ਦੰਦ ਵਿਹੂਣਾ ਸ਼ੇਰ ਯੂ.ਐਨ.ਓ.
-ਗੁਰਮੀਤ ਸਿੰਘ ਪਲਾਹੀ
ਰੂਸ-ਯੂਕਰੇਨ ਅਤੇ ਇਜ਼ਰਾਈਲ-ਫਲਸਤੀਨ ਜੰਗ ਵਿੱਚ ਹੁਣ ਤੱਕ ਹਜ਼ਾਰਾਂ ਬੇਗੁਨਾਹ ਲੋਕ ਮਾਰੇ ਜਾ ਚੁੱਕੇ ਹਨ, ਪਰ ਜੰਗ ਰੋਕਣ ਲਈ ਅਤੇ ਸ਼ਾਂਤੀ ਬਹਾਲ ਕਰਨ ਲਈ ਯੂ.ਐਨ.ਓ. ਦੀ ਕੋਈ ਭੂਮਿਕਾ ਨਜ਼ਰ ਨਹੀਂ ਆ ਰਹੀ।
ਸੰਯੁਕਤ ਰਾਸ਼ਟਰ ਚਾਰਟਰ ਦੀ ਧਾਰਾ-ਇੱਕ ਵਿੱਚ ਕਿਹਾ ਗਿਆ ਹੈ ਕਿ ਇਸ ਵਿਸ਼ਵੀ ਸੰਗਠਨ ਦਾ ਮੁੱਖ ਕੰਮ ਦੁਨੀਆ ਵਿੱਚ ਸ਼ਾਂਤੀ ਸਥਾਪਿਤ ਕਰਨਾ ਹੈ। ਜੇਕਰ ਕਦੀ ਦੋ ਦੇਸ਼ਾਂ ਵਿਚਕਾਰ ਕੋਈ ਝਗੜਾ ਜਾਵੇ, ਤਾਂ ਅੰਤਰਰਾਸ਼ਟਰੀ ਕਾਨੂੰਨ ਦੀ ਸਹਾਇਤਾ ਨਾਲ ਉਸ ਨੂੰ ਸ਼ਾਂਤੀਪੂਰਵਕ ਹੱਲ ਕਰਨ ਲਈ ਯੂ.ਐਨ.ਓ. ਪ੍ਰਤੀਬੱਧ ਹੈ।
ਯੂ.ਐਨ.ਓ. ਦੇ ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਪਿਛਲੇ ਦਿਨੀਂ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਤਾਂ ਇਜ਼ਰਾਈਲ-ਫਲਸਤੀਨ ਜੰਗ ਲਈ ਯੂ.ਐਨ.ਓ. ਨੂੰ ਹੀ ਜ਼ੁੰਮੇਵਾਰ ਠਹਿਰਾ ਦਿੱਤਾ ਹੈ। ਉਸ ਤੋਂ ਪਹਿਲਾਂ ਯੂ.ਐਨ.ਓ. ਦੀ ਭੂਮਿਕਾ ਉਤੇ ਸਵਾਲ ਉਠਾਉਂਦਿਆਂ ਯੂਕਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਨੇ ਤਾਂ ਯੂ.ਐਨ.ਓ. ਬਾਰੇ ਕਿਹਾ ਕਿ ਇਸ ਸੰਸਥਾ ਦਾ ਹੁਣ ਦੁਨੀਆ ਦੇ ਦੇਸ਼ਾਂ 'ਤੇ ਕੋਈ ਪ੍ਰਭਾਵ ਹੀ ਨਹੀਂ ਰਿਹਾ। ਉਹਨਾ ਨੇ ਤਾਂ ਯੂ.ਐਨ.ਓ. 'ਚ ਬੈਠੇ ਲੋਕਾਂ ਨੂੰ ਝੂਠੇ ਕਿਹਾ, ਜਿਹੜੇ ਕਈ ਦੇਸ਼ਾਂ ਦੇ ਗਲਤ ਕੰਮਾਂ ਨੂੰ ਵੀ ਜਾਇਜ਼ ਠਹਿਰਾਉਂਦੇ ਹਨ।
ਯਾਦ ਰਹੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਵਿੱਚ ਅਮਰੀਕਾ, ਚੀਨ, ਰੂਸ, ਫਰਾਂਸ ਅਤੇ ਬਰਤਾਨੀਆ ਸਥਾਈ ਮੈਂਬਰ ਹਨ, ਜਿਹਨਾ ਕੋਲ ਵੀਟੋ ਸ਼ਕਤੀ ਹੈ ਅਤੇ ਇਸਦੇ ਰਾਹੀਂ ਉਹ ਕਿਸੇ ਵੀ ਮਾਮਲੇ ਨੂੰ ਰੋਕ ਸਕਦੇ ਹਨ।
ਦੂਜੇ ਵਿਸ਼ਵ ਯੁੱਧ ਦੇ ਬਾਅਦ 1945 ਵਿੱਚ ਵਿਸ਼ਵ ਸ਼ਾਂਤੀ ਸਥਾਪਿਤ ਕਰਨ ਅਤੇ ਅੱਗੋਂ ਵੀ ਬਣਾਈ ਰੱਖਣ ਲਈ ਯੂ.ਐਨ.ਓ.(ਸੰਯੁਕਤ ਰਾਸ਼ਟਰ ਸੰਘ) ਦੀ ਸਥਾਪਨਾ ਹੋਈ ਸੀ। ਮੁੱਢ 'ਚ ਇਸਦੇ 50 ਮੈਂਬਰ ਸਨ ਪਰ ਹੁਣ ਇਹਨਾ ਮੈਂਬਰਾਂ ਦੀ ਗਿਣਤੀ 193 ਪੁੱਜ ਚੁੱਕੀ ਹੈ, ਇਥੇ ਇਹ ਦੱਸਣਾ ਬਣਦਾ ਹੈ ਕਿ ਯੂ.ਐਨ.ਓ. ਇੱਕ ਅੰਤਰ-ਸਰਕਾਰੀ ਸੰਗਠਨ ਹੈ। ਇਸ ਕੋਲ ਆਪਣੀ ਕੋਈ ਫੌਜ ਨਹੀਂ ਹੈ, ਪਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਦੇਸ਼ਾਂ ਦੀਆਂ ਫੌਜਾਂ ਨੂੰ ਵਿਸ਼ਵ ਸ਼ਾਂਤੀ ਲਈ ਦੂਜੇ ਦੇਸ਼ਾਂ ਵਿੱਚ ਤਾਇਨਾਤ ਕਰਨ ਦਾ ਇਸ ਕੋਲ ਹੱਕ ਹੈ।
ਯੂ.ਐਨ.ਓ. ਦੀ ਸਥਾਪਨਾ ਨੂੰ 78 ਸਾਲ ਹੋ ਚੁੱਕੇ ਹਨ। ਇਸ ਸਮੇਂ ਦੌਰਾਨ ਦੁਨੀਆ ਨੇ ਕਈ ਭਿਅੰਕਰ ਜੰਗਾਂ ਵੇਖੀਆਂ ਹਨ, ਲੇਕਿਨ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਇਹਨਾ ਜੰਗਾਂ ਅਤੇ ਇਹਨਾ ਵਿੱਚ ਹੋਏ ਲੱਖਾਂ ਲੋਕਾਂ ਦੀ ਮੌਤ ਨੂੰ ਨਹੀਂ ਰੋਕ ਸਕੀ। ਇਸ ਸੰਗਠਨ ਦੀ ਸ਼ੁਰੂਆਤ ਤੋਂ 10 ਵਰ੍ਹੇ ਬਾਅਦ ਹੀ ਅਮਰੀਕਾ ਅਤੇ ਵੀਅਤਨਾਮ ਦੀ ਜੰਗ ਹੋਈ ਜਿਹੜੀ ਲਗਭਗ ਇੱਕ ਦਹਾਕਾ ਚੱਲੀ। ਇਸ ਵਿੱਚ ਵੀਅਤਨਾਮ ਦੇ ਲਗਭਗ 20 ਲੱਖ ਲੋਕ ਅਤੇ ਅਮਰੀਕਾ ਦੇ 95000 ਸੈਨਿਕ ਮਾਰੇ ਗਏ ਜਦਕਿ 30 ਲੱਖ ਤੋਂ ਜਿਆਦਾ ਲੋਕ ਜ਼ਖ਼ਮੀ ਹੋਏ। ਪਰ ਸੰਯੁਕਤ ਰਾਸ਼ਟਰ ਉਸ ਨੂੰ ਰੋਕਣ ਲਈ ਕੁਝ ਵੀ ਨਹੀਂ ਸੀ ਕਰ ਸਕਿਆ।
ਸਾਲ 1980 ਵਿੱਚ ਇਰਾਨ ਇਰਾਕ ਦੀ ਜੰਗ ਹੋਈ, ਇਹ ਭਿਅੰਕਰ ਜੰਗ 8 ਸਾਲ ਚੱਲੀ। ਇਰਾਨ ਨੇ ਇਸ ਵਿੱਚ ਰਸਾਇਣਕ ਬੰਬ ਦੀ ਵਰਤੋਂ ਕੀਤੀ ਅਤੇ ਜੰਗ ਵਿੱਚ ਦੋਵਾਂ ਦੇਸ਼ਾਂ ਦੇ 10 ਲੱਖ ਲੋਕ ਮਾਰੇ ਗਏ ਸਨ ਪਰ ਇਸ ਜੰਗ ਨੂੰ ਰੋਕਣ ਲਈ ਵੀ ਯੂ.ਐਨ.ਓ. ਬੇਵਸ ਰਹੀ।
1994 ਵਿੱਚ ਅਫਰੀਕੀ ਦੇਸ਼ ਰਵਾਂਡਾ ਵਿੱਚ ਬਹੁ ਸੰਖਿਅਕ ਹੁਤੂ ਸੁਮਦਾਏ ਨੇ ਘੱਟ ਗਿਣਤੀ ਤੂਸੀ ਸੁਮਦਾਏ ਤੇ ਹਮਲਾ ਕੀਤਾ। ਇਹ ਜਾਤੀ ਸੰਘਰਸ਼ 100 ਦਿਨ ਚਲਿਆ। ਇਸ ਜਾਤੀ ਸੰਘਰਸ਼ 'ਚ 10 ਲੱਖ ਲੋਕਾਂ ਦੀ ਮੌਤ ਹੋ ਗਈ। ਯੂ.ਐਨ.ਓ. ਇਸ ਨੂੰ ਰੋਕਣ 'ਚ ਅਸਫਲ ਰਿਹਾ।
1992 ਵਿੱਚ ਯੂਗੋਸਲਾਵੀਆ ਦੀ ਵੰਡ ਦੇ ਬਾਅਦ ਸਰਵ ਸੁਮਦਾਏ ਅਤੇ ਮੁਸਲਿਮ ਸੁਮਦਾਏ ਵਿਚਕਾਰ ਨਵੇਂ ਰਾਸ਼ਟਰ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ। ਇਸ ਵਿਵਾਦ ਵਿੱਚ ਬਚੋਲੀਏ ਦੀ ਭੂਮਿਕਾ ਨਿਭਾਉਣ 'ਚ ਸੰਯੁਕਤ ਰਾਸ਼ਟਰ ਕਾਮਯਾਬ ਨਾ ਹੋਇਆ ਸਿੱਟੇ ਵਜੋਂ ਸਰਵ ਸੈਨਾ ਨੇ 8000 ਮੁਸਲਮਾਨਾਂ ਨੂੰ ਮਾਰ ਮੁਕਾਇਆ। ਬੋਸਤਨੀਆ ਦੀ ਇਸ ਘਰੇਲੂ ਜੰਗ ਨੂੰ ਰੋਕਣ ਅਤੇ ਸਥਿਤੀ ਕਾਬੂ ਕਰਨ ਲਈ ਆਖ਼ਿਰਕਾਰ ਨਾਟੋ ਦੇਸ਼ਾਂ ਨੂੰ ਹੀ ਆਪਣੀ ਫੌਜ ਉਤਾਰਨੀ ਪਈ।
1947 'ਚ ਭਾਰਤ ਦੇਸ਼ ਦੀ ਵੰਡ ਵੇਲੇ ਪੰਜਾਬ ਅਤੇ ਬੰਗਾਲ 'ਚ ਜੋ ਕੁਝ ਵਾਪਰਿਆ। ਲੱਖਾਂ ਲੋਕ ਮਾਰ ਦਿੱਤੇ ਗਏ, ਇਸ "ਫਿਰਕੂ ਜੰਗ" ਨੇ ਭਿਅੰਕਰ ਤਬਾਹੀ ਇਸ ਖਿੱਤੇ 'ਚ ਮਚਾਈ। ਉਸ ਵੇਲੇ ਯੂ.ਐਨ.ਓ. ਦੀ ਭੂਮਿਕਾ ਕੀ ਸੀ?
