ਪੜਿਆ ਸੁਣਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪੰਜਾਬ ਸਰਕਾਰ ਵਿਰੁੱਧ ਮੋਰਚਾ ਲਾਇਆ ਹੋਇਆ ਹੈ। ਇਹ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਡਿਆ ਗਿਆ ਹੈ। ਮਨੋਰਥ ਇਹ ਹੈ ਕਿ ਕੁੱਝ ਨਿਹੰਗ ਸਿੰਘਾਂ ਵੱਲੋਂ ਬਾਬਾ ਮਾਨ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਅਕਾਲ ਬੁੰਗਾ ਨਵਾਬ ਕਪੂਰ ਸਿੰਘ ਸੁਲਤਾਨਪੁਰਲੋਧੀ ਵਿਖੇ ਜਬਰੀ ਕਬਜ਼ਾ ਕਰ ਲੈਣ ਅਤੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਦੋ ਸੇਵਾਦਾਰਾਂ ਨੂੰ ਅਗਵਾਹ ਕਰ ਕੇ ਕੁਟਿਆ, ਮਾਰਿਆ ਤੇ ਉਨਾਂ ਨੂੰ ਬੰਦੀ ਬਣਾ ਲਿਆ ਗਿਆ।
ਕਿਸੇ ਨੇ ਇਸ ਹਾਲ ਦੁਹਾਈ ਦੀ ਖਬਰ ਇੱਕ ਸੇਵਾਦਾਰ ਦੀ ਧਰਮ ਪਤਨੀ ਨੂੰ ਦੇ ਦਿੱਤੀ, ਉਸ ਨੇ ਜਿੱਥੇ ਪੁਲਿਸ ਥਾਣੇ ਨੂੰ ਇਸ ਘਟਨਾ ਦੀ ਇਤਲਾਹ ਦਿੱਤੀ ਉੱਥੇ ਆਪ ਬੇਖੌਫ ਹੋ ਕੇ ਉਹ ਨਿਹੰਗ ਸਿੰਘਾਂ ਕੋਲ ਪੁੱਜ ਗਈ ਤੇ ਹਾਲ ਦੁਹਾਈ ਪਾਉਣ ਲੱਗੀ। ਇੰਨੇ ਨੂੰ ਪੁਲਿਸ ਵੀ ਉਸ ਅਸਥਾਨ ਤੇ ਪੁੱਜ ਗਈ ਜਿੱਥੇ ਭਾਈ ਜਗਜੀਤ ਸਿੰਘ ਤੇ ਭਾਈ ਨਿਰਵੈਰ ਸਿੰਘ ਨੂੰ ਬੰਦੀ ਬਨਾਇਆ ਹੋਇਆ ਸੀ। ਨਿਹੰਗ ਬਾਬਾ ਮਾਨ ਸਿੰਘ ਨੂੰ ਪੁਲਿਸ ਨੇ ਕਿਹਾ ਕਿ ਇਸ ਤਰ੍ਹਾਂ ਕਰਨਾ ਠੀਕ ਨਹੀਂ ਹੈ, ਇਹ ਕਨੂੰਨ ਦੀ ਉਲੰਘਣਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਸਿਰ ਤੇ ਹੈ ਕੋਈ ਇਸ ਤਰ੍ਹਾਂ ਦਾ ਕੋਈ ਝਮੇਲਾ ਪੈਦਾ ਨਾ ਕਰੋ ਜਿਸ ਨਾਲ ਸੰਗਤ ਤੇ ਕੋਈ ਮਾੜਾ ਪ੍ਰਭਾਵ ਪੈਦਾ ਹੋਵੇ। ਪਰ ਨਿਹੰਗ ਸਿੰਘ ਜੋ ਕਬਜੇ ਦੀ ਭਾਵਨਾ ਨਾਲ ਜਬਰੀ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਏ ਸਨ "ਮੈਂ ਨਾ ਮਾਨੂੰ" ਵਾਲੀ ਰੱਟ ਲਗਾਈ ਜਾ ਰਹੇ ਸਨ।
