ਸਰੀ ਬ੍ਰਿਟਿਸ਼ ਕੋਲੰਬੀਆਂ ਵੱਸਦੀ ਲੇਖਿਕਾ ਜਸਬੀਰ ਮਾਨ ਦੀ ਕਹਾਣੀਆਂ ਦੀ ਕਿਤਾਬ ‘ਸਾਜਨ ਕੀ ਬੇਟੀਆਂ’ ਵਿਚ ਉਹਨਾਂ ਦੀਆਂ ਕੁੱਲ 15 ਕਹਾਣੀਆਂ ਹਨ। ਲੇਖਕ ਦਾ ਮਨ ਵੱਧ ਸੰਵੇਦਨਸ਼ੀਲ ਹੋਣ ਕਰਕੇ ਕਿਸੇ ਦਾ ਦੁੱਖ ਦੇਖਕੇ ਉਸ ਪ੍ਰਤੀ ਚਾਹੇ ਵਕਤੀ ਪ੍ਰਤੀ ਕਿਰਿਆ ਆਮ ਨਾਲੋਂ ਘੱਟ ਕਰੇ ਪਰ ਇਸ ਨੂੰ ਆਪਣਾ ਦਰਦ ਸਮਝ ਕੇ ਦਿਲ ਵਿਚ ਵਸਾ ਲੈਂਦਾ ਹੈ। ਦਿਲ ਵਿਚ ਵਸਿਆ ਇਹ ਦਰਦ ਲੇਖਕ ਮਨ ਨੂੰ ਬੇਚੈਨ ਕਰੀਂ ਰੱਖਦਾ ਹੈ, ਇਹ ਬੇਚੈਨੀ ਵਿਚ ਇਕੱਲੀ ਭਾਵੁਕਤਾ ਹੀ ਨਹੀ ਹੁੰਦੀ ਬਲਕਿ ਕਈ ਸਵਾਲ ਹੁੰਦੇ ਹਨ ਕਿ ਇਹ ਦਰਦ ਉਸ ਨੂੰ ਕਿਉਂ ਹੈ, ਇਹ ਕੀਹਦਾ ਦਿੱਤਾ ਹੈ, ਇਸਦੇ ਕਾਰਨ ਕੀ ਹਨ, ਇਹ ਇਸੇ ਮੈਨੂੰ ਹੀ ਕਿਉਂ ਮਿਲਿਆ ਹੈ, ਇਸਦਾ ਹੱਲ ਕੀ ਹੈ? ਇਸੇ ਵਿਚੋਂ ਹੀ ਰਚਨਾ ਜਨਮ ਲੈਂਦੀ ਹੈ।
ਜਸਬੀਰ ਮਾਨ ਦੀਆਂ ਇਸ ਕਹਾਣੀ ਸੰਗ੍ਰਹਿ ‘ਸਾਜਨ ਕੀ ਬੇਟੀਆਂ’ ਵਿਚਲੀਆਂ ਕਹਾਣੀਆਂ ਆਦਰਸ਼ਵਾਦੀ ਤੇ ਯਦਾਰਥਵਾਦੀ ਹਨ ਅਤੇ ਲੱਗ-ਭੱਗ ਸਾਰੇ ਪਾਤਰ ਆਮ ਸਧਾਰਨ ਕਿਰਤੀ ਪਰਿਵਾਰਾਂ ਵਿਚੋਂ ਹਨ ਜੋ ਕਨੇਡਾ ਵਿਚ ਕਿਰਤ ਕਰਦੇ, ਆਪਣੇ ਆਲੇ-ਦੁਆਲੇ ਨੂੰ ਪ੍ਰਭਾਵਤ ਕਰਦੇ ਤੇ ਆਪ ਪ੍ਰਭਾਵਾਤ ਹੁੰਦੇ ਹਨ, ਪਰੰਪਰਾਵਾਦੀ ਹਨ, ਇਮਾਨਦਾਰ ਹਨ, ਅਣਭੋਲ ਹਨ, ਸਮੇਂ ਦੀ ਰ਼ਫਤਾਰ ਨਾਲ ਤਾਲਮੇਲ ਬਣਾਉਣ ਦੀ ਕੋਸਿ਼ਸ਼ ਵਿਚ ਹਨ, ਰਿਸ਼ਤਿਆਂ ਦੇ ਤਨਾE ਵਿਚ ਹਨ, ਰਿਸ਼ਤੇ ਸੰਭਾਲਣ ਦੇ ਫਿ਼ਕਰ ਵਿਚ ਹਨ, ਰਿਸ਼ਤੇ ਨਾ ਸੰਭਾਲਣ ਕਰਕੇ ਮਾਨਸਿਕ ਅਤੇ ਸਮਾਜਿਕ ਬੋਝ ਥੱਲੇ ਹਨ, ਅਤੇ ਹੋਰ ਬਹੁਤ ਸਾਰੇ ਪਰਿਵਾਰਕ-ਸਮਾਜਿਕ-ਪਰਵਾਸ-ਜਨਮ ਭੂਮੀ ਦੇ ਮੱਧਵਰਗੀ ਅਤੇ ਪਰੰਪਰਾਵਾਦੀ ਸਰੋਕਾਰਾਂ ਵਿਚ ਉਲਝੇ ਜੀਵਨ ਗੁਜ਼ਰ ਕਰਨ ਵਾਲੇ ਜਾਂ ਕਹਿ ਲਵੋਂ ਜੀਵਨ ਦੀ ਧੂਹਾ-ਘੜੀਸੀ ਕਰਨ ਵਾਲੇ ਹਨ।
ਗੱਲ ਉਹਨਾਂ ਦੀ ਇਸ ਕਿਤਾਬ ਵਿਚਲੀ 35 ਸਫੇ਼ ਤੋਂ ਸ਼ੁਰੂ ਹੁੰਦੀ ਕਹਾਣੀ ‘ਆਖਰੀ ਹਾਉਕਾ’ ਤੋਂ ਸ਼ੁਰੂ ਕਰਦੇ ਹਾਂ। ਇਹ ਸਾਡੀ ਫੋਕੀ ਅਣਖ ਅਤੇ ਰੂੜੀਵਾਦੀ ਪਰੰਪਰਾਵਾਂ ਵਿਚ ਬੱਝੇ ਹੋਣ ਕਰਕੇ ਦੁੱਖ ਭੋਗਣ ਵਾਲੇ ਕਨੇਡਾ ਰਹਿੰਦੇ ਪੇਂਡੂ ਪਰਿਵਾਰ ਦੀ ਕਹਾਣੀ ਹੈ। ਸਾਡਾ ਸਮਾਜ ਵੀ ਸ਼ਹਿਰੀ ਜੀਵਨ ਵਿਚ ਰੂੜੀਵਾਦੀ ਪਰੰਪਰਾਵਾਂ ਤੋਂ ਕਾਫ਼ੀ ਕਿਨਾਰਾ ਕਰ ਗਿਆ ਹੈ।ਪਰ ਪਿੰਡਾਂ ਵਿਚ ਸਿੱਖ ਅਤੇ ਹਿੰਦੂ ਸਮਾਜ ਵਿਚ ਅਜੇ ਵੀ ਇਹੀ ਧਾਰਨਾ ਹੈ ਕਿ ਇਕੋ ਪਿੰਡ ਵਿਚ ਜੰਮੇ ਲੜਕਾ-ਲੜਕੀ ਆਪਸ ਵਿਚ ਵਿਆਹ ਨਹੀਂ ਕਰਵਾ ਸਕਦੇ। ਇਹ ਬਿਨਾਂ ਕਿਸੇ ਤਰਕ ਤੋਂ ਕਿ ਕਿਉਂ? ਬੱਸ ਇੱਕ ਧਾਰਨਾ ਹੈ ਕਿ ਇਕੋਂ ਪਿੰਡ ਵਿਚ ਜੰਮੇ ਲੜਕੇ-ਲੜਕੀਆਂ ਭੈਣ-ਭਰਾ ਹੀ ਹੁੰਦੇ ਹਨ। ਜਦੋਂ ਕਿ ਇਹ ਆਪਣੇ ਪਰਿਵਾਰਕ ਭਾਈਚਾਰੇ ਤੱਕ ਤਾਂ ਠੀਕ ਹੈ ਪਰ ਉਸ ਤੋਂ ਅੱਗੇ ਇਹ ਵਿਸ਼ਾ ਵੀ ਵਿਚਾਰਨ ਵਾਲਾ ਹੈ। ਅਲੱਗ-ਅੱਗ ਸਮਾਜਾਂ ਦੀ ਬਣਤਰ ਅਲੱਗ-ਅਲੱਗ ਹੋਣ ਕਰਕੇ ਇਕੱਲੇ ਭਾਰਤ ਵਿਚ ਹੀ ਵਿਆਹ ਕਿੱਥੇ ਤੇ ਕਿਵੇਂ ਹੋਣਾ ਠੀਕ ਹੈ ਸੈਂਕੜੇ ਰੀਤੀ ਰਿਵਾਜ ਅਤੇ ਪਰੰਪਰਾਵਾਂ ਹਨ।
ਇਸ ਸਰਬ ਪ੍ਰਵਾਨਿਤ ਰੂੜੀਵਾਦੀ ਪ੍ਰਪਰੰਪਰਾ ਕਰਕੇ ਹੀ ਇਸ ਕਹਾਣੀ‘ਆਖਰੀ ਹਾਉਕਾ’ ਵਿਚ ਇਕ ਪਰਿਵਾਰ ਫੋਕੀ ਅਣਖ ਕਰਕੇ ਤਹਿਸ-ਨਹਿਸ ਹੁੰਦਾ ਹੈ। ਜਦੋਂ ਕਿ ਪਰਿਵਾਰ ਪੜਿਆ ਲਿਖਿਆ ਹੈ। ਪਰ ਸਮਾਜ ਦਾ ਬੋਝ ਅਤੇ ਫੋਕੀ ਅਣਖ ਭਰਾ ਹੱਥੋਂ ਉਸਦੀ ਭੈਣ ਅਤੇ ਉਸ ਦੇ ਪਤੀ ਦਾ ਕਤਲ ਕਰਵਾ ਦਿੰਦੇ ਹਨ। ਲੜਕੀ ਦਾ ਭਰਾ ਅਤੇ ਮਾਪੇ ਸ਼ਾਇਦ ਇਸ ਗੱਲ ਨੂੰ ਸਵਿਕਾਰ ਕਰ ਹੀ ਗਏ ਪ੍ਰਤੀਤ ਹੁੰਦੇ ਹਨ ਜਦੋਂ ਉਹਨਾਂ ਦੀ ਲੜਕੀ ਆਪਣੇ ਹੀ ਪਿੰਡ ਤੋਂ ਆਏ ਅਤੇ ਨਾਲ ਹੀ ਰਹਿੰਦੇ ਲੜਕੇ ਨਾਲ ਕੋਰਟ ਮੈਰਿਜ਼ ਕਰਵਾ ਲੈਂਦੀ ਹੈ ਪਰ ਲੜਕੀ ਦੇ ਭਰਾ ਨੂੰ ਕਿਸੇ ਦੋਸਤ ਨੇ ਇਸ ਵਿਆਹ ਦਾ ਤਾਹਨਾ ਮਾਰਿਆ ਤਾਂ ਉਹ ਬੜੀ ਪਲੈਨਿੰਗ ਨਾਲ ਦੋਹਾਂ ਦਾ ਗੋਲੀਆਂ ਮਾਰਕੇ ਕਤਲ ਕਰ ਦਿੰਦਾ ਹੈ। ਸਮਾਜ ਦੇ ਰੂੜੀਵਾਦੀ ਵਿਚਾਰਾਂ ਕਰਕੇ ਹੱਸਦਾ-ਵੱਸਦਾ ਪਰਿਵਾਰ ਉਜੜ ਜਾਂਦਾ ਹੈ। ਬੁਢਾਪੇ ਵਿਚ ਲੜਕੀ ਰਾਜੀ ਅਤੇ ਲੜਕੇ ਰਾਜ ਦੀ ਮਾਂ ਅਮਰਜੀਤ ਕੌਰ ਸਿੱਧੂ ਕੇਅਰ ਵੈਸਟ ਹੋਮ ਵਿਚ ਆਪਣੇ ਬੱਚਿਆਂ ਨੂੰ ਅਵਾਜਾਂ ਮਾਰਦੀ ਹੈ ਕਿ “ਮੇਰੀ ਰਾਜੀ…ਕਿੱਥੇ ਹੈ? ਮੇਰਾ ਰਾਣਾ…ਕਦ ਆਵੇਗਾ?’ ਕਿਉਂ ਕਿ ਬੇਟੇ ਰਾਣੇ ਨੂੰ 20 ਸਾਲ ਦੀ ਕੈਦ ਹੋ ਜਾਂਦੀ ਹੈ ਅਤੇ ਅਜੇ 18 ਸਾਲ ਹੀ ਲੰਘੇ ਹਨ ਪਿਤਾ ਸਦਮੇ ਵਿਚ ਉਡੀਕਦਾ ਮਰ ਗਿਆ ਮਾਂ ੳਡੀਕ ਵਿਚ ਮਾਨਸਿਕ ਤੌਰ ਤੇ ਹਿੱਲ ਗਈ। ਕਨੇਡਾ ਦੇ ਕਾਨੂੰਨ ਇਸ ਤਰਾਂ ਦੇ ਕਤਲਾ ਵਿਚ ਬਹੁਤ ਸਖਤ ਹਨ ਕਿ ਜਦੋਂ ਲੜਕਾ-ਲੜਕੀ ਦੋਵੇਂ ਬਾਲਗ ਹਨ ਤਾਂ ਦੂਸਰਿਆਂ ਦਾ ਕੋਈ ਹੱਕ ਨਹੀਂ ਕਿ ਉਹਨਾਂ ਦੀ ਨਿੱਜੀ ਜਿ਼ੰਦਗੀ ਬਾਰੇ ਕਿੰਤੂ-ਪਰੰਤੂ ਕਰਨ। ਸੋ ਇਸ ਕਹਾਣੀ ਵਿਚ ਸਾਡੀ ਰੂੜੀਵਾਦੀ ਪਰੰਪਰਾਵਾਂ ਅਤੇ ਬਿਮਾਰ ਸਮਾਜ ਦੀ ਕਨੇਡਾ ਦੇ ਅਗਾਂਹ ਵਧੂ ਸਮਾਜ ਨਾਲ ਖਿੱਚ-ਧੂਹ ਵਿਚੋਂ ਉਪਜੇ ਸਾਡੇ ਕਸ਼ਟ ਹਨ।
‘ਅਸ਼ੀਰਵਾਦ’ ਕਹਾਣੀ ਧਾਰਮਿਕ ਸਥਾਨਾਂ ਵਿਚ ਰਹਿੰਦੇ ਜਾਂ ਫੇਰਾ ਪਾਉਣ ਆਉਂਦੇ ਪਾਖੰਡੀ ਬਾਬਿਆ ਬਾਰੇ ਹੈ, ਦੂਸਰੇ ਪਾਸੇ ਆਪਣੀਆਂ ਬੇਸਮਝ ਬੀਬੀਆਂ ਹਨ ਜੋ ਡਾਕਟਰਾਂ ਨੂੰ ਪੱੁਛਣ ਵਾਲੇ ਇਲਾਜ ਤੋਂ ਲੈ ਕੇ ਘਰ ਪਰਿਵਾਰ ਦਾ ਹਰ ਕਸ਼ਟ ਦੂਰ ਕਰਨ ਲਈ ਬਾਬਿਆਂ ਕੋਲ ਜਾਂਦੀਆਂ ਹਨ, ਬਾਬੇ ਚੜਾਏ ਜਾ ਰਹੇ ਚੜਾਵੇ ਦੇ ਹਿਸਾਬ ਨਾਲ ਸਭ ਨੂੰ ਦੁੱਧ-ਪੁੱਤ ਬਖਸ਼ਣ ਤੋ ਲੈ ਕੇ ਹਰ ਕਸ਼ਟ ਦਾ ਹੱਲ ਦੱਸਦੇ ਅਤੇ ਦੁਆਵਾਂ ਦਿੰਦੇ ਹਨ। ਇਸ ਕਾਹਣੀ ਵਿਚ ਵੀ ਪਾਤਰ ਰਾਜੀ ਪਿਛਲਝਾਤ ਰਾਹੀਂ ਅਜਿਹੇ ਬਾਬੇ ਦਾ ਜਿ਼ਕਰ ਆਪਣੀ ਸਹੇਲੀ ਦੀਪੀ ਨਾਲ ਕਰਦਿਆਂ ਇਸੇ ਗੁਰਦੁਆਰੇ ਜਿਸ ਵਚ ਉਹ ਅੱਜ ਆਈਆਂ ਹਨ 10-12 ਸਾਲ ਪਹਿਲਾਂ ਦੀ ਘਟਨਾ ਰਾਹੀਂ ਕਰਦੀ ਹੈ। ਕਨੇਡਾ ਦੇ ਇਕ ਸ਼ਹਿਰ ਦੇ ਗੁਰੂਦਆਰੇ ਵਿਚ ਬਾਬਾ ਮਾਲਾ ਜੀ ਇਕ ਗੱਦੇ ਤੇ ਬਿਰਾਜ਼ਮਾਨ ਸੀ ਜੋ ਟੇਕੇ ਜਾ ਰਹੇ ਡਾਲਰਾਂ ਦੇ ਹਿਸਾਬ ਨਾਲ ਸਮੱਸਿਆਂ ਦਾ ਹੱਲ ਦੱਸਦਾ ਹੈ। ਇੱਥੇ ਕਹਾਣੀ ਵਿਚ ਕਟਾਖਸ਼ ਵੀ ਹੈ ਕਿ ਸੰਗਤ ਨੂੰ ਪ੍ਰਬੰਧਕਾਂ ਦੁਆਰਾ ਦੱਸਿਆ ਜਾਂਦਾ ਹੈ ਕਿ ਬਾਬਾ ਜੀ ਮਾਇਆ ਦਾ ਮੱਥਾ ਨਹੀਂ ਟਿਕਾਉਂਦੇ, ੳਂੁਝ ਸਭ ਅਸੀ਼ਰਵਾਦ ਲੈਣ ਲਈ ਆ ਰਹੀ ਅਤੇ ਲਾਇਨ ਵਿਚ ਲੱਗੀ ਸੰਗਤ ਤੱਕ ਗੱਲ ਪਾਹੁੰਚੀ ਹੋਈ ਹੈ ਕਿ ਜੇਕਰ ਕੋਈ ਸ਼ਰਧਾ ਵੱਸ ਮਾਇਆ ਟੇਕਣੀ ਚਾਹਵੇ ਤਾਂ ਗੱਦੇ ਦੀ ਇਕ ਨੁੱਕਰ ਚੱਕ ਕੇ ਉਸਦੇ ਹੇਠਾ ਰੱਖ ਸਕਦਾ ਹੈ। ਆਸ਼ਰੀਵਾਦ ਲੈਣ ਲਈ ਲਾਇਨ ਵਿਚ ਲੱਗੀ ਰਾਜੀ ਦੇਖਦੀ ਹੈ ਕਿ ਜਿਸ ਭਗਤ ਵੱਲੋਂ ਵੱਧ ਡਾਲਰ ਸ਼ਰਧਾ ਦੇ ਤੌਰ ਤੇ ਗੱਦੇ ਹੇਠਾ ਰੱਖੇ ਜਾਂਦੇ ਹਨ ਉਹਨਾਂ ਨੂੰ ਬਾਬਾ ਮਾਲਾ ਜੀ ਖੁਸ਼ ਹੋਕੇ ਅਸ਼ੀਰਵਾਦ ਦੇ ਰਹੇ ਹਨ। ਜਦੋਂ ਰਾਜੀ ਦੀ ਵਾਰੀ ਆਉਦੀ ਹੈ ਤਾ ਉਹ ਬਿਨਾਂ ਡਾਲਰਾਂ ਦੇ ਮੱਥਾ ਟੇਕਦੀ ਤੇ ਬਾਬਾ ਜੀ ਤੋਂ ਇਹ ਮੰਗ ਕਰਦੀ ਹੈ ਕਿ ਮੇਰੇ ਬੇਟੇ ਨੂੰ ਅਸ਼ੀਰਵਾਦ ਦੋਵੋ ਕਿ ਇਹ ਵੱਧ ਤੋਂ ਵੱਧ ਪੜਾਈ ਕਰੇ ਤਾਂ ਬਾਬਾ ਮਾਲਾ ਜੀ ਇਹ ਕਹਿਕੇ ਅਸ਼ੀਰਵਾਦ ਦੇਣ ਤੋਂ ਇਨਕਾਰ ਕਰਦੇ ਹਨ ਕਿ ਬੱਚੇ ਦੇ ਤਾਂ ਕੇਸ ਕੱਟੇ ਹੋਏ ਹਨ, ਪਰ ਇਸ ਤੋਂ ਪਹਿਲਾ ਉਹ ਇਕ ਹੋਰ ਬੱਚੇ ਨੂੰ ਅਸ਼ੀਰਵਾਦ ਦੇ ਕੇ ਇਹ ਕਹਿੰਦੇ ਹਨ ਕਿ ਉਹ ਹਰ ਰੋਜ ਸ਼ਾਮ ਨੂੰ ਸਾਡੀ ਕਥਾ ਸੁਨਣ ਆਇਆ ਕਰੇ ਕਿਉਂਕਿ ਉਸ ਬੱਚੇ ਦੀ ਮਾਂ ਨੇ 100 ਡਾਲਰ ਦਾ ਨੋਟ ਗੱਦੇ ਹੇਠਾ ਰਖਿਆ ਸੀ।ਇਸੇ ਤਰ੍ਹਾਂ ਇਕ ਹੋਰ ਔਰਤ ਜਿਸਨੇ ਸਿਰਫ਼ ਪੰਜ ਡਾਲਰ ਦਾ ਮੱਥਾ ਟੇਕਿਆ ਉਸਨੂੰ ਇਹ ਕਹਿਕੇ ਅਸ਼ਰੀਵਾਦ ਨਹੀਂ ਦਿੰਦੇ ਕਿ ਤੇਰਾ ਬੇਟਾ ਕਿਹੜਾ ਤੇਰੇ ਨਾਲ ਹੈ ਤੇ ਮੈਂ ਕਿਹੜਾ ਉਸਨੂੰ ਜਾਣਦਾ ਹਾਂ।
ਕਹਾਣੀ ਇਹ ਸੰਦੇਸ਼ ਦਿੰਦੀ ਹੈ ਕਿ ਮਾਪੇ ਜਿਸ ਸੋਚ ਦੇ ਹੋਣਗੇ ਅਤੇ ਜਿਸ ਤਰਾਂ ਦੇ ਪਾਸੇ ਜਾਣਗੇ ਬੱਚੇ ਉਹੀ ਬਣਨਗੇ। ਜਿਸ ਬੱਚੇ ਦੀ ਮਾਂ ਸੋਂ ਦਾ ਨੋਟ ਟੇਕਦੀ ਹੈ ਉਹ ਬਾਬੇ ਦੇ ਅਸ਼ਰੀਵਾਦ ਤੋਂ ਬਹੁਤ ਪ੍ਰਭਾਵਤ ਹੁੰਦੀ ਹੈ ਅਤੇ ਬੱਚਾ ਸ਼ਾਮ ਨੂੰ ਖੇਡਣ ਅਤੇ ਪੜਾਈ ਦਾ ਸਮਾਂ ਬਾਬੇ ਕੋਲ ਬਿਤਾਉਣ ਲੱਗਦਾ ਹੈ। ਦਸ ਤੋਂ ਬਾਰਾਂ ਸਾਲਾ ਬਾਅਦ ਹੁਣ ਉਹ ਬੱਚਾ ਮੋਟਾ, ਸਾਧਾਂ ਵਾਲੇ ਪਹਿਰਾਵੇ ਵਿਚ ਅਤੇ ਉਹਨਾਂ ਵਾਂਗ ਹੀ ਗੱਲਾਂ ਕਰਦਾ ਹੈ। ਦੂਸਰੇ ਪਾਸੇ ਉਸ ਤੋਂ ਉੱਚੀ ਸੋਚ ਦੀ ਰਾਜੀ ਜੋ ਬਿਨਾ ਡਾਲਰਾਂ ਤੋਂ ਮੱਥਾ ਟੇਕਦੀ ਹੈ ਅਤੇ ਬਾਬੇ ਦਾ ਡਾਲਰ ਪਿਆਰ ਪੜ ਲੈਂਦੀ ਹੈ ਉਸ ਦਾ ਬੱਚਾ ਅਸ਼ੀਰਵਾਦ ਨਾ ਮਿਲਣ ਦੇ ਬਾਵਜੂਦ ਪੜਾਈ ਵਿਚ ਹੁਸਿ਼ਆਰ ਅਤੇ ਯੂਨੀਵਰਸਿਟੀ ਵਿਚ ਪੜਦਾ ਹੈ। ਇਸ ਤਰਾਂ ਦੇ ਬਹੁਤ ਲੋਕ ਹਨ ਜੋ ਬੱਚਿਆਂ ਦੇ ਪੜਨ ਦੇ ਸਮੇਂ ਉਹਨਾਂ ਨੂੰ ਬਾਬਿਆਂ ਦੇ ਚਰਨਾ ਵਿਚ ਲਾ ਕੇ ਉਹਨਾਂ ਦਾ ਭਵਿੱਖ ਖਰਾਬ ਕਰਦੇ ਹਨ, ਜਦੋਂ ਕਿ ਇਹੀ ਉਮਰ ਉਹਨਾਂ ਦੀ ਪੜ੍ਹਨ, ਖੇਡਾਂ ਵਿਚ ਮੱਲਾ ਮਾਰਨ ਅਤੇ ਆਪਣਾ ਉਜਵਲ ਭਵਿੱਖ ਬਣਾਉਣ ਅਤੇ ਪੈਰਾਂ ਉਪਰ ਖੜਾ ਹੋਣ ਦੀ ਹੁੰਦੀ ਹੈ।
