ਫ਼ਲਦਾਰ ਬੂਟਿਆਂ ਨੂੰ ਕੋਰੇ ਤੋਂ ਕਿਵੇਂ ਬਚਾਈਏ ?
ਫ਼ਲਦਾਰ ਬੂਟਿਆਂ ਦੀ ਹਰ ਉਮਰ ਵਿੱਚ ਸਹੀ ਦੇਖਭਾਲ ਬਹੁਤ ਹੀ ਜ਼ਰੂਰੀ ਹੈ । ਬਾਗਬਾਨੀ ਇੱਕ ਲੰਬੇ ਅਰਸੇ ਦਾ ਕਿੱਤਾ ਹੋਣ ਕਰਕੇ ਇਸ ਦੀ ਹਰ ਪੱਖੋਂ ਤਕਨੀਕੀ ਜਾਣਕਾਰੀ ਪ੍ਰਾਪਤ ਕਰਨੀ ਬਹੁਤ ਜ਼ਰੂਰੀ ਹੈ ਤਾਂ ਹੀ ਬੂਟਿਆਂ ਦੀ ਸੁਚੱਜੀ ਦੇਖਭਾਲ ਹੋ ਸਕਦੀ ਹੈ । ਬਾਗ ਵਿੱਚ ਬੂਟਿਆਂ ਦੀ ਸਥਿਤੀ ਨਿਰਧਾਰਿਤ ਕਰਨ ਤੋਂ ਬਾਅਦ ਬੂਟੇ ਲਗਾਉਣ ਦੀ ਦਿਸ਼ਾ, ਬੂਟਿਆਂ ਦਾ ਗਰਮੀ ਅਤੇ ਸਰਦੀ ਤੋਂ ਬਚਾਅ ਲਈ ਵਾੜ ਲਾਉਣੀ ਆਦਿ ਸਭ ਦੀ ਵਿਉਂਤਬੰਦੀ ਪਹਿਲਾ ਹੀ ਕਰਨੀ ਚਾਹੀਦੀ ਹੈ । ਭਾਵੇਂ ਗਰਮੀਆਂ ਹੋਣ ਜਾਂ ਸਰਦੀਆਂ, ਹਰ ਮੌਸਮ ਵਿੱਚ ਫਲਦਾਰ ਬੂਟਿਆਂ ਦੀ ਦੇਖਭਾਲ ਦਾ ਜ਼ਿੰਮਾ ਬਾਗਬਾਨ ਦਾ ਹੁੰਦਾ ਹੈ । ਆਮ ਤੌਰ ਤੇ ਬਾਗਬਾਨ ਫ਼ਲਦਾਰ ਬੂਟਿਆਂ ਨੂੰ ਸਰਦੀ ਰੁੱਤ ਵਿੱਚ ਨਜ਼ਰਅੰਦਾਜ਼ ਕਰ ਦਿੰਦੇ ਹਨ ਜਿਸ ਦੇ ਸਿੱਟੇ ਵਜੋਂ ਸਰਦ ਰੁੱਤ ਵਿੱਚ ਬੂਟੇ ਕੋਰੇ ਦੇ ਪ੍ਰਭਾਵ ਨਾਲ ਮਰ ਜਾਂਦੇ ਹਨ । ਜਦ ਤਾਪਮਾਨ ਸਰਦੀਆਂ ਵਿੱਚ ਸਿਫ਼ਰ ਸੈਂਟੀਗਰੇਡ ਤੋਂ ਥੱਲੇ ਡਿੱਗ ਜਾਂਦਾ ਹੈ ਤਾਂ ਕੋਰਾ ਪੈਣਾ ਸ਼ੁਰੂ ਹੋ ਜਾਂਦਾ ਹੈ । ਪੰਜਾਬ ਵਿੱਚ ਕੋਰੇ ਦਾ ਪ੍ਰਭਾਵ ਅਖੀਰ ਦਸੰਬਰ ਤੇ ਜਨਵਰੀ ਮਹੀਨਿਆਂ ਵਿੱਚ ਰਹਿੰਦਾ ਹੈ । ਕੋਰਾ ਬੂਟਿਆਂ ਨੂੰ ਕਾਫ਼ੀ ਨੁਕਸਾਨ ਕਰਦਾ ਹੈ । ਅਜਿਹੀ ਅਵੱਸਥਾ ਵਿੱਚ ਫਲਦਾਰ ਬੂਟਿਆਂ ਦੀਆਂ ਟਾਹਣੀਆਂ, ਨਰਮ ਨਵੇਂ ਨਿਕਲੇ ਪੱਤਿਆਂ ਅਤੇ ਫੁੱਲਾਂ ਤੇ ਬਹੁਤ ਹੀ ਮਾੜਾ ਅਸਰ ਹੁੰਦਾ ਹੈ । ਜੇ ਇਸ ਸਮੇਂ ਬੂਟਿਆਂ ਦੀ ਸਹੀ ਦੇਖਭਾਲ ਨਾ ਕੀਤੀ ਜਾਵੇ ਤਾਂ ਇਹਨਾਂ ਤੇ ਬਰਫ਼ ਜੱਮਣ ਨਾਲ ਵੀ ਕਈ ਵਾਰ ਬੂਟੇ ਮਰ ਜਾਂਦੇ ਹਨ । ਪੱਤਝੜੀ ਫਲਦਾਰ ਬੂਟੇ ਜਿਵੇਂ ਨਾਖ, ਆੜੂ, ਅਲੂਚਾ, ਅੰਗੂਰ ਆਦਿ ਸਰਦ ਰੁੱਤ ਵਿੱਚ ਸਥਿੱਲ ਅਵਸਥਾ ਵਿੱਚ ਹੋਣ ਕਰਕੇ ਕੋਰੇ ਦੇ ਪ੍ਰਕੋਪ ਤੋਂ ਬੱਚ ਜਾਂਦੇ ਹਨ । ਪੱਤਝੜੀ ਫਲਦਾਰ ਬੂਟਿਆਂ ਵਿੱਚੋਂ ਆੜੂ ਦੇ ਫੁੱਲ ਪੈਣ ਸਮੇਂ ਜੇ ਕੋਰਾ ਪੈ ਜਾਵੇ ਤਾਂ ਇਹ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਇਸ ਦੇ ਫੁੱਲ ਬਹਾਰ ਦੇ ਸ਼ੁਰੂ ਵਿੱਚ ਹੀ ਪੈ ਜਾਂਦੇ ਹਨ । ਇਸ ਲਈ ਕਈ ਵਾਰ ਬਹਾਰ ਰੁੱਤ ਦੇ ਸ਼ੁਰੂ ਵਿੱਚ ਵੀ ਕੋਰੇ ਤੋਂ ਬਚਾਅ ਕਰਨਾ ਪੈਂਦਾ ਹੈ । ਪਰ ਸਦਾਬਹਾਰ ਫਲਦਾਰ ਬੂਟੇ ਜਿਵੇਂ ਅੰਬ, ਲੀਚੀ, ਪਪੀਤਾ, ਅਮਰੂਦ, ਕੇਲਾ, ਆਮਲਾ ਅਤੇ ਨਿਬੂੰ ਜਾਤੀ ਦੇ ਫਲ ਇਸ ਦੇ ਪ੍ਰਭਾਵ ਥੱਲੇ ਜਿਆਦਾ ਆਉਂਦੇ ਹਨ । ਇਸ ਲਈ ਖਾਸ ਕਰਕੇ ਇਸ ਸਮੇਂ ਸਦਾਬਹਾਰ ਫਲਦਾਰ ਬੂਟਿਆਂ ਦੀ ਸਾਂਭ ਸੰਭਾਲ ਵੱਲ ਧਿਆਨ ਦੇਣਾ ਲਾਜ਼ਮੀ ਹੈ । ਫਲਦਾਰ ਬੂਟਿਆਂ ਨੂੰ ਕੋਰੇ ਤੋਂ ਬਚਾਉਣ ਲਈ ਹੇਠ ਲਿਖੇ ਨੁਕਤੇ ਅਪਣਾਉਣੇ ਚਾਹੀਦੇ ਹਨ । ਇਸ ਤਰਾਂ ਬੂਟਿਆਂ ਦਾ ਵਾਧਾ ਵੀ ਛੇਤੀ ਹੁੰਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੱਧ ਝਾੜ ਲਇਆ ਜਾ ਸਕਦਾ ਹੈ ।
- ਹਵਾ ਰੋਕੂ ਵਾੜ ਲਗਾਉਣੀ: ਫਲਦਾਰ ਬੂਟਿਆਂ ਨੂੰ ਕੌਰ ਤੋਂ ਬਚਾਉਣ ਲਈ, ਫਲਦਾਰ ਬੂਟੇ ਲਾਉਣ ਤੋਂ ਪਹਿਲਾਂ ਹਵਾ ਰੋਕੂ ਵਾੜ ਲਗਾਓ । ਇਹ ਵਾੜ ਉਤੱਰ-ਪੱਛਮ ਦਿਸ਼ਾ ਵਿੱਚ ਲਾਉਣੀ ਚਾਹੀਦੀ ਹੈ । ਹਵਾ ਰੋਕੂ ਵਾੜ ਲਾਉਣ ਲਈ ਹਮੇਸ਼ਾ ਸਖਤਜਾਨ ਉੱਚੇ ਦਰਖਤ ਚੁਣੋ ਜਿਵੇਂ ਟਾਹਲੀ, ਅਰਜਨ, ਸਫੇਦਾ, ਅੰਬ, ਤੂਤ ਆਦਿ ਅਜਿਹੇ ਰੁੱਖ ਚੁਣੋ । ਇਹਨਾਂ ਰੋਕਾਂ ਲਈ ਲਾਏ ਗਏ ਦਰੱਖਤਾਂ ਦੇ ਵਿੱਚਕਾਰ ਬੋਗਨਵਿਲੀਆ, ਕਰੌਂਦਾ ਆਦਿ ਦੀ ਵਾੜ ਵੀ ਲਗਾ ਦੇਣੀ ਚਾਹੀਦੀ ਹੈ ।
