ਇੱਕ ਹੀ ਸ਼ਬਦ ਦੀ ਵੱਖ-ਵੱਖ ਸੰਦਰਭਾਂ ਵਿੱਚ ਵਰਤੋਂ ਅਕਸਰ ਹੀ ਵੱਖੋ-ਵੱਖਰੇ ਅੰਦਾਜ਼ ਰੱਖਦੀ ਹੈ, ਜੋ ਵਾਜਬ ਵੀ ਹੋ ਸਕਦੀ ਹੈ ਤੇ ਗੈਰ-ਵਾਜਬ ਵੀ। ਰੋਜ਼ਾਨਾ ਜ਼ਿੰਦਗੀ ਦਾ ਇੱਕ ਅਜਿਹਾ ਹੀ ਸ਼ਬਦ ਹੈ - ਓਹਲਾ। ਗੱਲ ਜੇਕਰ ਕਿਸੇ ਤੋਂ ਓਹਲਾ ਰੱਖਣ ਦੀ ਕਰੀਏ ਤਾਂ ਕਈ ਸੰਦਰਭ ਸਾਹਮਣੇ ਆਉਂਦੇ ਹਨ। ਬਹੁਤ ਸਾਰੇ ਬੱਚੇ ਆਪਣੇ ਮਾਤਾ- ਪਿਤਾ ਤੋਂ ਅਕਸਰ ਕਈ ਗੱਲਾਂ ਦਾ ਓਹਲਾ ਰੱਖ ਲੈਂਦੇ ਹਨ ਤੇ ਕੁਝ ਅਜਿਹਾ ਹੀ ਵਰਤਾਰਾ ਕਈ ਵਾਰ ਮਾਪਿਆਂ ਵੱਲੋਂ ਬੱਚਿਆਂ ਤੋਂ ਕਈ ਗੱਲਾਂ ਦਾ ਓਹਲਾ ਰੱਖ ਲੈਣ 'ਚ ਵੀ ਮਿਲਦਾ ਹੈ। ਵਿਆਹ ਵੇਲੇ ਦੋ ਪਰਿਵਾਰਾਂ ਵਿੱਚ ਨਵਾਂ ਰਿਸ਼ਤਾ ਜੁੜਦੇ ਸਮੇਂ ਵਿਚੋਲਾ ਕੁੜੀ ਤੇ ਮੁੰਡੇ ਵਾਲਿਆਂ ਦੇ ਪਰਿਵਾਰਾਂ ਤੋਂ ਇੱਕ-ਦੂਜੇ ਦੀਆਂ ਕਮਜ਼ੋਰੀਆਂ ਦਾ ਅਕਸਰ ਹੀ ਪਰਦਾ ਰੱਖ ਲੈਂਦੇ ਹਨ, ਕਿਤੇ ਨਾ ਕਿਤੇ ਇਹ ਜ਼ਰੂਰੀ ਵੀ ਹੈ ਕਿਉਂਕਿ ਜੇਕਰ ਏਨਾ ਕੁ ਪਰਦਾ ਨਾ ਰੱਖਿਆ ਜਾਵੇ ਤਾਂ ਸ਼ਾਇਦ ਕੋਈ ਰਿਸ਼ਤਾ ਸਿਰੇ ਵੀ ਨਾ ਚੜ੍ਹੇ। ਅਧਿਆਪਕ ਵੀ ਆਪਣੀ ਜਮਾਤ ਦੇ ਬੱਚਿਆਂ ਦੀਆਂ ਕਈ ਗ਼ਲਤੀਆਂ ਦਾ ਮਾਪਿਆਂ ਤੇ ਮੁੱਖ ਅਧਿਆਪਕ ਤੋਂ ਓਹਲਾ ਰੱਖ ਲੈਂਦਾ ਹੈ ਤਾਂ ਜੋ ਬੱਚੇ ਨੂੰ ਜ਼ਿਆਦਾ ਸਜ਼ਾ ਨਾ ਮਿਲੇ।
ਡਾਕਟਰ ਵੀ ਆਪਣੇ ਮਰੀਜ਼ ਤੋਂ ਉਸਦੀ ਮਰਜ਼ ਦਾ ਇਹ ਸੋਚ ਕੇ ਓਹਲਾ ਰੱਖ ਲੈਂਦੇ ਹਨ ਕਿ ਜੇਕਰ ਮਰੀਜ਼ ਨੂੰ ਆਪਣੀ ਅਸਲੀ ਸਥਿਤੀ ਦਾ ਪਤਾ ਲੱਗ ਗਿਆ ਤਾਂ ਕਿਤੇ ਉਹ ਹੌਂਸਲਾ ਨਾ ਛੱਡ ਦੇਵੇ। ਅਕਸਰ ਮਕਾਨ ਬਣਾਉਣ ਵਾਲਾ ਮਿਸਤਰੀ ਵੀ ਮਕਾਨ ਮਾਲਕ ਤੋਂ ਮਕਾਨ ਬਣਾਉਣ ਸਮੇਂ ਲਗਾਏ ਗਏ ਮਾਲ ਅਤੇ ਖਰਚੇ ਦਾ ਓਹਲਾ ਰੱਖ ਲੈਂਦਾ ਹੈ, ਉਸ ਨੂੰ ਡਰ ਹੁੰਦਾ ਹੈ ਕਿ ਜੇਕਰ ਉਹ ਸਹੀ ਖਰਚਾ ਦੱਸ ਦੇਵੇਗਾ ਤਾਂ ਕਿਤੇ ਮਕਾਨ ਮਾਲਿਕ ਮਕਾਨ ਬਣਾਉਣ ਦਾ ਹੌਂਸਲਾ ਨਾ ਛੱਡ ਦੇਵੇ ਪਰੰਤੂ ਇਸ ਓਹਲੇ ਵਿੱਚ ਖ਼ੁਦਗਰਜ਼ੀ ਛੁਪੀ ਹੁੰਦੀ ਹੈ। ਜੇਕਰ ਮਾਂ ਦੀ ਗੱਲ ਕਰੀਏ ਤਾਂ ਉਹ ਆਪਣੀ ਔਲਾਦ ਦੀਆਂ ਅਨੇਕਾਂ ਛੋਟੀਆਂ- ਵੱਡੀਆਂ ਗ਼ਲਤੀਆਂ ਦਾ ਓਹਲਾ ਆਪਣੇ ਪਤੀ ਕੋਲੋਂ ਰੱਖ ਲੈਂਦੀ ਹੈ ਤਾਂ ਜੋ ਪਿਤਾ ਤੇ ਬੱਚਿਆਂ ਦੇ ਰਿਸ਼ਤੇ ਵਿੱਚ ਕੋਈ ਤਰੇੜ ਨਾ ਆ ਜਾਵੇ।
ਜੇਕਰ ਕੋਈ ਤਿੰਨ ਵਿਅਕਤੀ ਇਕੱਠੇ ਖੜ੍ਹੇ ਗੱਲਾਂ ਕਰ ਰਹੇ ਹਨ ਤਾਂ ਦੋ ਵਿਅਕਤੀ ਤੀਸਰੇ ਤੋਂ ਇਸ ਕਰਕੇ ਅਲੱਗ ਹੋ ਕੇ ਗੱਲ ਕਰਦੇ ਹਨ ਕਿਉਂਕਿ ਉਹ ਤੀਸਰੇ ਬੰਦੇ ਤੋਂ ਆਪਣੀ ਗੱਲ ਦਾ ਓਹਲਾ ਰੱਖਣ ਦਾ ਭਾਵ ਰੱਖਦੇ ਹਨ। ਜਦੋਂ ਕੋਈ ਲੋਨ ਵਾਲੀ ਕੰਪਨੀ ਜਾਂ ਬੈਂਕ ਆਪਣੇ ਗ੍ਰਾਹਕ ਤੋਂ ਲੋਨ ਦੇ ਐਗਰੀਮੈਂਟ ਤੇ ਹਸਤਾਖ਼ਰ ਕਰਵਾਉਂਦੀ ਹੈ ਤਾਂ ਉਹਨਾਂ ਨੇ ਐਗਰੀਮੈਂਟ ਵਾਲੇ ਅੱਖਰਾਂ ਦਾ ਫੌਂਟ ਬਹੁਤ ਹੀ ਬਰੀਕ ਰੱਖਿਆ ਹੁੰਦਾ ਹੈ ਤਾਂ ਜੋ ਗ੍ਰਾਹਕ ਉਸਨੂੰ ਚੰਗੀ ਤਰਾਂ ਪੜ੍ਹ ਨਾ ਸਕੇ, ਇਸ ਚੱਕਰ ਵਿੱਚ ਕਿੰਨੇ ਹੀ ਵਿਅਕਤੀ ਇਸ ਮਹਾਂ ਠੱਗੀ ਦਾ ਅਰਾਮ ਨਾਲ ਸ਼ਿਕਾਰ ਹੋ ਜਾਂਦੇ ਹਨ। ਆਮ ਤੌਰ ਤੇ ਸਾਂਝੇ ਪਰਿਵਾਰ ਵਿੱਚ ਵੀ ਸਾਰੇ ਆਦਮੀ ਤੇ ਘਰ ਦਾ ਮੁਖੀ ਆਪਣੀ ਕਬੀਲਦਾਰੀ ਬਾਰੇ ਘਰ ਵਿਚਲੀਆਂ ਔਰਤਾਂ ਨੂੰ ਭੇਤ ਦੇਣਾ ਵਾਜਬ ਨਹੀਂ ਸਮਝਦੇ, ਉਹਨਾਂ ਦਾ ਮੰਨਣਾ ਹੁੰਦਾ ਹੈ ਕਿ ਔਰਤ ਦਾ ਇਸ ਮਸਲੇ ਵਿੱਚ ਮਾਜਣਾ ਜ਼ਰਾ ਘੱਟ ਹੀ ਹੁੰਦਾ ਹੈ ਤੇ ਉਹ ਨਿੱਕੀ ਜਿਹੀ ਗੱਲ ਪਤਾ ਲੱਗਣ ਤੇ ਕਲੇਸ਼ ਖੜ੍ਹਾ ਕਰ ਸਕਦੀ ਹੈ ।
ਨਵ-ਵਿਆਹੁਤਾ ਲੜਕੀ ਦਾ ਆਪਣੇ ਸਹੁਰੇ ਪਰਿਵਾਰ ਤੋਂ ਪੇਕਿਆਂ ਦੀਆਂ ਕੁਝ ਗੱਲਾਂ ਦਾ ਓਹਲਾ ਰੱਖਣਾ ਓਨਾ ਹੀ ਜ਼ਰੂਰੀ ਹੈ, ਜਿੰਨਾ ਕਿ ਉਸਦੇ ਸਹੁਰੇ ਘਰ ਦੀਆਂ ਗੱਲਾਂ ਦਾ ਓਹਲਾ ਆਪਣੇ ਪੇਕਿਆਂ ਤੋਂ ਰੱਖਣਾ, ਕਿਉਂਕਿ ਬਹੁਤੇ ਰਿਸ਼ਤਿਆਂ ਦੀ ਭਲਾਈ ਅਜਿਹਾ ਕਰਨ ਵਿੱਚ ਹੀ ਹੁੰਦੀ ਹੈ। ਨਹੀਂ ਤਾਂ ਬਿਨ੍ਹਾਂ ਵਜਾਹ ਲੜ੍ਹਾਈ ਦਾ ਬਖੇੜਾ ਖੜ੍ਹਾ ਹੋ ਸਕਦਾ ਹੈ ਤੇ ਕਈ ਵਾਰ ਤਾਂ ਨੌਬਤ ਤਲਾਕ ਤੱਕ ਵੀ ਪਹੁੰਚ ਜਾਂਦੀ ਹੈ। ਸੋ, ਉੱਪਰਲੀ ਵਿਚਾਰ ਚਰਚਾ ਤੋਂ ਇਹੋ ਸਿੱਟਾ ਨਿੱਕਲਦਾ ਹੈ ਕਿ ਜੇਕਰ ਕਿਸੇ ਗੱਲ ਦਾ ਓਹਲਾ ਕਿਸੇ ਦੀ ਭਲਾਈ ਲਈ ਰੱਖਿਆ ਜਾ ਰਿਹਾ ਹੈ ਤਾਂ ਇਸ ਵਿਚ ਕੋਈ ਬੁਰਾਈ ਨਹੀਂ ਸਮਝਣੀ ਚਾਹੀਦੀ, ਪਰੰਤੂ ਜਿਸ ਗੱਲ ਦਾ ਪਰਦੇ ਵਿੱਚ ਰਹਿਣਾ ਵਕਤ ਪੈਣ ਤੇ ਖਤਰਨਾਕ ਸਾਬਤ ਹੋਵੇ ਤਾਂ ਉਸਦਾ ਓਹਲਾ ਰੱਖਣ ਤੋਂ ਗੁਰੇਜ਼ ਹੀ ਕਰ ਲਿਆ ਜਾਵੇ ਤਾਂ ਬਿਹਤਰ ਹੁੰਦਾ ਹੈ।
-
ਪ੍ਰਿੰਸੀਪਲ ਰੰਧਾਵਾ ਸਿੰਘ ਪਟਿਆਲਾ , ਲੇਖਕ
jakhwali89@gmail.com
9417131332
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.