ਸਾਡੀਆਂ ਆਦਰਸ਼ਵਾਦੀ ਅਤੇ ਲਕੀਰ ਦੀਆਂ ਫ਼ਕੀਰ ਬੀਬੀਆਂ ਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ। ਸਾਨੂੰ ਸਿਰਫ਼ ਅਸ਼ਰੀਵਾਦ ਦੇਣ ਵਾਲੇ ਬਾਬੇ ਅਤੇ ਉਹਨਾਂ ਵਰਗੇ ਚੇਲੇ ਨਹੀ ਬਲਕਿ ਮਿਹਨਤ ਨਾਲ ਅੱਗੇ ਵਧਣ ਵਾਲੀ ਪੀੜ੍ਹੀ ਤਿਆਰ ਕਰਨ ਵੱਲ ਹੋਰ ਸੰਜੀਦਾ ਹੋਣ ਦੀ ਲੋੜ ਹੈ।ਇਸ ਤਰਾਂ ਇਹ ਕਹਾਣੀ ਪ੍ਰਗਤੀਸ਼ੀਲ ਵਿਧਾ ਦੀ ਕਹਾਣੀ ਹੈ। ਜਿਸ ਵਿਚ ਚਾਹੇ ਸਭ ਬੀਬੀਆਂ ਉਸ ਬਾਬੇ ਦੇ ਚਰਨਾ ਵਿਚ ਸਿਰ ਨਿਵਾਂ ਕੇ ਆਪਣੇ ਪਰਿਵਾਰ ਅਤੇ ਬੱਚਿਆਂ ਦੀ ਤਰੱਕੀ ਲਈ ਅਸ਼ਰੀਵਾਦ ਲੈਣ ਲਈ ਲਾਈਨ ਵਿਚ ਲੱਗਕੇ ਇਕੋਂ ਜਿਹੀ ਸਮਝ ਦੇ ਬੇੜੀ ਵਿਚ ਸਵਾਰ ਹਨ। ਪਰ ਰਾਜੀ ਨਾਮ ਦੀ ਪਾਤਰ ਔਰਤ ਫਿਰ ਵੀ ਲਕੀਰ ਦੀ ਫਕੀਰੀ ਵਿਚੋਂ ਇੰਨਾਂ ਕੁ ਤਾਂ ਜਾਗਰੁਕ ਹੈ ਕਿ ਬੱਚਿਆਂ ਦੇ ਭਵਿੱਖ ਪੜਨ ਅਤੇ ਖੇਡਾ ਨਾਲ ਸਵਾਰੇ ਜਾਣੇ ਹਨ ਨਾ ਕਿ ਅਜਿਹੇ ਢੌਂਗੀ ਬਾਬਿਆਂ ਦੇ ਚਰਨਾ ਵਿਚ ਬੈਠ ਕੇ। ਬਿਮਾਰ ਸਮਾਜਾਂ ਵਿਚ ਜਾਗਰਤੀ ਇਸੇ ਢੰਗ ਨਾਲ ਹੋਲੀ ਹੌਲੀ ਆਉਂਦੀ ਹੈ ਨਾ ਕਿ ਡੰਕੇ ਦੀ ਚੋਟ ਤੇ।
‘ਨਰਾਜ਼ਗੀ’ ਕਹਾਣੀ ਵੀ ਸਾਡੇ ਬਿਮਾਰ ਸਮਾਜ ਦੀ ਰਗ ਤੇ ਹੱਥ ਮੁੱਖ ਪਾਤਰ ਜੈਨਟ ਰਾਹੀਂ ਰੱਖਦੀ ਹੈ। ਇਸ ਕਹਾਣੀ ਵਿਚ ਸਾਡੀ Eਸ ਮਾਨਸਿਕਤਾ ਦਾ ਪ੍ਰਗਟਾਵਾ ਸਾਡੀਆਂ ਉਹਨਾਂ ਵੱਡੀ ਉਮਰ ਦੀਆਂ ਬਜ਼ੁਰਗ ਔਰਤਾਂ ਰਾਹੀਂ ਕੀਤਾ ਗਿਆ ਹੈ ਜੋ ਕਨੇਡਾ ਵਿਚ ਰਹਿੰਦੀਆਂ ਹਨ ਅਤੇ ਪਾਰਕਾਂ ਵਿਚ ਮੇਲ-ਮਿਲਾਪ, ਗੱਪਸ਼ੱਪ ਅਤੇ ਸਮਾਂ ਲੰਘਾਉਣ ਲਈ ਇੱਠੀਆਂ ਹੁੰਦੀਆਂ ਹਨ। ਸਰ੍ਹੀ, ਕਨੇਡਾ ਦੇ ਹੈਲਥ-ਕੇਅਰ ਸੈਂਟਰ ਨਾਲ ਕੰਮ ਕਰਦੀ ਇਹ ਕਾਲੀ ਲੜਕੀ ਜੈਨਟ ਆਪਣੀ ਗਾਹਕ ਪੰਜਾਬਣ ਬਜ਼ਰੁਗ ਔਰਤ ਹਰਬੰਸ ਕੌਰ ਨੂੰ ਆਪਣੀ ਜੌਬ ਦੀ ਸੂਚੀ ਦੇ ਹਿਸਾਬ ਨਾਲ ਹਰ ਦਿਨ ਇਸ ਪਾਰਕ ਵਿਚ ਵੀਲ ਚੇਅਰ ਤੇ ਬਿਠਾ ਕੇ ਲੈ ਕੇ ਆਉਂਦੀ ਹੈ, ਸਾਡੀਆਂ ਬੀਬੀਆਂ ਉਸ ਕਾਲੀ ਲੜਕੀ ਨੂੰ ਉਸਦੇ ਰੰਗ ਅਤੇ ਕਾਲੀ ਕਮਿਊਨਟੀ ਵਿਚੋਂ ਹੋਣ ਕਰਕੇ ਬਿਲਕੁਲ ਵੀ ਪਸੰਦ ਨਹੀਂ ਕਰਦੀਆਂ। ਉਹ ਜਿਸ ਜਗਾਹ ਹਰਬੰਸ ਕੌਰ ਦੀ ਵੀਲ ਚੇਅਰ ਪਾਰਕ ਕਰਕੇ ਉਹਨਾਂ ਨਾਲ ਬੈਠਦੀ ਹੈ ਤਾਂ ਉਹ ਪਾਸੇ ਹੋ ਜਾਂਦੀਆਂ ਹਨ। ਸਾਰੀਆਂ ਹੀ ਕਾਲੇ ਰੰਗ ਕਰਕੇ ਮਜ਼ਾਕ ਨਾਲ ਇਕ ਦੂਸਰੇ ਨਾਲ ਗੱਲਾਂ ਕਰਦੀਆਂ ਹਨ ਅਤੇ ਉਹਨਾਂ ਦੇ ਰੋਜ਼ਾਨਾਂ ਦੇ ਹਾਸੇ ਅਤੇ ਮਜਾਕ ਤੋਂ ਉਹ ਬਹੁਤ ਮਾਯੂਸ ਹੁੰਦੀ ਹੈ ਪਰ ਜੌਬ ਨਵੀਂ ਹੋਣ ਕਰਕੇ ਉਸ ਨੂੰ ਕੰਮ ਵੱਲੋਂ ਇਹ ਵੀ ਸੁਵਿਧਾ ਨਹੀਂ ਕਿ ਉਹ ਪੰਜਾਬੀ ਬਜ਼ੁਰਗ ਔਰਤ ਦੀ ਕੇਅਰ ਟੇਕਰ ਦੀ ਥਾਂ ਕਿਸੇ ਹੋਰ ਘਰ ਜਾਵੇ। ਪਰ ਨਿੱਤ ਦਿਨ ਦੇ ਇਸ ਵਿਤਕਰੇ ਅਤੇ ਮਜ਼ਾਕ ਤੋਂ ਉਹ ਬਹੁਤ ਮਾਯੂਸ ਹੈ ਅਤੇ ਇਕ ਹੋਰ ਪੰਜਾਬੀ ਕੇਅਰ ਟੇਕਰ ਜਸਮੀਤ ਜੋ ਕਿਸੇ ਹੋਰ ਔਰਤ ਨੂੰ ਉੱਥੇ ਲੈ ਕੇ ਆਉਂਣਾ ਸੁਰੂ ਕਰਦੀ ਹੈ ਉਹ ਉਸ ਕੋਲ ਸਾਰੇ ਰਾਜ ਖੋਲਦੀ ਹੈ ਕਿ ਕਿਸ ਤਰ੍ਹਾਂ ਇਹ ਔਰਤਾਂ ਮੇਰੇ ਬਾਰੇ ਕੀ-ਕੀ ਕਹਿੰਦੀਆਂ ਹਨ ਜੋ ਇੱਥੇ ਖੇਡਦੇ ਤੁਹਾਡੀ ਕਮਿਉਨਟੀ ਦੇ ਬੱਚੇ ਮੈਂਨੂੰ ਸਭ ਕੁਝ ਦਸ ਦਿੰਦੇ ਹਨ।
ਕਹਾਣੀ ਉਦੋਂ ਵੱਖਰੇ ਮੋੜ ਤੇ ਪਹੁੰਚਦੀ ਜਦੋਂ ਜੈਨਟ ਦੱਸਦੀ ਹੈ ਕਿ ਉਹ ਇੱਕ ਪੰਜਾਬੀ ਮੁੰਡੇ ਨੂੰ ਪਿਆਰ ਕਰਦੀ ਹੈ ਜੋ ਇੱਥੇ ਕੱਚਾ ਹੈ ਅਤੇ ਉਹ ਉਸਨੂੰ ਬਹੁਤ ਪਿਆਰ ਕਰਦਾ ਹੈ। ਉਸਦੇ ਪੰਜਾਬ ਵਿਚ ਰਹਿੰਦੇ ਮਾਪੇ ਵੀ ਬਹੁਤ ਚੰਗੇ ਹਨ ਅਤੇ ਮੈਂਨੂੰ ਇੰਨਾ ਪਿਆਰ ਕਰਦੇ ਹਨ ਕਿ ਬਹੁਤ ਸਾਰੇ ਗਿਫ਼ਟ ਭੇਜਦੇ ਰਹਿੰਦੇ ਹਨ। ਜਦੋਂ ਸਾਡਾ ਵਿਆਹ ਹੋ ਗਿਆ ਤਾਂ ਉਹਨਾਂ ਨੇ ਘਰ ਲੈਣ ਲਈ ਸਾਨੂੰ ਇੱਕ ਲੱਖ ਡਾਲਰ ਵੀ ਭੇਜਣਾ ਹੈ। ਇਹ ਸੁਣਕੇ ਜਸਮੀਤ ਦਾ ਮੱਥਾ ਠਣਕਦਾ ਹੈ ਕਿ ਇਹ ਤਾਂ ਸਿਰਫ਼ ਪੱਕੇ ਹੋਣ ਲਈ ਉਸ ਲੜਕੇ ਅਤੇ ਉਸਦੇ ਪਰਿਵਾਰ ਵੱਲੋਂ ਬੁਣਿਆ ਜਾਲ ਹੋ ਸਕਦਾ ਹੈ। ਇੱਥੇ ਕਹਾਣੀ ਵਿਚ ਸਾਡੀ ਲਾਲਚੀ, ਸਵਾਰਥ ਵਾਲੀ ਸੋਚ ਦਾ ਪ੍ਰਗਟਾਵਾ ਹੈ ਕਿ ਇਕ ਪਾਸੇ ਸਾਡੇ ਸਮਾਜ ਵਿਚ ਕਾਲੀ ਕਮਿਉਨਟੀ ਦੀ ਲੜਕੀ ਮਜ਼ਾਕ ਦਾ ਪਾਤਰ ਹੈ ਅਤੇ ਦੂਸਰੇ ਪਾਸੇ ਲੜਕੇ ਦੇ ਪੱਕੇ ਹੋਣ ਦੀ ਲੋੜ ਕਰਕੇ ਉਸਨੂੰ ਨੂੰਹ ਬਣਾਇਆ ਜਾ ਰਿਹਾ ਹੈ। ਪਰ ਨੂੰਹ ਬਣਨ ਤੇ ਅੱਗੇ ਕੀ ਉਹ ਲੜਕੇ ਦੇ ਪਰਿਵਾਰ ਨੂੰ ਹਮੇਸ਼ਾ ਲਈ ਸਵੀਕਰ ਹੋਵੇਗੀ ਜਾਂ ਮਤਲਬ ਪੂਰਾ ਹੋਣ ਤੇ ਸਭ ਖ਼ਤਮ ਹੋ ਜਾਵੇਗਾ ਚਾਹੇ ਕਹਾਣੀ ਵਿਚ ਇਹ ਪ੍ਰਤੱਖ ਨਹੀਂ ਪਰ ਜਸਮੀਤ ਦਾ ਮੱਥਾ ਠਣਕਣਾ ਕਿ ਉਸ ਭੋਲੀ ਜਿਹੀ ਕਾਲੀ ਲੜਕੀ ਜੋ ਬਹੁਤ ਇਮਾਨਦਾਰ ਦਿਸਦੀ ਹੈ ਨੂੰ ਵਰਤਿਆ ਜਾਵੇਗਾ।ਇਹ ਦਿਖਾਉਂਦਾ ਹੈ ਕਿ ਅਸੀਂ ਸਵਾਰਥ ਲਈ ਕਿੱਥੋਂ ਤੱਕ ਜਾ ਸਕਦੇ। ਦੂਸਰੇ ਪਾਸੇ ਉਹ ਕਾਲੀ ਲੜਕੀ ਜੈਨਟ ਸਾਡੇ ਇਹਨਾਂ ਵਰਤਾਰਿਆਂ ਤੋਂ ਬੇਖਬਰ ਅਤੇ ਦਿਲ ਤੋਂ ਸਾਡੀ ਕਮਿਊਨਟੀ ਨਾਲ ਇਸ ਕਹਾਣੀ ਵਿਚ ਜੁੜੀ ਹੋਈ ਮਹਿਸੂਸ ਹੁੰਦੀ ਹੈ ਕਿਉਂਕਿ ਉਹ ਪੰਜਾਬੀ ਪਰਿਵਾਰ ਦੀ ਨੂੰਹ ਬਨਣ ਜਾ ਰਹੀ ਹੈ ਇਸ ਕਰਕੇ ਉਹ ਉਸ ਇਸ ਏਰੀਏ ਵਿਚ ਮੂਵ ਹੋਣਾ ਚਾਹੁੰਦੀ ਹੈ। ਉਹ ਪੰਜਾਬੀ ਕਮਿਉਨਟੀ ਦੇ ਹਰ ਦੁੱਖ-ਸੁੱਖ ਵਿਚ ਅਪਾਣੇ-ਆਪ ਨੂੰ ਦਿਲੋਂ ਸ਼ਾਮਿਲ ਕਰੀ ਬੈਠੀ ਹੈ। ਕਹਾਣੀ ਇਥੇ ਖਤਮ ਹੁੰਦੀ ਹੈ ਕਿ ਇਕ ਦਿਨ ਜਦੋਂ ਉਹ ਆਪਣੀ ਕਲਾਈਟ ਹਰਬੰਸ ਕੌਰ ਨੂੰ ਪਾਰਕ ਵਿਚ ਲੈ ਕੇ ਆਉਂਦੀ ਹੈ ਤਾਂ ਬਹੁਤ ਉਦਾਸ ਦਿਖ ਰਹੀ ਹੈ, ਚਾਹੇ ਜਸਮੀਨ ਦੇ ਦਿਲ ਦੀ ਤਾਰ ਇੱਥੇ ਵੱਜਦੀ ਹੈ ਕਿ ਸ਼ਇਦ ਇਸਦਾ ਪੰਜਾਬੀ ਬੁਆਏ ਫਰੈਡ ਧੋਖਾ ਦੇ ਗਿਆ ਹੋਵੇਗਾ। ਪਰ ਜੈਨਟ ਉੱਚੀ-ਉੱਚੀ ਰੋਣ ਲੱਗਦੀ। ਉਸਨੰ ਰੋਦੀ ਨੂੰ ਦੇਖ ਪਾਰਕ ਵਿਚ ਬੈਠੀਆਂ ਪੰਜਾਬੀ ਬੀਬੀਆਂ ਇੱਕ ਦੂਸਰੇ ਵੱਲ ਦੇਖ ਕੇ ਹੱਸਣ ਲੱਗਦੀਆਂ ਹਨ। ਜੈਨਟ ਇੱਕਦਮ ਉੱਠ ਕੇ ਉਹਨਾਂ ਕੋਲ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਤੁਹਾਨੂੰ ਹੱਸਣ, ਦੂਸਰਿਆਂ ਦਾ ਮਜ਼ਾਕ ਉਡਾਉਣ ਤੇ ਚੁਗਲੀਆਂ ਕਰਨ ਤੋਂ ਬਿਨਾ ਕੁਝ ਨਹੀਂ ਆਉਂਦਾ। ਕੀ ਤੁਹਾਨੂੰ ਪਤਾ ਹੈ ਅੱਜ ਤੁਹਾਡੀ ਕਮਿਊਨਟੀ ਵਿਚ ਕੀ ਹੋਇਆ ਹੈ?
