ਸਮਾਜਿਕ ਕੁਰੀਤੀਆਂ ਨੂੰ ਹੱਲਾ ਸ਼ੇਰੀ ਦੇਣ ਵਾਲੀਆਂ ਪਰੰਪਰਾਵਾਂ ਦੇ ਚਲਣ ਨੂੰ ਰੋਕਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਸਰੇ ਸਿੱਖ ਤਖ਼ਤ ਸਾਹਿਬਾਨਾਂ ਤੋਂ ਹੁਕਮ, ਅਦੇਸ਼, ਸੰਦੇਸ਼ ਹੁੰਦੇ ਆਏ ਹਨ। ਲੱਕ ਤੋੜ ਆਰਥਿਕ ਪੱਖੋ ਮਹਿੰਗੀਆਂ ਫਜ਼ੂਲ ਦੀਆਂ ਰਸਮਾਂ, ਗਿਣਤੀ ਪੱਖੋਂ ਬੇਲੋੜੀ ਬਰਾਤ ਦਾ ਮਾਮਲਾ ਚਾਹੇ ਵੱਧ ਚੜ੍ਹ ਕੇ ਦਾਜ ਦਹੇਜ ਦੇਣ ਅਤੇ ਫੋਕੀ ਸੋਹਰਤ ਲਈ ਮਹਿੰਗੇ ਪੈਲਸਾਂ ਦੀ ਬਾਤ ਸੀ, ਆਦਿ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਿਗ੍ਹਾ ਰੱਖਦਾ ਰਿਹਾ ਹੈ। ਅੱਜ ਸਮਾਜ ਨੂੰ ਹੜੱਪ ਜਾਣ ਵਾਲੀਆਂ ਕੁਰੀਤੀਆਂ ਪੂਰੇ ਜ਼ੋਰ ਸ਼ੋਰ ਨਾਲ ਸਾਡੇ ਸਮਾਜ ਨੂੰ ਮੂੰਹ ਚਿੜਾ ਰਹੀਆਂ ਹਨ।
ਪੰਜਾਬ ਤੇ ਹੋਰਨਾਂ ਸੂਬਿਆਂ ਵਿਚੋਂ ਪੈਸੇ ਦੀ ਹੋੜ ਖਾਤਰ ਪਹਿਲਾਂ ਆਪਣਾ ਘਰ ਬਾਹਰ ਜ਼ਮੀਨ ਵੇਚ,`ਨੌਜਵਾਨੀ ਏਥੋਂ ਵਿਦੇਸ਼ਾਂ `ਚ ਪੜਾਈ ਕਰਨ ਦੇ ਬਹਾਨੇ ਭਜ ਰਹੀ ਹੈ। ਏਥੇ ਜੀਵਨ ਸੁਰੱਖਿਅਤ ਤੇ ਰੁਜ਼ਗਾਰਮਈ ਨਹੀਂ ਹੈ। ਭਵਿੱਖ ਧੁੰਦਲਾ ਨਜ਼ਰ ਆਉਂਦਾ ਹੈ। ਕੰਗਾਲੀ ਹਲਾਤਾਂ ਦੀ ਸ਼ਿਕਾਰ ਵੇਹਲੀ ਨੌਜਵਾਨੀ ਨਸ਼ਿਆਂ ਦੀ ਲਪੇਟ `ਚ ਬੁਰੀ ਤਰ੍ਹਾਂ ਧਸ ਗਈ ਤੇ ਧਸ ਰਹੀ ਹੈ। ਸਿੱਖ ਭਾਈਚਾਰੇ ਦਾ ਜੀਵਨ ਮਰਯਾਦਾ ਤੋਂ ਭਟਕ ਰਿਹਾ ਹੈ ਜਿਸ ਕਾਰਨ ਖ਼ਜਲਖ਼ੁਆਰੀ, ਅਸੰਤੁਸਟਤਾ, ਬੇਚੈਨੀ, ਹਨੇਰਾ ਬਣ ਘੇਰ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋ ਰਹੇ ਹੁਕਮ ਅਦੇਸ਼ ਸੰਦੇਸ਼ਾਂ ਨੂੰ ਅਸਲ ਰੂਪ ਵਿੱਚ ਸਿੱਖ ਭਾਈਚਾਰਾ ਉਸ ਦੀ ਪਾਲਣਾ ਕਰਨ ਤੋਂ ਅਵੇਸਲਾ ਹੈ। ਬਹੁਤ ਸਾਰੇ ਅਜਿਹੇ ਹੁਕਮ-ਅਦੇਸ-ਸੰਦੇਸ਼ ਜਾਰੀ ਹੋਏ ਜੋ ਸਮਾਜਿਕ ਜੀਵਨ ਨੂੰ ਗੁਰਮਤਿ ਅਨੁਸਾਰੀ ਲੀਹ ਉਪਰ ਲਿਆਉਣ ਲਈ ਬਲਵਾਨ ਜੀਵਨ ਦਾ ਰਾਹ ਦਸੇਰਾ ਹਨ ਪਰ ਸਿੱਖ ਆਨੇ ਬਹਾਨੇ ਇਨ੍ਹਾਂ ਤੋਂ ਭੱਜ ਰਿਹਾ ਹੈ। ਵਿਸ਼ਵ ਦਾ ਸਮੁੱਚਾ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਆਪਣੇ ਜੀਵਨ ਨੂੰ ਸੁਖਦ ਤੇ ਗੁਰਮਤਿ ਅਨੁਸਾਰੀ ਬਨਾਉਣਾ ਚਾਹੁੰਦਾ ਹੈ ਪਰ ਧਕੜ ਰਾਜਸੀ ਦਲ ਕਿਤੇ ਨਾ ਕਿਤੇ ਅਵੱਗਿਆ ਕਰਕੇ ਅਜਿਹੇ ਪੈਂਤੜੇ ਤਿਆਰ ਕਰ ਲੈਂਦੇ ਹਨ ਜਿਸ ਕਾਰਨ ਮਰਯਾਦਾ ਦਬ ਕੇ ਰਹਿ ਜਾਂਦੀ ਹੈ। ਇਸ ਦਾ ਪ੍ਰਭਾਵ ਹਰੇਕ ਸਿੱਖ ਤੇ ਪਰਛਾਵੇਂ ਵਾਂਗ ਪੈਂਦਾ ਹੈ।
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ ਵਿਖੇ 13-12-2023 ਨੂੰ ਪੰਜ ਪਿਆਰੇ ਸਾਹਿਬਾਨ ਵੱਲੋਂ ਗੁਰਮਤਾ ਕੀਤਾ ਗਿਆ ਹੈ ਕਿ ਹਰ ਇੱਕ ਗੁਰਸਿੱਖ ਮਾਈ-ਭਾਈ ਆਪਣੇ ਜੀਵਨ ਦੇ ਸਾਰੇ ਕਾਰਜ ਸਿੱਖ ਰਹੁਰੀਤ ਅਤੇ ਮਰਯਾਦਾ ਅਨੁਸਾਰ ਕਰੇ। ਆਮ ਵੇਖਣ ਵਿੱਚ ਆ ਰਿਹਾ ਹੈ ਕਿ ਵਿਆਹ ਕਾਰਜਾਂ ਦੇ ਸੱਦੇ ਪੱਤਰ ਕਾਰਡਾਂ ਉਤੇ ਬੱਚੇ-ਬੱਚੀ ਦੇ ਅਧੂਰੇ ਨਾਮ ਲਿਖੇ ਜਾਂਦੇ ਹਨ, ਜੋ ਕਿ ਬਿਲਕੁਲ ਗਲਤ ਹੈ। ਲਾਵਾਂ ਫੇਰੇ (ਅਨੰਦ ਕਾਰਜਾਂ) ਦੇ ਸਮੇਂ ਬੱਚੀ ਨੂੰ ਮਹਿੰਗੀ ਤੋਂ ਮਹਿੰਗੀ ਫੈਸ਼ਨੇਬਲ ਡਰੈਸ ਘਗਰਾ ਲਹਿੰਗਾ ਆਦਿ ਪਹਿਨਾਇਆ ਜਾਂਦਾ ਹੈ ਜੋ ਇਕ ਗਲਤ ਪ੍ਰਥਾ ਬਣਦੀ ਜਾ ਰਹੀ ਹੈ। ਪੰਜ ਪਿਆਰੇ ਸਾਹਿਬਾਨ ਦੀ ਇੱਕਤ੍ਰਤਾ ਵਿੱਚ ਸਰਵ ਸੰਮਤੀ ਨਾਲ ਇਹ ਮੱਤਾ ਪਾਸ ਕੀਤਾ ਗਿਆ ਹੈ ਕਿ ਵਿਆਹ ਕਾਰਜਾਂ ਦੇ ਸਮੇਂ ਕਾਰਡਾਂ ਉਤੇ ਅਤੇ ਅੰਦਰ ਬੱਚੇ-ਬੱਚੀ ਦਾ ਪੂਰਾ ਨਾਮ ਸਿੰਘ ਤੇ ਕੌਰ ਸਹਿਤ ਛਪਾਇਆ ਜਾਵੇ। ਲਾਵਾਂ ਫੇਰੇ ਸਮੇਂ ਬੱਚੀ ਨੂੰ ਸਲਵਾਰ ਕਮੀਜ ਵਾਲਾ ਸੰਪੂਰਨ ਸੂਟ ਪਹਿਨਾਇਆ ਜਾਵੇ। ਤਾਂ ਜੋ ਉਹ ਲਾਵਾਂ ਪੂਰੀ ਮਰਯਾਦਾ ਅਨੁਸਾਰ ਕਰ ਸਕਣ।
ਲਾਵਾਂ ਫੇਰੇ ਦੇ ਲਈ ਲਿਆਉਣ ਸਮੇਂ ਗੁਰੂ ਜੀ ਦੀ ਹਾਜ਼ਰੀ ਵਿੱਚ ਬੱਚੀ ਬੱਚੇ ਦੇ ਉਪਰ ਚੁੰਨੀ ਤਾਣ ਕੇ ਜਾਂ ਫੁੱਲਕਾਰੀ ਦਾ ਛਤਰ ਬਣਾਕੇ ਨਾ ਲਿਆਂਦਾ ਜਾਵੇ। ਹਰ ਗੁਰਸਿੱਖ ਨੂੰ ਇਸ ਮੱਤੇ ਉਪਰ ਅਮਲ ਕਰਨਾ ਚਾਹੀਦਾ ਹੈ, ਹੁਕਮ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਗੁਰਮੱਤੇ ਤੋਂ ਉਲਟ ਜੋ ਕੋਈ ਵੀ ਜਾਵੇਗਾ ਤਾਂ ਉਸਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ। ਸਮੂੰਹ ਗੁਰਸਿੱਖ ਮਾਈ-ਭਾਈ ਨੂੰ ਗੁਰਮੱਤੇ ਦੀ ਪਾਲਨਾ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣਨ ਦੀ ਪ੍ਰੇਰਨਾ ਭਰਿਆ ਹੁਕਮ ਹੈ। ਜਿਹੜੀ ਇਸ ਵੇਲੇ ਲਹਿੰਗਾ ਲੜਕੀ ਅਨੰਦ ਕਾਰਜਾਂ ਵੇਲੇ ਪਹਿਨਦੀ ਹੈ ਉਹ ਇੱਕ ਲੱਖ ਤੋਂ ਸਵਾ ਲੱਖ ਦੀ ਰਾਸ਼ੀ ਵਿੱਚ ਤਿਆਰ ਹੁੰਦਾ ਹੈ, ਕਰਾਏਪੁਰ 15 ਹਜ਼ਾਰ ਤੋਂ ਵੀਹ ਹਜ਼ਾਰ ਤੀਕ ਮਿਲਦਾ ਹੈ। ਫਿਰ ਏਨਾ ਭਾਰਾ ਤੇ ਬੋਜਲ ਹੁੰਦਾ ਹੈ ਕਿ ਬੱਚੀ ਇਸ ਨੂੰ ਸੰਭਾਲਣ ਵਿਚ ਹੀ ਲਗੀ ਰਹਿੰਦੀ ਹੈ ਬੈਠਣ ਉਠਣ ਵਿਚ ਵੀ ਕਾਫੀ ਦਿਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਫਜੂਲ ਦਾ ਫੈਸ਼ਨ ਲਾਵਾਂ ਦਾ ਮਕਸਦ ਹੀ ਭੁਲਾ ਦੇਂਦਾ ਹੈ ਇਸ ਤੋਂ ਸਖ਼ਤੀ ਨਾਲ ਬਚਣ ਤੇ ਤਖ਼ਤ ਸਾਹਿਬ ਤੋਂ ਹੋਏ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮ, ਅਦੇਸ਼, ਸੰਦੇਸ਼ ਨੂੰ ਇਕ ਪੁਸਤਕ ਵਿੱਚ ਡਾ. ਰੂਪ ਸਿੰਘ ਨੇ ਸੰਗ੍ਰਹਿ ਕੀਤਾ ਹੈ, ਜੋ ਯਾਦਗਾਰੀ ਕਾਰਜ ਹੈ। ਉਸ ਦੇ ਹਵਾਲੇ ਨਾਲ ਪਾਠਕਾਂ ਨਾਲ ਸਾਂਝ ਪਾ ਰਿਹਾ ਹਾਂ।
ਏਸੇ ਤਰ੍ਹਾਂ 16-3-1998 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜ਼ਾਰੀ ਕੀਤਾ ਗਿਆ। ਮੈਰਿਜ ਪੈਲਸ ਅਤੇ ਹੋਟਲਾਂ ਵਿਚ ਆਨੰਦ ਕਾਰਜ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਕਿਸੇ ਵੀ ਮੈਰਿਜ ਪੈਲਸ ਜਾਂ ਹੋਟਲ ਵਿਚ ਸਿੱਖ ਸੰਗਤਾਂ ਆਨੰਦ ਕਾਰਜ ਦੀ ਰਸਮ ਨਾ ਕਰਵਾਉਣ ਅਤੇ ਖ਼ਾਸ ਕਰਕੇ ਗ੍ਰੰਥੀ ਸਿੰਘ, ਰਾਗੀ ਸਿੰਘ ਅਤੇ ਸਾਰੇ ਪ੍ਰਬੰਧਕਾਂ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਕਿਸੇ ਵੀ ਐਸੀ ਰਸਮ ਵਿਚ ਹਿੱਸਾ ਨਾ ਲੈਣ ਜੋ ਮੈਰਿਜ ਪੈਲਸ ਅਤੇ ਹੋਟਲਾਂ ਵਿਚ ਹੋ ਰਹੀ ਹੋਵੇ। ਜੋ ਸੱਜਣ ਇਸ ਆਦੇਸ਼ ਦੀ ਉਲੰਘਣਾ ਕਰੇਗਾ, ਉਸ ਵਿਰੁੱਧ ਪੰਥਕ ਮਰਯਾਦਾ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਾਰਵਾਈ ਕੀਤੀ ਜਾਵੇਗੀ। ਆਪਣੇ ਘਰਾਂ ਜਾਂ ਹੋਰ ਅਸਥਾਨਾਂ `ਤੇ ਕਿਸੇ ਵੀ ਖ਼ੁਸ਼ੀ ਗਮੀ ਦੇ ਸਮਾਗਮ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਅਤੇ ਪੰਥਕ ਮਰਯਾਦਾ ਦਾ ਪੂਰੀ ਸੁਚੇਤਤਾ ਨਾਲ ਪਾਲਣ ਕੀਤਾ ਜਾਵੇ।
ਖਾਲਸੇ ਦੀ ਸਿਰਜਨਾ ਦੀ ਤੀਸਰੀ ਸ਼ਤਾਬਦੀ ਵਰ੍ਹੇ ਤੋਂ ਪਹਿਲਾਂ ਮਿਤੀ: 20-4-1998 ਨੂੰ ਪਾਵਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬਾਨ ਦੀ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਪਿਛਲੇ ਲੰਮੇ ਸਮੇਂ ਤੋਂ ਦੇਸ਼-ਵਿਦੇਸ਼ ਵਿਚ ਗੁਰੂ ਘਰ ਦੇ ਲੰਗਰ ਵਿਚ ਕੁਰਸੀਆਂ `ਤੇ ਬੈਠ ਕੇ ਲੰਗਰ ਛਕਣ ਜਾਂ ਜ਼ਮੀਨ `ਤੇ ਬੈਠ ਕੇ ਲੰਗਰ ਛਕਣ ਪ੍ਰਤੀ ਚੱਲ ਰਹੇ ਵਾਦ-ਵਿਵਾਦ `ਤੇ ਵਿਆਪਕ ਵਿਚਾਰ-ਚਰਚਾ ਕੀਤੀ ਗਈ। ਉਪਰੰਤ ਇਹ ਫ਼ੈਸਲਾ ਲਿਆ ਗਿਆ ਕਿ ਗੁਰੂ ਸਾਹਿਬਾਨ ਵੱਲੋਂ ਕਾਇਮ ਕੀਤੀ ਗਈ ਸੰਗਤ ਤੇ ਪੰਗਤ ਦੀ ਮਰਯਾਦਾ ਨੂੰ ਸ਼ਰਧਾ ਸਤਿਕਾਰ ਨਾਲ ਹਰ ਹੀਲੇ ਕਾਇਮ ਰੱਖਿਆ ਜਾਵੇ। ਸਮੂੰਹ ਧਾਰਮਿਕ ਸ਼੍ਰੇਣੀ ਵਿਚ ਸੇਵਾ ਨਿਭਾਉਣ ਵਾਲੇ ਰਾਗੀ, ਗ੍ਰੰਥੀ, ਢਾਡੀ, ਪ੍ਰਚਾਰਕ ਤੇ ਸਮੂੰਹ ਸੰਸਥਾਵਾਂ ਦੇ ਪ੍ਰਬੰਧਕਾਂ ਪ੍ਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਆਦੇਸ਼ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਗੁਰੂ ਕੇ ਲੰਗਰ ਦਾ ਪ੍ਰਸ਼ਾਦਾ ਕੇਵਲ ਪੰਗਤ ਵਿਚ ਜ਼ਮੀਨ `ਤੇ ਬੈਠ ਕੇ ਹੀ ਛਕਣ ਤੇ ਛਕਾਉਣ ਦੀ ਮਰਯਾਦਾ ਕਾਇਮ ਰੱਖੀ ਜਾਵੇ।
ਇਸ ਉਦੇਸ਼ ਦੀ ਉਲੰਘਣਾ ਹੋਣ ’ਤੇ ਸੰਬੰਧਤ ਰਾਗੀ, ਗ੍ਰੰਥੀ, ਢਾਡੀ, ਪ੍ਰਚਾਰਕ ਤੇ ਪ੍ਰਬੰਧਕ ਬਰਾਬਰ ਦੇ ਜ਼ੁੰਮੇਵਾਰ ਹੋਣਗੇ ਅਤੇ ਉਨ੍ਹਾਂ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥਕ ਮਰਯਾਦਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਵੀ ਕਿਹਾ ਗਿਆ ਕਿ ਸਮੂੰਹ ਗੁਰਸਿੱਖ ਸੰਗਤਾਂ ਇਸ ਮਰਯਾਦਾ ਨੂੰ ਲਾਗੂ ਕਰਨ ਤੇ ਕਰਵਾਉਣ ਲਈ ਹਰ ਤਰ੍ਹਾਂ ਦੀ ਧੜੇਬੰਦੀ ਤੇ ਪੱਖ-ਪਾਤ ਤੋਂ ਉਪਰ ਉਠ ਕੇ ਸਹਿਯੋਗ ਦੇਣ। ਜਿਹੜੀ ਪਰੰਪਰਾ ਵਿਚ ਢਿਲ ਪੈ ਜਾਵੇ ਉਹ ਬਹੁਤਾ ਸਮਾਂ ਸੁਰਜੀਤ ਨਹੀਂ ਰਹਿ ਸਕਦੀ।
ਸਿੱਖਾਂ ਵਿੱਚ ਵਧਦੀ ਭਰੂਣ ਹੱਤਿਆਂ ਦੀ ਹੋੜ ਨੂੰ ਰੋਕਣ ਲਈ 18-4-2001 ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ ਗਿਆ ਕਿ ਸਿੱਖ ਧਰਮ ਇਕ ਵਿਗਿਆਨਕ ਅਤੇ ਸਰਬੱਤ ਦੇ ਭਲੇ ਦੇ ਅਗਾਂਹ-ਵਧੂ ਫ਼ਲਸਫ਼ੇ ਵਾਲਾ ਧਰਮ ਹੋਣ ਕਰਕੇ ਗੁਰੂ ਸਾਹਿਬਾਨ ਨੇ ਇਸਤਰੀ ਜਾਤੀ ਨੂੰ ਮਨੁੱਖੀ ਸਮਾਜ ਵਿਚ ਅਤਿ ਸਤਿਕਾਰ ਭਰਿਆ ਰੁਤਬਾ ਬਖ਼ਸ਼ਿਆ ਹੈ। ਇਸਤਰੀ ਜਾਤੀ ਨਾਲ ਹੁੰਦੇ ਵਿਤਕਰੇ ਤੇ ਨਿਰਾਦਰ ਨੂੰ ਵੇਖ ਕੇ ਹੀ ਗੁਰੂ ਨਾਨਕ ਦੇਵ ਜੀ ਨੇ ਬੁਲੰਦ ਆਵਾਜ਼ ਵਿਚ "ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ" ਦਾ ਫੁਰਮਾਨ ਕੀਤਾ ਸੀ । ਸਿੱਖ ਇਤਿਹਾਸ ਵਿਚ ਇਸੇ ਵਿਚਾਰ ਦਾ ਹੀ ਅਸਲੀ ਰੂਪ ਮਾਤਾ ਖੀਵੀ ਜੀ ਵੱਲੋਂ ਲੰਗਰ ਦੀ ਜ਼ਿੰਮੇਵਾਰੀ ਅਤੇ ਖ਼ਾਲਸਾ ਸਾਜਨਾ ਸਮੇਂ ਮਾਤਾ ਸਾਹਿਬ ਕੌਰ ਜੀ ਵੱਲੋਂ ਅੰਮ੍ਰਿਤ ਦੇ ਬਾਟੇ ਵਿਚ ਪਤਾਸੇ ਪਾਉਣ ਦੇ ਕੌਤਕ ਰਾਹੀਂ ਨਜ਼ਰ ਆਉਂਦਾ ਹੈ।
