ਆਉ ਜਾਣੀਏ ਕਣਕ ਦੇ ਪੀਲੇ ਪੈਣ ਦੇ ਮੁੱਖ ਕਾਰਨ ਅਤੇ ਇਹਨਾਂ ਨੂੰ ਦੂਰ ਕਰਨ ਲਈ ਢੁਕਵੇਂ ਉਪਾਅ
ਕਿਸਾਨ ਵੀਰੋ, ਕਣਕ ਪੰਜਾਬ ਦੀ ਇੱਕ ਪ੍ਰਮੁੱਖ ਫਸਲ ਹੈ ਅਤੇ ਇਸਦਾ ਵੱਖ-ਵੱਖ ਸਮੇਂ ਤੇ ਪੀਲਾ ਪੈਣਾ ਇੱਕ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਜੇਕਰ ਫਸਲ ਦੇ ਪੀਲੇ ਪੈਣ ਦੇ ਮੁੱਖ ਕਾਰਨ ਦਾ ਪਤਾ ਲੱਗ ਜਾਵੇ, ਤਾਂ ਉਸ ਦਾ ਸਹੀ ਸਮੇਂ ਤੇ ਢੁਕਵਾਂ ਉਪਾਅ ਕਰਕੇ ਫਸਲ ਦਾ ਝਾੜ ਵੀ ਵਧੇਰੇ ਮਿਲ ਸਕਦਾ ਹੈ ਅਤੇ ਬੇਲੋੜੇ ਖਰਚ ਵੀ ਘਟਾਏ ਜਾ ਸਕਦੇ ਹਨ। ਮੁੱਖ ਤੋਰ ਤੇ ਕਣਕ ਦੀ ਫਸਲ ਖਰਾਬ ਮੌਸਮ ਕਰਕੇ, ਪਾਣੀ ਜਿਆਦਾ ਲੱਗਣ ਕਰਕੇ, ਗੈਰ ਸ਼ਿਫਾਰਿਸ਼ ਨਦੀਨਨਾਸ਼ਕਾਂ ਦੀ ਵਰਤੋ ਕਾਰਨ, ਤੱਤਾ ਦੀ ਘਾਟ ਹੋਣ ਕਰਕੇ ਜਾਂ ਕੀੜੇ ਅਤੇ ਬਿਮਾਰੀਆਂ ਦੇ ਹਮਲੇ ਨਾਲ ਪੀਲੀ ਪੈਂਦੀ ਹੈ, ਜਿਸ ਦੀ ਵਿਸਤਾਰਪੂਰਵਕ ਜਾਣਕਾਰੀ ਹੇਠਾਂ ਦਿੱਤੇ ਅਨੁਸਾਰ ਹੈ।
- ਪਹਿਲੀ ਸਿੰਚਾਈ ਤੋਂ ਬਾਅਦ ਕਣਕ ਦਾ ਪੀਲਾਪਣ
ਕਿਸਾਨ ਵੀਰੋ ਅਕਸਰ ਦੇਖਿਆ ਗਿਆ ਹੈ ਕਿ ਖੇਤਾਂ ਵਿੱਚ ਕਿਆਰੇ ਬਣਾਉਣ ਦਾ ਪ੍ਰਚਲਨ ਕਾਫੀ ਘੱਟ ਹੈ। ਜਦੋਂ ਅਸੀ ਪਹਿਲੀ ਸਿੰਚਾਈ ਬਿਨਾਂ ਕਿਆਰਿਆਂ ਵਾਲੇ ਖੇਤ ਵਿੱਚ ਕਰਦੇ ਹਾਂ ਤਾਂ ਨਾ ਚਾਹ ਕੇ ਵੀ ਪਾਣੀ ਭਾਰਾ ਲੱਗ ਜਾਂਦਾ ਹੈ। ਕਈ ਵਾਰ ਖੇਤ ਵਿੱਚ ਪਾਣੀ ਟੁੱਟਣ ਕਰਕੇ ਵੀ ਖੇਤ ਦੀ ਦੂਹਰੀ ਸਿੰਚਾਈ ਹੋ ਜਾਂਦੀ ਹੈ। ਪਹਿਲੀ ਸਿੰਚਾਈ ਤੇਂ ਜਲਦ ਬਾਅਦ ਹੀ ਵਰਖਾ ਦਾ ਪੈਣਾ ਵੀ ਪੀਲੇਪਣ ਦਾ ਕਾਰਨ ਹੈ। ਖੇਤ ਵਿੱਚ ਜਿਆਦਾ ਨਮੀ ਹੋਣ ਕਾਰਨ ਬੂਟਿਆਂ ਦੀ ਜੜ੍ਹਾ ਨੂੰ ਹਵਾ ਘੱਟ ਮਿਲਦੀ ਹੈ, ਜੜ੍ਹਾਂ ਦਾ ਵਾਧਾ ਰੁੱਕ ਜਾਂਦਾ ਹੈ ਅਤੇ ਫਸਲ ਪੀਲੀ ਪੈ ਜਾਂਦੀ ਹੈ। ਇਸਦਾ ਉਪਾਅ ਇਹ ਹੈ ਕਿ ਸਾਨੂੰ ਖੇਤ ਵਿੱਚ ਕਿਆਰੇ ਬਣਾਉਣੇ ਚਾਹੀਦੇ ਹਨ, ਭਾਰੀਆਂ ਜਮੀਨਾਂ ਵਿੱਚ 8 ਅਤੇ ਹਲਕੀਆ ਪੈਲੀਆਂ ਵਿੱਚ 16 ਕਿਆਰੇ ਪ੍ਰਤੀ ਏਕੜ ਬਣਾਉਣ ਦੀ ਕੋਸ਼ਿਸ਼ ਕਰੋ। ਭਾਰੀਆਂ ਪੈਲੀਆਂ ਵਿੱਚ ਫਸਲ ਨੂੰ ਪਹਿਲਾ ਪਾਣੀ ਹਲਕਾ ਲਗਾਉ ਤੇ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਹੀ ਪਾਣੀ ਲਗਾਉ। ਵਾਧੂ ਪਾਣੀ ਨੂੰ ਖੇਤ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰੋ। ਜਿਆਦਾ ਗਿੱਲ ਕਾਰਨ ਹੋਣ ਵਾਲੇ ਪੀਲੇਪਣ ਨੂੰ ਦੂਰ ਕਰਨ ਲਈ 3 % ਯੂਰੀਏ (3 ਕਿਲੋ ਯੂਰੀਏ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ )ਦਾ ਛਿੜਕਾਅ ਕਰਨਾ ਚਾਹੀਦਾ ਹੈ। ਫ਼ਸਲ ਤੇ ਦੋ ਤਰਫਾ ਛਿੜਕਾਅ ਕਰੋ ਅਤੇ 300 ਲਿਟਰ ਘੋਲ ਪ੍ਰਤੀ ਏਕੜ ਵਰਤੋ।
- ਮਾੜੇ ਪਾਣੀ ਦੀ ਵਰਤੋਂ ਕਾਰਨ ਕਣਕ ਦਾ ਪੀਲਾਪਣ- ਜਮੀਨ ਹੇਠਲਾ ਪਾਣੀ ਮਾੜਾ ਹੋਣ ਕਾਰਨ ਵੀ ਕੁੱਝ ਇਲਾਕਿਆਂ ਵਿੱਚ ਕਣਕ ਦੇ ਪੀਲੇ ਪੈਣ ਦੀ ਸਮੱਸਿਆ ਆਉਂਦੀ ਹੈ। ਇਨਾਂ ਹਾਲਤਾਂ ਵਿੱਚ ਟਿਊਬਵੱਲ ਦੇ ਪਾਣੀ ਦੀ ਪਰਖ ਕਰਵਾਉਣੀ ਚਾਹੀਦੀ ਹੈ ਅਤੇ ਪਾਣੀ ਮਾੜਾ ਹੋਣ ਦੀ ਸਥਿਤੀ ਵਿੱਚ ਖੇਤਾਂ ਵਿੱਚ ਸ਼ਿਫਾਰਿਸ਼ ਅਨੁਸਾਰ ਜਿਪਸਮ ਦੀ ਵਰਤੋਂ ਕਰੋ। ਜੇਕਰ ਸੰਭਵ ਹੋਵੇ ਤਾਂ ਪਾਣੀ ਨੂੰ ਚੰਗੇ ਪਾਣੀ ਨਾਲ ਰਲਾ ਕੇ ਜਾਂ ਅਦਲ-ਬਦਲ ਕਰਕੇ ਵੀ ਵਰਤਿਆ ਜਾ ਸਕਦਾ ਹੈ।
