ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਇਸ ਵਿੱਚ ਕਈ ਸ਼ੱਕ ਨਹੀਂ ਹੈ।ਜਿੰਨੀਆਂ ਖੋਜਾਂ ਇਸ ਖੇਤਰ ਵਿੱਚ ਹੋਈਆਂ ਹਨ ਸ਼ਾਇਦ ਹੀ ਕਿਸੇ ਹੋਰ ਖੇਤਰਾਂ ਵਿੱਚ ਹੋਈਆਂ ਹੋਣ।ਮੈਡੀਕਲ ਸਾਇੰਸ ਦੀਆਂ ਖੋਜਾਂ ਜ਼ਿਆਦਾਤਰ ਸਹੀ ਸਿੱਧ ਹੋਈਆਂ ਹਨ। ਚਾਹੇ ਉਹ ਜਾਨ ਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਨਵੀਆਂ ਦਵਾਈਆਂ ਜਾਂ ਰੋਬਟ ਟੈਕਨਾਲਜੀ ਨਾਲ ਅਪਰੇਸ਼ਨ ਹੀ ਹੋਵੇ ਮੈਡੀਕਲ ਸਾਇੰਸ ਨੇ ਬੁਲੰਦੀਆਂ ਨੂੰ ਛੋਹਿਆ ਹੈ। ਹਰ ਸਾਲ ਡਾਕਟਰ ਬਣਨ ਵਾਸਤੇ ਲੱਖਾਂ ਬੱਚੇ ਨੀਟ ਦਾ ਐਂਨਟਰਸ ਟੈਸਟ ਦੇ ਕੇ ਆਪਣੀ ਕਿਸਮਤ ਅਜਮਾਉਂਦੇ ਹਨ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਡਾਕਟਰੀ ਦੀ ਪੜ੍ਹਾਈ ਬਹੁਤ ਹੀ ਮਹਿੰਗੀ ਪੜ੍ਹਾਈ ਹੈ।ਜੇਕਰ ਇਸਨੂੰ ਭਾਰਤ ਦੀ ਸਭ ਤੋਂ ਮਹਿੰਗੀ ਪੜ੍ਹਾਈ ਕਿਹਾ ਜਾਵੇ ਤਾਂ ਕੋਈ ਗ਼ਲਤ ਨਹੀਂ ਹੈ। ਲਗਭਗ ਇੱਕ ਡਾਕਟਰ ਬਣਨ ਵਾਸਤੇ ਕਰੋੜ ਰੁਪਏ ਦੀ ਲਾਗਤ ਮਾਮੂਲੀ ਗੱਲ ਹੋ ਗਈ ਹੈ। ਪਹਿਲਾਂ ਐਮਬੀਬੀਐਸ ਅਤੇ ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਲੱਖਾਂ ਰੁਪਏ ਲਗਵਾ ਦਿੰਦੀਹੈ।
ਇੱਕ ਗੱਲ ਤਾਂ ਸ਼ੀਸ਼ੇ ਵਾਂਗ ਸਾਫ਼ ਹੈ ਕਿ ਇੱਕ ਗਰੀਬ ਬੰਦਾ ਆਪਣੇ ਬੱਚਿਆਂ ਨੂੰ ਡਾਕਟਰ ਨਹੀਂ ਬਣਾ ਸਕਦਾ ਏਹੀ ਹਾਲ ਮੱਧਵਰਗੀ ਪਰਿਵਾਰਾਂ ਦਾ ਵੀ ਹੈ। ਭਾਵੇਂ ਉਹਨਾਂ ਦੇ ਬੱਚੇ ਬਹੁਤ ਹੁਸ਼ਿਆਰ ਹੀ ਕਿਉਂ ਨਾ ਹੋਣ, ਹੁਣ ਪੈਸੇ ਦੀ ਤੰਗੀ ਉਹਨਾਂ ਦਾ ਸੁਪਨਾ ਚਕਨਾਚੂਰ ਕਰ ਦਿੰਦੀ ਹੈ। ਮੈਡੀਕਲ ਦੀ ਪੜ੍ਹਾਈ ਸਿਰਫ਼ ਤੇ ਸਿਰਫ਼ ਅਮੀਰ ਲੋਕਾਂ ਦੇ ਬੱਚਿਆਂ ਦੀ ਪੜ੍ਹਾਈ ਬਣਕੇ ਰਹਿ ਗਈ ਹੈ। ਡਾਕਟਰ ਦਾ ਬੱਚਾ ਨਿਸ਼ਚਿਤ ਤੌਰ ਤੇ ਡਾਕਟਰ ਹੀ ਬਨਣ ਬਾਰੇ ਸੋਚਦਾ ਹੈ ਅਤੇ ਉਸਦੇ ਡਾਕਟਰ ਮਾਪੇ ਵੀ ਉਸਨੂੰ ਆਪਣੀ ਫ਼ੀਲਡ ਵਿਚ ਜਾਣ ਵਾਸਤੇ ਪ੍ਰੇਰਿਤ ਕਰਦੇ ਹਨ।
