ਸਰੋਤ ਸੰਭਾਲ ਤਕਨੀਕਾਂ ਅਪਨਾਉਣ ਵਾਲਾ ਅਗਾਂਹਵਧੂ ਕਿਸਾਨ: ਸ. ਤਰਨਜੀਤ ਸਿੰਘ
ਹੁਸ਼ਿਆਰਪੁਰ ਜਿਲ੍ਹੇ ਦੇ ਬਲਾਕ ਮਾਹਿਲਪੁਰ ਦੇ ਪਿੰਡ ਬੁੱਗਰਾ ਦੇ ਨੌਜਵਾਨ ਕਿਸਾਨ ਸ. ਤਰਨਜੀਤ ਸਿੰਘ, ਜੋ ਕਿ ਇੱਕ ਅਗਾਂਹਵਧੂ ਸੋਚ ਦਾ ਮਾਲਕ ਹੈ, ਜਿਲ੍ਹੇ ਦੇ ਕਿਸਾਨਾਂ ਲਈ ਪ੍ਰੇਰਣਾ ਦਾ ਸਰੋਤ ਬਣ ਕੇ ਉੱਭਰ ਰਿਹਾ ਹੈ।ਇਹ ਕਿਸਾਨ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨਾਲ ਪਿਛਲੇ ਲੱਗਭਗ 5 ਸਾਲਾਂ ਤੋਂ ਜੁੜਿਆ ਹੋਇਆ ਹੈ।ਸਮੇਂ-ਸਮੇਂ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਦਿੱਤੀ ਜਾਂਦੀ ਤਕਨੀਕ ਨੂੰ ਇਹ ਕਿਸਾਨ ਆਪਣੇ ਖੇਤਾਂ ਵਿੱਚ ਪਹਿਲ ਦੇ ਆਧਾਰ ਤੇ ਅਪਣਾ ਕੇ ਆਪਣੀ ਖੇਤੀ ਆਮਦਨ ਨੂੰ ਵਧਾਉਣ ਦੇ ਨਾਲ-ਨਾਲ ਕੁਦਰਤੀ ਸੋਮਿਆਂ ਨੂੰ ਬਚਾਉਣ ਵਾਲਾ ਮੋਹਰੀ ਕਿਸਾਨ ਬਣਿਆ ਹੈ ਅਤੇ ਹੋਰਨਾਂ ਕਿਸਾਨਾਂ ਵਾਸਤੇ ਚਾਨਣ ਮੁਨਾਰਾ ਬਣ ਰਿਹਾ ਹੈ।ਸ. ਤਰਨਜੀਤ ਸਿੰਘ ਮਾਨ ਕੁੱਲ 202 ਏਕੜ ਰਕਬੇ ਵਿੱਚ ਖੇਤੀਬਾੜੀ ਕਰਦਾ ਹੈ ਅਤੇ ਉਸ ਨੇ ਕਦੇ ਵੀ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ।ਉਸ ਕੋਲ ਝੋਨੇ ਦੀ ਫਸਲ ਹੇਠ 92 ਏਕੜ ਰਕਬਾ ਹੈ, ਆਲੂ ਦੀ ਫਸਲ ਹੇਠ 25 ਏਕੜ ਰਕਬਾ ਹੈ ਅਤੇ ਕਮਾਦ ਹੇਠ 85 ਏਕੜ ਰਕਬਾ ਹੈ।ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ ਉਸ ਦੇ ਖੇਤਾਂ ਦਾ ਲਗਾਤਾਰ ਨਿਰੀਖਣ ਕੀਤਾ ਜਾਂਦਾ ਰਿਹਾ ਹੈ ਅਤੇ ਉਸ ਨੂੰ ਨਵੀਨਤਮ ਤਕਨੀਕਾਂ ਨਾਲ ਜੋੜਿਆ ਜਾ ਰਿਹਾ ਹੈ।
ਇਸ ਕਿਸਾਨ ਕੋਲ ਦੋ ਕੰਬਾਇਨਾਂ ਹਨ ਅਤੇ ਇਹਨਾਂ ਕੰਬਾਇਨਾਂ ਦੇ ਪਿੱਛੇ ਲੱਗਣ ਵਾਲਾ ਪਰਾਲੀ ਖਿੰਡਾਉਣ ਵਾਲਾ ਯੰਤਰ, ਸੁਪਰ ਐਸ.ਐਮ.ਐਸ. (ਸਟਰਾਅ ਮੈਨੇਜਮੈਂਟ ਸਿਸਟਿਮ) ਲਗਵਾਇਆ ਹੋਇਆ ਹੈ, ਜਿਸ ਨਾਲ ਝੋਨੇ ਦੀ ਪਰਾਲੀ ਕੁਤਰਾ ਹੋ ਕੇ ਖੇਤ ਵਿੱਚ ਇੱਕਸਾਰ ਖਿਲਾਰਦੀ ਹੈ।ਇਸ ਕਿਸਾਨ ਝੋਨੇ ਦੀ ਵਾਢੀ ਤੋਂ ਬਾਅਦ ਆਲੂਆਂ ਦੀ ਸਫਲ ਕਾਸ਼ਤ ਕਰਦਾ ਹੈ। ਆਲੂਆਂ ਦੀ ਕਾਸ਼ਤ ਲਈ ਸ. ਤਰਨਜੀਤ ਸਿੰਘ, ਚੋਪਰ ਦੀ ਵਰਤੋਂ ਕਰਦਾ ਹੈ, ਜਿਸ ਨਾਲ ਪਰਾਲੀ ਦਾ ਕੁਤਰਾ ਹੁੰਦਾ ਹੈ ਅਤੇ ਕੁਤਰੀ ਹੋਈ ਪਰਾਲੀ ਚੌਪਰ, ਖੇਤ ਵਿੱਚ ਹੀ ਖਿਲਾਰ ਦਿੰਦਾ ਹੈ।ਇਹ ਮਸ਼ੀਨ 6-8 ਏਕੜ ਪਰਾਲੀ ਦਾ ਕੁਤਰਾ ਕਰ ਸਕਦੀ ਹੈ।