ਸੰਯੁਕਤ ਰਾਸ਼ਟਰ ਆਪਣੇ ਮੈਂਬਰ ਦੇਸ਼ਾਂ ਤੋਂ ਹਰ ਸਾਲ ਕਰੋੜਾਂ ਰੁਪਏ ਦਾ ਚੰਦਾ ਲੈਂਦਾ ਹੈ, ਇਸਦਾ ਸਲਾਨਾ ਬਜ਼ਟ 2321 ਕਰੋੜ ਰੁਪਏ ਦਾ ਹੈ, ਪਰ ਇਹ ਦੁਨੀਆ ਭਰ 'ਚ ਵਾਪਰੀਆਂ ਜੰਗਾਂ ਜਾਂ ਗ੍ਰਹਿ ਯੁੱਧਾਂ 'ਚ ਕੁਝ ਵੀ ਨਹੀਂ ਕਰ ਸਕਿਆ।
2023 ਦੇ ਅੰਕੜੇ ਵੇਖੋ ਕੁਲ 137 ਮੈਂਬਰ ਦੇਸ਼ਾਂ ਨੇ ਯੂ.ਐਨ.ਓ. ਨੂੰ ਚੰਦਾ ਦਿੱਤਾ ਅਤੇ ਸਭ ਤੋਂ ਵੱਧ ਚੰਦਾ ਅਮਰੀਕਾ ਤੋਂ ਇਸਨੂੰ ਮਿਲਿਆ। ਭਾਰਤ ਨੇ ਵੀ ਲਗਭਗ 24 ਕਰੋੜ ਰੁਪਏ ਦਾ ਯੋਗਦਾਨ ਦਿੱਤਾ, ਜੋ ਸੰਯੁਕਤ ਰਾਸ਼ਟਰ ਦੇ ਕੁਲ ਬਜ਼ਟ ਦੇ ਇੱਕ ਫ਼ੀਸਦੀ ਤੋਂ ਜ਼ਿਆਦਾ ਹੈ।
ਐਡੇ ਭਾਰੀ ਭਰਕਮ ਬਜ਼ਟ ਵਾਲੀ ਇਹ ਸੰਸਥਾ ਦੇ ਕੰਮ ਕਾਜ 'ਤੇ ਸਵਾਲ ਉਠ ਰਹੇ ਹਨ। ਇਸ ਸੰਸਥਾ ਨੂੰ ਚਿੱਟਾ ਹਾਥੀ ਜਾਂ ਬਿਨ੍ਹਾਂ ਜਵਾੜਿਆਂ ਤੋਂ ਸ਼ੇਰ ਦਾ ਖਿਤਾਬ ਮਿਲ ਰਿਹਾ ਹੈ। ਬਰਤਾਨੀਆ ਦੇ ਟਿਪਣੀਕਾਰ ਨੀਲ ਗਾਰਡਨਰ ਅਨੁਸਾਰ ਸੰਯੁਕਤ ਰਾਸ਼ਟਰ ਇਹੋ ਜਿਹੀ ਦਿਸ਼ਾਹੀਨ ਸੰਸਥਾ ਬਣ ਚੁੱਕੀ ਹੈ। ਜੋ 21 ਵੀ ਸਦੀ ਦੇ ਹਿਸਾਬ ਨਾਲ ਕੰਮ ਨਹੀਂ ਕਰ ਰਹੀ ਅਤੇ ਇਹ ਲਗਾਤਾਰ ਨਾਕਾਮ ਹੋ ਰਹੀ ਹੈ। ਉਸ ਅਨੁਸਾਰ ਇਸ ਦੀ ਅਸਫਲਤਾ ਦਾ ਮੁੱਖ ਕਾਰਨ ਕੰਮਜ਼ੋਰ ਲੀਡਰਸ਼ਿਪ ਹੈ, ਜੋ ਸਹੀ ਸਮੇਂ 'ਤੇ ਸਹੀ ਫੈਸਲਾ ਨਹੀਂ ਲੈ ਸਕਦੀ। ਖਰਾਬ ਪ੍ਰਬੰਧਨ ਦੇ ਕਾਰਨ ਹੀ ਯੂ.ਐਨ.ਓ. ਉਤੇ ਨਿਰੰਤਰ ਸਵਾਲ ਉੱਠ ਰਹੇ ਹਨ ਅਤੇ ਜੇਕਰ ਆਉਣ ਵਾਲੇ ਸਮੇਂ ਵਿੱਚ ਇਸਦਾ ਕੰਮ ਕਰਨ ਦਾ ਤਰੀਕਾ ਨਹੀਂ ਬਦਲੇਗਾ, ਤਾਂ ਇਹ ਵਿਸ਼ਵ ਪੱਧਰੀ ਸੰਸਥਾ ਪੂਰੀ ਤਰ੍ਹਾਂ ਅਪ੍ਰਸੰਗਿਕ ਹੋ ਜਾਏਗੀ।