- ਸਿੰਚਾਈ: ਕੋਰੇ ਤੋਂ ਬੂਟਿਆਂ ਨੂੰ ਬਚਾਉਣ ਲਈ ਸਰਦ ਰੁੱਤ ਵਿੱਚ ਬਾਗਾਂ ਦੀ ਸਿੰਚਾਈ ਕਰਨ ਨਾਲ ਬਾਗ ਦਾ ਤਾਪਮਾਨ 1-2° ਸੈਂਟੀਗਰੇਡ ਤੱਕ ਵਧਾਇਆ ਜਾ ਸਕਦਾ ਹੈ । ਇਹ ਇੱਕ ਸੌਖਾ ਤਰੀਕਾ ਹੈ ਪਰ ਧਿਆਨ ਵਿੱਚ ਰੱਖੋ ਕਿ ਬੂਟਿਆਂ ਨੂੰ ਲੋੜ ਅਨੁਸਾਰ ਅਤੇ ਇਕਸਾਰ ਸਿੰਚਾਈ ਕਰੋ ।
- ਧੂਏਂ ਦੇ ਬੱਦਲ ਬਨਾਉਣੇ: ਇਸ ਤਰੀਕੇ ਨੂੰ ਸਮਜਿੰਗ ਵੀ ਆਖਦੇ ਹਨ । ਭਾਵੇਂ ਇਹ ਤਰੀਕਾ ਬਹੁਤਾ ਪ੍ਰਚਲਿਤ ਨਹੀਂ ਹੈ ਪਰ ਇਸਦੀ ਵਰਤੋਂ ਨਾਲ ਚੰਗੇ ਨਤੀਜੇ ਹਾਸਲ ਹੋ ਜਾਂਦੇ ਹਨ । ਇਸ ਤਰੀਕੇ ਵਿੱਚ ਸੁੱਕੀ ਰਹਿੰਦ- ਖੂੰਹਦ, ਘਾਹ, ਸੁੱਕੇ ਪੱਤਿਆਂ ਦੇ ਢੇਰ ਤਿਆਰ ਕੀਤੇ ਜਾਂਦੇ ਹਨ ਅਤੇ ਸਰਦ ਮੌਸਮ ਵਿੱਚ ਇਹਨਾਂ ਢੇਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ । ਢੇਰਾਂ ਨੂੰ ਅੱਗ ਲਗਾ ਕੇ ਹੌਲੀ ਹੌਲੀ ਧੂਆਂ ਪੈਦਾ ਕੀਤਾ ਜਾਂਦਾ ਹੈ । ਇਹਨਾਂ ਢੇਰਾਂ ਵਿੱਚ ਸਲ੍ਹਾਬ ਨਹੀਂ ਆਉਣੀ ਚਾਹੀਦੀ ਨਹੀਂ ਤਾਂ ਅੱਗ ਲੱਗਣ ਦੀ ਸੰਭਾਵਨਾ ਘੱਟ ਜਾਂਦੀ ਹੈ । ਜਦ ਕੋਰਾ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਬਾਗ ਦਾ ਤਾਪਮਾਨ ਵਧਾਇਆ ਜਾ ਸਕਦਾ ਹੈ ।
- ਬੂਟਿਆਂ ਦੀ ਸਿਧਾਈ ਅਤੇ ਕਾਂਟ-ਛਾਂਟ: ਫਲਦਾਰ ਬੂਟਿਆਂ ਨੂੰ ਸਿਧਾਈ ਕਰਕੇ ਨੀਵੇਂ ਰੱਖੋ । ਛੋਟੇ ਕੱਦ ਵਾਲੇ ਰੁੱਖ ਕੋਰੇ ਦਾ ਵਧੀਆ ਤਰੀਕੇ ਨਾਲ ਸਾਹਮਣਾ ਕਰ ਸਕਦੇ ਹਨ । ਇਸ ਲਈ ਅਤਿ ਜ਼ਰੂਰੀ ਹੈ ਕਿ ਫਲਦਾਰ ਬੂਟਿਆਂ ਦੀ ਛੋਟੀ ਉਮਰ ਵਿੱਚ ਹੀ ਕਾਂਟ-ਛਾਂਟ ਕੀਤੀ ਜਾਵੇ । ਅਜਿਹੇ ਢੰਗ ਨਾਲ ਇਹਨਾਂ ਨੂੰ ਸਖਤ ਜਾਨ ਬਨਾਇਆ ਜਾ ਸਕਦਾ ਹੈ ਅਤੇ ਕੋਰ ਤੋਂ ਬਚਾਇਆ ਜਾ ਸਕਦਾ ਹੈ ।