“ ਅੱਜ ਤੁਹਾਡੀ ਹੀ ਉਮਰ ਦੀ ਇਕ ਔਰਤ ਨੂੰ ਉਸਦੇ ਪਤੀ ਨੇ ਬੜੀ ਬੇਰਹਿਮੀ ਨਾਲ ਪ੍ਰੈਸਾ ਲਾ-ਲਾ ਕੇ ਮਾਰ ਦਿੱਤਾ ਹੈ”
‘ਨਰਾਜ਼ਗੀ’ ਕਹਾਣੀ ਵਿਚੋਂ ਸਾਡੀ ਕਮਿਉਨਟੀ ਬਾਰੇ ਕਈ ਸਵਾਲ ਪੈਦਾ ਹੁੰਦੇ ਹਨ ਕਿ ਬਾਬੇ ਗੁਰੂ ਨਾਨਕ ਦੇਵ ਜੀ ਦਾ ਏਕ Eਕਾਰ ਦਾ ਸਿਧਾਂਤ ਅਸੀਂ ਅਜੇ ਤੱਕ ਨਹੀਂ ਸਮਝਿਆ, ਚਾਹੇ ਉੁਂਝ ਬਾਬੇ ਤੇ ਅਸੀਂ ਕਬਜ਼ਾਕਾਰ ਬਣੇ ਬੈਠੇ ਹਾਂ। ਨਵੀਂ ਪੀੜੀ ਦੇ ਮਾੜੇ ਕੰਮਾਂ, ਗਲਤ ਵਿਹਾਰ, ਘਟੀਆ ਸੋਚ ਲਈ ਪਿਛਲੀਆਂ ਦੋ ਪੀੜੀਆਂ ਜਿ਼ੰਮੇਵਾਰ ਹੁੰਦੀਆਂ ਹਨ। ਕਿਉਂਕਿ ਬੱਚਾ ਜੇਕਰ ਪਰੈਕਟੀਕਲ ਸਿੱਖਦਾ ਹੈ ਤਾਂ ਉਹ ਮਾਂ-ਬਾਪ ਅਤੇ ਦਾਦਾ-ਦਾਦੀ ਨੂੰ ਜੋ ਕਰਦੇ ਦੇਖਦਾ ਹੈ ਉਸਦਾ ਪ੍ਰਭਾਵ ਕਬੂਲਦਾ ਹੈ। ਪਰ ਇਸ ਕਹਾਣੀ ਦੇ ਅਣਕਹੇ ਸ਼ਬਦਾ ਦੇ ਅਰਥ ਸਮਝੀਏ ਤਾਂ ਕਨੇਡਾ, ਅਮਰੀਕਾ, ਅਸਟਰੇਲੀਆਂ ਅਤੇ ਹੋਰ ਦੇਸ਼ਾਂ ਵਿਚ ਪਰਿਵਾਰਾਂ ਸਮੇਤ ਵਸੇ ਅਸੀਂ ਪੁਰਣੇ ਰੀਤੀ-ਰਿਵਾਜ਼ਾਂ, ਜਾਤ-ਪਾਤ, ਲੋੜੋ ਵੱਧ ਲਾਲਚ, ਬੇਅਰਥੀਆਂ ਪਰੰਪਰਾਵਾਂ ਨਾਲ ਹੀ ਚੁੱਕੇ ਫਿਰਦੇ ਹਾਂ। ਮਾਪੇ ਵੱਡੇ ਘਰਾਂ ਦੀਆਂ ਕਿਸ਼ਤਾਂ ਵਿਚ ਉਲਝੇ ਕੰਮਾਂ ਤੇ ਉਮਰ ਲੰਘਾ ਰਹੇ ਹਨ, ਦਾਦੀਆਂ ਨਾਨੀਆਂ ਬੱਚੇ ਸਾਂਭਦੀਆਂ ਤੇ ਗਲ ਪਿਆ ਢੋਲ ਵਜਾਉਂਦੀਆਂ ਸ਼ਾਮ ਨੂੰ ਮਨ ਹੌਲਾ ਕਰਨ ਲਈ ਪਾਰਕਾਂ ਵਿਚ ਚੁਗਲੀਆਂ ਕਰਨ ਚਲੀਆਂ ਜਾਂਦੀਆਂ ਹਨ। ਬਾਬੇ-ਦਾਦੇ ਸਾਰਾ ਦਿਨ ਕਮਿਊਨਟੀ ਸੈਟਰਾਂ ਵਿਚ ਤਾਸ਼ ਕੁੱਟਦੇ ਤੇ ਪਿਛਲੀ ਸਿਆਸਤ ਦੀਆਂ ਗੱਲਾਂ ਕਰਦੇ ਹਨ। ਨਵੀਂ ਪੀੜੀ ਨੂੰ ਨਾ ਕਿਸੇ ਨੇ ਕੋਲ ਬਹਿਕੇ ਨਿੱਗਰ ਵਿਰਸੇ ਦੇ ਰੰਗ ਸਮਝਾਏ, ਨਾ ਇਤਿਹਾਸ ਦੱਸਿਆ, ਨਾ ਖਾਣ, ਬਹਿਣ, ਸੌਣ-ਜਾਗਣ ਦੇ ਜਾਬਤੇ ਸਿਖਾਏ, ਇਸੇ ਕਰਕੇ ਉਹ ਬੇ-ਲਗਾਮ, ਬੇ-ਲਿਜਾਹ ਹੋਈ ਗੈਗਵਾਰਾਂ ਲੜਦੀ, ਨਸ਼ੇ ਕਰਦੀ, ਮਹਿੰਗੀਆਂ ਕਾਰਾਂ ਦੀਆਂ ਰੇਸਾਂ ਦਿੰਦੀ ਤੇ ਠਾਹ-ਠੂਹ ਕਰਦੀ ਫਿਰਦੀ ਹੈ। ਪਰ ਸਾਡੀ ਖਾਸ ਕਰਕੇ ਪੰਜਾਬੀ ਅਤੇ ਇਹਨਾਂ ਵਿਚੋਂ ਸਿੱਖ ਕੌਮ ਦੀ ਇਹ ਧਾਰਨਾ ਹੈ ਕਿ ਪੰਜਾਬ ਵਿਚ ਸਾਨੂੰ ਘੱਟ ਗਿਣਤੀ ਨੂੰ ਜਾਣਕੇ ਖਰਾਬ ਕਰਨ ਲਈ ਸਾਡੇ ਨੌਜਵਾਨ ਨਸ਼ੇ ਤੇ ਲਾਏ ਜਾਂਦੇ ਹਨ। ਪਰ ਕਨੇਡਾ ਅਮਰੀਕਾ ਵਿਚ ਤਾਂ ਸਾਡੇ ਨਾਲ ਹੁਣ ਵਿਤਕਰਾ ਨਹੀਂ। ਇੱਥੇ ਕੌਣ ਜਿੰ਼ਮੇਵਾਰ ਹੈ ਇਸ ਬਾਰੇ ਅਸੀਂ ਚੁੱਪ ਹਾਂ?