ਪੁਲਿਸ ਨੇ ਉਨਾਂ ਵੱਲੋਂ ਬੰਦੀ ਬਨਾਏ ਵਿਅਕਤੀਆਂ ਨੂੰ ਛੁਡਾ ਕੇ ਹਸਪਤਾਲ ਦਾਖਲ ਕਰਵਾਇਆ। ਜਿੱਥੇ ਉਨ੍ਹਾਂ ਨੂੰ ਲੱਗੀਆਂ ਸੱਟਾਂ ਦਾ ਇਲਾਜ ਕਰਵਾਇਆ ਗਿਆ। ਅਗਲੇ ਦਿਨ ਉੱਚ ਅਧਿਕਾਰੀਆਂ ਨੇ ਆ ਕੇ ਨਿਹੰਗ ਬਾਬਾ ਮਾਨ ਸਿੰਘ ਨਾਲ ਗੱਲਬਾਤ ਕੀਤੀ। ਬਾਰ ਬਾਰ ਗੁਰਪੁਰਬ ਸ਼ਾਂਤੀ ਪੂਰਵਕ ਮਨਾਏ ਜਾਣ ਸਬੰਧੀ ਪੁਲਿਸ ਅਧਿਕਾਰੀ ਵਾਸਤਾ ਪਾਉਂਦੇ ਰਹੇ, ਪਰ ਉਹ ਪੁਲਿਸ ਦੀ ਕੋਈ ਗੱਲ ਵੀ ਮੰਨਣ ਨੂੰ ਤਿਆਰ ਨਹੀਂ ਸੀ। ਪੱਤਰਕਾਰ ਭਾਈਚਾਰੇ ਨੇ ਵੀ ਕੋਸ਼ਿਸ਼ ਕੀਤੀ ਪਰ ਤਿਖੀ ਬਦਅਮਨੀ ਪੈਦਾ ਕਰਨ ਵਾਲੇ ਬਿਆਨ ਦਿਤੇ ਜਾਂਦੇ ਰਹੇ। ਗੁਰਪੁਰਬ ਦੀ ਤਰੀਕ ਵੀ ਐਨ ਕੰਢੇ ਤੇ ਸੀ, ਲੱਖਾਂ ਸੰਗਤਾਂ ਗੁਰਦੁਆਰਾ ਬੇਰ ਸਾਹਿਬ ਅਤੇ ਸੰਬੰਧਤ ਅਸਥਾਨਾਂ ਦੇ ਦਰਸ਼ਨ ਨੂੰ ਪੁੱਜਦੀਆਂ ਹਨ। ਪੁਲਿਸ ਨੇ ਜਦ ਸਖ਼ਤੀ ਨਾਲ ਕਿਹਾ ਕਿ ਤੁਸੀਂ ਗੁਰਦੁਆਰਾ ਸਾਹਿਬ ਖਾਲੀ ਕਰ ਦਿਓ ਤਾਂ ਮਾਨ ਸਿੰਘ ਅਤੇ ਉਸ ਦੇ ਸਾਥੀਆਂ ਨੇ ਗੋਲੀ ਚਲਾ ਦਿੱਤੀ ਜਿਸ ਨਾਲ ਇੱਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ ਤੇ ਕਈ ਜਖ਼ਮੀ ਹੋ ਗਏ। ਪੁਲਿਸ ਆਪਣਾ ਬਚਾ ਫਾਇਰ ਬ੍ਰਿਗੇਡ ਤੇ ਹੋਰ ਗੱਡੀਆਂ ਪਿੱਛੇ ਲੁੱਕ ਕੇ ਕਰਦੀ ਰਹੀ। ਏਨਾ ਕੁਝ ਵਾਪਰਨ ਤੇ ਵੀ ਪੁਲਿਸ ਵੱਲੋਂ ਕੋਈ ਵਧੀਕੀ ਨਹੀਂ ਕੀਤੀ ਗਈ।
ਗੁਰਦੁਆਰਾ ਸਾਹਿਬ ਵਿਚ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਸਥਾਨ ਦੀ ਹਦੂਦ ਅੰਦਰ ਕੋਈ ਕਰਮਚਾਰੀ ਨਹੀਂ ਗਿਆ ਸਗੋਂ ਜਿੱਥੇ ਨਿਹੰਗ ਸਿੰਘ ਘੋੜਿਆਂ ਨੂੰ ਬੰਨਣ ਤੇ ਆਪਣਾ ਆਸਨ ਲਗਾਉਂਦੇ ਹਨ ਉਸ ਤੋਂ ਵੀ ਬਾਹਰ ਪੁਲਿਸ ਤਾਇਨਾਤ ਸੀ। ਕਾਫੀ ਠਾ ਠੂੰਂ ਨੇ ਸੁਲਤਾਨਪੁਰ ਲੋਧੀ ਨਿਵਾਸੀਆਂ ਦੇ ਸਾਹ ਸੂਤੇ ਪਰ ਹੋਰ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜੇ ਦੁਵੱਲੀ ਗੋਲੀ ਚਲਦੀ ਤਾਂ ਨਿਹੰਗ ਸਿੰਘਾਂ ਦਾ ਵੀ ਨੁਕਸਾਨ ਜ਼ਰੂਰ ਹੁੰਦਾ, ਕਿਸੇ ਨੂੰ ਝਰੀਟ ਤਕ ਨਹੀਂ ਆਈ। ਫਿਰ ਪ੍ਰਸ਼ਾਸਨ ਨੇ ਰਾਤ 12 ਵਜੇ ਤੋਂ ਬਾਅਦ ਹਮਲਾਵਰ ਨਿਹੰਗ ਸਿੰਘਾਂ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢ ਕੇ ਧਾਰਾ 145 ਲਾਗੂ ਕਰ ਦਿੱਤੀ ਜੋ ਕਦਾਚਿਤ ਵੀ ਉਚਿਤ ਨਹੀਂ ਸੀ। ਪਰ ਸਮੁੱਚੇ ਗੁਰਪੁਰਬ ਤੇ ਇਸ ਗੋਲੀਕਾਂਡ ਦਾ ਡੂੰਘਾ ਅਸਰ ਹੋਇਆ, ਫੈਲੀ ਦਹਿਸ਼ਤ ਕਾਰਨ ਆਮ ਸੰਗਤ ਦੀ ਆਮਦ ਤੇ ਅਸਰ ਪਿਆ। ਜੇਕਰ ਪ੍ਰਸ਼ਾਸਨ ਪਹਿਲੇ ਦਿਨ ਹੀ ਨਜਾਇਜ਼ ਕਬਜ਼ਾ ਧਾਰੀਆਂ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕਰ ਲੈਂਦੇ ਤਾਂ ਫਿਰ ਬਣੇ ਹਲਾਤਾਂ ਦਾ ਸਾਹਮਣਾ ਨਾ ਕਰਨਾ ਪੈਂਦਾ ਏਥੇ ਪੁਲਿਸ ਦੀ ਕਮਜ਼ੋਰੀ ਜਗ ਜਾਹਿਰ ਹੁੰਦੀ ਹੈ।
ਜਿਸ ਤਰ੍ਹਾਂ ਦਾ ਘਟਨਾ ਕ੍ਰਮ ਵਾਪਰਿਆ ਇਸ ਤਰ੍ਹਾਂ ਤਾਂ ਜਿਹੜਾ ਮਰਜ਼ੀ ਅਸਥਾਨ ਤੇ ਹਥਿਆਰ ਬੰਦ ਕੁੱਝ ਮਾੜੇ ਅਨਸਰ ਲਿਜਾ ਕੇ ਕਬਜ਼ਾ ਕਰ ਲਿਆ ਕਰਨਗੇ ਤੇ ਫਿਰ ਉਥੇ 145 ਲਾਗੂ ਹੋ ਜਾਇਆ ਕਰੇਗੀ ਜੋ ਸਮਾਜ ਤੇ ਸਰਕਾਰ ਲਈ ਵੀ ਠੀਕ ਨਹੀਂ ਹੈ। ਅਸਲ ਵਿੱਚ ਗੁਰਦੁਆਰਾ ਸਾਹਿਬ ਦਾ ਪਟਾ, ਦੁਕਾਨਾਂ ਦੇ ਕਿਰਾਏਨਾਮੇ, ਬਿਜਲੀ ਦੇ ਮੀਟਰ ਬਿੱਲ ਆਦਿ ਜਥੇ: ਬਾਬਾ ਸੰਤਾ ਸਿੰਘ ਤੋਂ ਬਾਅਦ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਨਾਮਪੁਰ ਹਨ। ਇਸ ਤਰ੍ਹਾਂ ਹੀ ਗੁਰਦੁਆਰਾ ਹੱਟ ਸਾਹਿਬ ਨਜ਼ਦੀਕ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਲੱਖਾਂ ਰੁੱਪਏ ਲਗਾ ਕੇ ਛਾਉਣੀ ਬੁੱਢਾ ਦਲ ਵਿਖੇ ਗੁਰੂ ਦਰਬਾਰ ਸਾਹਿਬ ਦੀ ਹਦੂਦ ਵਿਚ ਅੱਧਾ ਅੱਧਾ ਬੰਦਾ ਭਰਤ ਪੁਆਈ ਗਈ ਘੋੜਿਆ ਲਈ ਤਬੇਲਾ ਸੇਵਾਦਾਰਾਂ ਲਈ ਰਹਾਇਸ਼ ਸਰਾਂ ਤੇ ਮਹਿਮਾਨ ਨਿਵਾਸ ਬਣਾਏ ਗਏ। ਉਸ ਤੇ ਵੀ ਜ਼ਬਰੀ ਕਬਜ਼ਾ ਕੀਤਾ ਗਿਆ, ਪ੍ਰਸ਼ਾਸਨ ਵੱਲੋਂ ਉਸ ਤੇ ਵੀ ਧਾਰਾ 145 ਲਗਾ ਦਿੱਤੀ ਗਈ। ਜਦ ਕਿ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਆਪਣੇ ਸਾਥੀਆਂ ਸਮੇਤ ਇਨ੍ਹਾਂ ਦਿਨਾਂ ਵਿੱਚ ਹਜ਼ੂਰ ਸਾਹਿਬ ਵਿਖੇ ਬੁੱਢਾ ਦਲ ਦਾ ਸਥਾਪਨਾ ਦਿਵਸ ਅਤੇ ਹੈਦਰਾਬਾਦ ਵਿਖੇ ਧਰਮ ਪ੍ਰਚਾਰ ਦੇ ਦੌਰੇ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਵੱਲੋਂ ਤਹਿਸੁਦਾ ਹਮਲਾਵਰ ਦਿਸ਼ਾ ਤੋਂ ਇੱਕ ਪਾਸੜ ਬਾਬਾ ਬਲਬੀਰ ਸਿੰਘ ਤੇ ਸਰਕਾਰ ਵਿਰੁੱਧ ਜ਼ੋਰਦਾਰ ਬਿਆਨ ਬਾਜੀ ਕੀਤੀ ਗਈ ਕਿ ਪੁਲਿਸ ਨੇ ਗੁਰਦੁਆਰਾ ਸਾਹਿਬ ਦਾਖਲ ਹੋ ਕੇ ਬੇਅਦਬੀ ਕੀਤੀ ਹੈ ਅਤੇ ਗੋਲੀ ਚਲਾਈ ਹੈ। ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਜੋ ਸਦਾ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵੱਲੋਂ ਚਲਾਏ ਜਾਂਦੇ ਹਰ ਸਮਾਗਮਾਂ ਵਿੱਚ ਆਪਣੇ ਨਿਹੰਗ ਸਿੰਘ ਸਾਥੀ ਦਲਾਂ ਨਾਲ ਸਮੂਲੀਅਤ ਕਰਕੇ ਹਰ ਤਰ੍ਹਾਂ ਨਾਲ ਸਹਿਯੋਗ ਦਿੰਦੇ ਰਹੇ ਹਨ, ਉਸ ਨੂੰ ਮੁੱਖ ਮੰਤਰੀ (ਭਗਵੰਤ ਸਿੰਘ ਮਾਨ) ਦੇ ਵਿਆਹ ਤੇ ਜਾਣ ਅਤੇ ਲਾਵਾਂ ਕਰਵਾਉਣ ਕਾਰਨ ਰਾਜਸੀ ਕਿੜ ਕੱਢਣ ਲਈ ਮੁੱਖ ਮੰਤਰੀ ਦਾ ਚਹੇਤਾ ਬਣਾ ਦਿੱਤਾ ਗਿਆ। ਬੁੱਢਾ ਦਲ ਪਾਸ ਸਾਰੇ ਸਰਕਾਰੀ, ਗ਼ੈਰ ਸਰਕਾਰੀ ਦਲ ਤੇ ਆਗੂ ਚੱਲ ਕੇ ਆਉਂਦੇ ਰਹੇ ਹਨ ਜਿਨ੍ਹਾਂ ਵਿਚ ਸ. ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ, ਬੁੱਢਾ ਦਲ ਦੇ ਮੁਖੀ ਬਾਬਾ ਸੰਤਾ ਸਿੰਘ ਕੋਲ ਹਾਜ਼ਰੀ ਭਰਦੇ ਰਹੇ ਹਨ। ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ ਤੇ ਹੋਰ ਭੂਤ ਕਾਲ ਦੇ ਪ੍ਰਧਾਨ ਮੰਤਰੀ ਵੀ ਬੁੱਢਾ ਦਲ ਤੋਂ ਸਹਿਯੋਗ ਲੈਂਦੇ ਰਹੇ ਹਨ।
