਆਂ। ਜਿਸ ਵਿਚ ਕੁੱਠਾ, ਤਮਾਕੂ, ਕੇਸਾਂ ਦੀ ਬੇਅਦਬੀ ਅਤੇ ਮੁਸਲੀ ਜਾਂ ਤੁਰਕਣੀ ਨਾਲ ਯੁੱਧ (ਪਰਾਈ ਔਰਤਾਂ ਦਾ ਸੰਗ) ਸਖ਼ਤ ਵਿਵਰਜਿਤ ਸੀ। ਉਸ ਮੱਧਕਾਲੀ ਵਕਤ ’ਚ ਜਾਗੀਰਦਾਰੀ ਵਿਵਸਥਾ ਸੀ। ਜਾਗੀਰਦਾਰੀ ਪ੍ਰਬੰਧ ਕਾਰਨ ਵੇਸਵਾ ਗਿਰੀ ਆਮ ਸੀ ਤਾਂ ਦੇਵਦਾਸੀਆਂ ਦਾ ਵੀ ਪ੍ਰਚਲਣ ਸੀ। ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਇਨ੍ਹਾਂ ਦੁਰਾਚਾਰੀਆਂ ਦੀ ਫ਼ਰੇਬੀ ਚਾਲ ਤੋਂ ਬਚਾਉਣਾ ਚਾਹੁੰਦੇ ਸਨ। ਸਿੱਖ ਲਈ ਗੁਰੂ ਸਾਹਿਬ ਨੇ ਚਰਿੱਤਰ ਪਖਯਾਨ ਲਿਖ ਕੇ ਸੁਚੇਤ ਕੀਤਾ। ਤਾਂ ਕਿ ਉਹ ਆਚਰਨ ਉੱਚਤਾ ਨੂੰ ਬਰਕਰਾਰ ਰੱਖ ਸਕੇ। ਇਹ ਕਿਸੇ ਤਰਾਂ ਵੀ ਭੋਗ ਦੀ ਵਿਆਖਿਆ ਨਹੀਂ। ਕੇਵਲ ਪਰ ਨਾਰੀ ਗਮਨ ਤੋਂ ਬਚਣ ਲਈ ਚੇਤੰਨ ਕਹਾਣੀਆਂ ਹਨ। ਇਸ ’ਚ ਗੁਰੂ ਸਾਹਿਬ ਨੇ ਹਰ ਪ੍ਰਕਾਰ ਦੇ ਖੇਲ੍ਹ ਤਮਾਸ਼ੇ ਦਸ ਕੇ ਅਖੀਰ ’ਚ ਕਬਯੋ ਬਾਚ ਬੇਨਤੀ ’ਚ ਪ੍ਰਭੂ ਅੱਗੇ ਅਰਦਾਸ ਬੇਨਤੀ ਕਰਦੇ ਹਨ ਕਿ-
’’ਹਮਰੀ ਕਰੋ ਹਾਥ ਦੇ ਰੱਛਾ । ਪੂਰਨ ਹੋਇ ਚਿੱਤ ਕੀ ਇੱਛਾ।
ਤਵ ਚਰਨਨ ਮਨ ਰਹੈ ਹਮਾਰਾ।। ਆਪਨਾ ਜਾਨ ਕਰੋ ਪ੍ਰਿਤਪਾਰਾ।।’’
-
ਪ੍ਰੋ. ਸਰਚਾਂਦ ਸਿੰਘ ਖਿਆਲਾ, ਬੁਲਾਰਾ, ਭਾਜਪਾ ਪੰਜਾਬ
sarchand2015@gmail.com
9781355522
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.