ਆਧੁਨਿਕ ਮਸ਼ੀਨੀ ਯੁੁੱਗ ਨੇ ਜਿੱਥੇ ਸਾਡੇ ਬਹੁਤ ਸਾਰੇ ਕੰਮਾਂ ਨੂੰ ਸੁਖਾਲ਼ਾ ਬਣਾ ਦਿੱਤਾ ਹੈ, ਉੱਥੇ ਪੁਰਾਣੀਆਂ ਬਹੁਤ ਸਾਰੀਆਂ ਵਿਰਾਸਤੀ ਚੀਜ਼ਾਂ ਨੂੰ ਸਾਡੇ ਤੋਂ ਮਨੋਂ ਵਿਸਾਰ ਦਿੱਤੀਆਂ ਨੇ । ਇਹਨਾਂ ਵਿੱਚੋਂ ਇੱਕ ਖਾਸ ਚੀਜ਼ ਹੈ ਮਧਾਣੀ, ਜੋ ਕਿ ਪੁਰਾਣੇ ਸਮੇਂ ਵਿੱਚ ਪਿੰਡ ਦੇ ਹਰ ਇੱਕ ਰਸੋਈ ਦਾ ਸ਼ਿੰਗਾਰ ਹੁੰਦੀ ਸੀ । ਮਧਾਣੀ ਦੀ ਸਹਾਇਤਾ ਨਾਲ ਦਹੀਂ ਨੂੰ ਮੱਖਣ ਵਿੱਚ ਬਦਲਿਆਂ ਜਾਂਦਾ ਸੀ ।ਜੇਕਰ ਇਸਦੀ ਬਣਤਰ ਦੀ ਗੱਲ ਕਰੀਏ ਤਾਂ ਇਹ ਲਗਪਗ ਢਾਈ- ਤਿੰਨ ਫੁੱਟ ਦਾ ਗੋਲ ਲੱਕੜੀ ਦਾ ਡੰਡਾ ਹੁੰਦਾ ਸੀ ਜਿਸ ਤੇ ਸਜਾਵਟ ਲਈ ਘੁੰਗਰੂ ਲਗਾਏ ਹੁੰਦੇ ਸਨ |ਇਸ ਦੇ ਹੇਠਲੇ ਸਿਰੇ ਤੇ ਪੌਣੀ ਕੁ ਗਿੱਠ ਦੇ ਦੋ ਟੁੱਕੜੇ, ਚਰਖੜੀ (ਕਰਾਸ) ਵਰਗੇ ਫਿੱਟ ਕੀਤੇ ਹੁੰਦੇ ਸਨ ।
ਡੰਡੇ ਦੇ ਉੱਪਰਲੇ ਸਿਰੇ ਤੇ ਕੁਝ ਵਾਢੇ ਜਿਹੇ ਗੋਲਾਈ ਵਿੱਚ ਹੁੰਦੇ ਸਨ। ਇਹ ਡੋਰੀ ਭਾਵ ਨੇਤਰੇ ਦਾ ਆਲੇ ਦੁਆਲੇ ਵਲ਼ ਦੇ ਕੇ ਮਧਾਣੀ ਚਲਾਉਣ ਦੇ ਮੰਤਵ ਲਈ ਹੁੰਦੇ ਸਨ। ਇਸ ਦੇ ਬਾਅਦ ਵਾਰੀ ਆਉਂਦੀ ਹੈ ਚਾਟੀ ਦੀ, ਜੋ ਮਿੱਟੀ ਦਾ ਖੁੱਲ੍ਹਾ ਭਾਂਡਾ ਹੁੰਦਾ ਹੈ, ਇਸ ਵਿੱਚ ਜੰਮੇ ਹੋਏ ਦੁੱਧ ਨੂੰ ਰਿੜਕਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਸੀ । ਇਸ ਤੋਂ ਅੱਗੇ ਗੱਲ ਕਰੀਏ ਕੁੜ ਦੀ, ਇਹ ਇੱਕ ਲੱਕੜ ਦਾ ਯੂ ਸ਼ਕਲ ਦੀ ਬਣਾਵਟ ਦਾ ਹੋਲਡਰ ਹੁੰਦਾ ਹੈ ਜਿਸਨੂੰ ਕੁੜ ਕਿਹਾ ਜਾਂਦਾ ਸੀ ,ਜਿਸ ਦੇ ਦੋਹਾਂ ਸਿਰਿਆਂ ਤੇ ਇੱਕ ਪੱਕੀ ਡੋਰੀ ਬੰਨ੍ਹੀ ਹੁੰਦੀ ਸੀ ,ਜਿਸ ਨੂੰ ਚਾਟੀ ਤੇ ਰੱਖ ਕੇ ਵਿੱਚੋਂ ਮਧਾਣੀ ਦਾ ਡੰਡਾ ਲੰਘਾਇਆ ਹੁੰਦਾ ਸੀ |
