ਵਿਜੈ ਗਰਗ
ਵਟਸਐਪ ਭਾਰਤ ਵਿਚ ਸੰਨ 2009 ਵਿਚ ਆਇਆ। ਅੱਜ ਹਰ ਭਾਸ਼ਾ 'ਚ ਵਟਸਐਪ ਗਰੁੱਪਾਂ ਦੀ ਭਰਮਾਰ ਹੈ। ਇਹ ਸਮੂਹ ਅਣਗਿਣਤ ਨਾਵਾਂ ਨਾਲ ਜਾਣੇ ਜਾਂਦੇ ਹਨ। ਜਿਵੇਂ: ਵੋਇਸ ਮੈਸਜ, ਚੈਟ, ਕਵਿਤਾ, ਗੀਤ, ਗ਼ਜ਼ਲ, ਭਾਸ਼ਾ,ਕਹਾਣੀ, ਅਖ਼ਬਾਰਾਂ, ਰਸਾਲੇ, ਸੂਚਨਾਵਾਂ, ਹਾਸੇ- ਠੰਡੇ, ਚੁਟਕਲੇ, ਬੁਝਾਰਤਾਂ ਸ਼ਾਇਰੀ, ਗੀਤ, ਸੰਗੀਤ, ਧਾਰਮਿਕ, ਸਮਾਜਿਕ, ਸਾਹਿਤਕ, ਸੱਭਿਆਚਾਰਕ, ਪ੍ਰਵਾਰਕ, ਆਦਿ ਬੇਅੰਤ ਕਿਸਮਾਂ ਤੇ ਵਿਸ਼ਿਆਂ, ਨਾਵਾਂ ਦੇ ਵਟਸਐਪ ਗਰੁੱਪ ਹਨ। ਸਾਥੀਓ ! ਪ੍ਰਸ਼ਨ ਪੈਦਾ ਹੁੰਦਾ ਹੈ ਕਿ ਵਟਸਐਪ ਗਰੁੱਪਾਂ ਦੀ ਲੋੜ ਕਿਉਂ ਪਈ? ਇਹਦੇ ਅਨੇਕਾਂ ਕਾਰਨ ਹੋ ਸਕਦੇ ਹਨ। ਜਿਵੇਂ:- ਮਨੁੱਖੀ ਰਿਸ਼ਤਿਆਂ ਵਿਚਾਲੇ ਨਿਤਾਪ੍ਰਤੀ ਨਿਘਾਰ ਆਉਣਾ, ਖੂਨ ਦੇ ਰਿਸ਼ਤਿਆਂ ਵਿੱਚ ਦੂਰੀਆਂ ਦਾ ਵਧਣਾ, ਨੌਜਵਾਨਾਂ ਦਾ ਵਿਦੇਸ਼ਾਂ ਵੱਲ ਭੱਜਣਾ, ਪਰਿਵਾਰਾਂ ਦਾ ਟੁੱਟਣਾ, ਵਿਅਕਤੀਗਤ ਜ਼ਿੰਦਗੀ ਨੂੰ ਤਰਜੀਹ ਮਿਲਣੀ, ਮੁੱਠੀ ਭਰ ਔਰਤਾਂ ਨੂੰ ਹਰ ਪੱਖੋਂ ਆਜ਼ਾਦੀ ਮਿਲਣੀ, ਘਰੇਲੂ ਕੰਮਾਂ ਲਈ ਕੰਮ ਕਰਨ ਵਾਲਿਆਂ ਦਾ ਸੰਖਿਆਂ ਹੀ ਮਿਲ ਜਾਣਾ ਆਦਿ ਅਨੇਕਾਂ ਕਾਰਣਾ ਕਰਕੇ ਵਟਸਐਪ ਯੂਨੀਵਰਸਿਟੀ ਹੱਦ ਵਿਚ ਆਈ। ਜਿਵੇਂ ਜਿਵੇਂ ਗਰੁੱਪਾਂ ਦੀ ਸੰਖਿਆ ਵਧੀ, ਉੱਥੇ ਉਹਦੇ ਮੈਂਬਰਾਂ ਦੀ ਗਿਣਤੀ ਵੀ ਵੱਧਦੀ ਗਈ। ਅੱਜ ਇਹਨਾਂ ਵਟਸਐਪ ਗਰੁੱਪਾਂ ਦੀ ਲੋਕ ਬਹੁਤ ਜ਼ਿਆਦਾ ਮਹਿਸੂਸ ਕਰਦੇ ਹਨ। ਹਰੇਕ ਗਰੁੱਪ 'ਚ ਜਿੱਥੇ ਖੂਬੀਆਂ ਹੁੰਦੀਆਂ ਹਨ। ਉੱਥੇ ਉਣਤਾਈਆਂ ਵੀ ਵੇਖਣ ਨੂੰ ਮਿਲਦੀਆਂ ਹਨ । ਇਹਨਾਂ ਦੇ ਲਾਭ ਤੇ ਮੈਨੂੰ ਘੱਟ ਦਿਸਦੇ ਨੇ। ਪਰ ਸਰੀਰਕ ਤੇ ਮਾਨਸਿਕ ਨੁਕਸਾਨ ਜ਼ਿਆਦਾ ਮਹਿਸੂਸ ਹੁੰਦੇ ਹਨ ।
ਸਾਥੀਓ ! ਸਭ ਤੋਂ ਔਖਾ ਕੰਮ ਹੁੰਦਾ ਹੈ। ਆਪਣੇ ਮੋਬਾਈਲ ਫੋਨ ਨੂੰ ਹੈਂਗ ਹੋਣ ਤੋਂ ਬਚਾਉਣਾ। ਉਸ ਲਈ ਰੋਜ਼ਾਨਾ ਆਏ ਮੌਸਮਾਂ ਨੂੰ ਡਿਲੀਟ ਕਰਨਾ ਵੀ ਕੋਈ ਸੌਖਾ ਨਹੀਂ ਹੁੰਦਾ ਖੂਬੀ ਇਹ ਹੈ ਕਿ ਜਿਨ੍ਹਾਂ ਕੋਲ ਸਮਾਂ ਹੁੰਦਾ ਹੈ। ਉਹ ਆਪਣੇ ਕੰਮਾਂ ਕਾਰਾਂ 'ਚੋਂ ਵੀ ਫੁਰਸਤ ਕੱਢ ਕੇ ਆਪਣੇ ਕੀਮਤੀ ਸਮੇਂ ਨੂੰ ਇੱਥੇ ਖ਼ਰਚ ਕਰ ਲੈਂਦੇ ਹਨ । ਨੌਕਰੀਆਂ ਤੋਂ ਸੇਵਾ-ਮੁਕਤ ਲੋਕ ਯਾ ਘਰ ਤੋਂ ਵਿਹਲੇ, ਭਾਵ ਜਿਨ੍ਹਾਂ ਕੋਲ ਵੀ ਸਮਾਂ ਹੈ। ਉਹਨਾਂ ਲਈ ਇਹ ਸਮੂਹ ਲਾਹੇਵੰਦ ਸਾਬਤ ਹੋ ਸਕਦੇ ਨੇ। ਉਹਨਾਂ ਨੂੰ ਇੱਕਲਾਪਾ ਮਹਿਸੂਸ ਨਹੀਂ ਹੁੰਦਾ। ਕੁਝ ਦਫ਼ਤਰਾਂ, ਸਕੂਲਾਂ ਵਾਲੇ ਵੀ ਆਪਣੇ ਸਮੂਹ ਬਣਾ ਲੈਂਦੇ ਹਨ।ਜਿੱਥੇ ਉਨ੍ਹਾਂ ਨੂੰ ਘਰ ਬੈਠੇ ਜ਼ਰੂਰੀ ਸੂਚਨਾਵਾਂ ਪ੍ਰਾਪਤ ਹੁੰਦੀਆਂ ਰਹਿੰਦੀਆਂ ਹਨ । ਆਪਸ ਵਿੱਚ ਹਲਕਾ - ਫੁਲਕਾ ਮੰਨੋਰੰਜਨ ਵੀ ਕਰਦੇ ਰਹਿੰਦੇ ਹਨ। ਇਹਨਾਂ ਦੇ ਗਰੁੱਪ ਐਡਮਿਨਜ਼ ਵੀ ਹੁੰਦੇ ਹਨ । ਜਿੰਨਾ ਦਾ ਕੰਮ ਗਰੁੱਪ ਦੇ ਨਿਯਮ ਬਣਾ ਕੇ,ਗਰੁੱਪ ਨੂੰ ਸੁਚੱਜੇ ਢੰਗ ਨਾਲ ਚਲਾਉਣਾ ਹੁੰਦਾ ਹੈ। ਨਵੇਂ ਮੈਂਬਰ ਸ਼ਾਮਲ ਕਰਨੇ ਤੇ ਜੇ ਉਸਦੇ ਬਣਾਏ ਨਿਯਮਾਂ ਅਨੁਸਾਰ ਨਹੀਂ ਚੱਲਦੇ ਉਹਨਾਂ ਨੂੰ ਗਰੁੱਪ ਤੋਂ ਬਾਹਰ ਕਰਨਾ ਆਦਿ। ਕਈ ਮੈਸਜ ਐਡਮਿਨ ਨੂੰ ਚੰਗਾ ਨਾ ਲੱਗੇ ਉਸ ਮੈਸਜ ਨੂੰ ਉਹ ਉਸੀ ਵਕਤ ਹਟਾ ਵੀ ਸਕਦੇ ਹਨ। ਕਿਸੇ ਕਿਸੇ ਗਰੁੱਪ 'ਚ ਕੁੱਝ ਸਵਾਰਥੀ ਮੈਂਬਰ ਵੀ ਸ਼ਾਮਲ ਹੋ ਜਾਂਦੇ ਹਨ। ਇਹ ਆਪਣੇ ਕੰਮਾਂ ਦੀ ਹੀ ਮਸ਼ਹੂਰੀ ਕਰਦੇ ਰਹਿੰਦੇ। ਉਹਨਾਂ ਨੂੰ ਵੀ ਸਮੂਹ ਤੋਂ ਬਾਹਰ ਕਰਨਾ ਐਡਮਿਨ ਦੀ ਮਜਬੂਰੀ ਬਣ ਜਾਂਦੀ ਹੈ।
ਕੁੱਝ ਅਜਿਹੇ ਠੱਗ ਵੀ ਗਰੁੱਪ 'ਚ ਭਰਤੀ ਹੋ ਜਾਂਦੇ ਨੇ, ਜੋ ਜ਼ਿਆਦਾਤਰ ਸੇਵਾ ਮੁਕਤ ਬਜ਼ੁਰਗਾਂ ਦੀਆਂ ਕੋਮਲ ਭਾਵਨਾਵਾਂ ਦਾ ਲਾਭ ਉਠਾ ਕੇ ਉਨ੍ਹਾਂ ਤੋਂ ਪੈਸੇ ਉਧਾਰ ਲੈ ਕੇ ਫਿਰ ਮੋੜਦੇ ਨਹੀਂ। ਹਰ ਗਰੁੱਪ ਐਡਮਿਨ 'ਚ ਥੋੜਾ ਬਹੁਤ ਹਉਮੈਂ, ਹੰਕਾਰ, ਈਰਖਾ ਤੇ ਕ੍ਰੋਧ ਦੇ ਵਿਕਾਰ ਵੀ ਹੁੰਦੇ ਹਨ। ਵਿਕਾਰਾਂ ਦੀ ਮਾਤਰਾ ਘੱਟ ਵੱਧ ਹੋ ਸਕਦੀ ਹੈ। ਸਾਰੇ ਐਡਮਿਨਜ਼ ਤੇ ਐਸੇ ਨਹੀਂ ਹੁੰਦੇ, ਪਰ ਬਹੁਤਾਂਤ ਵਿਚ ਅਜਿਹੇ ਹੀ ਮਿਲਣਗੇ। ਇਸੇ ਕਰਕੇ ਸਾਰੇ ਗਰੁੱਪ ਮੈਂਬਰਸ ਖ਼ਾਸ ਕਰ ਵੋਇਸ ਮੈਸਜ ਗਰੁੱਪ ਵਿਚ ਕੁੱਝ ਬੋਲਣ ਤੋਂ ਪਹਿਲਾਂ ਆਪਣੇ ਗਰੁੱਪ ਐਡਮਿਨਜ਼ ਦੇ ਗੁਣਗਾਨ ਕਰਦੇ ਹਨ। ਗਰੁੱਪ ਦਾ ਨਾਮ ਆਰੰਭ ਤੇ ਅੰਤ ਵਿਚ ਵੀ ਹਰੇਕ ਮੈਂਬਰ ਲਈ ਬੋਲਣਾ ਜ਼ਰੂਰੀ ਹੁੰਦਾ ਹੈ। ਬੋਲਣ ਵਾਲਾ ਆਪਣਾ ਨਾਮ ਵੀ ਆਪਣੇ ਮੂੰਹੋਂ ਉਚਾਰਦਾ ਹੈ। ਵੋਇਸ ਮੈਸਜ ਸਮੂਹ 'ਚ ਮੈਂਬਰਾਂ ਦੀ ਗਿਣਤੀ ਦਸ ਤੋਂ ਤੀਹ ਪੈਂਤੀ ਦੇ ਵਿਚ ਹੀ ਰਹਿੰਦੀ ਹੈ। ਬਾਕੀ ਸਮੂਹਾਂ 'ਚ ਪੰਜ ਤੋਂ ਲੈ ਕੇ 1023 ਤੱਕ ਮੈਂਬਰ ਰੱਖੇ ਜਾ ਸਕਦੇ ਹਨ । ਜ਼ਿਆਦਾਤਰ ਸਮੂਹ ਸਿੱਧੇ ਯਾ ਅਸਿੱਧੇ ਰੂਪ 'ਚ ਕਿਸੇ ਨ ਕਿਸੇ ਸਵਾਰਥ ਅਧੀਨ ਹੀ ਚੱਲ ਰਹੇ ਹਨ। ਪਿਆਰ, ਮੁਹੱਬਤ, ਸਨੇਹ ਤੇ ਸੁਹਿਰਦਤਾ ਘੱਟ ਤੇ ਈਰਖਾ, ਨਫ਼ਰਤ, ਸਾੜਾ ਤੇ ਸਵਾਰਥ ਜ਼ਿਆਦਾ ਦਿਖਾਈ ਦੇਂਦਾ ਹੈ। ਵੈਸੇ ਆਪਸੀ ਇਸ਼ਕ- ਮੁਸ਼ਕ, ਅੱਖ ਮਟਕਾ ਵੀ ਅੰਦਰ ਖਾਤੇ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਾਥੀਓ !ਇਹ ਗਰੁੱਪ ਬਣਾਏ ਤੇ ਮਨ ਦੇ ਸਕੂਨ ਲਈ ਜਾਂਦੇ ਨੇ, ਪਰ ਸਕੂਨ ਘੱਟ ਤੇ ਟੈਂਸ਼ਨ ਜ਼ਿਆਦਾ ਮਹਿਸੂਸ ਹੁੰਦੀ ਹੈ।
ਦੋਸਤੋ ! ਕਹਿਣ ਨੂੰ ਤਾਂ ਹਰ ਗਰੁੱਪ ਵਿਚ ਗਰੁੱਪ ਐਡਮਿਨਜ਼ ਦੁਆਰਾ ਕਿਹਾ ਜਾਂਦਾ ਕਿ ਇਹ ਗਰੁੱਪ ਇਕ ਪ੍ਰਵਾਰ ਹੈ। ਸਾਰੇ ਆਪਣੇ ਦੁੱਖ ਸੁੱਖ ਗਰੁੱਪ 'ਚ ਸਾਂਝੇ ਕਰ ਸਕਦੇ ਹਨ। ਪਰ ਹਕੀਕਤ ਵਿੱਚ ਕੁੱਝ ਹੋਰ ਹੀ ਹੁੰਦਾ ਹੈ। ਹੁਣ ਤੱਕ ਅਸੀਂ ਸਾਰਿਆਂ ਨੇ ਇਸ ਹਕੀਕਤ ਨੂੰ ਜਾਣ ਹੀ ਲਿਆ ਹੈ । ਦੋਸਤੋ ! ਐਸਾ ਨਾ ਹੋਵੇ ਕਿਤੇ ਜਾਣੇ ਅਣਜਾਣੇ ਵਿਚ ਅਸੀਂ ਆਪਣੇ ਤੇ ਆਪਣੇ ਪ੍ਰਵਾਰ ਦੀ ਪ੍ਰਾਈਵੇਸੀ ਹੀ ਗੁਆ ਬੈਠੀਏ।
