20ਵੀਂ ਸਦੀ ਦੀ ਮਹਾਨ ਅੰਗਰੇਜ਼ੀ ਲੇਖਿਕਾ ਵਰਜੀਨੀਆ ਵੁਲਫ ਦਾ ਕਥਨ ‘ਕਿਤਾਬਾਂ ਆਤਮਾ ਦਾ ਦਰਪਣ ਹੁੰਦੀਆਂ ਹਨ’ ਹਰ ਯੁੱਗ ਦੇ ਸਮੇਂ ਲਈ ਢੁੱਕਵਾਂ ਹੈ। ਕਿਤਾਬਾਂ ਦਾ ਮੁੱਲ ਰਤਨਾਂ ਤੋਂ ਵੀ ਜ਼ਿਆਦਾ ਹੈ ਕਿਉਂਕਿ ਰਤਨ ਤਾਂ ਬਾਹਰੀ ਸੁ
20ਵੀਂ ਸਦੀ ਦੀ ਮਹਾਨ ਅੰਗਰੇਜ਼ੀ ਲੇਖਿਕਾ ਵਰਜੀਨੀਆ ਵੁਲਫ ਦਾ ਕਥਨ ‘ਕਿਤਾਬਾਂ ਆਤਮਾ ਦਾ ਦਰਪਣ ਹੁੰਦੀਆਂ ਹਨ’ ਹਰ ਯੁੱਗ ਦੇ ਸਮੇਂ ਲਈ ਢੁੱਕਵਾਂ ਹੈ। ਕਿਤਾਬਾਂ ਦਾ ਮੁੱਲ ਰਤਨਾਂ ਤੋਂ ਵੀ ਜ਼ਿਆਦਾ ਹੈ ਕਿਉਂਕਿ ਰਤਨ ਤਾਂ ਬਾਹਰੀ ਸੁੰਦਰਤਾ ਤੇ ਖ਼ੂਬਸੂਰਤੀ ਦਿਖਾਉਂਦੇ ਹਨ ਪਰ ਕਿਤਾਬਾਂ ਮਨੁੱਖ ਦੇ ਅੰਦਰੂਨੀ ਜਗਤ ਨੂੰ ਰੋਸ਼ਨ ਕਰਦੀਆਂ ਹਨ। ਅਜੋਕੇ ਸਮੇਂ ’ਚ ਜਿੱਥੇ ਕੰਪਿਊਟਰ, ਲੈਪਟਾਪ, ਇੰਟਰਨੈੱਟ ਆਦਿ ਨੇ ਬੱਚਿਆਂ ਨੂੰ ਅਣਗਿਣਤ ਸਹੂਲਤਾਂ ਪ੍ਰਦਾਨ ਕੀਤੀਆਂ ਹਨ, ਉੱਥੇ ਕਿਤਾਬਾਂ ਉਹ ਗਹਿਣਾ ਹਨ, ਜੋ ਹਨੇਰੇ ’ਚ ਵੀ ਗਿਆਨ ਦਾ ਪ੍ਰਕਾਸ਼ ਫੈਲਾਉਂਦੀਆਂ ਹਨ। ਇਹ ਸਭ ਤੋਂ ਵਧੇਰੇ ਸ਼ਾਂਤ ਤੇ ਦੋਸਤਾਂ ਵਿੱਚੋਂ ਸਭ ਤੋਂ ਵੱਧ ਬੁੱਧੀਮਾਨ ਹੁੰਦੀਆਂ ਹਨ। ਇਨ੍ਹਾਂ ਤੋਂ ਵਧੀਆ ਤੇ ਇਮਾਨਦਾਰ ਦੋਸਤ ਕੋਈ ਹੋ ਨਹੀਂ ਸਕਦਾ। ਇਕ ਵਾਰ ਗੰਗਾਧਰ ਤਿਲਕ ਨੇ ਕਿਹਾ, ‘ਮੈਂ ਨਰਕ ’ਚ ਵੀ ਚੰਗੀਆਂ ਕਿਤਾਬਾਂ ਦਾ ਸੁਆਗਤ ਕਰਾਂਗਾ ਕਿਉਂਕਿ ਇਨ੍ਹਾਂ ’ਚ ਉਹ ਤਾਕਤ ਹੈ, ਇਹ ਜਿੱਥੇ ਵੀ ਹੋਣਗੀਆਂ, ਉੱਥੇ ਹੀ ਸਵਰਗ ਬਣ ਜਾਵੇਗਾ।’
ਵਿਦਿਆਰਥੀ ਜੀਵਨ ’ਚ ਭੂਮਿਕਾ
