ਕੋਰਾ ਕੀ ਹੈ? - ਉੱਤਰੀ ਭਾਰਤ ਦੇ ਬਾਕੀ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਕੋਰੇ ਦਾ ਪ੍ਰਕੋਪ ਦਸੰਬਰ ਤੋਂ ਫਰਵਰੀ ਮਹੀਨਿਆਂ ਦੌਰਾਨ ਦੇਖਿਆ ਜਾਂਦਾ ਹੈ।ਆਮ ਤੌਰ ਤੇ ਜਦੋਂ ਨਿਊਨਤਮ ਤਾਪਮਾਨ 4 ਡਿਗਰੀ ਸੈਂਟੀਗਰੇਡ ਤੋਂ ਥੱਲੇ ਆ ਜਾਂਦਾ ਹੈ ਤਾਂ ਕੋਰਾ ਪੈਣ ਦੀ ਸੰਭਾਵਨਾ ਵਧ ਜਾਂਦੀ ਹੈ । ਕਿਉਂਕਿ ਧਰਤੀ ਦੀ ਸਤ੍ਹਾ ਦਾ ਤਾਪਮਾਨ ਆਮਤੌਰ ਤੇ ਇਸ ਦੇ ਨੇੜੇ ਵਾਲ਼ੀ ਹਵਾ ਦੇ ਤਾਪਮਾਨ ਨਾਲ਼ੋਂ ਲੱਗਭੱਗ 3-4 ਡਿਗਰੀ ਸੈਂਟੀਗਰੇਡ ਘੱਟ ਹੁੰਦਾ ਹੈ । ਇਸ ਲਈ ਜਦੋਂ ਨਿਊਨਤਮ ਤਾਪਮਾਨ 4 ਡਿਗਰੀ ਸੈਂਟੀਗਰੇਡ ਤੋਂ ਘਟਦਾ ਹੈ ਤਾਂ ਧਰਤੀ ਦੀ ਸਤ੍ਹ ਦਾ ਤਾਪਮਾਨ 0 ਡਿਗਰੀ ਸੈਂਟੀਗਰੇਡ ਦੇ ਨੇੜੇ ਹੋ ਜਾਂਦਾ ਹੈ । ਅਜਿਹੇ ਹਾਲਾਤਾਂ ਦੌਰਾਨ ਜਦੋਂ ਵੱਧ ਨਮੀਂ ਵਾਲ਼ੀ ਹਵਾ ਧਰਤੀ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਹਵਾ ਵਿਚਲੇ ਪਾਣੀ ਦੇ ਕਣ ਜੰਮ ਜਾਂਦੇ ਹਨ ਅਤੇ ਧਰਤੀ ਉੱਪਰ ਕੋਰੇ ਦੀ ਚਿੱਟੀ ਪਰਤ ਜੰਮ ਜਾਂਦੀ ਹੈ ।
ਫਸਲਾਂ ਉੱਪਰ ਪ੍ਰਭਾਵ - ਕੋਰੇ ਦਾ ਪ੍ਰਭਾਵ ਫਸਲ ਦੀ ਕਿਸਮ ਅਤੇ ਇਸਦੇ ਜੀਵਨ ਕਾਲ ਦੇ ਪੜਾਅ ਉੱਪਰ ਕਾਫੀ ਨਿਰਭਰ ਕਰਦਾ ਹੈ । ਖਾਸ ਕਰਕੇ ਸਰਦੀ ਰੁੱਤ ਦੀਆਂ ਸਬਜ਼ੀਆਂ ਦੀਆਂ ਫਸਲਾਂ ਜਿਵੇਂ ਕਿ ਟਮਾਟਰ ਅਤੇ ਆਲੂ ਆਦਿ ਇਸਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ (ਚਿੱਤਰ 1 ਅਤੇ 2), ਜਦੋਂ ਕਿ ਇਹਨਾਂ ਦੀ ਤੁਲਨਾ ਵਿੱਚ ਗਾਜਰ, ਸ਼ਲਗਮ ਅਤੇ ਗੋਭੀ ਆਦਿ ਉੱਪਰ ਇਸਦਾ ਪ੍ਰਭਾਵ ਘੱਟ ਹੁੰਦਾ ਹੈ । ਇਹ ਵੀ ਦੇਖਿਆ ਗਿਆ ਹੈ ਕਿ ਫਸਲ ਜੀਵਨ ਕਾਲ ਦੇ ਸ਼ੁਰੂ ਦੇ ਪੜਾਵਾਂ ਦੌਰਾਨ ਕੋਰੇ ਦਾ ਅਸਰ ਜ਼ਿਆਦਾ ਹੁੰਦਾ ਹੈ ਅਤੇ ਸਮੇਂ ਦੇ ਨਾਲ਼-ਨਾਲ਼ ਫਸਲ ਦੀ ਕੋਰੇ ਨੂੰ ਸਹਿਣ ਦੀ ਸਮਰੱਥਾ ਵੱਧਦੀ ਜਾਂਦੀ ਹੈ ।ਨਵੇਂ ਪੱਤੇ, ਕਰੂੰਬਲਾਂ ਅਤੇ ਫੁੱਲ ਆਦਿ ਕੋਰੇ ਤੋਂ ਬਹੁਤ ਛੇਤੀ ਪ੍ਰਭਾਵਿਤ ਹੁੰਦੇ ਹਨ । ਆਲੂ ਦੇ ਪੱਤੇ ਤਕਰੀਬਨ -2ੋ ਅਤੇ ਟਾਹਣੀਆਂ -3ੋ ਸੈਂਟੀਗਰੇਡ ਤੇ ਮਰ ਜਾਂਦੀਆਂ ਹਨ ।ਠੰਡ ਹਾੜ੍ਹੀ ਦੀਆਂ ਫਸਲਾਂ ਜਿਵੇਂ ਕਿ ਆਲੂ, ਮਟਰ, ਟਮਾਟਰ ਅਤੇ ਸ਼ਿਮਲਾ ਮਿਰਚ ਦੇ ਭੂਰੇ ਹੋਣ ਦਾ ਕਾਰਨ ਵੀ ਬਣਦੀ ਹੈ, ਜਿਸ ਨੂੰ ‘ਫਸਲਾਂ ਦਾ ਸਾੜਾ’ ਵੀ ਕਿਹਾ ਜਾਂਦਾ ਹੈ।ਇਸ ਤੋਂ ਇਲਾਵਾ ਲਗਾਤਾਰ ਘੱਟ ਤਾਪਮਾਨ, ਵਧੇਰੇ ਨਮੀ ਅਤੇ ਸੂਰਜੀ ਰੌਸ਼ਨੀ ਦੀ ਘਾਟ ਕਾਰਨ ਫਸਲਾਂ ਦੀਆਂ ਕਈ ਬਿਮਾਰੀਆਂ ਲਈ ਵੀ ਅਨੁਕੂਲ ਹਾਲਾਤ ਪੈਦਾ ਹੋ ਜਾਂਦੇ ਹਨ।
ਬਚਾਅ ਲਈ ਉਪਾਅ - ਭਾਵੇਂ ਕਿ ਕੋਰਾ ਇੱਕ ਕੁਦਰਤੀ ਅਲਾਮਤ ਹੈ ਅਤੇ ਇਸ ਨੂੰ ਰੋਕਿਆ ਨਹੀਂ ਜਾ ਸਕਦਾ ਪ੍ਰੰਤੂ ਇਸਦੇ ਮਾਰੂ ਪ੍ਰਭਾਵਾਂ ਨੂੰ ਹੇਠ ਲਿਖੇ ਕੁਝ ਤਰੀਕਿਆਂ ਨਾਲ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ:
• ਠੰਡ ਦੇ ਮਹੀਨਿਆਂ ਦੌਰਾਨ ਕੋਰੇ ਤੋਂ ਬਚਾਉਣ ਲਈ ਨਾਜ਼ੁਕ ਅਤੇ ਛੋਟੇ ਪੌਦਿਆਂ ਜਿਵੇਂ ਕਿ ਟਮਾਟਰ ਅਤੇ ਹੋਰ ਸਬਜ਼ੀਆਂ ਨੂੰ ਪਰਾਲੀ / ਸਰਕੰਡੇ / ਪਲਾਸਟਿਕ ਦੀਆਂ ਸ਼ੀਟਾਂ ਆਦਿ ਨਾਲ ਢੱਕਣਾ ਚਾਹੀਦਾ ਹੈ, ਖਾਸ ਕਰਕੇ ਗੂੜੇ ਰੰਗ ਦੀ ਪਲਾਸਟਿਕ ਸ਼ੀਟ ਜ਼ਿਆਦਾ ਫਾਇਦੇਮੰਦ ਹੈ ।ਪਰ ਦਿਨ ਵੇਲੇ ਪਲਾਸਟਿਕ ਸ਼ੀਟਾਂ ਨੂੰ ਪਾਸੇ ਕਰ ਦੇਣਾ ਚਾਹੀਦਾ ਕਿਉਂਕਿ ਦਿਨ ਵੇਲੇ ਨਮੀ ਜ਼ਿਆਦਾ ਹੋਣ ਕਰਕੇ ਬਿਮਾਰੀਆਂ ਦਾ ਡਰ ਰਹਿੰਦਾ ਹੈ ਜਾਂ ਫਿਰ ਇਹਨਾਂ ਥੱਲੇ ਕਈ ਤਰਾਂ੍ਹ ਦੇ ਨਦੀਨ ਵੀ ਪੈਦਾ ਹੋ ਜਾਂਦੇ ਹਨ।