ਸਾਥੀਓ !ਮੇਰਾ ਇੱਥੇ ਆਪ ਜੀ ਨਾਲ ਇੱਕ ਸਵਾਲ ਹੈ। ਕਿਉਂ ਨਾ ਅਸੀਂ ਕੁਪੋਸ਼ਣ ਦੇ ਸ਼ਿਕਾਰ ਹੋਏ ਬੱਚਿਆਂ ਤੇ ਔਰਤਾਂ ਬਾਰੇ ਸੋਚੀਏ। ਬਜ਼ੁਰਗ ਜੋ ਅਨਾਥ - ਆਸ਼ਰਮਾਂ 'ਚ ਪਏ ਹਨ। ਆਪ ਜੀ ਦੇ ਆਂਢ ਗੁਆਂਢ ਬੈਠੇ ਹਨ। ਆਪ ਜੀ ਦੇ ਘਰ ਪਰਿਵਾਰ 'ਚ ਬੈਠੇ ਹਨ। ਆਪ ਜੀ ਨਾਲ ਗੱਲ ਕਰਨ ਨੂੰ ਤਰਸਦੇ ਪਏ ਹਨ। ਉਨ੍ਹਾਂ ਨਾਲ ਦੇ ਚਾਰ ਪਲ ਗੱਲਾਂ ਬਾਤਾਂ ਕਰ ਕੇ ਉਨ੍ਹਾਂ ਦੇ ਚਿਹਰਿਆਂ ਤੇ ਮੁਸਕਾਨ ਲਿਆ ਸਕੀਏ। ਬਹੁਤ ਲੋਕ ਧਰਮ ਅਸਥਾਨਾਂ ਦੇ ਬਾਹਰ ਬੈਠੇ ਹਨ ਅਤੇ ਬਹੁਤ ਸੜਕਾਂ ਤੇ ਰਾਤ ਕੱਟਣ ਨੂੰ ਮਜਬੂਰ ਹਨ। ਇੱਕ ਚੰਗੇ ਇਨਸਾਨ ਇੱਕ ਚੰਗਾ ਨਾਗਰਿਕ ਹੋਣ ਦੇ ਨਾਤੇ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਇਹਨਾਂ ਬਾਰੇ ਜੋ ਵੀ ਉਪਰਾਲਾ ਕਰ ਸਕਦੇ ਹਾਂ ਉਹ ਕਰੀਏ। ਦੋਸਤੋ ! ਕੇਵਿਡ ਦੀ ਮਾਰ ਕਿਵੇਂ ਭੁੱਲ ਹੀ ਸਕਦੇ ਹਾਂ। ਸਾਫ਼ ਵਾਤਾਵਰਨ ਅਤੇ ਸੁਧ ਪਉਣ -- ਪਾਣੀ ਲਈ ਜਨ ਜਨ ਨੂੰ ਜਾਗਰੂਕ ਕਰੀਏ ।ਇਸ ਦੇ ਨਾਲ ਵਿਦਿਅਕ ਅਦਾਰਿਆਂ ਤੇ ਉੱਚ ਸਿੱਖਿਆ ਬਾਰੇ ਸੋਚੀਏ।ਜਿੱਥੇ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਨੂੰ ਸਿੱਖਿਆ ਦਾ ਹੱਕ ਹੋਵੇ। ਕੋਈ ਵੀ ਬੱਚਾ ਪੈਸੇ ਖੁਣੇ
ਵਿੱਦਿਆ ਤੋਂ ਵਾਂਝਾ ਨਾ ਰਹਿ ਜਾਵੇ॥ ਸਾਡੇ ਆਲੇ ਦੁਆਲੇ ਗਰੀਬੀ, ਭੁੱਖਮਰੀ, ਮਹਿੰਗਾਈ, ਖ਼ਾਸ ਕਰ ਨਸ਼ੇ ਅਨਪੜ੍ਹਤਾ, ਅੰਧ ਵਿਸ਼ਵਾਸ,ਵਹਿਮ- ਭਰਮ, ਛੂਤਛਾਤ, ਤਪਾਤ, ਚੋਰੀ - ਚਕਾਰੀ ਅਪਰਾਧ ਬਿਰਤੀ,ਬਾਲ ਮਜ਼ਦੂਰੀ, ਰਿਸ਼ਵਤਖੋਰੀ, ਲੁੱਟ ਖੋਰੀ,ਗੁਲਾਮੀ, ਖਸੁੱਟ, ਮਿਲਾਵਟ ਸਰੀਰਕ ਰੋਗ,ਮਾਨਸਿਕ ਰੋਗ, ਬੇਰੋਜ਼ਗਾਰੀ ਅਤੇ ਆਰਥਿਕ ਤੰਗੀਆਂ ਤੁਰਸ਼ੀਆਂ ਨੇ ਵਿਕਰਾਲ ਰੂਪ ਧਾਰਿਆ ਹੋਇਆ ਹੈ |