ਵਿਦਿਆਰਥੀ ਜੀਵਨ ਵਿਚ ਕਿਤਾਬਾਂ ਦੀ ਭੂਮਿਕਾ ਤੋਂ ਕੋਈ ਵੀ ਅਨਜਾਣ ਨਹੀਂ ਹੈ। ਜਦੋਂ ਬੱਚਾ ਛੋਟਾ ਹੁੰਦਾ ਹੈ, ਉਸ ਨੂੰ ਰੰਗ-ਬਰੰਗੀਆਂ ਕਿਤਾਬਾਂ ਹੀ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ। ਜਦੋਂ ਉਹ ਕਿਤਾਬ ਖੋਲ੍ਹਦਾ ਹੈ ਤਾਂ ਨਵੀਂ ਦੁਨੀਆ ’ਚ ਕਦਮ ਰੱਖਦਾ ਹੈ। ਅਜਿਹੀ ਦੁਨੀਆ ਜਿਸ ਵਿਚ ਗਿਆਨ ਦਾ ਭੰਡਾਰ ਤਾਂ ਹੈ ਹੀ, ਇਸ ਦੇ ਨਾਲ ਮਨੋਰੰਜਨ, ਜ਼ਿੰਦਗੀ ਦੇ ਸਬਕ ਯਾਨੀ ਮਨੁੱਖੀ ਜੀਵਨ ਜਾਚ ਅਤੇ ਸਦੀਆਂ ਦਾ ਗਿਆਨ ਲੁਕਿਆ ਹੋਇਆ ਹੈ। ਇਕ ਬੱਚੇ ਲਈ ਕਿਤਾਬਾਂ ਦੀ ਮਹੱਤਤਾ ਸਭ ਤੋਂ ਵਧੇਰੇ ਹੁੰਦੀ ਹੈ। ਵਿੱਦਿਆ ਪ੍ਰਾਪਤੀ ਦੇ ਹਰ ਪੜਾਅ ’ਤੇ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨਾ ਜ਼ਰੂਰੀ ਹੁੰਦਾ ਹੈ। ਕਿਤਾਬ ਬੱਚੇ ਦੇ ਕੋਰੇ ਮਨ ’ਤੇ ਉਹ ਇਬਾਰਤ ਲਿਖ ਜਾਂਦੀ ਹੈ, ਜੋ ਉਸ ਦੇ ਵਿਅਕਤੀਤਵ ਨੂੰ ਨਵੀਂ ਪਰਿਭਾਸ਼ਾ ਦਿੰਦੀ ਹੈ।
ਬੌਧਿਕ ਵਿਕਾਸ ’ਚ ਸਹਾਈ
ਕਿਤਾਬਾਂ ਪੜ੍ਹਨ ਨਾਲ ਬੱਚਿਆਂ ਦਾ ਬੌਧਿਕ ਵਿਕਾਸ ਹੁੰਦਾ ਹੈ। ਕਿਤਾਬ ਹੀ ਉਹ ਦੋਸਤ ਹੈ, ਜੋ ਬਚਪਨ ਤੋਂ ਬੱਚਿਆਂ ਦੇ ਮਨ ਦੇ ਹਨੇਰੇ ਨੂੰ ਗਿਆਨ ਨਾਲ ਰੁਸ਼ਨਾਉਂਦੀ ਹੈ। ਇਹ ਵੱਖ-ਵੱਖ ਤੱਥਾਂ, ਖੋਜਾਂ, ਸੱਭਿਆਚਾਰਾਂ ਦੀ ਜਾਣਕਾਰੀ ਨਾਲ ਬੱਚੇ ਦਾ ਬੌਧਿਕ ਵਿਕਾਸ ਕਰਦੀਆਂ ਹਨ। ਉਨ੍ਹਾਂ ’ਚ ਨਵੀਆਂ ਖੋਜਾਂ ਕਰਨ ਤੇ ਤੁਲਨਾਤਮਿਕ ਅਧਿਐਨ ਕਰਨ ਦੀ ਸਮਰੱਥਾ ਵਿਕਸਤ ਕਰਦੀਆਂ ਹਨ।
ਯਾਦਸ਼ਕਤੀ ਦਾ ਵਿਕਾਸ