ਵਿਸ਼ਵ 'ਚ ਕਰੋਨਾ ਫੈਲਿਆ। ਯੂ.ਐਨ.ਓ. ਦੀ ਭੂਮਿਕਾ ਕਿੱਡੀ ਕੁ ਰਹੀ? ਮਹਾਂਮਾਰੀ ਦੇ ਇਸ ਦੌਰ 'ਤੇ ਧੰਨ ਕੁਬੇਰਾਂ ਵੱਡਾ ਧਨ ਟੀਕਾਕਾਰਨ ਦੇ ਨਾਅ ਉਤੇ ਕਮਾਇਆ, ਉਸ ਵੇਲੇ ਯੂ.ਐਨ.ਓ. ਦੀ ਭੂਮਿਕਾ ਬੱਸ "ਚੁੱਪ ਸਾਧਣ" ਵਾਲੀ ਸੀ।
ਮਨੁੱਖੀ ਅਧਿਕਾਰਾਂ, ਗਰੀਬੀ, ਭੁੱਖਮਰੀ ਆਦਿ ਦੇ ਮਾਮਲੇ 'ਤੇ ਯੂ.ਐਨ.ਓ., ਬਾਵਜੂਦ ਬਹੁਤ ਯਤਨਾਂ ਦੇ ਕੋਈ ਸਾਰਥਿਕ ਭੂਮਿਕਾ ਨਹੀਂ ਨਿਭਾ ਸਕੀ। ਗਰੀਬੀ ਦਾ ਪੱਧਰ ਵਿਸ਼ਵ ਭਰ 'ਚ ਵੱਧ ਰਿਹਾ ਹੈ। ਭੁੱਖਮਰੀ 'ਚ ਕੋਈ ਰੁਕਾਵਟ ਨਹੀਂ। ਮਨੁੱਖੀ ਅਧਿਕਾਰਾਂ ਦੇ ਹਨਨ ਦੇ ਮਾਮਲੇ ਇੰਨੇ ਕੁ ਵਾਪਰ ਰਹੇ ਹਨ ਕਿ ਇਹਨਾ ਦਾ ਵਿਖਿਆਨ ਨਹੀਂ ਹੋ ਸਕਦਾ ਖਾਸ ਕਰਕੇ ਔਰਤਾਂ ਨਾਲ ਦੁਰਵਿਵਹਾਰ ਅੰਤਾਂ ਦਾ ਹੈ। ਸਾਫ-ਸੁਥਰਾ, ਲੋਕ ਹਿਤੈਸ਼ੀ ਲਿਖਣ ਵਾਲੇ ਪੱਤਰਕਾਰਾਂ ਉਤੇ ਹਮਲੇ ਵਧ ਰਹੇ ਹਨ ਤਾਂ ਫਿਰ ਯੂ.ਐਨ.ਓ. ਦਾ ਰੋਲ ਕਿਥੇ ਹੈ? ਦੁਨੀਆ 'ਚ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ। ਉਸ 'ਚ ਵੱਡਾ ਰੋਲ ਵੱਡੇ ਵਿਕਸਤ ਦੇਸ਼ਾਂ ਦਾ ਹੈ। ਗਰੀਬ ਦੇਸ਼ ਇਸਦੀ ਭੇਟ ਚੜ੍ਹ ਰਹੇ ਹਨ।
700 ਮਿਲੀਅਨ (70 ਕਰੋੜ) ਲੋਕ ਦੁਨੀਆ ਭਰ ਵਿੱਚ ਔਸਤਨ 2.15 ਡਾਲਰ (175 ਰੁਪਏ) ਪ੍ਰਤੀ ਦਿਨ ਦੀ ਆਮਦਨ ਉਤੇ ਜੀਅ ਰਹੇ ਹਨ। ਯੂ.ਐਨ.ਓ. ਦੇ ਗਰੀਬੀ ਖਤਮ ਕਰਨ ਦੇ ਯਤਨਾਂ ਦੇ ਬਾਵਜੂਦ ਵੀ ਨਾ ਗਰੀਬੀ ਹਟੀ, ਨਾ ਭੁੱਖਮਰੀ, ਬੇਰੁਜ਼ਗਾਰੀ ਦਾ ਤਾਂ ਕੋਈ ਹੱਲ ਹੀ ਨਹੀਂ ਲੱਭਿਆ ਜਾ ਸਕਿਆ। ਗਰੀਬ-ਅਮੀਰ ਤੇ ਦੌਲਤ ਦੀ ਵੰਡ ਦਾ ਮਾਮਲਾ ਤਾਂ ਦੁਨੀਆ ਨੂੰ ਮੂੰਹ ਚਿੜਾ ਰਿਹਾ ਹੈ।
