* ਮੈਂ ਪੁੱਛਣਾ ਚਾਹੁੰਦੀ ਹਾਂ...... ਉਹਨਾਂ ਕਵੀਆਂ, ਲੇਖਕਾਂ, ਸਾਹਿਤ ਅਤੇ ਚਿੱਤਰਕਾਰਾਂ ਤੋਂ
ਕਿ ਕਿਵੇਂ ਉਹਨਾਂ ਦੀਆਂ ਰਚਨਾਵਾਂ, ਲੇਖਣੀਆਂ ਅਤੇ ਕਲਾਕ੍ਰਿਤੀਆਂ ਵਿੱਚ
ਇੱਕ ਇੱਕ ਚੀਜ਼ ਸੱਚ ਜਾਪਦੀ ਅਤੇ ਮੂੰਹੋਂ ਬੋਲਦੀ ਪ੍ਰਤੀਤ ਹੁੰਦੀ ਹੈ?
ਕੀ ਉਹਨਾਂ ਦੀਆਂ ਰਚਨਾਵਾਂ ਵਿੱਚ ਪਰੋਇਆ ਇੱਕ ਇੱਕ ਅੱਖਰ
ਅਤੇ ਚਿੱਤਰਕਾਰੀ ਵਿੱਚ ਚਿਤਰਿਆ ਇੱਕ ਇੱਕ ਰੰਗ
ਮਹਿਜ਼ ਕੋਈ ਡੂੰਘੀ ਦਿਮਾਗੀ ਕਲਪਨਾ ਹੈ ਜਾਂ ਫਿਰ ਉਹਨਾਂ ਵਿੱਚ ਵੀ ਛੁਪਾਇਆ ਕੋਈ ਡੂੰਘਾ ਸੱਚ
ਜਿਸਨੂੰ ਪੇਸ਼ ਕਰਕੇ ਦੁਨਿਆਦਾਰੀ ਅੱਗੇ, ਤੇ ਦੇ ਕੇ ਕਲਾ ਅਤੇ ਰਚਨਾ ਦਾ ਨਾਂ ਉਸਨੂੰ
ਖੋਲ ਦਿੰਦੇ ਭੇਦ ਦਿਲਾਂ ਦੇ ਜਦੋਂ ਤੱਕ ਨਾ ਆਉਂਦਾ ਰੱਜ
* ਇੱਕ ਰਚਨਾ ਜੋ ਛੂਹ ਦਿੰਦੀ ਹੈ ਅੰਦਰ ਤੱਕ ਆਤਮਾ ਨੂੰ
ਅਤੇ ਝਿੰਝੋੜ ਕੇ ਰੱਖ ਦਿੰਦੀ ਹੈ ਪੂਰੇ ਦੇ ਪੂਰੇ ਨੂੰ
ਕਿੰਝ ਬੀਤਿਆ ਹੋਵੇਗਾ ਇਸ ਸਖ਼ਸ਼ ਦਾ ਸਮਾਂ
ਜਿਸ ਤਨ ਨੇ ਹੰਢਾਇਆ ਹੋਵੇਗਾ ਉਸ ਵਕਤ ਬੁਰੇ ਨੂੰ
ਰੱਬ ਦਾ ਭਾਣਾ ਮੰਨਿਆ ਹੋਵੇਗਾ ਜਾਂ ਫਿਰ ਦੋਸ਼ ਕਿਸਮਤ ਨੂੰ ਦਿੱਤੇ ਹੋਣਗੇ
ਆਪਣੀਆ ਅੱਖਾਂ ਅੱਗੇ ਮਰਦੇ ਦੇਖ ਪਰਿਵਾਰ ਨੂੰ
ਕਿੰਨੇ ਹੀ ਦੁੱਖ ਉਸ ਸਖ਼ਸ਼ ਪੀਤੇ ਹੋਣਗੇ
ਗੁਆਚ ਗਿਆ ਖ਼ੁਦ ਹੀ, ਕਰਦਾ ਭਾਲ ਆਪਣਿਆਂ ਦੀ
ਆਪਣਿਆਂ ਨੂੰ ਪਰਾਇਆ ਬਣਦਾ ਦੇਖ਼ ਫਿਰ ਜ਼ਖ਼ਮ ਆਪਣੇ ਹੀ ਸੀਤੇ ਹੋਣਗੇ
* ਹੱਥਾਂ ਆਪਣਿਆ ਦੇ ਛਾਲਿਆਂ ਦੀ ਸੀ ਨਾ ਕਦੇ ਪਰਵਾਹ ਕੀਤੀ
ਨਾ ਹੀ ਸੀ ਅਹਿਸਾਸ ਹੋਇਆ ਕਦੇ ਭੁੱਖੇ ਪੇਟ ਸੌਣ ਦਾ
ਠੁੱਡਾ ਮਾਰ - ਮਾਰ ਜਦੋਂ ਸੀ ਉਸ ਘਰੋਂ ਕੱਢਿਆ, ਤੇ ਨਾਲ ਹੀ ਖੋਹ ਲਿਆ ਸੀ ਹੱਕ ਉਸਦਾ
ਹਿੱਕ ਨਾਲ ਲੱਗ ਭੁੱਬਾਂ ਮਾਰ ਕੇ ਰੋਣ ਦਾ
ਫਿਰ ਵੀ ਨਾ ਸੀ ਕਦੇ ਸ਼ਿਕਵਾ ਕੀਤਾ, ਤੇ ਨਾ ਹੀ ਕਿਸੇ ਨਾਲ ਗਿਲਾ ਹੋਇਆ
ਜਦ ਵੀ ਕੋਸਣ ਲਈ ਕਿਸੇ ਨੂੰ ਉਸਦਾ ਜੀਅ ਕੀਤਾ, ਹੱਥ ਚੁੱਕਿਆ ਆਪਣੇ ਹੀ ਹੋਣ ਦਾ
* ਪੀੜ ਦਿਲ ਦੀ ਨੂੰ ਕਿਵੇਂ ਲੁਕਾਇਆ ਹੋਵੇਗਾ
ਜਦੋਂ ਆਪਣੀ ਹੀ ਜਾਈ ਨੂੰ ਮਾਂ ਕੋਠੇ ਤੇ ਬਿਠਾਇਆ ਹੋਵੇਗਾ
ਨੋਚ- ਨੋਚ ਖਾਂਦੇ ਉਸ ਸ਼ਰੀਰ ਨੂੰ ਕਿਵੇਂ ਖ਼ਤਰਨਾਕ ਪਰਿੰਦਿਆਂ ਤੋਂ ਬਚਾਇਆ ਹੋਵੇਗਾ...
ਅਖੀਰਲੇ ਸਮੇਂ ਜਦ ਆਏਗੀ ਵਾਰੀ ਗੁਨਾਹਾਂ ਨੂੰ ਸੁਣਾਉਣ ਦੀ
ਹੱਥ ਜੋੜ ਖੜ ਧਰਮਰਾਜ ਅੱਗੇ
ਕਿਵੇਂ ਆਪਣੇ ਹੀ ਕੀਤੇ ਪਾਪਾਂ ਨੂੰ ਬਖਸ਼ਾਇਆ ਹੋਏਗਾ.....
ਕਿਵੇਂ ਅੱਥਰੂ ਭਰ ਅੱਖਾਂ ਆਪਣੀਆਂ ਵਿੱਚ
ਡਾਢੀ ਪੀੜ ਨੂੰ ਕਿਵੇਂ ਲੁਕਾਇਆ ਹੋਵੇਗਾ
ਜਦ ਰੱਖਿਆ ਦਿਲ ਖੋਲ ਕੇ ਆਪਣੇ ਹਮਰਾਜ ਅੱਗੇ
ਦਿਲ ਨੂੰ ਟੁੰਬਦਾ ਇੱਕ ਇੱਕ ਅੱਖਰ ਵੀ ਫਰਮਾਇਆ ਹੋਵੇਗਾ...
ਕਸੂਰਵਾਰ ਕੌਣ ਹੈ ਜਾ ਫਿਰ ਬੇਕਸੂਰ ਕੌਣ ਹੈ.....?
ਕੌਣ ਨਿਬੇੜਾ ਕਰੇਗਾ ਇਹਨਾਂ ਵੱਖੋ- ਵੱਖਰੀਆਂ ਘਟਨਾਵਾਂ ਦਾ ਮੈਂ
ਪੁੱਛਣਾ ਚਾਹੁੰਦੀ ਹਾਂ ਉਹਨਾਂ ਕਵੀਆਂ, ਲੇਖਕਾਂ ਅਤੇ ਚਿੱਤਰਕਾਰਾਂ ਤੋਂ
ਜਿਨ੍ਹਾਂ ਦੀਆਂ ਰਚਨਾਵਾਂ, ਲੇਖਣੀਆਂ ਅਤੇ ਕਲਾਕ੍ਰਿਤੀਆਂ ਅੱਜ ਵੀ ਮੂੰਹੋਂ ਬੋਲਦੀਆਂ ਪ੍ਰਤੀਤ ਹੁੰਦੀਆਂ ਨੇ
ਤੇ ਦਿਖਾਉਂਦੀਆਂ ਨੇ ਸੱਚ ਦਾ ਰਾਹ
ਉਹਨਾਂ ਗੁੰਮਨਾਮ ਹੋਈਆਂ ਰਾਵਾਂ ਦਾ.....।
-
ਨਿਸ਼ਾ ਰਿਹਾਨ, Writer
asia.ajitmalerkotla@gmail.com>
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.