ਕੁਤਰੀ ਹੋਈ ਪਰਾਲੀ ਨੂੰ ਉਲਟਾਵੇਂ ਹਲਾਂ ਦੀ ਵਰਤੋਂ ਨਾਲ ਸ. ਤਰਨਜੀਤ ਸਿੰਘ,ਪਰਾਲੀ ਨੂੰ ਖੇਤ ਵਿੱਚ ਹੀ ਮਿਲਾਂਦਾ ਹੈ।ਇਹ ਕਿਸਾਨ ਰਿਵਰਸੀਬਲ ਉਲਟਾਵੇਂ ਹਲਾਂ ਦੀ ਵਰਤੋਂ ਕਰਦਾ ਹੈ।ਰਿਵਰਸੀਬਲ ਕਿਸਮ ਦੇ ਉਲਟਾਵੇਂ ਹਲਾਂ ਨਾਲ ਖੇਤ ਦੀ ਪੱਟੀ ਦੇ ਅਖੀਰ ਤੇ ਹਲ ਦਾ ਪਾਸਾ ਬਦਲ ਲਿਆ ਜਾਂਦਾ ਹੈ ਅਤੇ ਉਸੇ ਖਾਲੀ ਵਿੱਚ ਚੱਲਦੇ ਹੋਏ ਮਿੱਟੀ ਨੂੰ ਖੱਬੇ ਪਾਸੇ ਸੁੱਟਦਾ ਹੈ।ਇਸ ਨਾਲ ਖੇਤ ਵਿੱਚ ਕੋਈ ਖਾਲੀ ਨਹੀਂ ਬਣਦੀ ਅਤੇ ਨਾ ਹੀ ਪੱਧਰ ਖਰਾਬ ਹੁੰਦਾ ਹੈ।ਇਹ ਹਲ ਤਕਰੀਬਨ 40-50 ਸੈਟੀਮੀਟਰ ਡੁੰਘਾਈ ਮਿੱਟੀ ਪੁਟ ਕੇ ਪਰਾਲੀ ਨੂੰ ਦੱਬ ਦਿੰਦਾਂ ਹੈ।ਸ. ਤਰਨਜੀਤ ਸਿੰਘ ਦਾ ਮੰਨਣਾ ਹੈ ਕਿ ਝੋਨੇ ਦੀ ਪਰਾਲੀ ਗਿੱਲੀ ਮਿੱਟੀ ਲੱਗਣ ਨਾਲ ਜਲਦੀ ਗਲਦੀ ਹੈ।ਇਸ ਤਂੋ ਬਾਅਦ ਰੋਟਾਵੇਟਰ ਨਾਲ ਵਾਹ ਕੇ ਸ. ਤਰਨਜੀਤ ਸਿੰਘ ਖੇਤਾਂ ਵਿੱਚ ਪੱਕੇ ਪਟਾਈ ਦੇ ਆਲੂਆਂ ਦੀ ਸਫਲ ਕਾਸ਼ਤ ਕਰਦਾ ਹੈ।
ਸ. ਤਰਨਜੀਤ ਸਿੰਘ ਕੋਲ ਅਪਣਾ ਸੁਪਰ ਸੀਡਰ ਵੀ ਹੈ, ਜਿਸ ਨਾਲ ਇਹ ਕਿਸਾਨ ਸੁਪਰ ਐਸ.ਐਮ.ਐਸ. ਕੰਬਾਇਨ ਨਾਲ ਝੋਨਾ ਕੱਟਣ ਉਪਰੰਤ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕਰਦਾ ਹੈ। ਇਸ ਕਿਸਾਨ ਦਾ ਮੰਨਣਾ ਹੈ ਕਿ ਇਸ ਤਕਨੀਕ ਨਾਲ ਕਣਕ ਦੀ ਸਮੇਂ ਸਿਰ ਬਿਜਾਈ ਯਕੀਨੀ ਬਣਾਈ ਜਾ ਸਕਦੀ ਹੈ ਅਤੇ ਰੌਣੀ ਵਾਲੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।ਸ. ਤਰਨਜੀਤ ਸਿੰਘ ਦਾ ਮੰਨਣਾ ਹੈ ਕਿ ਸੁਪਰ ਸੀਡਰ ਨਾਲ ਬੀਜੀ ਕਣਕ ਤੋ ਵੱਧ ਝਾੜ ਲੈਣ ਲਈ ਖੇਤ ਵਿੱਚ ਝੋਨਾ ਲਗਾਉਣ ਤੋ ਪਹਿਲਾਂ ਲੇਜਰ ਕਰਾਹੇ ਨਾਲ ਪੱਧਰਾ ਕਰਵਾ ਲੈਣਾ ਚਾਹੀਦਾ ਹੈ ਅਤੇ ਸੁਪਰ ਸੀਡਰ ਨਾਲ ਬਿਜਾਈ ਤੋਂ ਪਹਿਲਾਂ ਖੇਤ ਵਿੱਚ ਨਮੀ ਆਮ ਵਾਹੀ ਵਾਲੀ ਕਣਕ ਦੇ ਖੇਤਾਂ ਵਿਚਲੀ ਨਮੀ ਦੀ ਤੁਲਨਾ ਵਿੱਚ ਥੋੜੀ ਵੱਧ ਹੋਣੀ ਚਾਹੀਦੀ ਹੈ।
