ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਸ ਧਰਤੀ ਉੱਪਰੋਂ ਜ਼ੁਲਮ ਦਾ ਖਾਤਮਾ ਕਰਕੇ ਧਰਮ ਦੀ ਸਥਾਪਨਾ ਕਰਨ ਹਿੱਤ ਹੋਈਆਂ ਜੰਗਾਂ ਵਿੱਚੋਂ ਸ੍ਰੀ ਮੁਕਤਸਰ ਸਾਹਿਬ ਦਾ ਧਰਮ ਯੁੱਧ ਆਪਣੇ ਅੰਦਰ ਇਕ ਨਿਵੇਕਲੀ ਦਾਸਤਾਨ ਨੂੰ ਸਮੋਈ ਬੈਠਾ ਹੈ। ਸ੍ਰੀ ਮੁਕਤਸਰ ਸਾਹਿਬ ਨੂੰ ਪਹਿਲਾਂ ਖਿਦਰਾਣੇ ਦੀ ਢਾਬ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਕਿਉਂਕਿ ਚਾਰੇ ਪਾਸਿਉਂ ਮੀਂਹ ਦਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਸੀ। ਰੇਤਲੇ ਇਲਾਕੇ ਵਿਚ ਪਾਣੀ ਦੀ ਬੇਹੱਦ ਘਾਟ ਹੋਣ ਕਾਰਨ ਇਹ ਢਾਬ ਆਸ-ਪਾਸ ਦੇ ਇਲਾਕੇ ਦੇ ਲੋਕਾਂ ਲਈ ਪਾਣੀ ਦੀ ਲੋੜ ਪੂਰਤੀ ਦਾ ਇਕ ਵੱਡਾ ਸਰੋਤ ਸੀ। ਰੇਤਲੇ ਟਿੱਬਿਆਂ ਵਾਲੀ ਇਸ ਧਰਤੀ ਨੂੰ ਭਾਗ ਕਿਵੇਂ ਲੱਗੇ ਇਹ ਇਤਿਹਾਸ ਦੀ ਬੇਮਿਸਾਲ ਦਾਸਤਾਨ ਹੈ।
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਖ਼ਾਤਰ ਲੜੀਆਂ ਜੰਗਾਂ ਵਿਚ ਬਹਾਦਰੀ ਨਾਲ ਦੁਸ਼ਮਣਾਂ ਦਾ ਟਾਕਰਾ ਕੀਤਾ ਅਤੇ ਸਦਾ ਚੜ੍ਹਦੀ ਕਲਾ ਤੇ ਭਾਣੇ ਵਿਚ ਰਹੇ। ਪਹਾੜੀ ਰਾਜਿਆਂ ਨੇ ਗੁਰੂ ਜੀ ਦਾ ਮੁਕਾਬਲਾ ਕਰਨ ਲਈ ਔਰੰਗਜ਼ੇਬ ਅੱਗੇ ਫਰਿਆਦ ਕੀਤੀ ਉਸ ਨੇ ਪਹਾੜੀ ਰਾਜਿਆਂ ਦੀ ਮਦਦ ਲਈ ਲਾਹੌਰ ਅਤੇ ਸਰਹਿੰਦ ਦੇ ਸੂਬੇਦਾਰਾਂ ਨੂੰ ਫੁਰਮਾਨ ਜਾਰੀ ਕਰ ਦਿੱਤੇ, ਇਸ ਤਰ੍ਹਾਂ ਲਾਹੌਰ ਸਰਹਿੰਦ ਅਤੇ ਪਹਾੜੀ ਰਾਜਿਆਂ ਦੇ ਟਿੱਡੀ ਦਲਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਗੁਰੂ ਜੀ ਦੇ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡਟ ਕੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਖ਼ਾਲਸਾ ਫ਼ੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੇ ਹੌਂਸਲੇ ਪਸਤ ਹੋ ਗਏ ਪਰ ਲੰਬੇ ਸਮੇਂ ਤਕ ਨਿੱਤ ਦੀ ਲੜਾਈ ਕਾਰਨ ਖ਼ਾਲਸਾ ਫ਼ੌਜ ਦੀ ਗਿਣਤੀ ਘਟਦੀ ਜਾ ਰਹੀ ਸੀ। ਭਾਵੇਂ ਰਾਸ਼ਨ-ਪਾਣੀ ਵੀ ਮੁੱਕਦਾ ਜਾ ਰਿਹਾ ਸੀ, ਪਰ ਫਿਰ ਵੀ ਸਿੰਘ ਡਟਵਾਂ ਮੁਕਾਬਲਾ ਕਰ ਰਹੇ ਸਨ। ਕੁਝ ਸਿੰਘਾਂ ਨੇ ਗੁਰੂ ਜੀ ਨੂੰ ਕਿਲ੍ਹਾ ਛੱਡ ਦੇਣ ਦੀ ਸਲਾਹ ਵੀ ਦਿੱਤੀ, ਪਰੰਤੂ ਗੁਰੂ ਜੀ ਨੇ ਦੂਰ-ਅੰਦੇਸ਼ੀ ਨਾਲ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ ਇਸ ਦੇ ਬਾਵਜੂਦ ਕੁਝ ਸਿੰਘ ਡੋਲ ਗਏ, ਉਨ੍ਹਾਂ ਗੁਰੂ ਜੀ ਦਾ ਸਾਥ ਛੱਡ ਦਿੱਤਾ ਅਤੇ ਬੇਦਾਵਾ ਦੇ ਕੇ ਆਪਣੇ ਘਰਾਂ ਨੂੰ ਚਲੇ ਗਏ।
ਥੋੜ੍ਹੇ ਦਿਨਾਂ ਪਿੱਛੋਂ ਦੁਸ਼ਮਣ ਵੱਲੋਂ ਖਾਧੀਆਂ ਕਸਮਾਂ ਅਤੇ ਸਿੰਘਾਂ ਦੇ ਜ਼ੋਰ ਦੇਣ ’ਤੇ ਕਿਲ੍ਹਾ ਖਾਲੀ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਛੱਡ ਦਿੱਤਾ। ਕਿਲ੍ਹਾ ਖਾਲੀ ਕਰਨ ਦੀ ਦੇਰ ਸੀ ਕਿ ਦੁਸ਼ਮਣ ਫ਼ੌਜਾਂ ਨੇ ਸਭ ਕਸਮਾਂ ਇਕਰਾਰ ਭੁੱਲ ਕੇ ਪਿੱਛੋਂ ਹਮਲਾ ਕਰ ਦਿੱਤਾ ਸਿਰਸਾ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ, ਕੀਮਤੀ ਸਾਹਿਤ ਅਤੇ ਭਾਰੀ ਮਾਤਰਾ ਵਿਚ ਹੋਰ ਮਾਲ-ਅਸਬਾਬ ਕਈ ਸਿੰਘਾਂ ਸਮੇਤ ਸਿਰਸਾ ਵਿਚ ਆਏ ਹੜ ਦੀ ਭੇਂਟ ਚੜ੍ਹ ਗਿਆ।
ਉਧਰ ਬੇਦਾਵੀਆਂ ਸਿੱਖਾਂ ਦੇ ਘਰ ਪਹੁੰਚਣ ’ਤੇ ਉਨ੍ਹਾਂ ਦੀਆਂ ਮਾਤਾਵਾਂ, ਭੈਣਾਂ ਤੇ ਸੁਪਤਨੀਆਂ ਨੇ ਉਨ੍ਹਾਂ ਨੂੰ ਅਜਿਹੇ ਸਮੇਂ ਗੁਰੂ ਸਾਹਿਬ ਨੂੰ ਪਿੱਠ ਦੇ ਕੇ ਆਉਣ ’ਤੇ ਧਿਰਕਾਰਿਆ। ਸਿੰਘਣੀਆਂ ਦਾ ਰੋਹ ਜਾਗਿਆ ਦੇਖ ਕੇ ਬੇਦਾਵੀਏ ਸਿੰਘ ਮਾਤਾ ਭਾਗ ਕੌਰ ਦੀ ਅਗਵਾਈ ਵਿਚ ਸ਼ਹੀਦ ਹੋਣ ਲਈ ਚੱਲ ਪਏ। ਰਸਤੇ ਵਿਚ ਇਨ੍ਹਾਂ ਸਿੰਘਾਂ ਨੂੰ ਗੁਰੂ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਛੱਡਣ, ਚਮਕੌਰ ਸਾਹਿਬ ਦੀ ਜੰਗ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਦਿ ਦੇ ਸਮਾਚਾਰ ਜਦੋਂ ਮਾਲੂਮ ਹੋਏ, ਸਿੰਘਾਂ ਦਾ ਖੂੁਨ ਹੋਰ ਵੀ ਖੌਲ ਪਿਆ ਅਤੇ ਉਹ ਪੁੱਛਦੇ-ਪੁਛਾਉਂਦੇ ਜਿੱਧਰ ਨੂੰ ਗੁਰੂ ਜੀ ਗਏ ਸਨ, ਮਗਰੇ-ਮਗਰ ਤੁਰ ਪਏ, ਓਧਰ ਗੁਰੂ ਜੀ ਚਮਕੌਰ ਸਾਹਿਬ, ਮਾਛੀਵਾੜਾ, ਕਟਾਣੀ, ਕਨੇਚ, ਆਲਮਗੀਰ, ਮੋਹੀ, ਹੇਰ, ਕਮਾਲਪੁਰ, ਲੰਮੇ, ਸੀਲੋਆਣੀ, ਰਾਏਕੋਟ, ਦੀਨਾ, ਕੋਟਕਪੂਰਾ ਆਦਿ ਹੁੰਦੇ ਹੋਏ ਜਦ ਜੈਤੋ ਪੁੱਜੇ ਤਾਂ ਪਤਾ ਲੱਗਾ ਕਿ ਸੂਬਾ ਸਰਹਿੰਦ ਭਾਰੀ ਲਾਓ-ਲਸ਼ਕਰ ਨਾਲ ਆਪ ਦਾ ਪਿੱਛਾ ਕਰਦਾ ਹੋਇਆ ਆ ਰਿਹਾ ਹੈ।
ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ ਨਜ਼ਦੀਕ ਉਸ ਨਾਲ ਟਾਕਰਾ ਕਰਨਾ ਵਧੇਰੇ ਯੋਗ ਸਮਝਿਆ। ਮਾਝੇ ਦੇ ਸਿੰਘਾਂ ਦਾ ਜਥਾ ਜਦੋਂ ਕਲਗੀਧਰ ਪਾਤਸ਼ਾਹ ਜੀ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ਪਾਸ ਪੁੱਜਾ ਤਾਂ ਇਨ੍ਹਾਂ ਨੂੰ ਵੀ ਵਜ਼ੀਦ ਖਾਨ ਦੀ ਸੈਨਾ ਦੇ ਪੁੱਜਣ ਦੀ ਖ਼ਬਰ ਮਿਲੀ ਜਿਸ ’ਤੇ ਸਿੰਘਾਂ ਨੇ ਆਪੋ-ਆਪਣੇ ਮੋਰਚੇ ਸੰਭਾਲ ਲਏ। ਸਿੰਘਾਂ ਦੀ ਯੁੱਧ ਨੀਤੀ ਪੂਰੀ ਤਰ੍ਹਾਂ ਸਫਲ ਰਹੀ ਕਿਉਂਕਿ ਉਨ੍ਹਾਂ ਮੁਗ਼ਲ ਫ਼ੌਜਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਉੱਧਰ ਮਾਤਾ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਇਕ ਦਮ ਦੁਸ਼ਮਣ ਫ਼ੌਜ ’ਤੇ ਹੱਲਾ ਬੋਲ ਦਿੱਤਾ। ਸੈਂਕੜੇ ਮੁਗ਼ਲ ਸੈਨਿਕ ਮਾਰੇ ਗਏ।
ਦਸਮ ਪਿਤਾ ਇਕ ਉੱਚੀ-ਟਿੱਬੀ ’ਤੇ ਖੜ੍ਹੇ ਸਿੱਖਾਂ ਦੀ ਬੀਰਤਾ ਨੂੰ ਤੱਕ ਰਹੇ ਸਨ ਤੇ ਆਪਣੀ ਕਮਾਨ ਵਿੱਚੋਂ ਅਣੀਆਲੇ ਤੀਰ ਮੁਗ਼ਲ ਸੈਨਾਪਤੀਆਂ ਨੂੰ ਭੇਟ ਕਰੀ ਜਾ ਰਹੇ ਸਨ। ਬਹਾਦਰ ਸਿੰਘ ਤਲਵਾਰਾਂ ਲੈ ਕੇ ਮੁਗ਼ਲਾਂ ਉੱਤੇ ਟੁੱਟ ਪਏ। ਮੁਗ਼ਲਾਂ ਦੇ ਮੈਦਾਨੋਂ ਭੱਜ ਜਾਣ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਣਭੂਮੀ ਵਿਚ ਆ ਕੇ ਵੇਖਿਆ ਕਿ ਢਾਬ ਕੰਢੇ ਜ਼ਖਮੀ ਹਾਲ ਵਿਚ ਬੈਠੀ ਮਾਤਾ ਭਾਗੋ ਜੀ ਆਪਣੇ ਜ਼ਖਮਾਂ ਨੂੰ ਧੋ ਰਹੀ ਸੀ। ਮਾਤਾ ਭਾਗੋ ਜੀ ਨੇ ਪਾਤਸ਼ਾਹ ਨੂੰ ਸੂਰਬੀਰ ਸਿੰਘਾਂ ਦੀ ਬਹਾਦਰੀ ਅਤੇ ਸ਼ਹਾਦਤਾਂ ਦੀ ਗਾਥਾ ਸੁਣਾਈ। ਪਾਤਸ਼ਾਹ ਨੇ ਜੰਗ ’ਚ ਜੂਝੇ ਸੂਰਮਿਆਂ ਨੂੰ ਅਤਿਅੰਤ ਸਨੇਹ ਨਾਲ ਪੰਜ ਹਜ਼ਾਰੀ, ਸਤ ਹਜ਼ਾਰੀ, ਦਸ ਹਜ਼ਾਰੀ ਆਦਿ ਦਾ ਵਰ ਦਿੰਦੇ ਹੋਏ ਹਰੇਕ ਨੂੰ ਆਪਣੇ ਕਰ-ਕਮਲਾਂ ਨਾਲ ਪਲੋਸਿਆ। ਏਨੇ ਨੂੰ ਭਾਈ ਮਹਾਂ ਸਿੰਘ ਸਹਿਕਦਾ ਹੋਇਆ ਗੁਰੂ ਜੀ ਦੀ ਨਜ਼ਰੀਂ ਪਿਆ। ਪਾਤਸ਼ਾਹ ਨੇ ਉਸ ਦੇ ਸੀਸ ਨੂੰ ਜਦੋਂ ਗੋਦ ਵਿਚ ਲਿਆ ਅਤੇ ਉਸ ਦਾ ਮੂੰਹ ਪੂੰਝਿਆ ਤਾਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ। ਜਿਸ ਗੁਰੂ ਜੀ ਦਾ ਧਿਆਨ ਉਸ ਦੇ ਹਿਰਦੇ ਵਿਚ ਸੀ, ਉਨ੍ਹਾਂ ਦੀ ਗੋਦ ਵਿਚ ਹੀ ਉਹ ਉਨ੍ਹਾਂ ਦਾ ਦੀਦਾਰ ਕਰ ਰਿਹਾ ਸੀ।
ਗੁਰੂ ਕਲਗੀਧਰ ਜੀ ਨੇ ਗੋਦੀ ’ਚ ਲਏ ਭਾਈ ਮਹਾਂ ਸਿੰਘ ਦਾ ਅੰਤਮ ਸਮਾਂ ਨੇੜੇ ਆਉਂਦਾ ਵੇਖ ਉਸ ਦੇ ਜੀਵਨ ਦੀ ਕਿਸੇ ਇੱਛਾ ਬਾਰੇ ਜਦੋਂ ਪੁੱਛਿਆ, ਤਾਂ ਭਰੀਆਂ ਅੱਖਾਂ ਨਾਲ ਮਹਾਂ ਸਿੰਘ ਨੇ ਕਿਹਾ “ਉਤਮ ਭਾਗ ਹਨ, ਅੰਤ ਸਮੇਂ ਆਪ ਦੇ ਦਰਸ਼ਨ ਹੋ ਗਏ, ਸਭ ਇੱਛਾ ਪੂਰੀਆਂ ਹੋ ਗਈਆਂ ਹਨ। ਜੇ ਆਪ ਤੁੱਠੇ ਹੋ ਤਾਂ ਕਿਰਪਾ ਕਰੋ ਕਿ ਜਿਹੜੀ ਲਿਖਤ ਅਸੀਂ ਆਪ ਜੀ ਨੂੰ ਬੇਦਾਵੇ ਦੀ ਲਿਖ ਕੇ ਦੇ ਆਏ ਸਾਂ ਉਸ ਨੂੰ ਪਾੜ ਕੇ ਟੁੱਟੀ ਮੇਲ ਲਉ।” ਟੁੱਟੀ ਗੰਢਣਹਾਰ ਅਤੇ ਭੁੱਲਾਂ ਬਖਸ਼ਣਹਾਰ ਸਤਿਗੁਰੂ ਜੀ ਤੁੱਠ ਪਏ ਕਮਰਕੱਸੇ ਵਿੱਚੋਂ ਬੇਦਾਵੇ ਦਾ ਕਾਗਜ਼ ਕੱਢ ਕੇ ਪਾੜ ਦਿੱਤਾ। ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਨੂੰ ਬੇਦਾਵਾ ਪਾੜਦਿਆਂ ਦੇਖ ਅਤੇ ‘ਧੰਨ ਸਿੱਖੀ’ ਦੇ ਬੋਲ ਸੁਣ ਸਵਾਸ ਤਿਆਗ ਦਿੱਤੇ।
ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕਰਵਾ ਗੁਰੂ ਸਾਹਿਬ ਨੇ ‘ਖ਼ਾਲਸਾ ਮੇਰੋ ਰੂਪ ਹੈ ਖਾਸ’ ਦੇ ਸਿਧਾਂਤ ਨੂੰ ਅਮਲੀ ਰੂਪ ਦਿੰਦਿਆਂ ਢਾਬ ਨੂੰ ‘ਮੁਕਤੀ ਦਾ ਸਰ’ ਹੋਣ ਦਾ ਵਰਦਾਨ ਦਿੱਤਾ। ਅੱਜ ਇਹ ਸਥਾਨ ਸੰਸਾਰ ’ਚ ‘ਸ੍ਰੀ ਮੁਕਤਸਰ ਸਾਹਿਬ’ ਦੇ ਨਾਮ ਨਾਲ ਪ੍ਰਸਿੱਧ ਹੈ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਅੱਜ ਵੀ ਸਾਨੂੰ ਚਾਲੀ ਮੁਕਤਿਆਂ ਦੀ ਪੰਥਕ ਏਕਤਾ ਅਤੇ ਦੇਸ਼ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ੍ਹ ਕਰਵਾਉਂਦਾ ਹੈ ਅਤੇ ਸਾਨੂੰ ਵੀ ਦੇਸ਼, ਧਰਮ ਦੀ ਰੱਖਿਆ ਖ਼ਾਤਰ ਆਪਣਾ ਤਨ, ਮਨ, ਧਨ ਕੁਰਬਾਨ ਕਰਨ ਦੀ ਪ੍ਰੇਰਨਾ ਦਿੰਦਾ ਹੈ। ਆਓ ਮਾਘੀ ਦੇ ਸਾਲਾਨਾ ਜੋੜ-ਮੇਲ ਦੇ ਮੌਕੇ ਸ਼ਬਦ-ਗੁਰੂ ਦੇ ਲੜ ਲੱਗਦਿਆਂ ਖੰਡੇ-ਬਾਟੇ ਦੀ ਪਾਹੁਲ ਛਕ ਦਸਮੇਸ਼ ਪਿਤਾ ਦੇ ਸੱਚੇ ਸਪੂਤ ਬਣ ਆਪਣਾ ਜੀਵਨ ਸਫਲਾ ਕਰੀਏ। ਕਿਸੇ ਕਾਰਨ ਵਸ ਗੁਰਮਤਿ ਤੋਂ ਮੁਨਕਰ ਹੋ ਚੁੱਕਿਆਂ ਨੂੰ ਮੇਰੀ ਬੇਨਤੀ ਹੈ ਕਿ ਉਹ ਅੱਜ ਦੇ ਇਸ ਪਾਵਨ ਦਿਹਾੜੇ ਸਮੇਂ ਗੁਰੂ ਪਾਸੋਂ ਆਪਣੇ ਪਤਿਤਪੁਣੇ ਦਾ ਬੇਦਾਵਾ ਪੜਵਾ ਕੇ ਸਿੱਖੀ ਦੀ ਧਾਰਾ ਵਿਚ ਸ਼ਾਮਲ ਹੋਣ ਤੇ ਆਪਣੇ ਅਨਮੋਲ ਵਿਰਸੇ ਦੇ ਅਸਲ ਵਾਰਸ ਬਣਨ।
-
ਦਿਲਜੀਤ ਸਿੰਘ ਬੇਦੀ, ਲੇਖਕ
dsbedisgpc@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.