• ਕੋਰੇ ਤੋਂ ਬਚਾਅ ਲਈ ਮਲਚਿੰਗ ਕਰਕੇ ਵੀ ਫਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।ਮਲਚ ਦੇ ਤੌਰ ਤੇ ਝੋਨੇ ਦੀ ਪਰਾਲੀ ਜਾਂ ਹੋਰ ਘਾਹ ਫੂਸ ਵਰਤਿਆ ਜਾ ਸਕਦਾ ਹੈ ।ਮਲਚ ਲਈ ਤੂੜੀ, ਸੁਆਹ ਆਦਿ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ।
• ਕੋਰਾ ਪੈਣ ਦੀ ਸੰਭਾਵਨਾ ਹੋਵੇ ਤਾਂ ਫਸਲ ਨੂੰ ਪਾਣੀ ਲਗਾ ਦੇਣਾ ਚਾਹੀਦਾ ਹੈ । ਇਸ ਤਰ੍ਹਾਂ ਧਰਤੀ ਵਿੱਚ ਸਿੱਲ੍ਹ ਰਹਿਣ ਨਾਲ, ਧਰਤੀ ਦੀ ਗਰਮੀ ਨੂੰ ਜਮ੍ਹਾ ਰੱਖਣ ਦੀ ਤਾਕਤ ਵੱਧ ਜਾਂਦੀ ਹੈ।
• ਉੱਤਰ-ਪੱਛਮੀ ਦਿਸ਼ਾ ਵੱਲ ਹਵਾ ਰੋਕੂ ਵਾੜਾਂ ਆਦਿ ਦੁਆਰਾ ਵੀ ਸੁਰੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ।
• ਇਸ ਤੋਂ ਇਲਾਵਾ ਪ੍ਰਭਾਵਿਤ ਪੌਦਿਆਂ ਦੇੇ ਮੁੜ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਿµਚਾਈ ਤੋਂ ਪਹਿਲਾਂ ਨਾਈਟ੍ਰੋਜਨ ਖਾਦ ਦੀ ਮਿੱਟੀ ਪਰਖ ਅਧਾਰਿਤ ਵਰਤੋਂ ਕਰਨੀ ਚਾਹੀਦੀ ਹੈ ।
• ਆਮ ਤੌਰ ਤੇ ਕੋਰੇ ਦੀ ਚੇਤਾਵਨੀ 24-48 ਘੰਟੇ ਪਹਿਲਾਂ ਦੇ ਦਿੱਤੀ ਜਾਂਦੀ ਹੈ। ਕੋਰੇ ਬਾਰੇ ਅਗਾਊਂ ਜਾਣਕਾਰੀ ਦੇ ਮੱਦੇਨਜ਼ਰ ਕਿਸਾਨ ਵੀਰਾਂ ਨੂੰ ਆਪਣੀਆਂ ਫਸਲਾਂ ਦਾ ਖੇਤੀਬਾੜੀ ਯੂਨੀਵਰਸਿਟੀ ਦੀਆਂ ਅਜਿਹੀਆਂ ਸਿਫਾਰਿਸ਼ਾਂ ਮੁਤਾਬਿਕ ਕੋਰੇ ਤੋਂ ਬਚਾਉ ਕਰਨਾ ਚਾਹੀਦਾ ਹੈ ।
-
ਪਵਨੀਤ ਕੌਰ ਕਿੰਗਰਾ, ਸਰਬਜੋਤ ਕੌਰ ਸੰਧੂ ਅਤੇ ਕੁਲਵਿੰਦਰ ਕੌਰ ਗਿੱਲ, writer
adcomm@pau.edu
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.