ਅਕਾਲੀ ਦਲ ਦੇ ਆਗੂਆਂ ਵੱਲੋਂ ਜੋ ਬਿਆਨਬਾਜ਼ੀ ਕੀਤੀ ਗਈ ਤੇ ਕੀਤੀ ਜਾ ਰਹੀ ਹੈ ਇਹ ਕਿਸ ਘਾਲ ਪਵੇਗੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੰਗਲਾ ਟੱਪ ਕੇ ਬੇਅਦਬੀ ਕਰਦਾ ਵਿਅਕਤੀ ਫੜਿਆ ਗਿਆ, ਉਸ ਸਬੰਧੀ ਅੱਜ ਤੀਕ ਕੋਈ ਜਾਣਕਾਰੀ ਸਰਕਾਰ ਮਹੱਇਆ ਨਹੀਂ ਕਰਵਾ ਸਕੀ। ਅਕਾਲੀ ਦਲ ਨੇ ਕੀ ਕੀਤਾ? ਸੰਗਤ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਅਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਉਪਰ ਘਟਨਾ ਵਾਪਰੀ, ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਦੁਖਦਾਈ ਕਾਂਡ ਹੋਇਆ ਕਿੰਨੇ ਕੁ ਮੋਰਚੇ ਅਕਾਲੀ ਦਲ ਨੇ ਲਗਾਏ। ਮੋਰਚੇ ਦੀ ਬੁਨਿਆਦ ਤੇ ਨਿਸ਼ਾਨੇ ਦੀ ਨੀਅਤ ਦਾ ਸਪੱਸ਼ਟ ਹੋਣਾ ਜਰੂਰੀ ਹੈ। ਗੁਰਦੁਆਰਾ ਬੇਰ ਸਾਹਿਬ ਲੱਗਾ ਮੋਰਚਾ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੇ ਮੈਬਰਾਂ ਅਧਾਰਤ ਹੈ। ਗੁਰਦੁਆਰਾ ਸਾਹਿਬ ਤੋਂ ਬਣੀ ਸਬਜ਼ੀ, ਤੜਕੇ ਵਾਲੀ ਦਾਲ, ਚਾਹ, ਕੌਫੀ ਪ੍ਰਸ਼ਾਦੇ ਲੰਗਰੋ, ਗੁਰਦੁਆਰਾ ਸਾਹਿਬ ਦੇ ਖਾਤੇ ਤੋਂ ਛੱਕ ਛਕਾ ਕੇ ਚਲੋ ਮੇਰੇ ਭਾਈ।" ਕਾਹਲੀ ਤੇ ਗੁੱਸੇ ਨਾਲ ਸਰਕਾਰ ਵਿਰੁੱਧ ਲੱਗਣ ਵਾਲਾ ਮੋਰਚਾ ਗੁਰਦੁਆਰਾ ਸਾਹਿਬ ਦਾ ਬਣ ਕੇ ਰਹਿ ਗਿਆ। ਕਦੀ ਗੁਰਦੁਆਰਾ ਸਾਹਿਬ ਮੂਹਰੇ ਵੀ ਮੋਰਚੇ ਲੱਗਦੇ ਹਨ! ਮੋਰਚਾ ਲਾਉਣਾ ਹੈ ਤਾਂ ਡੀ.ਸੀ ਦਫਤਰ ਕਪੂਰਥਲਾ ਮੂਹਰੇ, ਪੁਲਿਸ ਕਮਿਸ਼ਨਰ, ਡੀ.