- ਗੈਰ ਸ਼ਿਫਾਰਿਸ਼ੀ ਨਦੀਨਨਾਸ਼ਕਾ ਦੀ ਵਰਤੋਂ ਕਾਰਨ ਕਣਕ ਦਾ ਪੀਲਾਪਣ- ਗੁੱਲੀ ਡੰਡਾ ਕਣਕ ਦਾ ਸੰਬੰਧਤ ਅਤੇ ਪ੍ਰਮੁੱਖ ਨਦੀਨ ਹੈ। ਇਹ ਨਦੀਨ 2-3 ਲੋਆਂ ਵਿੱਚ ਜੰਮਦਾ ਹੈ। ਇਸ ਨਦੀਨ ਨੂੰ ਕਾਬੂ ਕਰਨ ਲਈ ਬਹੁਤ ਸਾਰੇ ਨਦੀਨਨਾਸ਼ਕ ਬਜ਼ਾਰ ਵਿੱਚ ਉਪਲੱਬਧ ਹਨ, ਜਿਨ੍ਹਾਂ ਚੋ ਕੁਝ ਹੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸ਼ਿਫਾਰਸ਼ਸੁਦਾ ਹਨ। ਇਹ ਦੇਖਿਆ ਗਿਆ ਹੈ ਕਿ ਇਸ ਨਦੀਨ ਨੂੰ ਮਾਰਨ ਲਈ ਕਈ ਵਾਰ ਦੁੱਗਣੀ-ਤਿੱਗਣੀ ਮਾਤਰਾ ਵਿੱਚ ਨਦੀਨਨਾਸ਼ਕਾ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਕਣਕ ਵਿੱਚ ਜਹਿਰੀਲਾਪਣ ਵਧਾ ਦਿੰਦੀ ਹੈ ਅਤੇ ਕਣਕ ਪੀਲੀ ਪੈ ਜਾਂਦੀ ਹੈ। ਇਸ ਲਈ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹਮੇਸ਼ਾ ਯੂਨੀਵਰਸਿਟੀ ਵੱਲੋਂ ਸ਼ਿਫਾਰਸ਼ਸੁਦਾ ਨਦੀਨਨਾਸ਼ਕ ਦੀ ਸਹੀ ਮਾਤਰਾ ਵਿੱਚ, ਸਹੀ ਸਮੇਂ ਤੇ, ਸਹੀ ਪਾਣੀ ਦੀ ਮਾਤਰਾ ਵਰਤ ਕੇ ਤੇ ਸਹੀ ਢੰਗ ਅਨੁਸਾਰ ਛਿੜਕਾਅ ਕੀਤਾ ਜਾਵੇ।
- ਤੱਤਾਂ ਦੀ ਘਾਟ ਕਾਰਨ ਪੀਲਾਪਣ- ਕਣਕ ਦੀ ਫਸਲ ਮੁੱਖ ਤੋਰ ਤੇ ਨਾਈਟ੍ਰੋਜਨ, ਮੈਗਂਨੀਜ ਜਾਂ ਗੰਧਕ ਤੱਤ ਦੀ ਕਮੀ ਕਰਕੇ ਪੀਲੀ ਪੈ ਜਾਂਦੀ ਹੈ। ਇਨ੍ਹਾਂ ਤੱਤਾਂ ਦੀ ਘਾਟ ਦੀਆਂ ਨਿਸ਼ਾਨੀਆਂ ਅਤੇ ਇਲਾਜ ਹੇਠਾਂ ਦਿੱਤੇ ਅਨੁਸਾਰ ਹਨ।
- ਨਾਈਟ੍ਰੋਜਨ ਦੀ ਘਾਟ – ਇਸ ਤੱਤ ਦੀ ਘਾਟ ਕਰਕੇ ਪੁਰਾਣੇ ਅਤੇ ਹੇਠਲੇ ਪੱਤੇ ਪੀਲੇ ਪੈ ਜਾਂਦੇ ਹਨ ਜਿਸ ਕਾਰਨ ਕਣਕ ਵਿੱਚ ਪੀਲਾਪਣ ਦਿਖਾਈ ਦਿੰਦਾ ਹੈ। ਨਾਈਟ੍ਰੋਜਨ ਤੱਤ (ਯੂਰੀਆ ਖਾਦ) ਦੀ ਵਰਤੋਂ ਸਿਫਾਰਿਸ਼ ਮਾਤਰਾ ਅਨੁਸਾਰ ਸ਼ਿਫਾਰਸ਼ ਸਮੇਂ ਤੇ ਕਰੋ। ਮਿੱਟੀ ਪਰਖ ਦੇ ਆਧਾਰ ਤੇ ਖਾਂਦਾ ਦੀ ਵਰਤੋਂ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਕੱਲਰ ਜਮੀਨਾਂ ਵਿਚ ਸਿਫਾਰਿਸ਼ ਮਾਤਰਾ ਤੋਂ 25 % ਜਿਆਦਾ ਖਾਦ ਪਾਉ।
