ਹਰ ਇਨਸਾਨ ਆਪਣਾ ਜੀਵਨ ਵਧੀਆ ਤਰੀਕੇ ਬਤੀਤ ਕਰਨ ਲਈ ਕੋਈ ਨਾ ਕੋਈ ਕਿੱਤਾ ਅਪਣਾਉਂਦਾ ਹੈ, ਜਿਸਦੀ ਕਮਾਈ ਉਸਦੀਆਂ ਦਿਨ-ਪ੍ਰਤੀਦਿਨ ਦੀਆਂ ਲੋੜਾਂ ਪੂਰੀਆਂ ਕਰਦੀ ਹੈ। ਇਸ ਕਮਾਈ ਵਿੱਚੋਂ ਉਹ ਆਪਣੀ ਵਿੱਤ ਅਨੁਸਾਰ ਕੁਝ ਨਾ ਕੁਝ ਰਕਮ ਚੰਗੇ-ਮਾੜੇ ਸਮੇਂ ਲਈ ਬੱਚਤ ਦੇ ਰੂਪ ਵਿੱਚ ਜੋੜਕੇ ਵੀ ਰੱਖਦਾ ਹੈ। ਬੱਚਤ, ਜੋ ਕਿ ਹਰ ਇੱਕ ਇਨਸਾਨ ਲਈ ਬਹੁਤ ਜ਼ਰੂਰੀ ਹੈ, ਦੇ ਵੱਖੋ-ਵੱਖਰੇ ਰੂਪ ਹਨ। ਜਿਵੇਂ ਐਫ.ਡੀ., ਪੀ.ਪੀ.ਐਫ.,ਜੀ.ਪੀ.ਐਫ. ,ਐਨ.ਪੀ.ਐਸ., ਆਰ. ਡੀ. ਆਦਿ। ਸਮੇਂ ਅਤੇ ਸਾਧਨਾਂ ਵਿੱਚ ਤਬਦੀਲੀ ਆਉਣ ਨਾਲ ਬੱਚਤ ਦੇ ਇਹ ਅਨੇਕਾਂ ਰੂਪ ਹੋਂਦ ਵਿੱਚ ਆਏ ਹਨ। ਬੱਚਤ ਕਰਨ ਦੀ ਪ੍ਰਵਿਰਤੀ ਕਈ ਵਾਰ ਮਨੁੱਖ ਵਿੱਚ ਬਚਪਨ ਤੋਂ ਹੀ ਦੇਖਣ ਨੂੰ ਮਿਲਦੀ ਹੈ ਜਦੋਂ ਬੱਚੇ ਘਰ ਵਿੱਚ ਆਏ ਕਿਸੇ ਰਿਸ਼ਤੇਦਾਰ ਜਾਂ ਮਹਿਮਾਨ ਦੁਆਰਾ ਪਿਆਰ ਵਜੋਂ ਮਿਲੇ ਪੈਸਿਆਂ ਨੂੰ ਆਪਣੀ ਬੁਗਨੀ ਜਾਂ ਗੁੱਲਕ ਵਿੱਚ ਪਾ ਲੈੰਦੇ ਹਨ ਅਤੇ ਆਪਣੀਆਂ ਖਾਸ ਚੀਜ਼ਾਂ ਤੇ ਖਰਚ ਕਰਦੇ ਹਨ। ਕੁਝ ਅਜਿਹੀ ਹੀ ਆਦਤ ਮੇਰੀ ਵੀ ਸੀ, ਜਿਸਦੇ ਚੱਲਦਿਆਂ ਮੈਨੂੰ ਪੰਜ-ਪੰਜ ਰੁਪਏ ਦੇ ਸਿੱਕੇ ਇੱਕਠੇ ਕਰਨ ਦਾ ਸ਼ੌਂਕ ਸੀ।
ਮੈਂ ਲੱਕੜ ਦਾ ਇੱਕ ਗੁੱਲਕ ਬਣਾਇਆ ਹੋਇਆ ਸੀ, ਜਿਸ ਵਿੱਚ ਮੈਂ ਸਿੱਕੇ ਪਾ ਦਿੰਦਾ ਅਤੇ ਚਾਹੇ ਕਿੰਨੀ ਵੀ ਮਜ਼ਬੂਰੀ ਹੁੰਦੀ ਪਰ ਮੈਂ ਪੰਜ ਰੁਪਏ ਦਾ ਸਿੱਕਾ ਖਰਚ ਨਾ ਕਰਦਾ। ਹੌਲੀ-ਹੌਲੀ ਗੁੱਲਕ ਸਿੱਕਿਆਂ ਨਾਲ ਇੰਨਾ ਭਾਰੀ ਹੋ ਗਿਆ ਕਿ ਉਸਨੂੰ ਚੁੱਕਣਾ ਵੀ ਔਖਾ ਹੋ ਗਿਆ ਸੀ। ਪਹਿਲਾਂ-ਪਹਿਲਾਂ ਮੈ ਕਦੇ ਕਦੇ ਸਿੱਕੇ ਗਿਣ ਲੈੰਦਾ ਸੀ, ਪਰ ਜ਼ਿਆਦਾ ਹੋਣ ਕਰਕੇ ਫੇਰ ਮੈਂ ਗਿਣਨੇ ਵੀ ਛੱਡ ਦਿੱਤੇ। ਬਚਪਨ ਦਾ ਇਹ ਸ਼ੌਂਕ ਬੜੇ ਹੋਣ ਤੱਕ ਵੀ ਜਾਰੀ ਰਿਹਾ ਤੇ ਹੋਇਆ ਇੰਝ ਕਿ ਜਦੋਂ ਮੇਰੀ ਹਮਸਫ਼ਰ ਮੇਰੀ ਪਤਨੀ ਨੂੰ ਵਿਆਹ ਤੋਂ ਬਾਅਦ ਪੜ੍ਹਾਈ ਜਾਰੀ ਰੱਖਦਿਆਂ ਬੀ.ਐੱਡ. ਵਿੱਚ ਲੁਧਿਆਣਾ ਵਿਖੇ ਇੱਕ ਕਾਲਜ ਵਿੱਚ ਦਾਖਲਾ ਮਿਲਿਆ ਤਾਂ ਫੀਸ 18000 ਰੁਪਏ ਭਰਨੀ ਸੀ ਅਤੇ ਮੈਂ ਇਹਨਾਂ ਸਿੱਕਿਆਂ ਨਾਲ ਹੀ 13000 ਰੁਪਏ ਫੀਸ ਭਰੀ। ਅਜਿਹਾ ਕਰਦਿਆਂ ਮਨ ਨੂੰ ਇੱਕ ਵੱਖਰਾ ਹੀ ਸਕੂਨ ਜਿਹਾ ਮਿਲਿਆ ਕਿ ਮੇਰੀ ਭਲੇ ਵੇਲ਼ੇ ਕੀਤੀ ਬੱਚਤ ਕਿਸੇ ਅਰਥ ਲੱਗ ਗਈ ਸੀ। ਆਪਣੀ ਨੌਕਰੀ ਦੌਰਾਨ ਬੱਚਿਆਂ ਨਾਲ ਵਿਚਰਦਿਆਂ ਮੈਂ ਦੇਖਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲਿਆਂਵਾਲੀ ਬਠਿੰਡਾ ਦੀਆਂ ਕੁੜੀਆਂ ਸਾਰਾ ਸਾਲ ਪੈਸੇ ਇਕੱਠੇ ਕਰਦੀਆਂ ਸਨ। ਇੱਥੋਂ ਤੱਕ ਕਿ ਉਹ ਦਿਵਾਲੀ 'ਤੇ ਪਟਾਕਿਆਂ ਲਈ ਮਿਲੇ ਪੈਸੇ ਵੀ ਇਕੱਠੇ ਕਰ ਲੈਂਦੀਆਂ ਸਨ।
ਇਸ ਦੇ ਉਲਟ ਮੁੰਡੇ ਬੱਚਤ ਘੱਟ ਕਰਦੇ ਸਨ ਅਤੇ ਸਾਰੇ ਰੁਪਏ ਪਟਾਕੇ ਖਰੀਦਣ ਵਿੱਚ ਉਡਾ ਦਿੰਦੇ ਸਨ। ਆਪਣੀ ਇਸ ਬੱਚਤ ਸਦਕਾ ਕੁੜੀਆਂ ਦਸੰਬਰ ਦੀਆਂ ਛੁੱਟੀਆਂ ਵਿੱਚ ਸ਼ਿਮਲਾ ਤਿੰਨ-ਚਾਰ ਦਿਨ ਦੇ ਵਿੱਦਿਅਕ ਸਕੂਲ ਟੂਰ ਤੇ ਜਾਂਦੀਆਂ ਤੇ ਮਾਪੇ ਵੀ ਖੁਸ਼ੀ-ਖੁਸ਼ੀ ਆਪਣੀਆਂ ਬੱਚੀਆਂ ਨੂੰ ਆਗਿਆ ਦੇ ਦਿੰਦੇ ਕਿਉਂ ਜੋ ਉਹ ਅਜਿਹਾ ਆਪਣੀ ਖੁਦ ਦੀ ਬੱਚਤ ਦੇ ਪੈਸਿਆਂ ਵਿੱਚੋਂ ਕਰਦੀਆਂ ਤੇ ਵਿੱਦਿਅਕ ਟੂਰ ਹੋਣ ਕਾਰਨ ਕੁਝ ਨਾ ਕੁਝ ਨਵਾਂ ਸਿੱਖਦੀਆਂ। ਇਹ ਵੀ ਬੱਚਤ ਦਾ ਸਹੀ ਇਸਤੇਮਾਲ ਸੀ। ਬੱਚਤ ਕਰਨਾ ਇੱਕ ਵਧੀਆ ਗੁਣ ਹੈ, ਕੇਵਲ ਇੱਕ-ਇੱਕ ਇਨਸਾਨ ਨਹੀਂ ਸਗੋਂ ਸਰਕਾਰ ਵੀ ਉਹੋ ਹੀ ਕਾਮਯਾਬ ਅਤੇ ਹਰਮਨ ਪਿਆਰੀ ਹੁੰਦੀ ਹੈ ਜੋ ਆਪਣਾ ਸਾਲਾਨਾ ਬਜਟ ਬੱਚਤ ਵਾਲਾ ਪੇਸ਼ ਕਰੇ। ਕਰੋਨਾ ਸਮੇਂ ਲੌਕਡਾਊਨ ਦੌਰਾਨ ਵੇਖਣ ਵਿੱਚ ਆਇਆ ਕਿ ਜਦੋਂ ਸਾਰੇ ਕਾਰੋਬਾਰ ਬੰਦ ਹੋ ਚੁੱਕੇ ਸਨ ਤਾਂ ਭਾਰਤ ਵਾਸੀਆਂ ਨੇ ਆਪਣੀ ਪਿਛਲੀ ਕੀਤੀ ਹੋਈ ਬੱਚਤ ਸਦਕਾ ਹੀ ਲੰਬਾ ਸਮਾਂ ਘਰ ਜਾਂ ਦੁਕਾਨ ਦਾ ਬੰਧਵਾ ਖਰਚਾ ਕੀਤਾ।
ਜੇਕਰ ਲੋਕਾਂ ਦੁਆਰਾ ਇਹ ਬੱਚਤ ਨਾ ਕੀਤੀ ਗਈ ਹੁੰਦੀ ਤਾਂ ਬਹੁਤ ਜ਼ਿਆਦਾ ਲੋਕ ਤਣਾਅ ਦਾ ਸ਼ਿਕਾਰ ਹੋ ਜਾਂਦੇ। ਬਾਹਰਲੇ ਮੁਲਕਾਂ ਵਿੱਚ ਲੋਕਾਂ ਵੱਲੋਂ ਬੱਚਤ ਬਹੁਤ ਘੱਟ ਕੀਤੀ ਜਾਂਦੀ ਹੈ, ਇਸ ਲਈ ਕਰੋਨਾ ਵੇਲੇ ਜਿਆਦਾਤਰ ਇਹ ਭਾਰਤ ਦੇ ਮੁਕਾਬਲੇ ਵਧੇਰੇ ਔਖੇ ਰਹੇ । ਇਸ ਤਰ੍ਹਾਂ ਬੱਚਤ ਕਰਨ ਨਾਲ ਜ਼ਿੰਦਗੀ ਸੁਖਾਲੀ ਰਹਿੰਦੀ ਹੈ ਅਤੇ ਹਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਬੱਚਤ ਕਰਨ ਦੇ ਗੁਰ ਸਿਖਾ ਸਕਦੇ ਹਨ। ਇਸ ਤੋਂ ਇਲਾਵਾ ਮੈਨੂੰ ਲਗਦਾ ਹੈ ਕਿ ਇੱਕ ਅਧਿਆਪਕ ਦੇ ਤੌਰ ਤੇ ਬੱਚਿਆਂ ਦੀ ਸਖਸ਼ੀਅਤ ਉੱਪਰ ਆਪਣੇ ਮਨਪਸੰਦ ਅਧਿਆਪਕ ਦਾ ਵੀ ਬਹੁਤ ਪ੍ਰਭਾਵ ਹੁੰਦਾ ਹੈ, ਸੋ ਇੱਕ ਚੰਗਾ ਅਧਿਆਪਕ ਵੀ ਆਪਣੇ ਵਿਦਿਆਰਥੀਆਂ ਨੂੰ ਬੱਚਤ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ। ਸੋ, ਆਉ ਆਪਾਂ ਸਾਰੇ ਹੀ ਆਪਣੀਆਂ ਜਰੂਰਤਾਂ ਨੂੰ ਪੂਰਾ ਕਰਕੇ ਬੱਚਤ ਕਰਨ ਦੀ ਆਦਤ ਪਾਈਏ ਤਾਂ ਜੋ ਲੋੜ ਪੈਣ ਤੇ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਚਿਆ ਜਾ ਸਕੇ ਤੇ ਜ਼ਿੰਦਗੀ ਸੁਖਾਲੀ ਲੰਘ ਸਕੇ।
-
ਪ੍ਰਿੰਸੀਪਲ ਰੰਧਾਵਾ ਸਿੰਘ , ਪ੍ਰਿੰਸੀਪਲ
*********
9417131332
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.