ਰੁਜ਼ਗਾਰ ਦੇ ਮੌਕਿਆਂ ਦੀ ਕਮੀ ਇੱਕ ਵਿਅਕਤੀ ਨੂੰ ਬੇਰੁਜ਼ਗਾਰ ਬਣਾ ਦਿੰਦੀ ਹੈ ਅਤੇ ਉਹ ਆਪਣੇ ਪਰਿਵਾਰ ਦੀ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੇ ਲਈ ਲੋਂੜੀਦੀ ਕਮਾਈ ਨਹੀਂ ਕਰ ਪਾਉਂਦਾ ਅਤੇ ਗਰੀਬ ਹੋ ਜਾਂਦਾ ਹੈ। ਸਿੱਖਿਆ ਦੀ ਕਮੀ ਇੱਕ ਵਿਅਕਤੀ ਨੂੰ ਘੱਟ ਉਜਰਤ ਵਾਲੀਆਂ ਨੌਕਰੀਆਂ ਕਰਨ ਲਈ ਮਜ਼ਬੂਰ ਕਰਦੀ ਹੈ ਤੇ ਉਹ ਗਰੀਬ ਬਣ ਜਾਂਦਾ ਹੈ। ਇਹ ਅੱਜ ਦੇ ਮਨੁੱਖ ਦੀ ਹੋਣੀ ਹੈ ਅਤੇ 78 ਸਾਲਾਂ 'ਚ ਅੰਤਰ ਸਰਕਾਰੀ ਸੰਸਥਾ ਯੂ.ਐਨ.ਓ. ਮਨੁੱਖ ਦੀ ਇਸ ਹੋਣੀ ਨੂੰ ਤਾਂ ਬਦਲ ਹੀ ਨਹੀਂ ਸਕੀ ਅਤੇ ਨਾ ਹੀ ਦੁਨੀਆ ਦੀ ਅੱਧੀ ਆਬਾਦੀ, ਔਰਤਾਂ ਦੀ ਸੁਰੱਖਿਆ, ਬਰਾਬਰਤਾ, ਉਸ ਨਾਲ ਹੋ ਰਹੇ ਅਣਉੱਚਿਤ ਵਿਵਹਾਰ ਨੂੰ ਥਾਂ ਸਿਰ ਕਰਨ ਲਈ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਹੀ ਦਿਸ਼ਾ ਤੇ ਲਿਆ ਸਕੀ ਹੈ।
ਯੂ.ਐਨ.ਓ., ਬਹੁਤੇ ਮੌਕਿਆਂ 'ਤੇ ਵਿਸ਼ਵ ਸ਼ਾਂਤੀ ਸਥਾਪਿਤ ਕਰਨ 'ਚ ਅਸਮਰਥ ਰਿਹਾ ਹੈ। ਬਹੁਤੇ ਚਿੰਤਕ ਇਸਦਾ ਕਾਰਨ ਪੰਜ ਸ਼ਕਤੀਆਂ ਨੂੰ ਮਿਲੀ 'ਵੀਟੋ ਤਾਕਤ' ਨੂੰ ਮੰਨਦੇ ਹਨ। ਇਸ ਕਰਕੇ ਵੀਟੋ ਪਾਵਰ' ਖ਼ਤਮ ਕਰਨ ਦੀ ਮੰਗ ਉੱਠ ਰਹੀ ਹੈ।