- ਮੈਗਂਨੀਜ ਦੀ ਘਾਟ- ਇਸ ਤੱਤ ਦੀ ਘਾਟ ਜਿਆਦਾਤਰ ਹਲਕੀਆਂ ਜਮੀਨਾਂ ਵਿੱਚ ਦਿਖਦੀ ਹੈ ਜਿੱਥੇ ਕਣਕ –ਝੋਨਾ ਫਸਲੀ ਚੱਕਰ ਕਾਫੀ ਦੇਰ ਤੋਂ ਚੱਲ ਰਿਹਾ ਹੋਵੇ। ਮੈਗਂਨੀਜ ਦੀ ਘਾਟ ਦੀਆ ਨਿਸ਼ਾਨੀਆਂ ਹਮੇਸ਼ਾ ਉੱਪਰ ਵਾਲੇ ਪੱਤਿਆਂ ਵਿੱਚ ਦਿਖਦੀਆਂ ਹਨ। ਬੂਟਿਆ ਦੇ ਵਿਚਕਾਰਲੇ ਪੱਤਿਆ ਦੀਆਂ ਨਾੜੀਆਂ ਦੀਆਂ ਦਰਮਿਆਨ ਵਾਲੀ ਥਾਂ ਉੱਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਦੇ ਧੱਬੇ ਪੈਂਦੇ ਹਨ। ਇਹ ਧੱਬੇ ਬਾਅਦ ਵਿੱਚ ਇੱਕਠੇ ਹੋ ਕੇ ਇਕ ਲੰਮੀ ਧਾਰੀ ਜਾਂ ਗੋਲ ਆਕਾਰ ਧਾਰਨ ਕਰ ਲੈਂਦੀਆਂ ਹਨ। ਜੇਕਰ ਘਾਟ ਜਿਆਦਾ ਹੋਵੇ ਤਾਂ ਬੂਟੇ ਸੁੱਕ ਜਾਂਦੇ ਹਨ। ਘਾਟ ਨੂੰ ਪੂਰਾ ਕਰਨ ਲਈ 0.5% ਮੈਗਂਨੀਜ ਸਲਫੇਟ (ਇੱਕ ਕਿਲੋ ਮੈਗਂਨੀਜ ਸਲਫੇਟ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ) ਦਾ ਇੱਕ ਛਿੜਕਾਅ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ ਤਿੰਨ ਛਿੜਾਕਅ ਹਫਤੇ-ਹਫਤੇ ਦੇ ਫਰਕ ਨਾਲ ਧੁੱਪ ਵਾਲੇ ਦਿਨ ਕਰੋ। ਮੈਗਂਨੀਜ ਨੂੰ ਕਦੇ ਵੀ ਮਿੱਟੀ ਵਿੱਚ ਸਿੱਧਾ ਨਾ ਪਾਉ। ਕਣਕ ਦੀਆਂ ਕਿਸਮਾਂ ਪੀ ਡੀ ਡਬਲਯੂ 291 ਅਤੇ ਡਬਲਯੂ ਐਡ ਡੀ 943 ਨੂੰ ਰੇਤਲੀਆਂ ਜਮੀਨਾਂ ਵਿੱਚ ਨਾ ਉਗਾਉ ਕਿਉਂਕਿ ਇਹਨਾਂ ਵਿੱਚ ਮੈਗਂਨੀਜ ਦੀ ਘਾਟ ਜਿਆਦਾ ਆਉਂਦੀ ਹੈ।