ਕਿਤਾਬਾਂ ਪੜ੍ਹਨ ਨਾਲ ਬੱਚਿਆਂ ਦੀ ਯਾਦ ਕਰਨ ਦੀ ਸਮਰੱਥਾ ਵੀ ਵੱਧਦੀ ਹੈ। ਜਦੋਂ ਬੱਚੇ ਕਿਤਾਬ ਪੜ੍ਹਦੇ ਹਨ ਤਾਂ ਉਹ ਕਿਤਾਬ ’ਚ ਦਿੱਤੀ ਗਈ ਕਹਾਣੀ ਦੀ ਤਸਵੀਰ ਬਣਾ ਲੈਂਦੇ ਹਨ ਤੇ ਇਸ ਤਰ੍ਹਾਂ ਲੰਮੇ ਸਮੇਂ ਤੱਕ ਪੜ੍ਹਿਆ ਯਾਦ ਰਹਿੰਦਾ ਹੈ। ਹਰ ਰੋਜ਼ ਪੜ੍ਹਨ ਨਾਲ ਇਕਾਗਰਤਾ ਵੀ ਵੱਧਦੀ ਹੈ। ਸਰੀਰਕ ਕਸਰਤ ਦੀ ਤਰ੍ਹਾਂ ਹੀ ਪੜ੍ਹਨਾ ਦਿਮਾਗ਼ੀ ਕਸਰਤ ਦਾ ਰੂਪ ਹੈ, ਜੋ ਬੱਚੇ ਦੀ ਯਾਦਸ਼ਕਤੀ ਵਧਾਉਂਦਾ ਹੈ।
ਸ਼ਬਦਾਵਲੀ ਦਾ ਵਿਸਥਾਰ
ਸ਼ਬਦਾਵਲੀ ਦਾ ਵਿਸਥਾਰ ਕਿਤਾਬ ਪੜ੍ਹਨ ਤੋਂ ਹੀ ਹੁੰਦਾ ਹੈ। ਜਦੋਂ ਬੱਚਾ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਪੜ੍ਹਦਾ ਹੈ ਤਾਂ ਬਹੁਤ ਸਾਰੇ ਅਜਿਹੇ ਸ਼ਬਦ ਵੇਖਦਾ ਹੈ, ਜੋ ਉਸ ਲਈ ਨਵੇਂ ਹੁੰਦੇ ਹਨ ਤੇ ਉਨ੍ਹਾਂ ਦੇ ਅਰਥ ਤੋਂ ਅਨਜਾਣ ਹੰੁਦਾ ਹੈ। ਉਸ ਵੇਲੇ ਇਨ੍ਹਾਂ ਸ਼ਬਦਾਂ ਨੂੰ ਸ਼ਬਦ ਕੋਸ਼ ’ਚੋਂ ਲੱਭਣਾ ਦਿਲਚਸਪ ਕਿਰਿਆ ਹੁੰਦੀ ਹੈ, ਜਿਸ ਨਾਲ ਦਿਮਾਗ਼ ਉਸ ਨਵੇਂ ਸ਼ਬਦ ’ਤੇ ਕੇਂਦਰਿਤ ਹੁੰਦਾ ਹੈ ਤੇ ਰੋਜ਼ ਕਿਤਾਬਾਂ ਪੜ੍ਹਨ ਨਾਲ ਬੱਚੇ ਦੀ ਸ਼ਬਦਾਵਲੀ ਦਾ ਵਿਸਥਾਰ ਹੁੰਦਾ ਰਹਿੰਦਾ ਹੈ।
ਤਣਾਅ ਤੋਂ ਮੁਕਤੀ
ਕਿਤਾਬਾਂ ਸਿਰਫ਼ ਗਿਆਨ ਹਾਸਿਲ ਕਰਨ ਦਾ ਜ਼ਰੀਆ ਹੀ ਨਹੀਂ ਸਗੋਂ ਮਨੋਰੰਜਨ ਦਾ ਸਾਧਨ ਵੀ ਹਨ। ਕਿਤਾਬਾਂ ਬੱਚਿਆਂ ਦਾ ਤਣਾਅ ਘਟਾਉਂਦੀਆਂ ਹਨ। ਰੋਚਕ ਕਹਾਣੀਆਂ ਵਾਲੀਆਂ ਕਿਤਾਬਾਂ ਬੱਚਿਆਂ ਨੂੰ ਨਵੀਂ ਦੁਨੀਆ ਦੀ ਸੈਰ ਕਰਾਉਂਦੀਆਂ ਹਨ। ਜਿੱਥੇ ਉਹ ਕਾਲਪਨਿਕ ਸੰਸਾਰ ਦਾ ਹਿੱਸਾ ਬਣ ਜਾਂਦੇ ਹਨ ਤੇ ਰੋਜ਼ਾਨਾ ਜ਼ਿੰਦਗੀ ਦੇ ਤਣਾਅ ਨੂੰ ਭੁੱਲ ਜਾਂਦੇ ਹਨ।