ਜੀ.ਪੀ ਦੇ ਦਫਤਰ, ਮੁੱਖਮੰਤਰੀ ਦਫਤਰ ਜਾਂ ਭਵਨ ਮੋਹਰੇ ਲਗਾਓ ਪਤਾ ਤਾਂ ਲੱਗੇ ਰੋਸ ਮੋਰਚਾ ਹੈ। ਅਕਾਲੀ ਦਲ ਨੂੰ ਇਸ ਫੈਸਲੇ ਬਾਰੇ ਗੰਭਰਤਾ ਨਾਲ ਮੁੜ ਵਿਚਾਰ ਕਰਨੀ ਚਾਹੀਦੀ ਹੈ। ਸਵੈ ਪੜਚੋਲ ਹਮੇਸ਼ਾ ਚੰਗੇ ਨਤੀਜੇ ਸਾਹਮਣੇ ਲਿਆਉਂਦੀ ਹੈ।
ਬਰਗਾੜੀ, ਬਹਿਬਲ ਕਲਾਂ, ਕੋਟਕਪੁਰਾ ਥਾਵਾਂਪੁਰ ਹੋਈ ਬੇਅਦਬੀ, ਗੋਲੀ ਕਾਂਡ ਆਦਿ ਦੀ ਮੁਆਫੀ ਉਚਿਤ ਢੰਗ ਨਾਲ ਅਤੇ ਗੁਰਮਤਿ, ਪੰਥਕ ਰਵਾਇਤਾਂ ਮੁਤਾਬਿਕ ਨਹੀਂ ਮੰਗੀ ਗਈ। ਕਹਿੰਦੇ ਹਨ ਕਿ ਮੁਆਫ ਕਰਨੇ ਵਾਲੇ ਨਾਲੋਂ ਮੁਆਫੀ ਮੰਗਣ ਵਾਲਾ ਵੱਡਾ ਹੋ ਜਾਂਦਾ ਹੈ, ਜੇਕਰ ਹਿਰਦੇ ਤੋਂ ਨਿਮਰ ਵਸ ਮਾਫੀ ਮੰਗੀ ਗਈ ਹੋਵੇ। ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਰਾਜ ਭਾਗ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਜਾਂ ਹਿਰਦੇ ਵੇਦਕ ਗੋਲੀ ਕਾਂਡ ਸਬੰਧੀ ਹੱਥ ਜੋੜ ਮੁਆਫੀ ਮੰਗੀ ਗਈ ਹੈ, ਦੇਰ ਨਾਲ ਲਿਆ ਗਿਆ ਫੈਸਲਾ ਇਨਸਾਫ ਨਹੀਂ ਅਖਵਾ ਸਕਦਾ। ਲੁਕਵੇਂ ਢੰਗ ਨਾਲ ਮਾਫੀ ਦੇ ਅਰਥ ਬਦਲ ਜਾਂਦੇ ਹਨ, ਰਾਜਸੀ ਪੈਂਤੜੇਬਾਜ਼ੀ ਛੱਡ ਕੇ ਸਿੱਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਤੀ ਬੇਨਤੀ ਕੀਤੀ ਜਾ ਸਕਦੀ ਸੀ।ਅਕਾਲ ਤਖ਼ਤ ਸਾਹਿਬ ਦੀ ਪਰੰਪਰਾਵਾਂ ਅਨੁਸਾਰ ਪੇਸ਼ ਹੋਣ ਲਈ ਮਾਫੀ ਸਮੁੱਚਾ ਸਿੱਖ ਜਗਤ ਹੀ ਸਿਰ ਝੁਕਾਉਂਦਾ ਹੈ। ਅਜਿਹਾ ਕਿਉਂ ਨਹੀਂ ਹੋਇਆ ਇਹ ਵੀ ਰਾਜਸੀ ਢੋਂਗ ਹੈ, ਪਰ ਅਸਲ ਵਿੱਚ ਜੋ ਘਟਨਾ ਕ੍ਰਮ ਦਾ ਕੱਚ ਸੱਚ ਹੈ ਉਸ ਨੂੰ ਸਹੀ ਦਿਸ਼ਾ ਤੋਂ ਬਿਆਨ ਕੀਤਾ ਗਿਆ ਹੈ।
-
ਦਿਲਜੀਤ ਸਿੰਘ ਬੇਦੀ, SGPC
dsbedisgpc@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.