"ਮਨੁੱਖ ਗਲਤੀਆਂ ਦਾ ਪੁਤਲਾ ਹੈ।" ਗਲਤੀਆਂ ਕਰਨਾ ਮਨੁੱਖ ਦਾ ਕੁਦਰਤੀ ਸੁਭਾਅ ਹੈ, ਇਹ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹੈ। ਦੁਨੀਆ ਵਿੱਚ ਕੋਈ ਵੀ ਵਿਅਕਤੀ ਨਹੀਂ ਹੋ ਸਕਦਾ, ਜਿਸਨੇ ਕਦੇ ਕੋਈ ਵੀ ਗਲਤੀ ਨਾ ਕੀਤੀ ਹੋਵੇ।ਹਰ ਵਿਅਕਤੀ ਪੂਰੀ ਜ਼ਿਦਗੀ ਹਜ਼ਾਰਾਂ ਗਲਤੀਆਂ ਕਰਦਾ ਹੈ। ਗਲਤੀਆਂ ਨੂੰ ਸੁਧਾਰ ਕੇ ਹੀ ਹਰ ਆਦਮੀ ਜੀਵਨ ਜਿਉਣ ਦੀ ਸ਼ੈਲੀ ਨੂੰ ਯੋਜਨਾਬੱਧ ਢੰਗ ਨਾਲ ਹਰ ਰੋਜ਼ ਸਿੱਖਦਾ ਹੈ ਅਤੇ ਆਪਣੀ ਸ਼ਖ਼ਸੀਅਤ ਨੂੰ ਬੇਹਤਰ ਅਤੇ ਪ੍ਰਭਾਵਸ਼ਾਲੀ ਬਣਾਉਣ ਵੱਲ ਵੱਧਦਾ ਹੈ। ਗਲਤੀਆਂ ਕਰਨਾ ਗਲਤ ਨਹੀਂ ਹੈ, ਪਰ ਗਲਤੀਆਂ ਤੋਂ ਨਾ ਸਿੱਖਣਾ ਅਤੇ ਉਹਨਾਂ ਨੂੰ ਦੁਹਰਾਉਣਾ ਪੂਰੀ ਤਰ੍ਹਾਂ ਗਲਤ ਹੈ। ਇੱਕ ਬੱਚਾ ਬਚਪਨ ਵਿੱਚ ਤੋਤਲੀ ਬੋਲੀ ਬੋਲਦਾ ਹੈ ਅਤੇ ਆਪਣੀਆਂ ਗਲਤੀਆਂ ਨੂੰ ਹਰ ਰੋਜ਼ ਸੁਧਾਰ ਕੇ ਕਵਿਤਾਵਾਂ ਅਤੇ ਗੀਤਾਂ ਨੂੰ ਸਹੀ ਸੁਣਾਉਣਾ ਸਿੱਖਦਾ ਹੈ।ਬਚਪਨ ਵਿੱਚ ਪੈਨਸਿਲ ਨਾਲ ਗਲਤੀਆਂ ਲਿਖਣ ਅਤੇ ਰਬਡ਼ ਨਾਲ ਠੀਕ ਕਰਨ ਦੇ ਅਭਿਆਸ ਨੂੰ ਦੁਹਰਾਉਣ ਨਾਲ ਬੱਚਾ ਵੱਡਾ ਹੁੰਦਾ ਹੈ ਅਤੇ ਬਿਨਾਂ ਕਿਸੇ ਗਲਤੀ ਦੇ ਪੈਨ ਨਾਲ ਲਿਖਣਾ ਸ਼ੁਰੂ ਕਰ ਦਿੰਦਾ ਹੈ। ਜੇਕਰ ਕੋਈ ਬੱਚਾ ਆਪਣੀਆਂ ਬਚਪਨ ਵਾਲੀਆਂ ਤੋਤਲੀਆਂ ਗੱਲਾਂ, ਪੈਨਸਿਲ ਨਾਲ ਕੀਤੀਆਂ ਗਲਤੀਆਂ ਨੂੰ ਠੀਕ ਨਹੀਂ ਕਰਦਾ ਤਾਂ ਕੀ ਉਹ ਵੱਡਾ ਹੋ ਕੇ ਇੱਕ ਸਫਲ ਸ਼ਖਸੀਅਤ ਬਣ ਸਕਦਾ ਹੈ ? ਜਵਾਬ ਹੋਵੇਗਾ ਨਹੀਂ। ਇਸੇ ਤਰ੍ਹਾਂ ਜੇਕਰ ਅਸੀਂ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ 'ਤੇ ਆਪਣੀਆਂ ਇੰਨਾ ਗਲਤੀਆਂ ਨੂੰ ਨਹੀਂ ਸੁਧਾਰਦੇ ਤਾਂ ਅਸੀਂ ਆਪਣੇ ਫਰਜ਼ਾਂ ਦੀ ਪਾਲਣਾ ਕਰਦੇ ਹੋਏ ਇੱਕ ਸਫਲ ਜੀਵਨ ਨਹੀਂ ਜੀ ਸਕਦੇ । ਜੇਕਰ ਤੁਸੀਂ ਗਲਤੀਆਂ ਤੋਂ ਸਿੱਖਣਾ ਚਾਹੁੰਦੇ ਹੋ, ਤਾਂ ਪਹਿਲਾਂ ਆਪਣੀਆਂ ਕੀਤੀਆਂ ਗਲਤੀਆਂ ਨੂੰ ਸਵੀਕਾਰ ਕਰਨਾ ਸਿੱਖੋ। ਜ਼ਿਆਦਾਤਰ ਲੋਕ ਆਪਣੀ ਗਲਤੀ ਮੰਨਣ ਤੋਂ ਝਿਜਕਦੇ ਹਨ ਅਤੇ ਬਹਾਨੇ ਬਣਾ ਕੇ ਆਪਣੀ ਗਲਤੀ ਨੂੰ ਲੁਕਾਉਣ ਦੀ ਲੱਖ ਕੋਸ਼ਿਸ਼ ਕਰਦੇ ਹਨ। ਅਜਿਹਾ ਕਰਕੇ ਉਹ ਆਪਣੀ ਹਉਮੈਂ ਨੂੰ ਅੱਗੇ ਰੱਖਦੇ ਹਨ। ਜੇਕਰ ਆਦਮੀ ਗਲਤੀ ਨਾ ਮੰਨੇ ਅਤੇ ਗਲਤੀ ਵਾਰ-ਵਾਰ ਦੁਹਰਾਈ ਜਾਂਦੀ ਹੈ ਤਾਂ ਉਹੀ ਗਲਤੀ ਪਰਿਪੱਕ ਹੋ ਕੇ ਆਦਤ ਬਣ ਜਾਂਦੀ ਹੈ। ਜੇ ਕਿਸੇ ਬੱਚੇ ਨੂੰ ਸ਼ੁਰੂਆਤੀ ਜਮਾਤਾਂ ਵਿੱਚ ਜਾਗਰੂਕ ਨਹੀਂ ਕੀਤਾ ਜਾਂਦਾ ਹੈ ਕਿ ਕੱਚੀ ਲਿਖਤ ਸਵੀਕਾਰਯੋਗ ਨਹੀਂ ਹੈ ਅਤੇ ਜੇਕਰ ਉਸ ਬੱਚੇ ਨੂੰ ਸੋਹਣਾ ਲਿਖਣ ਦਾ ਅਭਿਆਸ ਨਾ ਕਰਵਾਇਆ ਜਾਵੇ ਤਾਂ ਉਹ ਬੱਚਾ ਮਾੜਾ ਲਿਖਣ ਦਾ ਆਦੀ ਹੋ ਜਾਵੇਗਾ। ਬਚਪਨ ਵਿੱਚ ਜਿੱਥੇ ਗਲਤੀਆਂ ਨੂੰ ਸੁਧਾਰਨਾ ਸੋਖਾ ਹੈ, ਉੱਥੇ ਭਵਿੱਖ ਵਿੱਚ ਆਦਤਾਂ ਨੂੰ ਬਦਲਣਾ ਬਹੁਤ ਹੀ ਔਖਾ ਹੈ। "ਜੇ ਕਿਸੇ ਬੁਰੀ ਆਦਤ ਨੂੰ ਸਮੇਂ ਸਿਰ ਨਾ ਬਦਲਿਆ ਜਾਵੇ, ਤਾਂ ਬੁਰੀ ਆਦਤ ਸਮਾਂ ਬਦਲ ਦਿੰਦੀ ਹੈ।" ਗਲਤੀ ਮੰਨ ਲਈ ਜਾਵੇ ਤਾਂ ਹੀ ਉਸਦਾ ਵਿਸ਼ਲੇਸ਼ਣ ਕਰਕੇ ਉਸ ਦਾ ਹੱਲ ਲੱਭਿਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਅਸੀਂ ਗਲਤੀ ਨਾ ਕਰਨ ਲਈ ਸੁਚੇਤ ਹੋਵਾਂਗੇ, ਜਿਸ ਨਾਲ ਗਲਤੀ ਦੁਹਰਾਉਣ ਦੀ ਸੰਭਾਵਨਾ ਘੱਟ ਜਾਵੇਗੀ ਅਤੇ ਹੱਲ ਲੱਭਣ ਦਾ ਮੌਕਾ ਮਿਲੇਗਾ। ਮਨੁੱਖੀ ਜੀਵਨ ਅਸਥਾਈ ਹੈ,ਭਾਵ ਮਨੁੱਖੀ ਜੀਵਨ ਦਾ ਸਮਾਂ ਬਹੁਤ ਛੋਟਾ ਹੈ। ਇਸ ਛੋਟੀ ਜਿਹੀ ਜ਼ਿੰਦਗੀ ਵਿੱਚ ਇਨਸਾਨ ਆਪਣੇ ਤਜਰਬਿਆਂ ਤੋਂ ਹੀ ਸਿੱਖਦਾ ਹੈ, ਪਰ ਕੀ ਸਿਰਫ਼ ਆਪਣੇ ਅਨੁਭਵਾਂ ਤੋਂ ਹੀ ਸਿੱਖਣਾ ਕਾਫ਼ੀ ਹੈ ? ਆਚਾਰੀਆ ਚਾਣਕਯ ਦੇ ਅਨੁਸਾਰ "ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖੋ,ਆਪਣੇ ਆਪ 'ਤੇ ਤਜ਼ਰਬਾ ਕਰਕੇ ਸਿੱਖਣ ਨਾਲ ਤੁਹਾਡੀ ਜ਼ਿੰਦਗੀ ਘੱਟ ਰਹਿ ਜਾਵੇਗੀ।"
ਭਾਵ ਜੇਕਰ ਅਸੀਂ ਆਪਣੇ ਹੀ ਜੀਵਨ ਪ੍ਰਯੋਗਾਂ ,ਅਨੁਭਵਾਂ ਤੋਂ ਸਿੱਖੀਏ ਤਾਂ ਸਾਡੀ ਜ਼ਿੰਦਗੀ ਛੋਟੀ ਪੈ ਜਾਵੇਗੀ। ਇਸ ਲਈ ਸਾਨੂੰ ਦੂਜੇ ਇਨਸਾਨਾਂ ਦੀਆਂ ਗ਼ਲਤੀਆਂ ਤੋਂ ਵੀ ਸਿੱਖਣਾ ਚਾਹੀਦਾ ਹੈ। ਜੇਕਰ ਭਵਿੱਖ ਵਿੱਚ ਕਦੇ ਵੀ ਸਾਡੇ ਨਾਲ ਉਹੀ ਘਟਨਾ ਵਾਪਰਦੀ ਹੈ, ਤਾਂ ਅਸੀਂ ਉਹੀ ਗਲਤੀ ਨਾ ਦੁਹਰਾਈਏ। ਦੂਜਿਆਂ ਦੀਆਂ ਗ਼ਲਤੀਆਂ ਦਾ ਮਜ਼ਾਕ ਨਾ ਉਡਾਓ ਸਗੋਂ ਉਨ੍ਹਾਂ ਤੋਂ ਸਿੱਖੋ। ਜੇਕਰ ਇਸ ਤਰ੍ਹਾਂ ਅਸੀਂ ਆਪਣੀਆਂ ਅਤੇ ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖਦੇ ਰਹਾਂਗੇ, ਤਾਂ ਅਸੀਂ ਬਿਨਾਂ ਸ਼ੱਕ ਸਫਲਤਾ ਦੇ ਆਪਣੇ ਰਸਤੇ ਨੂੰ ਸਰਲ, ਸਹਿਜ ਅਤੇ ਪਹੁੰਚਯੋਗ ਬਣਾ ਲਵਾਂਗੇ। ਮਹਾਨ ਵਿਅਕਤੀਆਂ ਅਨੁਸਾਰ" ਆਪਣੀਆਂ ਗਲਤੀਆਂ ਨੂੰ ਨਾ ਦੁਹਰਾਓ, ਸਗੋਂ ਇਹਨਾਂ ਤੋਂ ਸਿੱਖੋ।"
-
ਅੰਸ਼ੁਲ , ਹਿੰਦੀ ਅਧਿਆਪਕਾ ਗਣੇਸ਼ ਵਿਹਾਰ ਅਬੋਹਰਮ
*********
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.