‘ਸਾਜਨ ਕੀ ਬੇਟੀਆਂ’ ਕਹਾਣੀ ਜੋ ਇਸ ਕਿਤਾਬ ਦੀ ਟਾਈਟਲ ਕਹਾਣੀ ਵੀ ਹੈ ਅਤੇ ਸਰਸਰੀ ਨਜ਼ਰੇ ਪੜਕੇ ਤਾਂ ਸਧਾਰਨ ਜਿਹੀ ਕਹਾਣੀ ਲੱਗੀ ਹੈ। ਪਰ ਇਹ ਕਾਹਣੀ ਅਸਲ ਵਿਚ ਕਈ ਗੰਭੀਰ ਮੁੱਦੇ ਪੈਦਾ ਕਰਦੀ ਹੈ ਜੋ ਸਾਡਾ ਧਿਆਨ ਮੰਗਦੇ ਹਨ। ਕਨੇਡਾ ਵਿਚ ਆ ਕੇ ਵਸੀ ਮਨਦੀਪ ਕੌਰ ਸੇਖੋਂ ਨਾਮ ਦੀ ਲੜਕੀ ਦੀ ਕਹਾਣੀ ਹੈ ਜੋ ਇੰਡੀਆ ਵਿਚ ਐੱਮ ਏ ਅਤੇ ਐੱਮ ਐੱਡ ਤੱਕ ਪੜੀ ਅਤੇ ਪਰਾਈਵੇਟ ਸਕੂਲ ਵਿਚ ਪੰਜਾਬੀ ਦੀ ਅਧਿਆਪਕਾ ਸੀ। ਕਨੇਡਾ ਆਕੇ ਉਹ ਕਈ ਕੰਮ ਕਰਦੀ ਹੈ ਪਰ ਉਸਨੂੰ ਹਰ ਕੰਮ ਆਪਣੀ ਪੜਾਈ ਅਤੇ ਸੁਭਾਅ ਅਨੁਸਾਰ ਠੀਕ ਨਹੀਂ ਲੱਗਦਾ ਅਤੇ ਉਹ ਕਈ ਕੰਮ ਬਦਲਦੀ ਹੈ। ਕਨੇਡਾ ਵਿਚ ਚੱਲ ਰਹੇ ਇਕ ਸਿੱਖ ਪ੍ਰਬੰਧ ਅਧੀਨ ਪਰਾਈਵੇਟ ਸਕੂਲ ਵਿਚ ਪੰਜਾਬੀ ਟੀਚਰ ਦੀ ਪੋਸਟ ਨਿਕਲਦੀ ਤਾਂ ਮਨਦੀਪ ਕੌਰ ਅਪਲਾਈ ਕਰਦੀ ਹੈ ਪਰ ਜੌਬ ਦੀ ਇੰਟਰਵਿਊ ਦੌਰਾਨ ਪ੍ਰਿੰਸੀਪਲ ਤੋਂ ਉਸਨੂੰ ਪਤਾ ਲੱਗਦਾ ਹੈ ਕਿ ਇੰਡੀਆਂ ਦੇ ਸਰਟੀਫਿਕੇਟ ਅਤੇ ਡਿਗਰੀ ਨਾਲ ਸਿੱਧੇ ਟੀਚਰ ਨਹੀਂ ਲੱਗਿਆ ਜਾ ਸਕਦਾ। ਸਰਟੀਫਿਕੇਟ ਈਵੈਲੁਏਟ ਕਰਵਾਉਣੇ ਅਤੇ ਇੱਥੋਂ ਦੇ ਨਿਯਮਾਂ ਅਨੁਸਾਰ ਟੀਚਰ ਦਾ ਟੈਸਟ ਪਾਸ ਕਰਨਾ ਪਵੇਗਾ। ਇਸ ਦਾ ਪਤਾ ਲੱਗਣ ਤੇ ਉਹ ਇਹ ਸਭ ਜਲਦੀ ਹੀ ਕਰ ਲੈਣ ਦਾ ਵਾਅਦਾ ਕਰਦੀ ਹੈ ਕਿਉਂਕਿ ਉਸਨੂੰ ਆਪਣੀ ਐਜ਼ੂਕੁਸ਼ਨ ਅਤੇ ਪੜਾਈ ਦਾ ਤਜ਼ਰਬਾ ਹੋਣ ਕਰਕੇ ਟੈਸਟ ਪਾਸ ਕਰਨਾ ਔਖਾ ਨਹੀਂ ਲੱਗਦਾ। ਪਰ ਪ੍ਰਿੰਸੀਪਲ ਫੇਰ ਇਕ ਹੋਰ ਸ਼ਰਤ ਰੱਖਦਾ ਹੈ ਕਿ ਇਸ ਸਕੂਲ ਵਿਚ ਪੰਜਾਬੀ ਪੜਾਉਣ ਵਾਲੇ ਟੀਚਰ ਲਈ ਅੰਮ੍ਰਿਤ ਛਕਣਾ ਜਰੂਰੀ ਹੈ। ਇਸ ਤਰ੍ਹਾਂ ਇਹ ਕਨੇਡਾ ਵਿਚ ਕੱਟੜਤਾ ਅਧੀਨ ਪੰਜਾਬੀ ਬੋਲੀ ਤੇ ਕਬਜ਼ਾਕਾਰ ਕੁਝ ਇਕ ਕੱਟੜ ਲੋਕਾਂ ਵੱਲੋਂ ਬਣਾਇਆ ਬਿਨਾਂ ਕਿਸੇ ਅਧਾਰ ਦਾ ਨਿਯਮ ਹੈ ਤਾਂ ਕਿ ਆਉਣ ਵਾਲੇ ਸਮੇਂ ਵਿਚ ਪੰਜਾਬੀ ਬੋਲੀ ਉੱਪਰ ਪੂਰੀ ਤਰਾਂ ਸਿਰਫ ਸਿੱਖ ਧਾਰਮਿਕ ਫਿਰਕੇ ਦੀ ਬੋਲੀ ਹੋਣ ਦਾ ਲੇਬਲ ਲੱਗ ਜਾਵੇ ਅਤੇ ਇਹ ਬੋਲੀ ਤੇ ਬੋਲੀ ਨਾਲ ਜੁੜਿਆ ਧਰਮ ਹੋਰ ਸੁੰਗੜ ਜਾਵੇ। ਕਹਾਣੀ ਦਾ ਇਹ ਵਿਸ਼ਾ ਵੀ ਹੋਰ ਵਿਚਾਰ ਮੰਗਦਾ ਹੈ ਕਿ ਇਹ ਕੌਣ ਲੋਕ ਹਨ ਜਿਹਨਾਂ ਦੀ ਸੋਚ ਇਸ ਬੋਲੀ ਦੇ ਖੇਤਰ ਨੂੰ ਸੀਮਤ ਕਰਨ ਵਿਚ ਰੁਚੀ ਰੱਖਦੀ ਹਾਂ।
ਇੱਕ ਰਿਟਾਇਰਡ ਕਰਨਲ ਸਾਹਿਬ ਜੋ ਪਾਕਿਸਤਾਨ ਪਿਛੋਕੜ ਦਾ ਬਜ਼ੁਰਗ ਹੈ ਅਤੇ ਕਨੇਡਾ ਵਿਚ ਆਪਣੇ ਘਰ ਵਿਚ ਹੈਲਥ-ਕੇਅਰ ਟੇਕਰ ਦੇ ਸਹਾਰੇ ਜੀਵਨ ਗੁਜ਼ਾਰ ਰਿਹਾ ਹੈ ਅਤੇ ਖੁਦ ਉੱਠਣ ਅਤੇ ਤੁਰਨ ਫਿਰਨ ਦੀ ਹਾਲਤ ਵਿਚ ਨਹੀਂ, ਉਹ ਆਪਣੇ ਘਰ ਵਿਚ ਉਸ ਨੂੰ ਖਾਣਾ ਖਵਾਉਣ, ਨਵਾਉਣ, ਸਫਾਈ ਦਾ ਕੰਮ ਕਰਨ ਆਉਂਦੀਆਂ ਮਨਦੀਪ ਕੌਰ ਅਤੇ ਇਸ ਵਰਗੀਆਂ ਹੋਰ ਹੈਲਥ ਕੇਅਰ ਵਾਲੀਆਂ ਲੜਕੀਆਂ ਨੂੰ ‘ਸਾਜਨ ਕੀ ਬੇਟੀਆਂ’ ਦੇ ਨਾਮ ਨਾਲ ਪੁਕਾਰਦਾ ਹੈ। ਮਨਦੀਪ ਜਦੋਂ ਇਸ ਦਾ ਅਰਥ ਪੁੱਛਦੀ ਹੈ ਤਾਂ ਉਹ ਦੱਸਦਾ ਹੈ-
“ਸਾਜਨ ਕੀ ਬੇਟੀਆਂ ਬਲੇ ਗਰਾਂ ਕੀ ਲੜਕੀਆਂ ਕੋ ਆਖਤੇ ਹੈਂ।”
ਉਰਦੂ ਕੀ ਏਕ ਕਹਾਵਤ।
“ਸਾਜਨ ਕੀ ਬੇਟੀਆਂ ਕੋ ਬੇਜਨਾ
ਜੋ ਰਾਖੇ ਲਾਜ ਪੰਚੋਂ ਕੀ”
“ਜੋ ਲੜਕੀਆਂ ਸਿਆਨੇ ਆਦਮੀਆਂ ਕੀ ਇੱਜ਼ਤ ਕਾ ਖਿਆਲ ਰਖਤੀਆਂ ਨੇ ਉਨ ਕੋ ਸਾਜਨ ਕੀ ਬੇਟੀਆਂ ਕਹਾ ਜਾਤਾ ਹੈ।”