- ਗੰਧਕ ਦੀ ਘਾਟ- ਗੰਧਕ ਦੀ ਘਾਟ ਵੀ ਹਲਕੀਆਂ ਅਤੇ ਰੇਤਲੀਆਂ ਜਮੀਨਾਂ ਵਿੱਚ ਨਜ਼ਰ ਆਉਂਦੀ ਹੈ ,ਖਾਸ ਕਰਕੇ ਜਿੱਥੇ ਕਣਕ ਦੇ ਸੁਰੂਆਤੀ ਵਾਧੇ ਦੌਰਾਨ ਬੱਦਲਵਾਈ ਜਾਂ ਵਰਖਾ ਕਾਫੀ ਦਿਨਾਂ ਤੱਕ ਰਹੇ। ਇਸ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਹਮੇਸ਼ਾ ਨਵੇਂ ਅਤੇ ਉੱਪਰਲੇ ਪੱਤਿਆਂ ਵਿੱਚ ਦਿਖਦੀਆਂ ਹਨ। ਪੱਤਿਆਂ ਦਾ ਹਰਾ ਰੰਗ ਖਰਾਬ ਹੋ ਜਾਂਦਾਂ ਹੈ। ਪੱਤਿਆਂ ਦਾ ਰੰਗ ਨੋਕ ਨੂੰ ਛੱਡ ਕੇ ਹਲਕਾ ਪੀਲਾ ਪੈ ਜਾਂਦਾ ਹੈ ਜਦ ਕਿ ਹੇਠਲੇ ਪੱਤੇ ਲੰਮੇ ਸਮੇਂ ਤੱਕ ਹਰੇ ਹੀ ਰਹਿੰਦੇ ਹਨ। ਗੰਧਕ ਤੱਤ ਦੀ ਘਾਟ ਵਾਲੇ ਖੇਤਾਂ ਵਿੱਚ ਫਾਸਫੋਰਸ ਲਈ ਸਿੰਗਲ ਸੁਪਰਫਾਸਫੇਟ ਖਾਦ ਨੂੰ ਪਹਿਲ ਦਿਉ। ਜਿੱਥੇ ਕਣਕ ਨੂੰ ਫਾਸਫੋਰਸ ਤੱਤ ਸਿੰਗਲ ਸੁਪਰਫਾਸਫੇਟ ਦੇ ਤੌਰ ਤੇ ਨਾ ਪਾਇਆ ਹੋਵੇ, ਉੱਥੇ ਫਸਲ ਨੂੰ ਬਿਜਾਈ ਸਮੇਂ 100 ਕਿਲੋ ਜਿਪਸਮ ਜਾਂ 18 ਕਿਲੋ ਬੈਨਟੋਨਾਈਟ ਸਲਫਰ (90%) ਪ੍ਰਤੀ ਏਕੜ ਪਾਉ। ਜੇਕਰ ਗੰਧਕ ਦੀ ਘਾਟ ਲੱਗੇ ਤਾਂ ਖੜ੍ਹੀ ਫਸਲ ਵਿੱਚ ਵੀ ਜਿਪਸਮ ਦੀ ਵਰਤੋਂ ਕੀਤੀ ਜਾ ਸਕਦੀ ਹੈ।
5 ਕੀੜਿਆਂ ਦੇ ਹਮਲੇ ਕਾਰਣ ਫਸਲ ਦਾ ਪੀਲਾਪਣ
5.1 ਸਿਉਂਕ ਦਾ ਹਮਲਾ –ਸਿਉਂਕ ਜਿਆਦਾਤਰ ਰੇਤਲੀਆਂ ਜਮੀਨਾਂ ਵਿੱਚ ਬੂਟਿਆਂ ਦਾ ਨੁਕਸਾਨ ਕਰਦੀ ਹੈ। ਕਈ ਵਾਰ ਇਸ ਦਾ ਹਮਲਾ ਬਿਜਾਈ ਤੋਂ ਛੇਤੀ ਬਾਅਦ ਹੀ ਹੋ ਜਾਂਦਾ ਹੈ ਤੇ ਕਈ ਵਾਰ ਫਸਲ ਪੱਕਣ ਨੇੜੇ ਹੁੰਦਾ ਹੈ। ਪ੍ਰਭਾਵਿਤ ਬੂਟੇ ਪੀਲੇ ਪੈ ਕੇ ਸੁੱਕ ਜਾਂਦੇ ਹਨ ਅਤੇ ਅਸਾਨੀ ਨਾਲ ਪੁੱਟੇ ਜਾ ਸਕਦੇ ਹਨ। ਇਸ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ ਹੀ ਬੀਜ ਨੂੰ 40 ਗ੍ਰਾਮ ਕਰੂਜ਼ਰ 70 ਡਬਲਯੂ ਐਸ (ਥਾਇਆਮੀਥੋਕਸਮ) ਜਾਂ 160 ਮਿਲੀਲਿਟਰ ਡਰਸਬਾਨ/ਰੂਬਾਨ/ਡਰਮੈਟ 20 ਈ ਸੀ (ਕਲੋਰਪਾਈਰੀਫਾਸ) ਜਾਂ 80 ਮਿਲੀਲਿਟਰ ਨਿਉਨਿਕਸ 20 ਐਫ ਐਸ (ਇਮੀਡਾਕਲੋਪਰਿਡ+ਹੈਕਸਾਕੋਨਾਜ਼ੋਲ) ਲੈ ਕੇ ਇੱਕ ਲਿਟਰ ਪਾਣੀ ਵਿੱਚ ਘੋਲ ਕੇ 40 ਕਿੱਲੋ ਬੀਜ ਦੀ ਪੱਕੇ ਫਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ਤੇ ਪਤਲੀ ਤਹਿ ਵਿਛਾ ਕੇ ਛਿੜਕਾਅ ਕਰਕੇ ਬੀਜ ਨੂੰ ਸੋਧ ਕੇ ਸੁਕਾ ਲਉ। ਜੇਕਰ ਬਿਜਾਈ ਤੋਂ ਬਾਅਦ ਇਸਦਾ ਹਮਲਾ ਨਜ਼ਰ ਆਵੇ ਤਾਂ 7 ਕਿੱਲੋ ਮੋਰਟਲ 0.3 ਜੀ (ਫਿਪਰੋਨਿਲ) ਜਾਂ 1.2 ਲਿਟਰ ਡਰਸਬਾਨ 20 ਈ ਸੀ (ਕਲੋਰਪਾਈਰੀਫਾਸ) ਨੂੰ 20 ਕਿੱਲੋ ਸਲ੍ਹਾਬੀ ਮਿੱਟੀ ਵਿੱਚ ਰ਼ਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾ ਪਾਣੀ ਲਾਉਣ ਤੇ ਪਹਿਲਾਂ ਛੱਟਾ ਦਿਉ।
5.2 ਤਣੇ ਦੀ ਗਲਾਬੀ ਸੁੰਡੀ ਦਾ ਹਮਲਾ- ਗੁਲਾਬੀ ਸੁੰਡੀ ਛੋਟੀ ਫ਼ਸਲ ਤੇ ਹਮਲਾ ਕਰਦੀ ਹੈ। ਸੁੰਡੀਆਂ ਬੂਟਿਆਂ ਦੇ ਤਣਿਆਂ ਵਿੱਚ ਮੋਰੀਆਂ ਕਰਕੇ ਅੰਦਰ ਚਲੀਆਂ ਜਾਂਦੀਆਂ ਹਨ ਅਤੇ ਅੰਦਰਲਾ ਮਾਦਾ ਖਾ ਜਾਂਦੀਆਂ ਹਨ, ਜਿਸ ਕਰਕੇ ਬੂਟੇ ਪੀਲੇ ਪੈ ਜਾਂਦੇ ਹਨ ਅਤੇ ਅੰਤ ਵਿੱਚ ਮਰ ਜਾਂਦੇ ਹਨ। ਸੁੰਡੀ ਦੇ ਹਮਲੇ ਤੋਂ ਬਚਾਅ ਲਈ ਜੇਕਰ ਪਿਛਲੀ ਝੋਨੇ ਦੀ ਫ਼ਸਲ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਜ਼ਿਆਦਾ ਹੋਵੇ ਤਾਂ ਅਜਿਹੇ ਖੇਤਾਂ ਵਿੱਚ ਅਕਤੂਬਰ ਦੇ ਮਹੀਨੇ ਦੌਰਾਨ ਕਣਕ ਨਾ ਬੀਜੋ। ਕਣਕ ਨੂੰ ਪਾਣੀ ਦਿਨ ਵੇਲੇ ਲਾਉਣ ਨੂੰ ਤਰਜੀਹ ਦੇਵੋ ਤਾਂ ਕਿ ਪੰਛੀ ਵੱਧ ਤੋਂ ਵੱਧ ਇਹਨਾਂ ਸੁੰਡੀਆਂ ਨੂੰ ਖਾ ਸਕਣ। ਜੇਕਰ ਹਮਲਾ ਜ਼ਿਆਦਾ ਹੋਵੇ ਤਾਂ 7 ਕਿੱਲੋ ਮੋਰਟੈਲ/ਰੀਜੈਂਟ 0.3 ਜੀ (ਫਿਪਰੋਨਿਲ) ਜਾਂ 1.0 ਲਿਟਰ ਡਰਸਬਾਨ 20 ਈ ਸੀ (ਕਲੋਰਪਾਈਰੀਫਾਸ) ਨੂੰ 20 ਕਿੱਲੋ ਸਲ੍ਹਾਬੀ ਮਿੱਟੀ ਨਾਲ ਮਿਲਾ ਪਹਿਲਾ ਪਾਣੀ ਲਗਾਉਣ ਤੋਂ ਪਹਿਲਾਂ ਛੱਟਾ ਦਿਉ ਜਾਂ 50 ਮਿਲੀਲਿਟਰ ਕੋਰਾਜਨ 18.5 ਐਸ ਸੀ ( ਕਲੋਰਐਂਟਰਾਨਿਲੀਪਰੋਲ) ਪ੍ਰਤੀ ਏਕੜ 80-100 ਲਿਟਰ ਵਿੱਚ ਘੋਲ ਕੇ ਨੈਪ ਸੈਕ ਪੰਪ ਨਾਲ ਛਿੜਕਾਅ ਕਰੋ।
5.3 ਪੀਲੀ ਕੁੰਗੀ ਦਾ ਹਮਲਾ- ਪੀਲੀ ਕੁੰਗੀ ਕਰਕੇ ਵੀ ਫ਼ਸਲ ਦਾ ਪੀਲਾਪਣ ਨਜ਼ਰ ਆਉਦਾਂ ਹੈ। ਇਸ ਦਾ ਹਮਲਾ ਨੀਮ-ਪਹਾੜੀ ਇਲਾਕਿਆਂ ਵਿੱਚ ਸਭ ਤੋਂ ਪਹਿਲਾ ਹੁੰਦਾ ਹੈ। ਫਿਰ ਫਰਵਰੀ-ਮਾਰਚ ਵਿੱਚ ਤੇਜ਼ ਹਵਾਵਾਂ ਨਾਲ ਪੈਣ ਵਾਲੇ ਮੀਂਹ ਕਰਕੇ ਬਿਮਾਰੀ ਦੇ ਕਣ ਰੋਗੀ ਬੂਟਿਆਂ ਤੋਂ ਸਾਰੇ ਪਾਸੇ ਫੈਲ ਜਾਂਦੇ ਹਨ। ਇਸ ਦੇ ਹਮਲੇ ਕਰਕੇ ਪੱਤਿਆਂ ਉੱਤੇ ਪੀਲੇ ਰੰਗ ਦੇ ਧੱਬੇ ਲੰਮੀਆਂ ਧਾਰੀਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ, ਜੇਕਰ ਇਹਨਾਂ ਪੱਤਿਆਂ ਨੂੰ ਛੂਹਿਆ ਜਾਵੇ ਤਾਂ ਹੱਥਾਂ ਨੂੰ ਪੀਲਾ ਧੂੜਾ ਲੱਗ ਜਾਂਦਾ ਹੈ। ਇਸ ਦੀ ਰੋਕਥਾਮ ਲਈ ਪੀ.ਏ.ਯੂ ਦੁਆਰਾ ਸਿਫਾਰਿਸ਼ ਕੀਤੀਆਂ ਪੀਲੀ ਕੁੰਗੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਜਿਵੇ ਕਿ ਪੀ ਬੀ ਡਬਲਯੂ ਜ਼ਿੰਕ 2, ਪੀ ਬੀ ਡਬਲਯੂ ਆਰ ਐਸ 1, ਪੀ ਬੀ ਡਬਲਯੂ 725, ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ 752, ਡਬਲਯੂ ਐਚ ਡੀ 943, ਪੀ ਡੀ ਡਬਲਯੂ 291 ਅਤੇ ਪੀ ਬੀ ਡਬਲਯੂ 660 ਬੀਜਣੀਆਂ ਚਾਹੀਦੀਆਂ ਹਨ। ਨੀਮ ਪਹਾੜੀ ਇਲਾਕਿਆ ਵਿੱਚ ਅਕਤੂਬਰ ਦੇ ਮਹੀਨੇ ਕਣਕ ਦੀ ਬਿਜਾਈ ਨਾ ਕਰੋ। ਜਦੋਂ ਵੀ ਬੀਮਾਰੀ ਦੀਆਂ ਨਿਸ਼ਾਨੀਆਂ ਦਿਖਾਈ ਦੇਣ ਤਾਂ 200 ਗ੍ਰਾਮ ਕੈਵੀਅਟ 25 ਡਬਲਯੂ ਜੀ (ਟੈਬੂਕੋਨਾਜ਼ੋਲ) ਜਾਂ 120 ਗ੍ਰਾਮ ਨਟੀਵੋ 75 ਡਬਲਯੂ ਜੀ ( ਟ੍ਰਾਈਫਲੋਕਸੀਸਟ੍ਰੋਬਿਨ+ਟੈਬੂਕੋਨਾਜ਼ੋਲ) ਜਾਂ 200 ਮਿਲੀਲਿਟਰ ਅੰਮਪੈਕਟ ਐਕਸਟਰਾ (ਐਜ਼ੋਕਸੀਸਟ੍ਰੋਬਿਨ+ ਸਾਇਪਰਾਕੋਨਾਜ਼ੋਲ) ਜਾਂ 200 ਮਿਲੀਲਿਟਰ ਉਪੇਰਾ 18.3 ਐਸ ਈ (ਪਾਈਰੈਕਲੋਸਟ੍ਰੋਬਿਨ + ਇਪੋਕਸੀਕੋਨਾਜ਼ੋਲ) ਜਾਂ 200 ਮਿਲੀਲਿਟਰ ਕਸਟੋਡੀਆ 320 ਐਸ ਸੀ (ਐਜ਼ੋਕਸਸੀਸਟ੍ਰੋਬਿਨ+ ਟੈਬੂਕੋਨਾਜ਼ੋਲ)ਜਾਂ 200 ਮਿਲੀਲਿਟਰ ਟਿਲਟ 25 ਈ ਸੀ/ਸ਼ਾਈਨ 25 ਈ ਸੀ/ਬੰਪਰ 25 ਈ ਸੀ/ਸਟਿਲਟ 25 ਈ ਸੀ/ ਕੰਪਾਸ 25 ਈ ਸੀ ਮਾਰਕਜ਼ੋਲ 25 ਈ ਸੀ (ਪ੍ਰੋਪੀਕੋਨਾਜ਼ੋਲ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਲੋੜ ਪੈਣ ਤੇ ਇਹ ਛਿੜਕਾਅ ਫਿਰ ਦੁਹਰਾਉ ਤਾਂ ਜੋ ਟੀਸੀ ਵਾਲਾ ਪੱਤਾ ਬਿਮਾਰੀ ਰਹਿਤ ਰਹੇ।
ਇਸ ਤੋਂ ਇਲਾਵਾ ਕਈ ਵਾਰ ਲਗਾਤਾਰ ਠੰਢ ਅਤੇ ਕੋਰੇ ਕਾਰਨ ਵੀ ਫਸਲ ਵਿੱਚ ਪੀਲਾਪਣ ਨਜ਼ਰ ਆਉਂਦਾ ਹੈ। ਇਸ ਨੂੰ ਦੂਰ ਕਰਨ ਲਈ ਫਸਲ ਨੂੰ ਲੋੜ ਅਨਸਾਰ ਪਾਣੀ ਦੇਣਾ ਚਾਹੀਦਾ ਹੈ।
-
ਚਰਨਜੀਤ ਕੌਰ ਅਤੇ ਰਾਕੇਸ਼ ਕੁਮਾਰ ਸ਼ਰਮਾਂ, ਫਾਰਮ ਸਲਾਹਕਾਰ
adcomm@pau.edu
0000000000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.