ਕੋਈ ਸਮਾਂ ਸੀ ਜਦੋਂ ਸਰਕਾਰੀ ਸਕੂਲਾਂ ’ਚ ਪੜ੍ਹਨ-ਪੜ੍ਹਾਉਣ ਤੋਂ ਇਲਾਵਾ ਵਿਦਿਆਰਥੀਆਂ ਦੇ ਮਨੋਰੰਜਨ ਦਾ ਵੀ ਵਕਤ ਨਿਰਧਾਰਤ ਹੁੰਦਾ ਸੀ। ਹਫ਼ਤੇ ਦੇ ਛੇਕੜਲੇ ਦਿਨ (ਜਿਹੜਾ ਆਮ ਤੌਰ ’ਤੇ ਸ਼ਨਿਚਰਵਾਰ ਹੁੰਦਾ ਸੀ) ਕੁਝ ਪੀਰੀਅਡ ਰਾਖਵੇਂ ਰੱਖ ਕੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਕਿਸੇ ਹਾਲ ਜਾਂ ਪੰਡਾਲ ’ਚ ਇਕੱਠੇ ਕਰ ਲਿਆ ਜਾਂਦਾ ਸੀ। ਇਸ ਇਕੱਠ ਨੂੰ ਬਾਲ ਸਭਾ ਦਾ ਨਾਂ ਦਿੱਤਾ ਜਾਂਦਾ ਸੀ। ਇਸ ਬਾਲ ਸਭਾ ’ਚ ਸਕੂਲ ਦੇ ਅਧਿਆਪਕਾਂ ਦੀ ਨਾ ਸਿਰਫ਼ ਸਰਗਰਮ ਭਾਗੀਦਾਰੀ ਹੁੰਦੀ ਸੀ ਸਗੋਂ ਕੁਝ ਰਚਨਾਤਮਿਕ ਅਤੇ ਕਲਾਤਮਿਕ ਸੋਚ ਵਾਲੇ ਅਧਿਆਪਕਾਂ ਵੱਲੋਂ ਵਿਸ਼ੇਸ਼ ਰੁਚੀਆਂ ਰੱਖਣ ਵਾਲੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਵੀ ਕੀਤਾ ਜਾਂਦਾ ਸੀ।
ਮਨਪ੍ਰਚਾਵੇ ਦਾ ਬਣਦੀ ਸੀ ਸਬੱਬ
ਸਕੂਲ ’ਚ ਲਗਾਈ ਜਾਣ ਵਾਲੀ ਬਾਲ ਸਭਾ ਜਿੱਥੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਮਨਪ੍ਰਚਾਵੇ ਦਾ ਸਬੱਬ ਬਣਦੀ ਸੀ, ਉੱਥੇ ਵਿਦਿਆਰਥੀਆਂ ਦੀ ਸਿਰਜਣਾਤਮਿਕ ਤੇ ਕਲਾਤਮਿਕ ਪਹੁੰਚ ਨੂੰ ਉਭਾਰਨ, ਨਿਖਾਰਨ ਤੇ ਸੰਵਾਰਨ ’ਚ ਵੀ ਵਿਸ਼ੇਸ਼ ਸਹਾਈ ਹੁੰਦੀ ਸੀ। ਇਸ ਸਭਾ ਰਾਹੀਂ ਵਿਲੱਖਣ ਹੁਨਰ ਵਾਲੇ ਵਿਦਿਅਰਥੀਆਂ ਨੂੰ ਅਜਿਹਾ ਮੰਚ ਪ੍ਰਦਾਨ ਕੀਤਾ ਜਾਂਦਾ ਸੀ, ਜਿਹੜਾ ਉਨ੍ਹਾਂ ਦੇ ਆਤਮ-ਵਿਸ਼ਵਾਸ ’ਚ ਵਾਧਾ ਕਰ ਕੇ ਉਨ੍ਹਾਂ ਦੁਆਰਾ ਮਿੱਥੀ ਹੋਈ ਮੰਜ਼ਿਲ ਦੇ ਨਜ਼ਦੀਕ ਲੈ ਜਾਂਦਾ ਸੀ।
ਰਸਮੀ ਸਿੱਖਿਆ ਦਾ ਉਦੇਸ਼