ਕੁਝ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਵੀਟੋ ਪਾਵਰ ਪ੍ਰਣਾਲੀ ਖ਼ਤਮ ਨਹੀਂ ਹੁੰਦੀ ਤਾਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਆਜ਼ਾਦਾਨਾ ਕੰਮ ਨਹੀਂ ਕਰ ਸਕੇਗੀ। ਯੂ.ਐਨ.ਓ. ਦੇ ਜਨਰਲ ਸਕੱਤਰ ਰਹੇ ਬੁਤਰਸ ਘਾਲੀ ਮੁਤਾਬਿਕ "ਵੀਟੋ ਸ਼ਕਤੀ" ਵਾਲੇ ਦੇਸ਼ ਸੰਯੁਕਤ ਰਾਸ਼ਟਰ ਨੂੰ ਆਪਣੇ ਢੰਗ ਨਾਲ ਚਲਾਉਣਾ ਚਾਹੁੰਦੇ ਹਨ। ਉਹਨਾ ਦਾ ਸਪਸ਼ਟ ਕਹਿਣਾ ਹੈ ਕਿ ਜੇਕਰ ਵੀਟੋ ਸ਼ਕਤੀ ਖ਼ਤਮ ਨਹੀਂ ਹੁੰਦੀ ਤਾਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੀ ਹੋਂਦ ਹੀ ਨਹੀਂ ਰਹੇਗੀ।
ਯੂ.ਐਨ.ਓ. ਦਾ ਮੁੱਖ ਮੰਤਵ ਵਿਸ਼ਵ ਸ਼ਾਂਤੀ ਲਈ ਯੁੱਧ ਰੋਕਣਾ ਸੀ ਪਰ ਮਨੁੱਖੀ ਅਧਿਕਾਰਾਂ ਦੀ ਰੱਖਿਆ, ਸਾਰੇ ਦੇਸ਼ਾਂ 'ਚ ਮਿੱਤਰਤਾ ਵਾਲੇ ਸਬੰਧ ਕਾਇਮ ਕਰਨਾ, ਅੰਤਰਰਾਸ਼ਟਰੀ ਕਾਨੂੰਨਾਂ ਨੂੰ ਨਿਭਾਉਣ ਲਈ ਪ੍ਰਕਿਰਿਆ ਜਟਾਉਣਾ, ਸਮਾਜਿਕ ਅਤੇ ਆਰਥਿਕ ਵਿਕਾਸ, ਗਰੀਬ ਤੇ ਭੁੱਖੇ ਲੋਕਾਂ ਦੀ ਸਹਾਇਤਾ, ਉਹਨਾ ਦਾ ਜੀਵਨ ਸੁਧਾਰਨਾ ਅਤੇ ਬੀਮਾਰੀਆਂ ਨਾਲ ਲੜਨਾ ਵੀ। ਇਹ 1945 'ਚ ਸੰਯੁਕਤ ਰਾਸ਼ਟਰ ਵਲੋਂ ਅਪਨਾਏ ਮੁੱਖ ਉਦੇਸ਼ ਸਨ। ਪਰ ਪੂਰੀ ਦੁਨੀਆ ਵੇਖ ਰਹੀ ਹੈ ਕਿ ਯੂ.ਐਨ.ਓ. ਕਿਸ ਪ੍ਰਕਾਰ ਆਪਣੇ ਨਿਰਧਾਰਤ ਉਦੇਸ਼ਾਂ ਨੂੰ ਪੂਰਿਆ ਕਰਨ ਲਈ ਲਗਾਤਾਰ ਅਸਫ਼ਲ ਹੋ ਰਿਹਾ ਹੈ।
-
-ਗੁਰਮੀਤ ਸਿੰਘ ਪਲਾਹੀ, ਲੇਖਕ/ ਪੱਤਰਕਾਰ
-9815802070
gurmitpalahi@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.