ਸਾਡੇ ਦੇਸ਼ ਵਿੱਚ ਸੀਨੀਅਰ ਡਾਕਟਰਾਂ ਦੀ ਤਨਖਾਹ ਅਤੇ ਭੱਤੇ ਜੂਨੀਅਰ ਡਾਕਟਰਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹਨ। ਸੁਭਾਵਿਕ ਹੈ ਕਿ ਸੀਨੀਅਰ ਡਾਕਟਰਾਂ ਦੇ ਬੱਚੇ ਇਸ ਪੜ੍ਹਾਈ ਨੂੰ ਆਰਥਿਕ ਪੱਖੋਂ ਪੂਰਾ ਕਰ ਪਾਉਂਦੇ ਹਨ। ਪਹਿਲਾਂ ਪਹਿਲ ਸੀਨੀਅਰ ਡਾਕਟਰ ਸਰਕਾਰੀ ਨੌਕਰੀ ਦੇ ਨਾਲ ਨਾਲ ਆਪਣੇ ਪ੍ਰਾਈਵੇਟ ਕਲੀਨਿਕ ਜਾਂ ਹਸਪਤਾਲ ਚਲਾਉਂਦੇ ਸਨ ਜਿਸ ਕਾਰਨ ਉਹਨਾਂ ਦੀ ਆਰਥਿਕ ਸਥਿਤੀ ਕਾਫ਼ੀ ਹੱਦ ਤੱਕ ਸਹੀ ਸੀ। ਪਰ ਪੰਜਾਬ ਸਰਕਾਰ ਨੇ ਇਹ ਗੱਲ ਲਾਗੂ ਕਰ ਦਿੱਤੀ ਹੈ ਕਿ ਇੱਕ ਸਰਕਾਰੀ ਡਾਕਟਰ ਨੌਕਰੀ ਤੇ ਹੁੰਦੇ ਹੋਏ ਪ੍ਰਾਈਵੇਟ ਕਲੀਨਿਕ ਜਾਂ ਹਸਪਤਾਲ ਨਹੀਂ ਚਲਾ ਸਕਦਾ। ਜਿਸਦਾ ਨਤੀਜਾ ਇਹ ਨਿਕਲਿਆ ਕਿ ਬਹੁਤ ਸਾਰੇ ਡਾਕਟਰਾਂਨੇ ਆਪਣੀ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਆਪਣੇ ਪ੍ਰਾਈਵੇਟ ਕਲੀਨਿਕ ਜਾਂ ਹਸਪਤਾਲ ਚਲਾਉਣ ਨੂੰ ਪਹਿਲ ਦਿੱਤੀ। ਪੰਜਾਬ ਦੀ ਸਭ ਤੋਂ ਵੱਡੀ ਸਰਕਾਰੀ ਮੈਡੀਕਲ ਯੂਨੀਵਰਸਿਟੀ ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ ਹੈ ਅਤੇ ਇਸਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵੀ ਹੈ, ਜਿੱਥੇ ਮੈਡੀਕਲ ਵਿੱਚ ਪੜ੍ਹਾਈ ਕਰਦੇ ਯੋਗ ਬੱਚੇ ਦੀ ਇੰਟਰਸਿੱਪ ਵੀ ਲੱਗਦੀ ਹੈ। ਐਵੇਂ ਹੀ ਕਾਲਜ ਦੇ ਵਿਦਿਆਰਥੀ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਕਿ ਡਾਕਟਰ ਬਣਨ ਵਾਸਤੇ ਕਈ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਵਿਸਥਾਰ ਨਾਲ ਦੱਸਣ ਤੇ ਪਤਾ ਲੱਗਾ ਕਿ ਡਾਕਟਰੀ ਦੀ ਪੜ੍ਹਾਈ ਕਰਦੇ ਬਹੁਤ ਸਾਰੇ ਬੱਚੇ ਮਾਨਸਿਕ ਤੌਰ 'ਤੇ ਬਿਮਾਰ ਹੋ ਜਾਂਦੇ ਹਨ।