ਪੰਜਾਬ ਦਾ ਇਤਿਹਾਸਕ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਜੋ ਪਹਿਲਾਂ ਜ਼ਿਲ੍ਹਾ ਫ਼ਰੀਦਕੋਟ ਦਾ ਹੀ ਹਿੱਸਾ ਸੀ ਨਵੰਬਰ, 1995 ਨੂੰ ਬਤੌਰ ਜ਼ਿਲ੍ਹਾ ਹੋਂਦ ਵਿੱਚ ਆਇਆ।ਪਹਿਲਾਂ ਇਸ ਸ਼ਹਿਰ ਦਾ ਨਾਮ ਮੁਕਤਸਰ ਸੀ। ਫਰਵਰੀ 2012 ਵਿੱਚ ਇਸਦਾ ਨਾਮ 'ਮੁਕਤਸਰ'ਤੋਂ ਬਦਲ ਕੇ 'ਸ਼੍ਰੀ ਮੁਕਤਸਰ ਸਾਹਿਬ'ਰੱਖ ਦਿੱਤਾ ਗਿਆ। ਇਸ ਸ਼ਹਿਰ ਨੂੰ '40 ਮੁਕਤਿਆਂ ਦੀ ਧਰਤ ਵਜੋਂ' ਜੋ ਮਾਣ ਮਿਲਿਆ ਉਹ ਇਸਨੂੰ ਧਾਰਮਿਕ ਅਤੇ ਸਮਾਜਿਕ ਤੌਰ 'ਤੇ ਵਿਲੱਖਣਤਾ ਪ੍ਰਦਾਨ ਕਰਦਾ ਹੈ। ਇਸ ਇਤਿਹਾਸਕ ਸ਼ਹਿਰ ਦਾ ਪਹਿਲਾ ਨਾਂ ਖਿਦਰਾਣਾ ਸੀ। ਧਰਤ ਹੇਠਲਾ ਪਾਣੀ ਖਾਰਾ ਹੋਣ ਕਰਕੇ ਅਤੇ ਇਲਾਕਾ ਜੰਗਲੀ ਹੋਣ ਕਰਕੇ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਜਲਾਲਾਬਾਦ ਦੇ ਵਸਨੀਕ ਖਦਰਾਣੇ ਨੇ ਉਸ ਸਮੇਂ ਇੱਥੇ ਬਰਸਾਤੀ ਪਾਣੀ ਇਕੱਠਾ ਕਰਨ ਲਈ ਇੱਕ ਢਾਬ ਖੁਦਵਾਈ ਸੀ, ਜਿਸ ਕਰਕੇ ਇਸ ਇਲਾਕੇ ਨੂੰ 'ਖਿਦਰਾਣੇ ਦੀ ਢਾਬ' ਨਾਂ ਨਾਲ਼ ਵੀ ਜਾਣਿਆ ਜਾਣ ਲੱਗਿਆ ਸੀ।
ਇਸੇ ਥਾਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਵਿਰੁੱਧ ਆਪਣੀ ਆਖਰੀ ਲੜਾਈ ਲੜੀ, ਜਿਸਨੂੰ ਖਿਦਰਾਣੇ ਦੀ ਲੜਾਈ ਵਜੋਂ ਜਾਣਿਆ ਜਾਂਦਾ ਹੈ।ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 1705 ਈ ਵਿੱਚ ਧਰਮ ਯੁੱਧ ਕਰਦਿਆਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨਾਲੋਂ ਵਿੱਛੜ ਗਿਆ। ਜਦ ਉਹ ਦੁਸ਼ਮਣਾਂ ਦੀਆਂ ਫ਼ੌਜਾਂ ਨਾਲ਼ ਵੱਖ ਵੱਖ ਥਾਵਾਂ 'ਤੇ ਭਿੜਦੇ ਹੋਏ ਮਾਲਵੇ ਦੀ ਧਰਤੀ 'ਤੇ ਪਹੁੰਚ ਗਏ ਤਾਂ ਕੋਟਕਪੂਰੇ ਪਹੁੰਚ ਕੇ ਗੁਰੂ ਸਾਹਿਬ ਨੇ ਚੌਧਰੀ ਕਪੂਰੇ ਪਾਸੋਂ ਮੁਗਲ ਫੌਜਾਂ ਦਾ ਟਾਕਰਾ ਕਰਨ ਲਈ ਕਿਲ੍ਹੇ ਦੀ ਮੰਗ ਕੀਤੀ। ਮੁਗਲ ਹਾਕਮਾਂ ਤੋਂ ਡਰਦਿਆਂ ਕਪੂਰੇ ਚੌਧਰੀ ਨੇ ਗੁਰੂ ਸਾਹਿਬਾਨ ਨੂੰ ਕਿਲ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਉਪਰੰਤ ਗੁਰੂ ਸਾਹਿਬ ਆਪਣੀਆਂ ਖਾਲਸਾ ਫੌਜਾਂ ਸਮੇਤ 'ਖਿਦਰਾਣੇ' ਵੱਲ ਚੱਲ ਪਏ। 