ਕਲਪਨਾ ਸ਼ਕਤੀ ਦਾ ਵਿਕਾਸ
ਕਿਤਾਬਾਂ ਬੱਚਿਆਂ ਨੂੰ ਸਿਰਫ਼ ਕਹਾਣੀਆਂ ਜਾਂ ਹੋਰ ਤੱਥਾਂ ਬਾਰੇ ਹੀ ਨਹੀਂ ਜਾਣੂ ਕਰਵਾਉਂਦੀਆਂ, ਇਸ ਨਾਲ ਉਨ੍ਹਾਂ ਦੀ ਕਲਪਨਾ ਸ਼ਕਤੀ ਵੀ ਵਧਦੀ ਹੈ। ਉਨ੍ਹਾਂ ਦੀ ਕਾਲਪਨਿਕ ਉਡਾਣ ਹੀ ਉਨ੍ਹਾਂ ਨੂੰ ਭਵਿੱਖ ਦੇ ਲਿਖਾਰੀ, ਵਿਗਿਆਨਕ ਆਦਿ ਬਣਾਉਂਦੀ ਹੈ। ਬੱਚਿਆਂ ਦੀ ਕਲਪਨਾ ਹੀ ਉਨ੍ਹਾਂ ਨੂੰ ਪ੍ਰਸਿੱਧ ਹਸਤੀਆਂ ਵਾਂਗ ਖ਼ੁਦ ਨੂੰ ਕਿਸੇ ਉਦੇਸ਼ ਪ੍ਰਤੀ ਸਮਰਪਿਤ ਹੋਣ ਲਈ ਪ੍ਰੇਰਿਤ ਕਰਦੀ ਹੈ।
ਅਧਿਆਪਕ ਤੇ ਮਾਪੇ ਹੁੰਦੇ ਮਾਰਗ ਦਰਸ਼ਕ
ਬੱਚਿਆਂ ਲਈ ਕਿਤਾਬਾਂ ਦੀ ਮਹੱਤਤਾ ਤਾਂ ਅਸੀਂ ਜਾਣ ਲਈ ਪਰ ਇੱਥੇ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਮਾਂ-ਬਾਪ ਤੇ ਅਧਿਆਪਕ ਉਹ ਮਾਰਗ ਦਰਸ਼ਕ ਹੁੰਦੇ ਹਨ, ਜੋ ਬੱਚਿਆਂ ਨੂੰ ਸਹੀ ਕਿਤਾਬਾਂ ਦੀ ਚੋਣ ’ਚ ਮਦਦ ਕਰ ਸਕਦੇ ਹਨ। ਜਿਵੇਂ ਅਸੀਂ ਜਾਣਦੇ ਹੀ ਹਾਂ ਕਿ ਸਮਾਜ ਵਿਚ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਮਿਲਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਕਿਤਾਬਾਂ ਬੱਚੇ ਨੂੰ ਸਹੀ ਦਿਸ਼ਾ ਵੱਲ ਜਾਣ ਲਈ ਪ੍ਰੇਰਿਤ ਕਰ ਸਕਦੀਆਂ ਹਨ। ਇਸ ਲਈ ਪਰਿਵਾਰ ਦੇ ਵੱਡਿਆਂ ਤੇ ਸਕੂਲ ਵਿਚ ਅਧਿਆਪਕਾਂ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਬੱਚਿਆਂ ਨੂੰ ਵਧੀਆ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨ ਤੇ ਉਨ੍ਹਾਂ ਸਾਹਮਣੇ ਖ਼ੁਦ ਉਦਾਹਰਨ ਬਣਨ।