ਸ. ਤਰਨਜੀਤ ਸਿੰਘ ਨੇ ਗੁੜ ਅਤੇ ਸ਼ੱਕਰ ਬਣਾਉਣ ਦਾ ਆਧੁਨਿਕ ਪਲਾਂਟ ਵੀ ਲਗਾਇਆ ਹੋਇਆ ਹੈ ਅਤੇ ਇਸ ਸਬੰਧੀ ਸ. ਤਰਨਜੀਤ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਤੋਂ ਮਿਆਰੀ ਗੁੜ ਤੇ ਸ਼ੱਕਰ ਬਣਾਉਣ ਸਬੰਧੀ ਸਿਖਲਾਈ ਵੀ ਪ੍ਰਾਪਤ ਕੀਤੀ ਹੈ।ਸ. ਤਰਨਜੀਤ ਸਿੰਘ ਨੇ ਆਪਣਾ ਪੋਲਟਰੀ ਫਾਰਮ (300 ਮੁਰਗੀਆਂ) ਵੀ ਖੋਲਿਆ ਹੋਇਆ ਹੈ। ਇਹ ਕਿਸਾਨ ਕੁਦਰਤੀ ਸੋਮਿਆਂ ਜਿਵੇਂ ਕਿ ਮਿੱਟੀ, ਪਾਣੀ ਅਤੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਰੋਕਣ ਵਿੱਚ ਵਧੀਆ ਯੋਗਦਾਨ ਪਾ ਰਿਹਾ ਹੈ।ਇਹਨਾਂ ਸਾਰਿਆਂ ਧੰਦਿਆਂ ਤੋਂ ਸ. ਤਰਨਜੀਤ ਸਿੰਘ ਨੂੰ 12-14 ਲੱਖ ਰੁਪਏ ਸਲਾਨਾ ਮੁਨਾਫਾ ਮਿਲਦਾ ਹੈ।
ਨਿੱਜੀ ਵਿਚਾਰ: ਸ. ਤਰਨਜੀਤ ਸਿੰਘ ਦਾ ਮੰਨਣਾ ਹੈ ਕਿ:
- ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਮਿਲਾਉਣ ਨਾਲ ਜ਼ਮੀਨ ਦਾ ਜੈਵਿਕ ਮਾਦਾ ਵੱਧ ਜਾਂਦਾ ਹੈ ਅਤੇ ਜੈਵਿਕ ਮਾਧਾ ਵੱਧਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਬਹੁਤ ਵਾਧਾ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਇਸ ਵਿਧੀ ਨਾਲ ਵਾਤਾਵਰਣ ਵੀ ਪਲੀਤ ਨਹੀਂ ਹੁੰਦਾ।
- ਝੋਨੇ ਦੀ ਫਸਲੀ ਪ੍ਰਬੰਧਨ ਮਸ਼ਨਰੀ ਨੂੰ ਕਿਰਾਏ ਤੇ ਚਲਾ ਕੇ ਵਧੀਆ ਮੁਨਾਫਾ ਕਮਾਇਆ ਜਾ ਸਕਦਾ ਹੈ।
- ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਉਸ ਨੂੰ ਖੇਤ ਵਿੱਚ ਹੀ ਮਿਲਾਇਆ ਜਾਵੇ ਤਾਂ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾ ਸਕੇ।
- ਗੰਨੇ ਦੀ ਕਟਾਈ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਇਸ ਤੋਂ ਗੁੜ ਅਤੇ ਸ਼ੱਕਰ ਬਣਾ ਲੈਣਾ ਚਾਹੀਦਾ ਹੈ।
-
ਅਜੈਬ ਸਿੰਘ ਅਤੇ ਮਨਿੰਦਰ ਸਿੰਘ ਬੌਂਸ, Writer
adcomm@pau.edu
9464764320
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.