'ਖਿਦਰਾਣੇ ਦੀ ਢਾਬ' 'ਤੇ ਪਹੁੰਚ ਕੇ ਖਾਲਸਾ ਫੌਜਾਂ ਨੇ ਆਪਣੇ ਤੰਬੂ ਗੱਡ ਦਿੱਤੇ। ਇਸੇ ਦੌਰਾਨ ਕਪੂਰੇ ਚੌਧਰੀ ਦੁਆਰਾ ਗੁਰੂ ਜੀ ਦਾ ਰਸਤਾ ਦੱਸਣ 'ਤੇ ਪਿੱਛਾ ਕਰਦੀ ਮੁਗਲ ਫੌਜ ਸਰਹਿੰਦ ਦੇ ਸੂਬੇਦਾਰ ਦੀ ਰਹਿਨੁਮਾਈ ਹੇਠ ਪਹੁੰਚ ਗਈ। ਗੁਰੂ ਜੀ ਅਤੇ ਉਹਨਾਂ ਦੇ ਉਹ 40 ਸਿੰਘ ਜਿੰਨਾਂ ਨੇ ਗੁਰੂ ਜੀ ਨੂੰ ਸਾਥ ਛੱਡਣ ਲਈ ਆਨੰਦਪੁਰ ਸਾਹਿਬ ਵਿਖੇ ਬੇਦਾਵਾ ਲਿਖ ਕੇ ਦੇ ਦਿੱਤਾ ਸੀ, ਉਹ ਵੀ ਗੁਰੂ ਨਾਲ਼ ਮੁੜ ਆ ਰਲ਼ੇ ਅਤੇ ਮੋਰਚੇ ਕਾਇਮ ਕਰਕੇ ਮੁਗਲ ਫੌਜਾਂ ਅੱਗੇ ਡਟ ਗਏ। 'ਖਿਦਰਾਣੇ ਦੀ ਢਾਬ' ਦੇ ਆਸ ਪਾਸ ਉੱਗੀਆਂ ਝਾੜੀਆਂ ਦਾ ਆਸਰਾ ਲੈ ਕੇ ਖਾਲਸਾ ਫੌਜਾਂ ਨੇ ਮੁਗਲ ਫੌਜਾਂ ਉੱਤੇ ਇੱਕਦਮ ਹੱਲਾ ਬੋਲ ਦਿੱਤਾ। ਲੜਾਈ ਦੌਰਾਨ ਸਿੱਖ ਫੌਜਾਂ ਦੀ ਬਹਾਦਰੀ ਵੇਖ ਮੁਗਲ ਫੌਜ ਜੰਗ ਦੇ ਮੈਦਾਨ ਵਿੱਚੋਂ ਥਿੜਕ ਗਈ, ਮੁਗਲ ਫੌਜ ਦੇ ਸਿਪਾਹੀ ਆਪਣੀ ਜਾਨ ਬਚਾਉਣ ਲਈ ਵਾਪਸ ਭੱਜਣ ਲੱਗੇ। ਇਸ ਲੜਾਈ ਵਿੱਚ ਮੁਗਲ ਫੌਜਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਗੁਰੂ ਜੀ ਦੀ ਫੌਜ ਵਿੱਚੋਂ ਭਾਈ ਮਹਾਂ ਸਿੰਘ ਸਮੇਤ ਬਾਕੀ ਸਿੰਘ ਵੀ ਸ਼ਹੀਦ ਹੋ ਗਏ। ਇਹ ਭਾਈ ਮਹਾਂ ਸਿੰਘ ਉਨ੍ਹਾਂ 40 ਸਿੰਘਾਂ ਦੇ ਅਗਵਾਈ ਕਰਤਾ ਸਨ ਜਿਹੜੇ ਆਨੰਦਪੁਰ ਸਾਹਿਬ ਵਿਖੇ ਗੁਰੂ ਜੀ ਦਾ ਸਾਥ ਛੱਡ ਗਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਜ਼ਖਮੀ ਹੋਏ ਭਾਈ ਮਹਾਂ ਸਿੰਘ ਨੂੰ ਆਪਣੀ ਗੋਦੀ ਵਿੱਚ ਲਿਆ ਅਤੇ ਉਸ ਦੁਆਰਾ ਬੇਦਾਵਾ ਪਾੜਨ ਦੀ ਕੀਤੀ,ਬੇਨਤੀ ਨੂੰ ਮੰਨਦਿਆਂ 40 ਸਿੰਘਾਂ ਦੇ ਉਸ ਬੇਦਾਵੇ ਨੂੰ ਪਾੜ ਕੇ ਉਨ੍ਹਾਂ ਨੂੰ 40 ਮੁਕਤਿਆਂ ਦਾ ਨਾਂ ਦਿੱਤਾ।ਭਾਈ ਮਹਾਂ ਸਿੰਘ ਨੇ ਆਪਣੇ ਸਾਥੀਆਂ ਨਾਲ਼ ਸ਼ਹੀਦੀ ਪ੍ਰਾਪਤ ਕੀਤੀ।ਅੱਜ ਵੀ ਗੁਰੂ ਘਰਾਂ ਵਿੱਚ ਕੀਤੀ ਜਾਣ ਵਾਲੀ ਅਰਦਾਸ ਵਿੱਚ ਇਹਨਾਂ 40 ਮੁਕਤਿਆਂ ਦਾ ਜਿਕਰ ਆਉਂਦਾ ਹੈ। ਇਸੇ ਜਗ੍ਹਾ 'ਤੇ ਹੀ ਮਾਤਾ ਭਾਗ ਕੌਰ ਨੇ ਆਪਣੀ ਯੁੱਧ ਕਲਾ ਦੇ ਜੌਹਰ ਵਿਖਾਏ ਅਤੇ ਸਿੱਖ ਫੌਜਾਂ ਨਾਲ਼ ਰਲਕੇ ਮੁਗਲਾਂ ਨਾਲ਼ ਲੜਾਈ ਕਰਦਿਆਂ ਜ਼ਖ਼ਮੀ ਹੋਏ। ਸ਼੍ਰੀ ਮੁਕਤਸਰ ਸਾਹਿਬ ਨੂੰ ਇਸੇ ਲੜਾਈ ਨੇ 'ਮੁਕਤਿਆਂ ਦੀ ਧਰਤ' ਹੋਣ ਦਾ ਮਾਣ ਦਿਵਾਇਆ। 40 ਮੁਕਤਿਆਂ ਦੀ ਇਸ ਪਵਿੱਤਰ ਧਰਤੀ ਨੂੰ ਸਿਜਦਾ ਕਰਨ ਹਰ ਸਾਲ ਪਹਿਲੀ ਮਾਘ ਨੂੰ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਦੂਰ ਦੁਰਾਡੇ ਇਲਾਕਿਆਂ ਵਿੱਚੋਂ ਆਉਂਦੇ ਹਨ। ਇੱਥੇ ਬਣੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਸੰਗਤਾਂ ਆਪਣੇ ਜੀਵਨ ਨੂੰ ਸਫ਼ਲ ਕਰਦੀਆਂ ਹਨ। ਸ਼੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲਾ ਇਹ 'ਮਾਘੀ ਦਾ ਮੇਲਾ' ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਬੈਠੀਆਂ ਸਿੱਖ ਸੰਗਤਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਸ਼ਹਿਰ ਵਿਖੇ ਸੰਗਤਾਂ ਗੁਰਦੁਆਰਾ ਟੁਟੀ ਗੰਢੀ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਮਾਤਾ ਭਾਗ ਕੌਰ, ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਰਕਾਬਸਰ ਸਾਹਿਬ ਅਤੇ ਗੁਰਦੁਆਰਾ ਦਾਤਣਸਰ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਹੋਇਆਂ 40 ਮੁਕਤਿਆਂ ਸਮੇਤ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀਆਂ ਹਨ। ਅਜੋਕੇ ਸਮੇਂ ਵਿੱਚ ਜਿੱਥੇ ਮੇਲਿਆਂ ਦਾ ਪ੍ਰਚਲਨ ਪੰਜਾਬ ਵਿੱਚ ਘਟਿਆ ਹੈ ਉੱਥੇ ਹੀ ਮਾਘੀ ਦਾ ਮੇਲਾ ਹਰ ਸਾਲ ਆਪਣੇ ਨਵੇਂ ਜਲੌਅ ਵਿੱਚ ਦੇਖਣ ਨੂੰ ਮਿਲਦਾ ਹੈ। ਭਰਵੀਂ ਠੰਢ ਵਿੱਚ ਲੱਗਣ ਵਾਲੇ ਇਸ ਮੇਲੇ ਵਿੱਚ ਦੂਰੋਂ ਨੇੜਿਓਂ ਆਉਦੇ ਲੱਖਾਂ ਸ਼ਰਧਾਲੂਆਂ ਲਈ ਰਸਤਿਆਂ ਵਿੱਚ ਨਗਰਾਂ ਅਤੇ ਸ਼ਹਿਰਾਂ ਵਿੱਚ ਹਜ਼ਾਰਾਂ ਲੰਗਰਾਂ ਅਤੇ ਧਰਮਸ਼ਾਲਾਵਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਹ ਮੇਲਾ ਆਪਣੇ ਇਕੱਠ ਕਰਕੇ ਪੂਰੀ ਦੁਨੀਆਂ ਵਿੱਚ ਜਾਣਿਆਂ ਜਾਂਦਾ ਹੈ।
-
ਪ੍ਰਿੰਸੀਪਲ ਜਸਵੀਰ ਸਿੰਘ, ਬੇਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ), ਭੁੱਚੋ ਮੰਡੀ (ਬਠਿੰਡਾ)
ashokbti34@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.