ਵਿਦਿਆ,ਸਿਹਤ ਸੰਬੰਧੀ, ਰੇਹੜੀ ਖੇਮਚੇ ਵਾਲੇ, ਕਾਮੇ ਕਿਰਤੀਆਂ,ਕਿਸਾਨਾਂ, ਛੋਟੇ ਵਪਾਰੀਆਂ, ਖਿਡਾਰੀਆਂ,ਪਹਿਲਵਾਨਾਂ, ਦਿਹਾੜੀਦਾਰਾਂ, ਮਜ਼ਦੂਰਾਂ,ਜੀਵ ਜੰਤੂਆਂ, ਪਸ਼ੂ ਪੰਛੀਆਂ,ਜਾਨਵਰਾਂ ਬਾਰੇ ਸੋਚੀਏ। ਹੋਰ ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਦੇ ਹੱਲ ਕੰਡੀਏ। ਇਹ ਕੂੜੇ 'ਚੋਂ ਕੁੱਝ ਲੱਭ ਲੱਭ ਕੇ ਖਾਣ ਵਾਲੇ ਲੋਕ ਵੀ ਤਾਂ ਸਾਡੇ ਹੀ ਸਮਾਜ ਦਾ ਅੰਗ ਹਨ। ਇਹਨਾਂ ਬਾਰੇ ਆਪਣੇ ਵਿਚਾਰ ਸਾਂਝੇ ਕਰੀਏ । ਇਹਨਾਂ ਵਟਸਐਪ ਗਰੁਪਾਂ ਦੀ ਮਹੱਤਤਾ, ਸਾਰਥਿਕਤਾ, ਉਪਯੋਗਿਤਾ ਬਾਰੇ ਆਪ ਜੀ ਤੋਂ ਸੁਝਾਅ ਦੀ ਵੀ ਆਸ ਰੱਖਦੀ ਹਾਂ ਜੀ। ਜਿੱਥੇ ਸਮੇਂ ਨਾਲ ਚਲਣਾ ਜ਼ਰੂਰੀ ਹੈ। ਉੱਥੇ ਫਰਜ਼ਾਂ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ। ਸੋ ਚੇਤੰਨ ਰਹਿਣਾ ਅਤੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਦੋਸਤੋ ! ਕਿਤੇ ਐਸਾ ਤਾਂ ਨਹੀਂ ਕਿ ਇਹਨਾਂ ਗਰੁੱਪਾਂ ਦੀ ਭੀੜ 'ਚ ਬਹੁਤ ਜ਼ਿਆਦਾ ਗਲਤਾਨ ਹੋ ਕੇ, ਇਹ ਰੱਬ ਦਾ ਦਿੱਤਾ ਖੂਬਸੂਰਤ ਜੀਵਨ ਜਿਊਣਾ ਭਟਕ ਗਏ ਹਾਂ।
-
ਵਿਜੈ ਗਰਗ, ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.