ਉਜਾਗਰ ਸਿੰਘ
ਡਾ. ਸਤਿੰਦਰ ਪਾਲ ਸਿੰਘ ਗੁਰਬਾਣੀ ਦੇ ਗਿਆਤਾ ਗੁਰਮੁੱਖ ਵਿਦਵਾਨ ਹਨ। ਉਨ੍ਹਾਂ ਦੀਆਂ ਸਾਰੀਆਂ ਪੁਸਤਕਾਂ ਹੀ ਮਾਨਵਤਾ ਨੂੰ ਗੁਰਬਾਣੀ ਅਨੁਸਾਰ ਜੀਵਨ ਬਸਰ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਇਸ ਮੰਤਵ ਲਈ ਉਹ ਗੁਰਬਾਣੀ ਦੀ ਵਿਆਖਿਆ ਕਰਕੇ ਮਾਨਵਤਾ ਨੂੰ ਵਿਕਾਰਾਂ ਤੋਂ ਖਹਿੜਾ ਛੁਡਾਉਣ ਦੀ ਤਾਕੀਦ ਕਰਦੇ ਹੋਏ ਗੁਰਮਤਿ ਦੀ ਵਿਚਾਰਧਾਰਾ ‘ਤੇ ਪਹਿਰਾ ਦੇਣ ਦੀ ਸਲਾਹ ਦਿੰਦੇ ਹਨ। ਵਿਚਾਰ ਅਧੀਨ ਪੁਸਤਕ ‘ਕ੍ਰੋਧ ਨਿਵਾਰਣ ਅੰਮਿ੍ਰਤ ਬਾਣੀ’ ਵਿੱਚ ਉਨ੍ਹਾਂ ਦੇ ਪੰਜ ਲੇਖ ‘ਕ੍ਰੋਧ ਨਿਵਾਰਣ ਅੰਮਿ੍ਰਤ ਬਾਣੀ’, ‘ਆਤਮ ਪ੍ਰਬੋਧ ਦੀ ਅੰਮਿ੍ਰਤ ਬਾਣੀ’, ‘ ਆਤਮ ਰੱਖਿਆ ਦੀ ਅੰਮਿ੍ਰਤ ਬਾਣੀ’, ‘ਆਤਮ ਆਨੰਦ ਦੀ ਅੰਮਿ੍ਰਤ ਬਾਣੀ’ ਅਤੇ ‘ਕ੍ਰੋਧ ਤੇ ਪ੍ਰੇਮ’ ਹਨ। ਇਨ੍ਹਾਂ ਲੇਖਾਂ ਵਿੱਚ ਲੇਖਕ ਨੇ ਗੁਰਬਾਣੀ ਵਿੱਚੋਂ ਉਦਾਹਰਣਾ ਦੇ ਕੇ ਵਿਕਾਰਾਂ ਤੋਂ ਮੁਕਤੀ ਪਾਉਣ ਦਾ ਰਾਹ ਦੱਸਿਆ ਹੈ।
ਮੁੱਖ ਤੌਰ ‘ਤੇ ਉਨ੍ਹਾਂ ਦੱਸਿਆ ਹੈ ਕਿ ਜ਼ਿੰਦਗੀ ਨੂੰ ਗ਼ਲਤ ਰਸਤੇ ਪਾਉਣ ਵਿੱਚ ਪੰਜ ਵਿਕਾਰਾਂ ਦਾ ਯੋਗਦਾਨ ਹੁੰਦਾ ਹੈ। ਇਨ੍ਹਾਂ ਵਿਕਾਰਾਂ ਤੋਂ ਨਿਜਾਤ ਪਾਉਣ ਦਾ ਰਾਹ ਉਨ੍ਹਾਂ ਗੁਰਬਾਣੀ ਦੀ ਵਿਚਾਰਧਾਰਾ ‘ਤੇ ਅਮਲ ਕਰਨਾ ਹੀ ਦੱਸਿਆ ਹੈ। ਇਸ ਪੁਸਤਕ ਵਿੱਚ ਪੰਜੇ ਲੇਖ ਇਕ ਦੂਜੇ ਤੇ ਨਿਰਭਰ ਹਨ। ਭਾਵ ਪਹਿਲੇ ਲੇਖ ‘ਤੇ ਅਮਲ ਕਰਨ ਨਾਲ ਦੂਜੇ ਲੇਖ ਦੀ ਲੜੀ ਜੁੜਦੀ ਹੈ। ਕਹਿਣ ਤੋਂ ਭਾਵ ਪੰਜ ਵਿਕਾਰ ਹੀ ਮਾਨਵਤਾ ਨੂੰ ਗ਼ਲਤ ਰਸਤੇ ਪਾਉਣ ਲਈ ਪੁਆੜੇ ਦੀ ਜੜ੍ਹ ਹਨ। ਲਗਪਗ ਸਾਰੇ ਦਸ ਗੁਰੂ ਸਾਹਿਬਾਨ ਦੀ ਬਾਣੀ ਵਿੱਚੋਂ ਉਦਾਹਰਨਾ ਜੀਵਨ ਸਫਲ ਬਣਾਉਣ ਲਈ ਦਿੱਤੀਆਂ ਗਈਆਂ ਹਨ। ਪਹਿਲੇ ਲੇਖ ‘ਕ੍ਰੋਧ ਨਿਵਾਰਣ ਅੰਮਿ੍ਰਤ ਬਾਣੀ’ ਦੇ ਨਾਮ ਤੇ ਹੀ ਪੁਸਤਕ ਦਾ ਨਾਮ ਰੱਖਿਆ ਗਿਆ ਹੈ। ਪਹਿਲੇ ਲੇਖ ਵਿੱਚ ਲੇਖਕ ਨੇ ਦੱਸਿਆ ਹੈ ਕਿ ਪੰਜ ਵਿਕਾਰ, ਕਾਮੁ, ਕ੍ਰੋਧ, ਲੋਭੁ, ਮੋਹੁ ਅਤੇ ਹੰਕਾਰ ਹੀ ਇਨਸਾਨ ਦੇ ਸੁਖੀ ਜੀਵਨ ਨੂੰ ਕੁਰਾਹੇ ਪਾਉਂਦੇ ਹਨ। ਇਹ ਵਿਕਾਰ ਇਨਸਾਨ ਦੇ ਅੰਦਰ ਹੀ ਬੈਠੇ ਹਨ। ਇਸ ਲਈ ਗੁਰੂ ਸਾਹਿਬ ਨੇ ਇਨ੍ਹਾਂ ਬਾਰੇ ਕਿਹਾ ਹੈ-
ਇਸੁ ਦੇਹੀ ਅੰਦਿਰ ਪੰਚ ਚੋਰ ਕਾਮੁ ਕ੍ਰੋਧੁ, ਲੋਭੁ, ਮੋਹੁ ਅਹੰਕਾਰ॥
ਅੰਮਿ੍ਰਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ॥
ਵੈਸੇ ਤਾਂ ਪੰਜੇ ਹੀ ਖ਼ਰਨਾਕ ਹਨ ਪ੍ਰੰਤੂ ਕ੍ਰੋਧ ਸਭ ਤੋਂ ਜ਼ਿਆਦਾ ਸੋਚ ਅਤੇ ਆਚਾਰ ਨੂੰ ਪ੍ਰਭਾਵਤ ਕਰਦਾ ਹੈ। ਇਨਸਾਨ ਆਪਣੇ ਆਪ ਨੂੰ ਖੱਬੀ ਖਾਨ ਸਮਝਦਾ ਹੋਇਆ, ਆਪਣੇ ਕੰਮਾ ਨੂੰ ਠੀਕ ਸਮਝਦਾ ਹੈ, ਜਿਸ ਕਰਕੇ ਦੁੱਖਾਂ ਵਿੱਚ ਗ੍ਰਸਿਆ ਰਹਿੰਦਾ ਹੈ। ਇੰਦ੍ਰੀਆਂ ਦੀ ਖੁਲ੍ਹ ਵਿਕਾਰਾਂ ਨੂੰ ਜਨਮ ਦਿੰਦੀ ਹੈ। ਕ੍ਰੋਧ ਤੋਂ ਹੀ ਹੰਕਾਰ ਪੈਦਾ ਹੁੰਦਾ ਹੈ। ਵਿਕਾਰ ਝੂਠੇ ਹਨ। ਵਿਕਾਰਾਂ ਤੇ ਮਾਇਆ ਦਾ ਰਾਜ ਹੈ, ਜਿਸ ਨੇ ਮਨੁੱਖ ਨੂੰ ਗਿਆਨ ਤੋਂ ਵਿਹੂਣਾ ਤੇ ਭਾਵਨਾ ਤੋਂ ਅੰਨ੍ਹਾ, ਬੋਲਾ ਕਰ ਦਿੱਤਾ ਹੈ। ਅਗਿਆਨ ਕਾਰਨ ਮਨੁੱਖ ਸੱਚ ਦੀ ਪਛਾਣ ਕਰਨ ਦੇ ਯੋਗ ਨਹੀਂ ਰਹਿੰਦਾ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਅੰਮਿ੍ਰਤ ਜ਼ਰੂਰੀ ਹੈ। ਗੁਰਬਾਣੀ ਵਿੱਚ ਅੰਮਿ੍ਰਤ ਗੁਰੂ ਦਾ ਬਖ਼ਸ਼ਿਆ ਹੋਇਆ ਗਿਆਨ ਹੈ। ਕਾਮੁ ਕ੍ਰੋਧ ਨਾਲ ਸਰੀਰਕ ਬਲ ਘਟਣ ਲੱਗ ਜਾਂਦਾ ਹੈ। ਬਾਣੀ ਹੀ ਅੰਮਿ੍ਰਤ ਹੈ, ਜਿਸ ਦੇ ਸਹਾਰੇ ਮਨੁੱਖ ਇਨ੍ਹਾਂ ਵਿਕਾਰਾਂ ਤੋਂ ਖਹਿੜਾ ਛੁਡਾ ਸਕਦਾ ਹੈ। ਕ੍ਰੋਧ ਚੰਡਾਲ ਦਾ ਰੂਪ ਹੈ, ਮਨੁੱਖ ਦਾ ਨਾਸ਼ ਕਰਦਾ ਹੈ, ਕਲਜੁਗ ਦੀਆਂ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ, ਮਨੁੱਖ ਨੂੰ ਬਾਂਦਰ ਬਿਰਤੀ ਵਾਲਾ ਬਣਾ ਦਿੰਦਾ ਹੈ, ਭਟਕਣ ਵਧਾ ਦਿੰਦਾ ਹੈ, ਭਲਾ-ਬੁਰਾ ਤੇ ਸੱਚ-ਝੂਠ ਦਾ ਅੰਤਰ ਪਤਾ ਨਹੀਂ ਲਗਦਾ ਪਛਤਾਵਾ ਪੱਲੇ ਪੈਂਦਾ ਹੈ। ਵਿਕਾਰਾਂ ਵਿੱਚ ਫਸਿਆ ਮਨੁਖ ਖੋਤੇ ਦੇ ਤੁਲ ਹੁੰਦਾ ਹੈ। ਗੁਰੂ ਸਾਹਿਬ ਨੇ ਮਾਨਵਤਾ ਨੂੰ ਸਾਧਾਰਨ ਢੰਗ ਨਾਲ ਵਿਕਾਰਾਂ ਬਾਰੇ ਖੇਤੀ, ਕਿਸਾਨੀ ਤੇ ਫਸਲਾਂ ਦੀਆਂ ਉਦਾਹਰਨਾ ਦੇ ਕੇ ਸਿੱਧੇ ਰਸਤੇ ਪਾਉਣ ਦਾ ਵੁਪਰਾਲਾ ਕੀਤਾ ਹੈ। ਪੰਜੇ ਚੋਰ ਕ੍ਰੋਧ ਕਰਕੇ ਉਤਪਨ ਹੁੰਦੇ ਹਨ। ਲੇਖਕ ਨੇ ਦੱਸਿਆ ਹੈ ਕਿ ਗੁਰਬਾਣੀ ਦੀ ਵਿਚਾਰਧਾਰਾ ‘ਤੇ ਅਮਲ ਕਰਨ ਨਾਲ ਮਨੁੱਖ ਇਨ੍ਹਾਂ ਵਿਕਾਰਾਂ ਤੋਂ ਨਿਜਾਤ ਪਾ ਸਕਦਾ ਹੈ। ਦੂਜੇ ਲੇਖ ‘ਆਤਮ ਪ੍ਰਬੋਧ ਦੀ ਅੰਮਿ੍ਰਤ ਬਾਣੀ’ ਵਿੱਚ ਦਰਸਾਇਆ ਗਿਆ ਹੈ ਕਿ ਮਨੁੱਖ ਆਪਣੇ ਬਾਰੇ ਗ਼ਲਤ ਭਰਮ ਪਾਲ ਬਹਿੰਦਾ ਹੈ, ਜਿਸ ਕਰਕੇ ਉਹ ਵਿਕਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ। ਅੰਮਿ੍ਰਤ ਬਾਣੀ ਹੀ ਇਸ ਭਰਮ ਤੋਂ ਖਹਿੜਾ ਛੁਡਾ ਸਕਦੀ ਹੈ। ਮੈਂ ਨੀਚ ਕਰਮਾ ਕਾਰਨ ਰੋ ਰਿਹਾ ਹਾਂ। ਅਸਲ ਵਿੱਚ ਕਰਮਾ ਨਹੀਂ ਸਗੋਂ ਕ੍ਰੋਧ ਇਨਸਾਨ ਨੂੰ ਪੁੱਠੇ ਰਸਤੇ ਪਾਉਂਦਾ ਹੈ। ਕ੍ਰੋਧ ਲੋਭ ਪੈਦਾ ਕਰਦਾ ਹੈ। ਲੋਭ ਵਿੱਚ ਮਨੁੱਖ ਠੱਗੀ ਮਾਰਦਾ ਹੈ। ਇਨਸਾਨ ਅੰਦਰੋਂ ਬਾਹਰੋਂ ਇਕਮਿਕ ਨਹੀਂ। ਦੋਹਰੀ ਜ਼ਿੰਦਗੀ ਜੀਅ ਰਿਹਾ ਹੈ, ਜਿਸ ਕਰਕੇ ਵਿਕਾਰ ਪੈਦਾ ਹੁੰਦੇ ਹਨ। ਜੇਕਰ ਸੁੱਖ ਪ੍ਰਾਪਤ ਕਰਨੇ ਹਨ ਤਾਂ ਆਪਣੀਆਂ ਗੱਲਾਂ ਤੇ ਕਰਮਾ ਦੇ ਫਰਕ ਨੂੰ ਦੋਖੀ ਮੰਨਕੇ ਦੂਰ ਕਰਨਾ ਚਾਹੀਦਾ ਹੈ। ਔਗਣ ਮਨੁੱਖ ਦੀ ਬੇੜੀ ਡੋਬ ਰਹੇ ਹਨ। ਮਨੁੱਖ ਆਪਣੇ ਆਪ ਨੂੰ ਖੇਤ ਦੇ ਰਾਖੇ ਦੀ ਤਰ੍ਹਾਂ ਸਮਝਣ ਲੱਗ ਜਾਂਦਾ ਹੈ। ਰਾਖਾ ਬਣਕੇ ਮਾਲਕ ਸਮਝਣ ਲੱਗ ਜਾਂਦਾ ਹੈ, ਜਿਸ ਕਰਕੇ ਦੁੱਖ ਪੈਦਾ ਹੁੰਦੇ ਹਨ। ਵਿਕਾਰ ਜ਼ਹਿਰ ਹਨ ਪ੍ਰੰਤੂ ਮਨੁੱਖ ਨੂੰ ਅੰਮਿ੍ਰਤ ਲੱਗਣ ਲੱਗ ਜਾਂਦੇ ਹਨ। ਇਸ ਕਰਕੇ ਮਨੁੱਖ ਗ਼ਲਤ ਰਸਤੇ ਪੈ ਜਾਂਦਾ ਹੈ। ਗਿਆਨ ਦਾ ਬੋਧ ਹੋਣਾ ਜ਼ਰੂਰੀ ਹੈ। ਸੱਚੀਆਂ ਸਿੱਖਿਆਵਾਂ ਤੇ ਅਮਲ ਕਰਨਾ ਚਾਹੀਦਾ ਹੈ। ਅਗਿਆਨਤਾ ਅਤੇ ਵਿਕਾਰਾਂ ਵਾਲਾ ਜੀਵਨ ਜ਼ਿੰਦਗੀ ਦੇ ਮਨੋਰਥ ਨੂੰ ਢਾਹ ਲਾਉਂਦਾ ਹੈ। ਵਿਕਾਰ ਮਨੁੱਖ ਨੂੰ ਸਾੜ ਦਿੰਦੇ ਹਨ ਅਤੇ ਵਿਕਾਰੀ ਮਨੁੱਖ ਪਾਪ ਕਰਨ ਦੇ ਮਾਹਿਰ ਬਣ ਜਾਂਦੇ ਹਨ। ਮਨੁੱਖ ਆਵਾਗਵਨ ਦੇ ਫੇਰ ਨੂੰ ਸੋਚ ਦੇ ਕੇਂਦਰ ਵਿੱਚ ਰੱਖ ਕੇ ਆਪਣੀ ਉਤਪਤੀ ਤੇ ਅੰਤਰ ਅਵਸਥਾ ਦਾ ਵੀਚਾਰ ਤੇ ਗਿਆਨ ਹੀ ਆਤਮਿਕ ਬੋਧ ਹੈ। ਤੀਜਾ ਲੇਖ ‘ਆਤਮ ਰੱਖਿਆ ਦੀ ਅੰਮਿ੍ਰਤ ਬਾਣੀ’ ਵਿੱਚ ਲੇਖਕ ਨੇ ਦੱਸਿਆ ਹੈ ਕਿ ਜਦੋਂ ਮਨੁੱਖ ਨੂੰ ਵਿਕਾਰਾਂ ਦਾ ਆਤਮ ਬੋਧ ਹੋ ਜਾਵੇ ਤਾਂ ਇਸ ਤੋਂ ਖਹਿੜਾ ਛੁਡਾਉਣ ਦੀ ਚਿੰਤਾ ਹੋ ਜਾਂਦੀ ਹੈ। ਵਿਕਾਰਾਂ ਤੋਂ ਦੂਰ ਜਾਣ ਲਈ ਪਰਮਾਤਮਾ ਦੀ ਮਿਹਰ ਜ਼ਰੂਰੀ ਹੈ। ਮਿਹਰ ਨਾਲ ਮਨ ਨਿਰਮਲ ਤੇ ਪਰਮਾਤਮਾ ਵਿੱਚ ਭਰੋਸਾ ਹੋ ਜਾਂਦਾ ਹੈ। ਸਚਾਈ ਨੂੰ ਸਵੀਕਾਰ ਕਰਨ ਨਾਲ ਵਿਕਾਰਾਂ ਦਾ ਨਾਸ ਹੁੰਦਾ ਹੈ, ਕ੍ਰੋਧ ਦੂਰ ਹੋ ਜਾਂਦਾ ਹੈ। ਪਰਮਾਤਮਾ ਨੂੰ ਸਮਰਪਤ ਕਰ ਦਿਓ। ਪਰਮਾਤਮਾ ਮਨ ਦੇ ਸਾਰੇ ਦੁੱਖਾਂ ਦਾ ਜਾਣੀ ਜਾਣ ਹੈ। ਆਪਣੇ ਆਪ ਨੂੰ ਘੋਰ ਪਾਪੀ ਸਮਝ ਪਰਮਾਤਮਾ ਦੇ ਲੜ ਲੱਗਣ ਨਾਲ ਉਸਦੀ ਮਿਹਰ ਹੋ ਜਾਵੇਗੀ। ਵਿਕਾਰਾਂ ਨੂੰ ਸਹੀ ਸਿੱਧ ਨਾ ਕਰੋ, ਅੰਮਿ੍ਰਤ ਦੀ ਥਾਂ ਬਿਖ ਦੀ ਚੋਣ ਕਰਨ ਦਾ ਪਛਤਾਵਾ ਕਰੋ, ਪੰਜਾਂ ਵਿਕਾਰਾਂ ਦਾ ਨਾਸ਼ ਪਰਮਾਤਮਾ ਹੀ ਕਰੇਗਾ। ਪਰਮਾਤਮਾ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ, ਪਰਮਾਤਮਾ ਦੇ ਨਾਲ ਲਿਵ ਲਾਈ ਰੱਖੋ, ਨਾਮ ਜਪਣ ਨਾਲ ਹੀ ਸਾਰੇ ਕਸ਼ਟ ਦੂਰ ਹੁੰਦੇ ਹਨ। ਚੌਥਾ ਲੇਖ ‘ਆਤਮ ਆਨੰਦ ਦੀ ਅੰਮਿ੍ਰਤ ਬਾਣੀ’ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਪਰਮਾਤਮਾ ਦੀ ਕਿਰਪਾ ਨਾਲ ਹੀ ਪੰਜਾਂ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿਕਾਰਾਂ ਤੋਂ ਨਿਜਾਤ ਪਾ ਕੇ ਲੋਕ, ਪਰਲੋਕ ਵਿੱਚ ਸੱਚੀ ਸ਼ੋਭਾ ਬਣਦੀ ਹੈ। ਗੁਰਬਾਣੀ ਮਨ ਸ਼ੀਤਲ ਕਰ ਦਿੰਦੀ ਹੈ, ਫਿਰ ਜਨਮ-ਜਨਮ ਦੇ ਪਾਪਾਂ ਦਾ ਭਾਰ ਉਤਰ ਜਾਂਦਾ ਹੈ। ਵਿਕਾਰ ਆਪ ਹੀ ਡਰ ਕੇ ਭੱਜ ਜਾਂਦੇ ਹਨ। ਨਾਮ ਜਪਣ ਨਾਲ ਪੂਰੇ ਪਰਿਵਾਰ ਦਾ ਉਧਾਰ ਹੋ ਜਾਂਦਾ ਹੈ। ਵਾਹਿਗੁਰੂ ਸੱਚੇ ਪ੍ਰੇਮ ਦੇ ਕਾਬਲ ਬਣਾ ਦਿੰਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਪਰਮਾਤਮਾ ਦੀ ਭਗਤੀ ਵਿੱਚ ਰਸ ਆਉਣ ਲੱਗ ਜਾਂਦਾ ਹੈ। ਹਰ ਥਾਂ ਪਰਮਾਤਮਾ ਸਹਾਈ ਹੁੰਦਾ ਹੈ। ਆਖ਼ਰੀ ਤੇ ਪੰਜਵਾਂ ਲੇਖ ‘ਕ੍ਰੇਧ ਤੇ ਪ੍ਰੇਮ ’ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਪ੍ਰੇਮ ਨਾਲ ਸ਼ੰਕਾ ਤੇ ਦੁਵਿਧਾ ਖ਼ਤਮ ਹੋ ਜਾਂਦੀ ਹੈ। ਹਮੇਸ਼ਾ ਪਰਮਾਤਮਾ ਨਾਲ ਲਿਵ ਲੱਗੀ ਰਹਿੰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਨਾਮ ਨੂੰ ਔਖਧ ਜਾਂ ਦਵਾਈ ਕਿਹਾ ਹੈ। ‘ਕ੍ਰੋਧ ਨਿਵਾਰਣ ਅੰਮਿ੍ਰਤ ਬਾਣੀ’ ਦਾ ਆਧਾਰ ਹੈ। ਪ੍ਰੇਮ ਦੀ ਪ੍ਰਾਪਤੀ ਲਈ ਸਾਰੇ ਵਿਕਾਰਾਂ ਨੂੰ ਤਿਲਾਂਜਲੀ ਦਿੱਤੀ ਜਾਵੇ। ਫਿਰ ਸੁੱਖ ਆਨੰਦ ਤੇ ਪ੍ਰੇਮ ਦੀ ਪ੍ਰਾਪਤੀ ਅਵੱਸ਼ ਹੋ ਜਾਂਦੀ ਹੈ।
96 ਪੰਨਿਆਂ, 200 ਰੁਪਏ ਭੇਟਾ ਵਾਲੀ ਇਹ ‘ਕ੍ਰੋਧ ਨਿਵਾਰਣ ਅੰਮਿ੍ਰਤ ਬਾਣੀ’ ਪੁਸਤਕ ਭਾ.ਚਤਰ ਸਿੰਘ ਜੀਵਨ ਸਿੰਘ ਬਾਜ਼ਾਰ ਮਾਈ ਸੇਵਾਂ, ਅੰਮਿ੍ਰਤਸਰ ਨੇ ਪ੍ਰਕਾਸ਼ਤ ਕੀਤੀ ਹੈ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.