ਸਿੱਖ ਰਹਿਤਨਾਮਿਆਂ ਅਤੇ ਸਿੱਖ ਰਹਿਤ ਮਰਯਾਦਾ ਵਿਚ ਕੁੜੀ-ਮਾਰ ਨਾਲ ਰੋਟੀ- ਬੇਟੀ ਦੀ ਸਾਂਝ ਨਾ ਰੱਖਣ ਦਾ ਆਦੇਸ਼ ਵੀ ਇਸੇ ਵਿਚਾਰਧਾਰਾ ਦਾ ਹੀ ਹਿੱਸਾ ਹੈ। ਅੱਜ ਗਰਭ ਵਿਚ ਪਲ ਰਹੇ ਬੱਚੇ ਦੀ ਤੰਦਰੁਸਤੀ ਜਾਚਣ ਲਈ ਸਿਹਤ ਵਿਗਿਆਨੀਆਂ ਵੱਲੋਂ ਕੀਤੀ ਖੋਜ ਦੀ ਦੁਰਵਰਤੋਂ ਕਰ ਕੇ ਗਰਭ ਟੈਸਟ ਰਾਹੀਂ ਲੜਕੀ ਦਾ ਪਤਾ ਲੱਗਣ `ਤੇ ਬਹੁਤ ਸਾਰੇ ਨਾ-ਸਮਝ ਲੋਕਾਂ ਵੱਲੋਂ ਭਰੂਣ ਹੱਤਿਆ ਕਰ ਦਿੱਤੀ ਜਾਂਦੀ ਹੈ । ਇਸ ਰੁਝਾਨ ਦੇ ਦਿਨੋ-ਦਿਨ ਵਧਣ ਕਰਕੇ ਜਿਥੇ ਮਨੁੱਖੀ ਰੂਹ ਦੇ ਇਸਤਰੀ-ਜਾਮੇ ਦਾ ਅਪਮਾਨ ਕੀਤਾ ਜਾ ਰਿਹਾ ਹੈ ਉਥੇ ਨਾਲ ਹੀ ਪੁਰਖਾਂ ਦੇ ਮੁਕਾਬਲੇ ਇਸਤਰੀਆਂ ਦੀ ਨਿਤਾ ਪ੍ਰਤੀ ਘੱਟ ਰਹੀ ਗਿਣਤੀ ਕਾਰਨ ਅਣਸੁਖਾਵੀਂ ਸਮਾਜਿਕ ਸਥਿਤੀ ਬਣਦੀ ਜਾ ਰਹੀ ਹੈ। ਸਿੱਖ ਸੰਗਤਾਂ ਅਤੇ ਵਿਚਾਰਵਾਨਾਂ ਵੱਲੋਂ ਇਸ ਸੰਬੰਧੀ ਚਿੰਤਾ ਪ੍ਰਗਟ ਕਰਨ ਵਾਲੇ ਪੱਤਰ ਸਿੰਘ ਸਾਹਿਬਾਨ ਪਾਸ ਨਿਰੰਤਰ ਪਹੁੰਚ ਰਹੇ ਹਨ। ਇਸ ਅਣਮਨੁੱਖੀ, ਅਨੈਤਿਕ ਅਤੇ ਅਧਾਰਮਿਕ ਬਿਰਤੀ ਨੂੰ ਠੱਲ੍ਹ ਪਾਉਣ ਲਈ ਪੰਜ ਸਿੰਘ ਸਾਹਿਬਾਨ ਵੱਲੋਂ ਗੁਰਮਤਿ ਵਿਚਾਰਧਾਰਾ ਦੀ ਰੋਸ਼ਨੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ ਇਹ ਆਦੇਸ਼ ਦਿੱਤਾ ਜਾਂਦਾ ਹੈ ਕਿ ਕੋਈ ਵੀ ਗੁਰਸਿੱਖ ਮਾਈ ਭਾਈ ਮਾਤਾ ਦੇ ਗਰਭ ਵਿਚ ਲੜਕੀ ਦਾ ਪਤਾ ਲੱਗਣ `ਤੇ ਭਰੂਣ ਹੱਤਿਆ ਦਾ ਮਨਮੁਖੀ ਕਾਰਾ ਨਾ ਕਰੋ। ਸਿੱਖ ਰਹਿਤ ਮਰਯਾਦਾ ਅਨੁਸਾਰ ਐਸਾ ਕਰਨ ਵਾਲਾ ਵਿਅਕਤੀ ਤਨਖਾਹੀਆ ਹੈ। ਬਾਕੀ ਮਨੁੱਖੀ ਭਾਈਚਾਰੇ ਨੂੰ ਵੀ ਸਾਡਾ ਇਹੋ ਹੀ ਸੰਦੇਸ਼ ਹੈ ਕਿ ਅਸੀਂ ਸਾਰੇ ਆਪਣੇ ਪ੍ਰਭੂ ਪਿਤਾ ਦੇ ਸਾਜੇ ਹੋਏ ਮਨੁੱਖੀ ਸਰੀਰਕ ਜਾਮਿਆਂ ਦਾ ਇਸਤਰੀ ਪੁਰਸ਼ ਦੇ ਵਖਰੇਵੇਂ ਤੋਂ ਉਪਰ ਉਠ ਕੇ ਇੱਕੋ ਜਿਹਾ ਮਾਨ-ਸਤਿਕਾਰ ਕਰੀਏ।