ਕਾਲਜ਼ ਵੱਲੋਂ ਪੜ੍ਹਾਈ ਦਾ ਪਰੈਸ਼ਰ ਹੀ ਇੰਨਾ ਹੈ ਕਿ ਵਿਦਿਆਰਥੀ ਹੌਸਲਾ ਹਾਰ ਜਾਂਦੇ ਹਨ, ਨਤੀਜੇ ਵਜੋਂ ਉਹ ਨਸ਼ਾ ਕਰਕੇ ਆਪਣੇ ਆਪ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰਦੇ ਹਨ।ਇਹ ਗੱਲ ਬਹੁਤ ਚਿੰਤਾਜਨਕ ਹੈ। ਉਸ ਵਿਦਿਆਰਥੀ ਦਾ ਮੰਨਣਾ ਸੀ ਕਿ ਐਮ.ਬੀ.ਬੀ.ਐਸ. ਦੀ ਫ਼ੀਸ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਹੈ, ਜਦ ਕਿ ਪੰਜਾਬ ਦਾ ਹੈਲਥਸਿਸਟਮ ਡਾਵਾਂਡਲ ਹੈ, ਅਜਿਹੇ ਵਿਚ ਸਰਕਾਰ ਨੂੰ ਫੀਸਾਂ ਘਟਾ ਕੇ ਵੱਧ ਤੋਂ ਵੱਧ ਡਾਕਟਰੀ ਲਈ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਉਸਦਾ ਕਹਿਣਾ ਸੀ ਕਿ ਪ੍ਰੋਫੈਸਰਾਂ ਵੱਲੋਂ ਬਚਿਆਂ ਤੇ ਦਬਾਅ ਪਾਇਆ ਜਾਂਦਾ ਹੈ। ਜੇਕਰ ਕਾਲਜ ਵਿੱਚ ਰੈਗਿੰਗ ਹੋ ਰਹੀ ਹੈ ਤਾਂ ਕਿ ਕਾਲਜ ਪ੍ਰਬੰਧਕ ਇਸ ਤੋਂ ਅਣਜਾਣ ਹਨ ਜਾਂ ਜਾਣਬੁੱਝ ਕੇ ਅਵੇਸਲੇ ਹੋ ਗਏ ਹਨ।ਇਸ ਤੇ ਵੀ ਗੌਰ ਕਰਨਾ ਚਾਹੀਦਾ ਹੈ। ਵੇਖਿਆ ਜਾਵੇ ਤਾਂ ਜੂਨੀਅਰ ਡਾਕਟਰਾਂ ਦੇ ਸਿਰ ਤੇ ਸਰਕਾਰੀ ਹਸਪਤਾਲ ਚੱਲ ਰਹੇ ਹਨ। 24 -24 ਘੰਟੇ ਦੀ ਸਖ਼ਤ ਡਿਊਟੀ ਦੇ ਨਾਲ- ਨਾਲ ਪੋਸਟ ਗ੍ਰੈਜੂਏਸ਼ਨ ਦੀ ਕਠਨ ਪੜ੍ਹਾਈ ਵੀ ਕਰਦੇ ਹਨ।ਸਰਕਾਰਾਂ ਇਸ ਗੱਲ ਤੋਂ ਅਣਜਾਣ ਨਹੀਂ ਹਨ। ਇੱਕ ਚੰਗਾ ਡਾਕਟਰ ਤਦ ਹੀ ਬਣ ਸਕਦਾ ਜੇਕਰ ਉਸਨੂੰ ਸੁਖਾਵਾਂ ਮਾਹੌਲ ਮਿਲੇਗਾ ਜਾਂ ਕਿਸੇ ਕਿਸਮ ਦਾ ਉਸ ਉਪਰ ਦਬਾਅ ਨਹੀਂ ਹੋਵੇਗਾ।
ਜੇਕਰ ਏਦਾਂ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਬੱਚੇ ਅਤੇ ਮਾਪੇ ਮੈਡੀਕਲ ਦੀ ਪੜ੍ਹਾਈ ਤੋਂ ਕੰਨੀ ਕਤਰਾਉਂਦੇ ਨਜ਼ਰ ਆਉਣਗੇ। ਇੱਕ ਵਿਦਿਆਰਥੀ ਜੋ ਕਰੋੜ ਦੇ ਕਰੀਬ ਪੈਸੇ ਖ਼ਰਚ ਕਰਕੇ ਡਾਕਟਰ ਬਣਿਆਂ ਹੈ ਉਹ ਕਿਸੇ ਨਾ ਕਿਸੇ ਤਰੀਕੇ ਆਪਣੇ ਮੋਟੇ ਖ਼ਰਚ ਕੀਤੇ ਪੈਸਿਆਂ ਨੂੰ ਜੋੜਨ ਦਾ ਕੰਮ ਕਰੇਗਾ। ਫੇਰ ਸਾਡੇ ਵਰਗੇ ਲੋਕ ਡਾਕਟਰਾਂ ਨੂੰ ਲੁਟੇਰੇ ਕਹਿਕੇ ਸੰਬੋਧਨ ਕਰਦੇ ਹਨ। 2018 ਵਿੱਚ ਚਾਰ ਲੱਖ ਫ਼ੀਸ ਤੋਂ ਸਿੱਧਾ ਨੌਂ ਲੱਖ ਫ਼ੀਸ ਕਰ ਦਿੱਤੀ ਗਈ ਜੇਕਰ ਹੋਸਟਲ ਦਾ ਖਰਚਾ ਲਈਏ ਤਾਂ ਇਹ ਖ਼ਰਚ ਪੰਦਰਾਂ ਲੱਖ ਦੇ ਕਰੀਬ ਪਹੁੰਚ ਜਾਂਦਾ ਹੈ। ਇਹਨਾਂ ਸਭਦੇ ਪਿੱਛੇ ਦਾ ਕਾਰਨ ਸੀਟਾਂ ਘੱਟ ਉਪਲਬਧ ਹੋਣਾ ਹੈ। ਇੱਕ ਅਧਿਐਨ ਦੌਰਾਨ ਪਤਾ ਲੱਗਾ ਹੈ ਕਿ ਪਿਛਲੇ ਦੱਸ ਸਾਲਾਂ ਦੇ ਮੁਕਾਬਲੇ 2023 ਵਿੱਚ ਕੋਟਾ ਵਿਖੇ ਕੋਚਿੰਗ ਲੈ ਰਹੇ ਬੱਚੇ 25 ਬੱਚਿਆਂ ਨੇ ਖੁਦਕੁਸ਼ੀ ਕਰ ਲਈ ਹੈ। ਜੋ ਕਿ ਬਾਕੀ ਸਾਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਜਿਸਦਾ ਸਿੱਧਾ ਕਾਰਨ ਪੜ੍ਹਾਈ ਦਾ ਦਬਾਅ ਅਤੇ ਪੜ੍ਹਾਈ ਦੌਰਾਨ ਹੁੰਦਾ ਮੋਟਾ ਖ਼ਰਚਾ ਸਾਹਮਣੇ ਆਇਆ ਹੈ। ਇੱਕ ਹੋਰ ਧਿਐਨ ਤੋਂ ਪਤਾ ਲੱਗਦਾ ਹੈ ਕਿ 2021 'ਚ 13 ਹਜ਼ਾਰ ਵਿਦਿਆਰਥੀ ਖੁਦਕੁਸ਼ੀ " ਸ਼ਿਕਾਰ ਹੋ ਗਏ ਸਨ। ਜਿਸਦਾ ਕਾਰਣ ਪੜ੍ਹਾਈ ਦਾ ਦਬਾਅ ਹੀ ਸੀ। ਜੇਕਰ ਸਰਕਾਰ ਨੇ ਰਾਜ ਦਾ ਲਖਸਿਸਟਮ ਸੁਧਾਰਨਾ ਹੈ ਤਾਂ ਡਾਕਟਰਾਂ ' ਭਰਤੀ ਕੀਤੀ ਜਾਵੇ ਉਹ ਵੀ ਚੰਗੀ ਤਨਖਾਹਾਂ ਦੇ ਕੇ ਤਾਂ ਜੋ ਡਾਕਟਰ ਆਪਣੇ ਕਰਜ਼ ਨੂੰ ਬਿਨਾਂ ਕਿਸੇ ਹੋਰ ਲਾਲਚ ਦੇ ਨਾਲ ਨਿਭਾ ਸਕਣ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.