- ਕੁੱਲੀਆਂ ਬੰਨ੍ਹਣੀਆਂ: ਕੁੱਲੀਆਂ ਬੰਨ੍ਹਣ ਲਈ ਪਰਾਲੀ, ਸਰਕੰਡੇ, ਕਮਾਦ ਦੀ ਰਹਿੰਦ-ਖੂੰਹਦ ਦੀ ਵਰਤੋਂ ਕੀਤੀ ਜਾ ਸਕਦੀ ਹੈ । ਕੁੱਲੀਆਂ ਘੱਟ ਖਰਚ ਵਾਲਾ ਸੌਖਾ ਤਰੀਕਾ ਹੈ ਜਿਸ ਨਾਲ ਬੂਟਿਆਂ ਨੂੰ ਕੋਰੇ ਤੋਂ ਬਚਾਇਆ ਜਾ ਸਕਦਾ ਹੈ । ਇਹ ਇੱਕ ਅਸਰਦਾਇਕ ਮਹਤੱਵਪੂਰਨ ਢੰਗ ਹੈ । ਕੁੱਲੀ ਇਸ ਤਰਾਂ ਬਨਾਉਣੀ ਚਾਹੀਦੀ ਹੈ ਕਿ ਉਸਦੇ ਦੱਖਣ ਦਿਸ਼ਾ ਵਾਲੇ ਪਾਸੇ ਰੌਸ਼ਨੀ ਅਤੇ ਹਵਾ ਅੰਦਰ ਜਾ ਸਕੇ ਤਾਂ ਜੋ ਪੌਦੇ ਦੇ ਵਿਕਾਸ ਤੇ ਕੋਈ ਅਸਰ ਨਾ ਪਵੇ ।
ਇਹਨਾਂ ਮੁੱਖ ਤਰੀਕਿਆਂ ਤੋਂ ਇਲਾਵਾ ਬੂਟਿਆਂ ਦੇ ਤਣਿਆਂ ਨੂੰ ਕੌਰੇ ਤੋਂ ਬਚਾਉਣ ਲਈ ਸਰਦ ਰੁੱਤ ਵਿੱਚ ਬੋਰੀਆਂ ਨਾਲ ਢੱਕਿਆ ਜਾ ਸਕਦਾ ਹੈ । ਪਪੀਤੇ ਵਰਗੇ ਫਲਦਾਰ ਬੂਟਿਆਂ ਨੂੰ ਸੁਰੱਖਿਅਤ ਖੇਤੀ ਦੇ ਢੰਗ ਤਰੀਕੇ ਅਪਣਾ ਕੇ ਕੌਰੇ ਤੋਂ ਬਚਾਇਆ ਜਾ ਸਕਦਾ ਹੈ । ਕੇਲੇ ਵਿੱਚ ਫਲਾਂ ਨੂੰ ਪਾਰਦਰਸ਼ੀ ਮੋਮਜਾਮੇ ਦੀ ਸ਼ੀਟ ਨਾਲ ਢੱਕਣ ਨਾਲ ਅਤੇ ਤਣਾ ਕੇਲੇ ਦੇ ਪੱਤਿਆਂ ਨਾਲ ਢੱਕਣ ਨਾਲ, ਕੌਰੇ ਤੋਂ ਕਾਫ਼ੀ ਹੱਦ ਤੱਕ ਬਚਾਅ ਹੋ ਜਾਂਦਾ ਹੈ । ਕੌਰੇ ਤੋਂ ਬਚਾਅ ਲਈ ਇਹਨਾਂ ਨੁਕਤਿਆਂ ਨਾਲ ਪੌਦਿਆਂ ਦਾ ਮਰਨ ਦਰ ਘੱਟ ਜਾਂਦਾ ਹੈ ਅਤੇ ਪੌਦਿਆਂ ਦੀ ਸਿਹਤ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ ।
-
ਸਵਰੀਤ ਖਹਿਰਾ, ਫ਼ਾਰਮ ਸਲਾਹਕਾਰ
adcomm@pau.edu
0000000000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.