ਸਪੀਕਰਾਂ ਰਾਹੀਂ ਉਚੀ ਸ਼ੋਰਦਾਰ ਅਵਾਜ਼ ਪ੍ਰਦੂਸ਼ਣ ਨੂੰ ਠੱਲਣ ਲਈ 23-11-2005 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਗਿਆ ਇੱਕ ਵਿਸ਼ੇਸ਼ ਆਦੇਸ਼ ਜਿਸ ਵਿਚ ਸਿੱਖ ਸੰਗਤਾਂ ਨੂੰ ਕੀਰਤਨ, ਕਥਾ ਅਤੇ ਗੁਰਬਾਣੀ ਸੁਣਾਏ ਜਾਣ ਲਈ ਗੁਰਦੁਆਰਾ ਸਾਹਿਬਾਨ ਵਿਚ ਲਗਾਏ ਗਏ ਲਾਊਡ ਸਪੀਕਰਾਂ ਦੀਆਂ ਉੱਚੀਆਂ ਆਵਾਜਾਂ ਬਾਰੇ ਵਿਦਿਆਰਥੀਆਂ, ਰੋਗੀਆਂ, ਮਨੋ-ਵਿਗਿਆਨੀਆਂ, ਸਿਹਤ ਵਿਗਿਆਨੀਆਂ ਅਤੇ ਵੱਖ ਵੱਖ ਖੇਤਰ ਵਿਚ ਵਿਚਰ ਰਹੇ ਵਿਅਕਤੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਰਹੀਆਂ ਪੱਤ੍ਰਿਕਾਵਾਂ ਦੇ ਮੱਦੇ-ਨਜ਼ਰ ਸਮੂਹ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਗੁਰੂ ਘਰਾਂ ਵਿਚ ਲਾਊਡ ਸਪੀਕਰਾਂ ਦੀ ਆਵਾਜ ਸਮਾ ਨਿਰਧਾਰਤ ਕਰਨ। ਉਹ ਅਜਿਹੇ ਪ੍ਰਬੰਧ ਯਕੀਨੀ ਬਣਾਉਣ ਕਿ ਵਿਸ਼ੇਸ਼ ਦਿਹਾੜਿਆਂ ਅਤੇ ਗੁਰਮਤਿ ਸਮਾਗਮਾਂ ਤੋਂ ਇਲਾਵਾ ਲਾਊਡ ਸਪੀਕਰਾਂ ਦੀ ਆਵਾਜ਼ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰ ਹੀ ਸੀਮਤ ਰਹੇ ਦਾ ਅਦੇਸ਼ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਕਿਵੇਂ ਸੰਗਤਾਂ ਕਾਇਮ ਰੱਖਣ ਅਤੇ ਵਿਦੇਸ਼ਾਂ ਵਿਚ ਸਿੱਖਾਂ ਨੂੰ ਅਰਬੀ ਤੇ ਮੁਸਲਮਾਨ ਭਾਈਚਾਰੇ ਨਾਲ ਮੇਲ ਕੇ ਜੋ ਹਮਲੇ ਹੁੰਦੇ ਹਨ ਸਬੰਧੀ 18-4-2001 ਨੂੰ ਇਕ ਹੋਰ ਦਿਸ਼ਾ ਨਿਰਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਜਿਸ ਵਿਚ ਦੇਸ਼ ਵਿਦੇਸ਼ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਵਿਦਿਤ ਕੀਤਾ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਰੱਖਣਾ ਹਰ ਪ੍ਰਾਣੀ ਦਾ ਮੁੱਢਲਾ ਫ਼ਰਜ਼ ਬਣਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੀਤੇ ਜਾਂਦੇ ਸਮਾਗਮ ਜਾਂ ਨਗਰ ਕੀਰਤਨ ਸਮੇਂ ਕਈ ਵਾਰ ਪ੍ਰੇਮੀ ਜਨ ਅਤੇ ਪ੍ਰਬੰਧਕ ਜਾਣੇ-ਅਣਜਾਣੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਐਸੀਆਂ ਥਾਵਾਂ ਜਾਂ ਉਸ ਹਾਲ ਵਿਚ ਲੈ ਜਾਂਦੇ ਹਨ, ਜਿਥੇ ਸ਼ਰਾਬ ਜਾ ਤੰਬਾਕੂ ਦੀ ਮੌਜੂਦਗੀ ਹੁੰਦੀ ਹੈ ਜਾਂ ਸ਼ਰਾਬ, ਤੰਬਾਕੂ ਸੇਵਨ ਕਰਨ ਵਾਲੀ ਆਮ ਜਗ੍ਹਾ ਹੁੰਦੀ ਹੈ। ਇਸ ਨਾਲ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਅਤੇ ਸ਼ਰਧਾਲੂ ਸਿੱਖ ਸੰਗਤਾਂ ਦੇ ਮਨ ਨੂੰ ਭਾਰੀ ਠੇਸ ਪਹੁੰਚਦੀ ਹੈ। ਸਿੱਖ ਧਰਮ ਵਿਚ ਇਸ ਦੀ ਸਖ਼ਤ ਮਨਾਹੀ ਹੈ। ਇਸ ਲਈ ਧਾਰਮਿਕ ਸਮਾਗਮ ਜਾਂ ਨਗਰ ਕੀਰਤਨ ਦੇ ਪ੍ਰਬੰਧਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਅਜਿਹਾ ਕਰਦਿਆਂ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ-ਸਤਿਕਾਰ ਅਤੇ ਅਦਬ ਦਾ ਪੂਰਾ ਧਿਆਨ ਰੱਖਿਆ ਜਾਵੇ।
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਕ ਕਹਾਉਣ ਵਾਲੀ ਸਿੱਖ ਕੌਮ ਸਮੁੱਚੀ ਮਾਨਵਤਾ ਨੂੰ ਜਾਤ-ਪਾਤ, ਦੇਸ਼ ਅਤੇ ਧਰਮ ਦੇ ਵਿਤਕਰੇ ਤੋਂ ਉਪਰ ਉਠ ਕੇ ਇਕ ਪਰਮਾਤਮਾ ਦੀ ਸੰਤਾਨ ਮੰਨਦੀ ਹੈ ਅਤੇ ਹਰ ਰੋਜ਼ ਸਰਬੱਤ ਦੇ ਭਲੇ ਲਈ ਅਰਦਾਸ ਕਰਦੀ ਹੈ। ਪਿਛਲੇ ਦਿਨੀਂ ਕੁਝ ਕੁ ਨਾ-ਸਮਝ ਜਨੂੰਨੀਆਂ ਵੱਲੋਂ ਅਮਰੀਕਾ ਤੇ ਹੋਰ ਦੇਸ਼ਾਂ ਵਿਚ ਸਮੁੱਚੀ ਸਿੱਖ ਕੌਮ ਇਸ ਜ਼ਾਲਮਾਨਾ ਕਾਰਵਾਈ ਦੀ ਆਪਣੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਸਮੁੱਚੇ ਵਿਸ਼ਵ ਵਿਚ ਵੱਸਦੇ ਗੁਰਸਿੱਖਾਂ ਦੇ ਸਿਰ ਉਪਰ ਦਸਤਾਰ ਅਤੇ ਸਰੀਰ `ਤੇ ਧਾਰਨ ਕੀਤੇ ਹੋਏ ਪੰਜ ਕਕਾਰ ਉਹਨਾਂ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਰਾਹੀਂ ਆਦੇਸ਼ ਕੀਤੀ ਗਈ ਰਹਿਤ-ਬਹਿਤ ਦਾ ਅਨਿਖੜਵਾਂ ਅੰਗ ਹਨ। ਇਹਨਾਂ ਪੰਜਾਂ ਕਕਾਰਾਂ ਵਿਚ ਕੰਘਾ, ਕੜਾ, ਕਿਰਪਾਨ, ਕਛਹਿਰਾ ਅਤੇ ਕੇਸ ਸ਼ਾਮਲ ਹਨ। ਇਸ ਰਹਿਣੀ-ਬਹਿਣੀ ਅਤੇ ਧਾਰਮਿਕ ਵਿਚਾਰਧਾਰਾ ਦਾ ਅਰਬ ਨਿਵਾਸੀ ਜਾਂ ਕਿਸੇ ਹੋਰ ਭਾਈਚਾਰੇ ਨਾਲ ਕਿਸੇ ਤਰ੍ਹਾਂ ਦਾ ਵੀ ਸੰਬੰਧ ਨਹੀਂ। ਇਸ ਲਈ ਅਸੀਂ ਸਮੁੱਚੇ ਵਿਸ਼ਵ ਦੀਆਂ ਸਰਕਾਰਾਂ ਅਤੇ ਸਾਰੇ ਮਨੁੱਖੀ ਭਾਈਚਾਰੇ ਨੂੰ ਇਹ ਸਪੱਸ਼ਟ ਕਰਦੇ ਹਾਂ ਕਿ ਗੁਰਸਿੱਖਾਂ ਦੇ ਇਸ ਸਿੱਖੀ ਸਰੂਪ ਨੂੰ ਦੇਖ ਕੇ ਕਿਸੇ ਕਿਸਮ ਦੇ ਭੁਲੇਖੇ ਵਿਚ ਨਾ ਪੈਣ ਅਤੇ ਇਹਨਾਂ ਨੂੰ ਅਰਬ ਨਿਵਾਸੀ ਜਾਂ ਸ਼ੇਖ਼ ਮੁਸਲਮਾਨ ਸਮਝ ਕੇ ਇਹਨਾਂ ਪ੍ਰਤੀ ਕਿਸੇ ਕ੍ਰੋਧ ਜਾਂ ਦਵੈਸ਼ ਭਾਵਨਾ ਅਧੀਨ ਕੋਈ ਦੁਰ-ਵਿਹਾਰ ਨਾ ਕਰਨ।