ਹੁਣ ਇਸ ਨੂੰ ਆਮ ਜਿਹਾ ਸੋਚੀਏ ਤਾਂ ਕਿਹਾ ਸਕਦਾ ਹੈ ਕਿ ਬਜ਼ੁਰਗਾ ਦਾ ਖਿਆਲ ਰੱਖਣਾ ਉਹਨਾਂ ਦੀ ਨੌਕਰੀ ਹੈ ਅਤੇ ਉਹਨਾਂ ਨੂੰ ਇਸ ਕੰਮ ਦੇ ਪੈਸੇ ਮਿਲਦੇ ਹਨ ਤੇ ਇਸੇ ਕਰਕੇ ਖਿਆਲ ਰੱਖਦੀਆਂ ਨੇ। ਪਰ ਜੋ ਨੌਕਰੀ ਨੂੰ ਸਿਰਫ ਨੌਕਰੀ ਸਮਝਕੇ ਕਰਦੇ ਹਨ ਉਹਨਾਂ ਵਿਚ ਮਾਲਕ ਕਾਮੇ ਦਾ ਇਕ ਸਿੱਧਾ ਅਤੇ ਸਪੱਸ਼ਟ ਜਿਹਾ ਰਿਸ਼ਤਾ ਹੁੰਦਾ ਹੈ। ਪਰ ਜਦੋਂ ਕੋਈ ਆਪਣੇ ਕੰਮ ਨੂੰ ਕੰਮ ਨਾਲੋਂ ਵੱਧ ਸਮਝਕੇ ਕਰੇ ਤੇ ਹਮੇਸ਼ਾ ਇਮਾਨਦਾਰ ਰਹੇ, ਮਿਹਨਤੀ ਹੋਵੇ, ਦੂਸਰੇ ਦੇ ਕੰਮ ਨੂੰ ਆਪਣਾ ਕੰਮ ਸਮਝ ਕੇ ਕਰੇ ਤਾਂ ਇਕ ਹੋਰ ਇਨਸਾਨੀ ਪਿਆਰ ਅਤੇ ਅਪਣੱਤ ਦਾ ਰਿਸ਼ਤਾ ਬਣਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਨਦੀਪ ਕੌਰ ਅਤੇ ਸੈਂਕੜੇ ਮਨਦੀਪ ਸਿੰਘ ਹਨ ਜੋ ਕਨੇਡਾ ਵਰਗੇ ਦੇਸ਼ਾਂ ਵਿਚ ਬਹੁਤ ਸਾਰੀਆਂ ਡਿਗਰੀਆਂ ਲੈ ਕੇ ਆਏ ਪਰ ਉਹਨਾਂ ਨੂੰ ਨਿੱਤ ਦਿਨ ਦੀਆਂ ਲੋੜਾਂ ਕਰਕੇ, ਪਿਛਲੇ ਘਰ ਦੀ ਗਰੀਬੀ ਕੱਢਣ ਦੀ ਮਜਬੂਰੀ ਅਤੇ ਫ਼ਰਜ਼ ਕਰਕੇ, ਇੱਥੇ ਆਪਣਾ ਘਰ ਲੈਣ ਦੇ ਸੁਪਨੇ ਕਰਕੇ ਇੰਨਾ ਸਮਾਂ ਹੀ ਨਹੀ ਮਿਲਿਆ ਕਿ ਉਹ ਆਪਣੀ ਡਿਗਰੀ ਦੇ ਹਿਸਾਬ ਨਾਲ ਅੱਗੇ ਪੜ ਸਕਣ। ਪਰ ਉਹਨਾਂ ਨੇ ਜੋ ਕੰਮ ਮਿਲੇ ਕੀਤੇ, ਜੇਕਰ ਇਕ ਕੰਮ ਤੋ ਉਚਾਟ ਹੋਕੇ ਹੋਰ ਕੰਮ ਲੱਭੇ ਪਰ ਸਭ ਜਗਾਂ ਇਸ ਮਨਦੀਪ ਕੌਰ ਦੇ ਹਲਾਤਾਂ ਅਨੁਸਾਰ ਉਚਾਟ ਹੋਕੇ ਜੋ ਵੀ ਕੰਮ ਮਿਲਿਆ ਮਨ ਲਾ ਕੇ ਕੀਤਾ ਅਤੇ ਸਫ਼ਲਤਾ ਪ੍ਰਪਾਤ ਕੀਤੀ। ਇਸੇ ਕਰਕੇ ਜਦੋਂ ਕਰਨਲ ਸਾਹਿਬ ਉਸਨੂੰ ਸਾਜਨ ਕੀ ਬੇਟੀ ਕਹਿੰਦੇ ਹਨ ਤਾਂ ਉਸ ਨੂੰ ਬਹੁਤ ਖੁਸ਼ੀ ਹੁੰਦੀ ਹੈ ਅਤੇ ਉਹ ਇਸ ਗੱਲ ਨੂੰ ਭੱਲ ਜਾਂਦੀ ਹੈ ਕਿ ਕੰਮ ਉਸਦੀ ਸਿੱਖਿਆ ਦੇ ਲੈਵਲ ਤੋਂ ਥੱਲੇ ਹੈ। ਇਹ ਇਮਾਦਾਰੀ, ਮਿਹਨਤ ਕੰਮ ਕਰਨ ਦੀ ਲਗਨ ਕਾਰਨ ਹੀ ਪੰਜਾਬੀ ਕਨੇਡਾ ਵਾਗੇ ਦੇਸ਼ਾਂ ਵਿਚ ਸਫਲ ਹੋਏ ਹਨ ਅਤੇ ਕੰਮ ਦਾ ਲੋਹਾ ਮਨਵਾਇਆ ਹੈ।
ਕਹਾਣੀ ‘ਢਿੱਡ ਦਾ ਦਰਦ’ ਵੀ ਕਨੇਡਾ ਵਿਚ ਸਾਡੇ ਪੇਂਡੂ ਪਰਿਵਾਰਕ ਸਰੋਕਾਰਾਂ ਦੀ ਗੱਲ ਕਰਦੀ ਹੈ। ਪੰਜਾਬ ਵਿਚ ਅਸੀਂ ਵਿਆਹ ਸ਼ਾਦੀਆਂ ਸਭ ਰਲ ਕੇ ਮਨਾਉਂਦੇ ਹਾਂ ਪਰ ਕਨੇਡਾ ਵਿਚ ਆਕੇ ਰਿਸ਼ਤਿਆਂ ਵਿਚ ਨਿੱਕੀ ਜਿਹੀ ਗੱਲ ਤੇ ਈਗੋ ਆ ਜਾਂਦੀ ਹੈ ਕਿੳਂਕਿ ਹਰ ਕੋਈ ਆਪਣਾ ਕਮਾਉਂਦਾ ਹੈ। ਸਾਂਝੇ ਘਰ ਦੇ ਬਜ਼ੁਰਗ ਸਭ ਨੂੰ ਜੋੜਕੇ ਰੱਖਣ ਲਈ ਹੀਲੇ ਕਰਦੇ ਹਨ ਜਿਵੇਂ ਇਸ ਕਹਾਣੀ ਵਿਚ ਚੰਨਣ ਕੌਰ ਹੈ। ‘ਧੋਖਾ’ ਕਹਾਣੀ ਸਾਡੇ ਧਰਮ ਵਿਚ ਪਾਠ ਦੇ ਨਾਮ ਉੱਪਰ ਚੱਲ ਰਹੇ ਧੰਦੇ ਬਾਰੇ ਹੈ। ਲੇਖ ਦੀ ਲੰਬਾਈ ਨੂੰ ਧਿਆਨ ਵਿਚ ਰੱਖਦਿਆ ਇੱਥੇ ਹੀ ਬੰਦ ਕਰਦਾ ਹਾਂ।
ਆਸ ਹੈ ਕਿ ਜਸਬੀਰ ਮਾਨ ਆਉਣ ਵਾਲੇ ਸਮੇਂ ਵਿਚ ਸਾਡੇ ਪੰਜਬੀਆਂ ਦੇ ਪਰਵਾਸ, ਪਰਵਾਸ ਵਿਚਲੇ ਕੰਮ-ਕਾਰ ਅਤੇ ਜਿ਼ੰਦਗੀ, ਪੰਜਾਬੀ ਪਰਿਵਾਰਾਂ ਦੇ ਹੋਰ ਕਮਊਨਿਟੀਆਂ ਨਾਲ ਅਤੇ ਆਪਣੇ ਪਰਿਵਾਕ ਰਿਸ਼ਤਿਆਂ ਦੇ ਸਰੋਕਾਰਾਂ ਨੂੰ ਹੋਰ ਗਹਿਰਾਈ ਨਾਲ ਦੇਖਕੇ ਇਸ ਤੋਂ ਵੱਧ ਸ਼ਬਦੀ ਜੜ੍ਹਤ, ਬਿਰਤਾਂਤਕਾਰੀ, ਗੰਭੀਰ ਵਿਸਿ਼ਆਂ ਦੀਆਂ ਕਹਾਣੀਆਂ ਪੰਜਾਬੀ ਸਾਹਿਤ ਦੀ ਝੋਲੀ ਪਾਉਂਦੀ ਰਹੇਗੀ।
-
ਬਲਜਿੰਦਰ ਸੰਘਾ, Writer
sanghabal@yahoo.ca
403-680-3212
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.