ਜੇ ਰਸਮੀ ਸਿੱਖਿਆ ਦੇ ਉਦੇਸ਼ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਉਦੇਸ਼ ਕੇਵਲ ਡਾਕਟਰ, ਇੰਜੀਨੀਅਰ, ਵਕੀਲ ਜਾਂ ਅਧਿਆਪਕ ਪੈਦਾ ਕਰਨਾ ਹੀ ਨਹੀਂ ਸਗੋਂ ਅਜਿਹੇ ਕਲਾਕਾਰ, ਸਾਹਿਤਕਾਰ ਤੇ ਬੁਲਾਰੇ ਪੈਦਾ ਕਰਨਾ ਵੀ ਹੈ, ਜੋ ਆਪਣੀ ਅਗਾਂਹਵਧੂ ਸੋਚਣੀ, ਲੇਖਣੀ ਤੇ ਬੋਲਣੀ ਨਾਲ ਸਾਹਿਤ, ਸੱਭਿਆਚਾਰ ਤੇ ਸਮਾਜ ਨੂੰ ਅਮੀਰ ਬਣਾ ਸਕਣ। ਜਦੋਂ ਕਦੇ ਸਥਾਪਿਤ/ਕਾਮਯਾਬ ਕਲਾਕਾਰਾਂ ਵਿਸ਼ੇਸ਼ ਕਰਕੇ ਗਾਇਕਾਂ ਜਾਂ ਅਦਾਕਾਰਾਂ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤਾਂ ਉਹ ਵੀ ਆਪਣੀ ਸਥਾਪਤੀ/ਕਾਮਯਾਬੀ ਦਾ ਬਹੁਤਾ ਸਿਹਰਾ ਪੜ੍ਹਾਈ ਦੌਰਾਨ ਸਕੂਲ ’ਚ ਲੱਗਣ ਵਾਲੀ ਬਾਲ ਸਭਾ ਨੂੰ ਹੀ ਦਿੰਦੇ ਹਨ।
ਗੁਣਵਾਨ ਬੱਚਿਆਂ ਨੂੰ ਜਾਂਦਾ ਸੀ ਤਲਾਸ਼ਿਆ
ਸਕੂਲ ਦੁਆਰਾ ਕਰਵਾਈ ਜਾਂਦੀ ਬਾਲ ਸਭਾ ਜਿੱਥੇ ਵਿਦਿਆਰਥੀ ਨੂੰ ਆਪਣਿਆਂ ’ਚ ਆਪਣੀ ਗੱਲ ਕਹਿ ਕੇ ਮਾਣ ਮਹਿਸੂਸ ਕਰਵਾਉਂਦੀ ਸੀ, ਉੱਥੇ ਉਨ੍ਹਾਂ ਨੂੰ ਸਮੇਂ ਦਾ ਹਾਣੀ ਬਣਾ ਕੇ ਬੇਗ਼ਾਨਿਆਂ (ਬਾਹਰਲੇ ਵਿਸ਼ਾਲ ਇਕੱਠਾਂ) ਦੇ ਸਨਮੁੱਖ ਹੋਣ ਦੇ ਸਮਰੱਥ ਵੀ ਬਣਾਉਂਦੀ ਸੀ। ਇਸ ਸਭਾ ’ਚ ਹੀ ਪਹਿਲਾਂ ਸਕੂਲ ਦੇ ਗੁਣਵਾਨ ਬੱਚਿਆਂ ਨੂੰ ਤਲਾਸ਼ਿਆ ਜਾਂਦਾ ਸੀ ਤੇ ਫਿਰ ਯੋਗ ਅਧਿਆਪਕਾਂ ਦੁਆਰਾ ਤਰਾਸ਼ਿਆ ਜਾਂਦਾ ਸੀ। ਇਸ ਤਰ੍ਹਾਂ ਸਕੂਲ ਸਭਾਵਾਂ ਵਿੱਚੋਂ ਤਲਾਸ਼ੇ ਤੇ ਅਧਿਆਪਕਾਂ ਦੁਆਰਾ ਤਰਾਸ਼ੇ ਵਿਦਿਆਰਥੀ ਜ਼ਿੰਦਗੀ ਵਿਚ ਕਈ ਵੱਡਅਕਾਰੀਆਂ ਤੇ ਨਿਆਰੀਆਂ ਪ੍ਰਾਪਤੀਆਂ ਦੇ ਹੱਕਦਾਰ ਬਣ ਜਾਂਦੇ ਸਨ।
ਸ਼ਲਾਘਾਯੋਗ ਕੰਮ ਕਰਨ ਦੇ ਬਣਾਉਂਦੀ ਸੀ ਯੋਗ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਂਦੇ ਵਿੱਦਿਅਕ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਵਿਦਿਆਰਥੀ ਵੀ ਆਮ ਤੌਰ ’ਤੇ ਸਕੂਲ ਵਿਚ ਲਗਾਤਾਰਤਾ ਨਾਲ ਲਗਾਈ ਜਾਣ ਵਾਲੀ ਬਾਲ ਸਭਾ ਦੀ ਹੀ ਪੈਦਾਵਾਰ ਹੁੰਦੇ ਸਨ। ਇਨ੍ਹਾਂ ਮੁਕਾਬਲਿਆਂ ’ਚ ਆਪਣੀਆਂ ਬਿਹਤਰੀਨ ਪੇਸ਼ਕਾਰੀਆਂ ਲਈ ਮਾਣ-ਸਨਮਾਨ ਹਾਸਿਲ ਕਰ ਕੇ ਆਪਣਾ ਤੇ ਸਕੂਲ ਦਾ ਨਾਂ ਰੋਸ਼ਨ ਕਰਦੇ ਸਨ। ਇਸ ਸਭਾ ਵਿੱਚੋਂ ਲੱਗੀ ਜਾਗ ਹੀ ਵਿਦਿਆਰਥੀਆਂ ਨੂੰ ਮਹਾਵਿਦਿਆਲਿਆਂ ਤੇ ਵਿਸ਼ਵ-ਵਿਦਿਆਲਿਆਂ ਦੇ ਯੁਵਕ-ਮੇਲਿਆਂ ਵਿਚ ਸ਼ਲਾਘਾਯੋਗ ਭੂਮਿਕਾ ਅਦਾ ਕਰਨ ਦੇ ਕਾਬਿਲ ਬਣਾ ਦਿੰਦੀ ਸੀ।
ਸਮਾਂ ਸਾਰਨੀ ’ਚ ਨਹੀਂ ਰਹੀ ਕੋਈ ਵਿਵਸਥਾ
ਅਜੋਕੇ ਸਮੇਂ ਸਕੂਲਾਂ (ਵਿਸ਼ੇਸ਼ ਕਰਕੇ ਸਰਕਾਰੀ) ’ਚ ਬਾਲ ਸਭਾ ਦਾ ਰਿਵਾਜ ਬਿਲਕੁਲ ਖ਼ਤਮ ਹੋ ਗਿਆ ਹੈ। ਹੁਣ ਸਕੂਲ ਦੀ ਸਮਾਂ-ਸਾਰਨੀ ’ਚ ਇਸ ਸਭਾ ਦੀ ਕੋਈ ਵਿਸ਼ੇਸ਼ ਵਿਵਸਥਾ ਨਹੀਂ ਕੀਤੀ ਜਾਂਦੀ। ਅਧਿਆਪਕ ਗ਼ੈਰ-ਵਿੱਦਿਅਕ ਕੰਮਾਂ ਦੇ ਬੋਝ ਥੱਲੇ ਦੱਬੇ ਹੋਏ ਹਨ ਤੇ ਵਿਦਿਆਰਥੀ ਨਵੀਂ ਤਕਨਾਲੋਜੀ ਦਾ ਸ਼ਿਕਾਰ ਹੋ ਕੇ ਰਹਿ ਗਏ ਹਨ। ਇਸ ਤਰ੍ਹਾਂ ਦੇ ਅਣਸੁਖਾਵੇਂ ਤੇ ਘੁਟਵੇਂ ਮਾਹੌਲ ’ਚ ਭਲਾ ਕੋਈ ਸਕੂਲ ਕਲਾਕਾਰ, ਨਾਟਕਕਾਰ ਤੇ ਸਾਹਿਤਕਾਰ ਕਿਵੇਂ ਪੈਦਾ ਕਰ ਸਕਦਾ ਹੈ?
ਬੱਚੇ ਮਹਿਸੂਸ ਕਰਦੇ ਸਨ ਤਾਜ਼ਗੀ
ਸਕੂਲ ਦੀ ਬਾਲ ਸਭਾ ਦਾ ਹਾਸਿਲ ਇਹ ਵੀ ਰਿਹਾ ਹੈ ਕਿ ਇਹ ਵਿਦਿਆਰਥੀਆਂ ਵਿਚਲੀ ਹਫ਼ਤਾ ਭਰ (ਜੋ ਅਕਸਰ ਬੋਝਲ ਅਤੇ ਔਖਿਆਲੇ ਪਾਠਕ੍ਰਮ ਕਰਕੇ ਪੈਦਾ ਹੁੰਦੀ ਹੈ) ਦੀ ਉਕਤਾਹਟ ਨੂੰ ਕੁਝ ਸਮੇਂ ਲਈ ਰੋਚਕ ਅਤੇ ਮਨੋਰੰਜਨ ਦੇ ਪਲਾਂ ਵਿਚ ਬਦਲ ਦਿੰਦੀ ਸੀ। ਇਸ ਸਭਾ ’ਚ ਹਾਜ਼ਰੀ ਭਰ ਕੇ ਸਕੂਲ ਦੇ ਨਿਆਣੇ ਖ਼ੁਦ ਨੂੰ ਤਰੋਤਾਜ਼ਾ ਮਹਿਸੂਸ ਕਰਦੇ ਸਨ। ਇਹ ਤਾਜ਼ਗੀ ਉਨ੍ਹਾਂ ਨੂੰ ਅਗਲੇ ਹਫ਼ਤੇ ਲੱਗਣ ਵਾਲੀਆਂ ਜਮਾਤਾਂ ’ਚ ਗਿਆਨ-ਵਿਗਿਆਨ ਦੀਆਂ ਗੱਲਾਂ ਨੂੰ ਸੁਣਨ ਅਤੇ ਸਮਝਣ ਲਈ ਊਰਜਾ ਪ੍ਰਦਾਨ ਕਰਦੀ ਸੀ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਐਜੂਕੇਸ਼ਨਲ ਕਾਲਮ ਨਵੀਸ ਮਲੋਟ ਪੰਜਾਬ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.