ਵੱਧਦੀ ਡੇਰੇਦਾਰੀ ਨੂੰ ਲਗਾਮ ਦੇਣ ਲਈ ਅਤੇ ਸਿੱਖ ਭਾਈਚਾਰੇ ਇਸ ਸਬੰਧੀ ਸੁਚੇਤ ਕਰਨ ਲਈ ਮਿਤੀ 12-10-2001 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮਿਤਸਰ ਤੋਂ ਸੰਦੇਸ਼ ਜਾਰੀ ਹੋਇਆ ਜਿਸ ਵਿੱਚ ਸਮੂੰਹ ਰਾਜਸੀ ਪਾਰਟੀਆਂ ਅਤੇ ਹੋਰ ਜਥੇਬੰਦੀਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ-ਸਨਮਾਨ, ਗੁਰੂ ਖ਼ਾਲਸਾ ਪੰਥ ਦੀ ਮਾਨ-ਮਰਯਾਦਾ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਭਵਿੱਖ ਵਿਚ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਉਨ੍ਹਾਂ ਦੀ ਪਾਰਟੀ ਜਾਂ ਜਥੇਬੰਦੀ ਦਾ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਾ ਸਿੱਖ ਮੈਂਬਰ ਕਿਸੇ ਵੀ ਐਸੇ ਵਿਅਕਤੀ, ਡੇਰੇ ਜਾਂ ਅਸਥਾਨ `ਤੇ ਜਾ ਕੇ ਉਸ ਨੂੰ ਮਾਨਤਾ ਨਾ ਦੇਵੇ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਰੂਪ ਵਿਚ ਸਨਮਾਨ ਨਾ ਰੱਖਿਆ ਜਾਂਦਾ ਹੋਵੇ ਅਤੇ ਆਪਣੀ ਪੂਜਾ ਮਾਨਤਾ ਕਰਵਾਈ ਜਾਂਦੀ ਹੋਵੇ।
ਹਰ ਗੁਰਸਿੱਖ ਮਾਈ ਭਾਈ ਨੂੰ ਵੀ ਸੁਚੇਤ ਕੀਤਾ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ `ਤੇ ਡੇਰੇ ਜਾਂ ਅਸਥਾਨ ਬਣਾ ਕੇ ਆਪਣੀ ਪੂਜਾ ਮਾਨਤਾ ਕਰਵਾਉਣ ਵਾਲਿਆਂ ਨੂੰ ਹਰ ਪੱਖੋਂ ਪਛਾੜਿਆ ਜਾਵੇ ਅਤੇ ਉਨ੍ਹਾਂ ਦੀ ਡੇਰੇਦਾਰੀ ਨੂੰ ਠੱਲ੍ਹ ਪਾਉਣ ਲਈ ਸੁਚੇਤ ਹੋਇਆ ਜਾਵੇ। ਇਸ ਦੇ ਨਾਲ ਹੀ ਪੂਰੇ ਵਿਸ਼ਵ ਦੇ ਗੁਰ-ਅਸਥਾਨਾਂ ਦੀ ਸੇਵਾ ਨਿਭਾਉਣ ਵਾਲੇ ਪ੍ਰਬੰਧਕ, ਧਾਰਮਿਕ ਸ਼੍ਰੇਣੀ ਦੇ ਸੱਜਣ ਅਤੇ ਹੋਰ ਪਤਵੰਤਿਆਂ ਨੂੰ ਵੀ ਸਖ਼ਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਪਣੇ ਇਲਾਕੇ ਵਿਚ ਬਣਾਏ ਗਏ ਗੁਰ-ਅਸਥਾਨਾਂ ਦੀ ਸੇਵਾ ਸੰਭਾਲ ਲਈ ਚੌਵੀ ਘੰਟੇ ਲਈ ਹੀ ਸੁਚੇਤ ਹੋਣ ਅਤੇ ਹਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਤੇ ਗੁਰਦੁਆਰੇ ਦੀ ਸੇਵਾ ਸੰਭਾਲ ਲਈ ਯੋਗ ਪ੍ਰਬੰਧ ਕਰਨ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਭਵਿੱਖ ਵਿਚ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇ ਕਿ ਜਾਤ-ਪਾਤਾਂ ਜਾਂ ਧੜਿਆਂ ਦੇ ਵਖਰੇਵਿਆਂ ਦੇ ਆਧਾਰ `ਤੇ ਬੇਲੋੜੇ ਗੁਰਦੁਆਰੇ ਨਾ ਬਣਾਏ ਜਾਣ।
-
ਦਿਲਜੀਤ ਸਿੰਘ ਬੇਦੀ, SGPC
dsbedisgpc@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.