ਚਾਟੀ ਘੜਵੰਜੀ ਤੇ ਰੱਖ ਕੇ ਘੜਵੰਜੀ ਤੇ ਲੱਗੇ ਡੰਡੇ ਨਾਲ ਕੱਸ ਕੇ ਬੰਨ੍ਹ ਦਿੱਤਾ ਜਾਂਦਾ ਸੀ ਤਾਂ ਜੋ ਚਾਟੀ ਵਿੱਚ ਮਧਾਣੀ ਆਸਾਨੀ ਨਾਲ ਘੁੰਮ ਸਕੇ। ਮਧਾਣੀ ਘੁਮਾਉਣ ਲਈ ਨੇਤਰਾ ਭਾਵ ਇੱਕ ਡੋਰੀ ਮਧਾਣੀ ਦੇ ਉੱਪਰਲੇ ਸਿਰੇ ਕੋਲ ਵਲ਼ੀ ਹੁੰਦੀ ਸੀ , ਜਿਸਦੇ ਦੋਹਾਂ ਸਿਰਿਆਂ ਨੂੰ ਫੜਨ ਲਈ ਦੋ ਲੱਕੜ ਦੀਆਂ ਗੁੱਲੀਆਂ ਜਿਹੀਆਂ ਬੰਨ੍ਹੀਆਂ ਹੁੰਦੀਆਂ ਸਨ ਜਿਨ੍ਹਾਂ ਨੂੰ ਢੀਂਡੀਆਂ ਕਿਹਾ ਜਾਂਦਾ ਸੀ ਤੇ ਉਹਨਾਂ ਵਿੱਚ ਉਂਗਲਾਂ ਫਸਾ ਕੇ ਮਧਾਣੀ ਚਲਾਉਣ ਦਾ ਕੰਮ ਸੌਖੀ ਤਰ੍ਹਾਂ ਹੋ ਜਾਂਦਾ ਸੀ । ਦੁੱਧ ਰਿੜਕਣ ਦਾ ਕੰਮ ਸਵੇਰ ਤੋਂ ਸ਼ੁਰੂ ਕਰ ਦਿਤਾ ਜਾਂਦਾ ਸੀ। ਅੱਜ ਦੇ ਆਧੁਨਿਕ ਯੁੱਗ ਵਿੱਚ ਕਿਸੇ ਔਰਤ ਦੇ ਹੱਥਾਂ ਵਿੱਚ ਏਨਾ ਜ਼ੋਰ ਨਹੀਂ ਕਿ ਉਹ ਹੱਥੀਂ ਦੁੱਧ ਰਿੜਕ ਸਕੇ |ਹੁਣ ਹੱਥ ਨਾਲ ਚਲਾਉਣ ਵਾਲੀਆਂ ਮਧਾਣੀਆਂ ਦੀ ਵਰਤੋਂ ਦਿਨੋ ਦਿਨ ਘੱਟਦੀ ਜਾ ਰਹੀ ਹੈ। ਅੱਜਕਲ੍ਹ ਬਹੁਤੇ ਘਰਾਂ ਵਿਚ ਲੋਹੇ ਦੇ ਲੋਟੇ ਸਮੇਤ ਬਿਜਲੀ ਨਾਲ ਚੱਲਣ ਵਾਲੀਆਂ ਮਧਾਣੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜਕੱਲ ਪੁਰਾਣੀ ਹੱਥ ਰਿੜਕਣੀਆਂਮਧਾਣੀ ਚਲਾਉਣਾ ਬਹੁਤੀਆਂ ਘੱਟ ਔਰਤਾਂ ਨੂੰ ਆਉਂਦਾ ਹੈ | ਹੁਣ ਤੇ ਹੱਥ ਰਿੜਕਣੀਆਂ ਮਧਾਣੀਆਂ ਦਾ ਜ਼ਿਕਰ ਅਸੀਂ ਸਿਰਫ਼ ਲੋਕ ਗੀਤਾਂ ਜਾਂ ਬੋਲੀਆਂ ਵਿੱਚ ਵੀ ਹੀ ਸੁਣ ਸਕਦੇ ਹਾਂ ਜਿਵੇੰ:-
ਮਧਾਣੀਆਂ............ਹਾਏ ਉਏ ਮੇਰੇ ਡਾਢਿਆ ਰੱਬਾ,ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ!
ਮਧਾਣੀਆਂ ਮਧਾਣੀਆਂ ਮਧਾਣੀਆਂ,ਪੇਕੇ ਦੋਵੇ ਭੈਣਾਂ ਨੱਚੀਏ,ਸਹੁਰੇ ਨੱਚੀਏ ਦਰਾਣੀਆਂ ਜਠਾਣੀ ਆਂ,
ਪੇਕੇ ਦੋਵੇਂ .............
-
ਪ੍ਰਿੰਸੀਪਲ ਰੰਧਾਵਾ ਸਿੰਘ, ਲੇਖਕ
*********
9417131332
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.