ਲਿਖਣ ਦੀ ਯੋਗਤਾ ’ਚ ਵਾਧਾ
ਬੱਚੇ ਜਦੋਂ ਕਿਤਾਬ ਪੜ੍ਹਨ ’ਚ ਖ਼ੁਸ਼ੀ ਮਹਿਸੂਸ ਕਰਨ ਲੱਗ ਜਾਂਦੇ ਹਨ ਤਾਂ ਉਨ੍ਹਾਂ ਦੇ ਨਾ ਸਿਰਫ਼ ਪੜ੍ਹਨ ਸਗੋਂ ਲਿਖਣ ਦੇ ਸ਼ੌਕ ’ਚ ਵੀ ਵਾਧਾ ਹੁੰਦਾ ਹੈ। ਕਿਤਾਬਾਂ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ’ਤੇ ਲਿਖਣ ਲਈ ਪ੍ਰੇਰਿਤ ਕਰਦੀਆਂ ਹਨ। ਜੇ ਤੁਸੀਂ ਪ੍ਰਸਿੱਧ ਲੇਖਕਾਂ ਦੀ ਜੀਵਨੀ ਪੜੋ੍ਹ ਤਾਂ ਤੁਹਾਨੂੰ ਪਤਾ ਚੱਲਦਾ ਹੈ ਕਿ ਹਰ ਲੇਖਕ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਰਿਹਾ ਹੈ।
ਮਨਮੋਹਕ ਦੁਨੀਆ ਦਾ ਬਣਾਈਏ ਹਿੱਸਾ
ਕਿਤਾਬਾਂ ਬੱਚਿਆਂ ਦਾ ਸਿਰਫ਼ ਬੌਧਿਕ, ਮਾਨਸਿਕ ਤੇ ਅਧਿਆਤਮਿਕ ਵਿਕਾਸ ਹੀ ਨਹੀਂ ਕਰਦੀਆਂ ਸਗੋਂ ਉਨ੍ਹਾਂ ਦਾ ਚਰਿੱਤਰ ਨਿਰਮਾਣ ਕਰਨ ਵਿਚ ਵੀ ਸਹਾਈ ਹੁੰਦੀਆਂ ਹਨ। ਚੰਗੇ ਵਿਚਾਰ, ਪ੍ਰੇਰਨਾਦਾਇਕ ਕਹਾਣੀਆਂ, ਦੇਸ਼-ਵਿਦੇਸ਼ ਦੀ ਜਾਣਕਾਰੀ ਨਾਲ ਭਰਪੂਰ ਕਿਤਾਬਾਂ ਕਿਸੇ ਵੀ ਦੇਸ਼ ਦੇ ਬੱਚਿਆਂ ਦੇ ਸੁਨਹਿਰੀ ਭਵਿੱਖ ’ਚ ਸਹਾਇਕ ਹੁੰਦੀਆਂ ਹਨ। ਆਓ ਬੱਚਿਆਂ ਨੂੰ ਇਸ ਸੋਸ਼ਲ ਮੀਡੀਆ ਵਾਲੇ ਯੁੱਗ ’ਚ ਵ੍ਹਟਸਐਪ, ਫੇਸਬੁੱਕ, ਇੰਸਟਾਗ੍ਰਾਮ ਆਦਿ ਤੋਂ ਦੂਰ ਰੱਖ ਕਿਤਾਬਾਂ ਦੀ ਮਨਮੋਹਕ ਦੁਨੀਆ ਦਾ ਹਿੱਸਾ ਬਣਾਈਏ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.