ਪੁਰਾਣੇ ਜ਼ਮਾਨੇ ਵਿੱਚ ਰੋਟੀ,ਕਪੜਾ ਅਤੇ ਮਕਾਨ ਮਨੁੱਖੀ ਜੀਵਨ ਦੀਆਂ ਬੁਨਿਆਦੀ ਜ਼ਰੂਰਤਾਂ ਸਨ,ਪਰ ਅਜੋਕੇ ਯੁੱਗ ਵਿੱਚ ਬਿਜਲੀ ਮਨੁੱਖੀ ਜੀਵਨ ਦਾ ਚੋਥਾ ਅਨਿੱਖੜਵਾਂ ਅੰਗ ਬਣ ਗਈ ਹੈ । ਰੋਟੀ ਤੋਂ ਬਿਨਾਂ ਤਾਂ ਮਨੁੱਖ ਇੱਕ ਜਾਂ ਦੋ ਦਿਨ ਆਪਣਾ ਜੀਵਨ ਬਤੀਤ ਕਰ ਸਕਦਾ ਹੈ,ਪਰ ਬਿਜਲੀ ਦੀ ਗੈਰਹਾਜ਼ਰੀ ਵਿੱਚ ਇਕ ਦਿਨ ਵੀ ਸੁੱਖਮਈ ਮਨੁੱਖੀ ਜੀਵਨ ਬਤੀਤ ਕਰਨਾ ਸੰਭਵ ਨਹੀਂ ਹੈ।
ਕਿਸੇ ਵੀ ਦੇਸ਼ ਜਾਂ ਸੂਬੇ ਦੀ ਆਰਥਿਕ ਤਰੱਕੀ ਵਿੱਚ ਬਿਜਲੀ ਦਾ ਬਹੁਤ ਵਡਮੁੱਲਾ ਯੋਗਦਾਨ ਹੁੰਦਾ ਹੈ। ਕਿਸੇ ਵੀ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਤਰੱਕੀ ਦਾ ਮਾਪਦੰਡ ਉਸ ਦੇਸ਼ ਦੇ ਨਾਗਰਿਕਾਂ ਵੱਲੋਂ ਕੀਤੀ ਗਈ ਬਿਜਲੀ ਦੀ ਖਪਤ ਨੂੰ ਹੀ ਪ੍ਰਮੁੱਖ ਅਧਾਰ ਮੰਨਿਆ ਜਾਂਦਾ ਹੈ। ਕਿਸੇ ਵੀ ਸੂਬੇ ਨੂੰ ਵਿਕਸਤ ਤੇ ਖੁਸ਼ਹਾਲ ਬਣਾਉਣ ਲਈ ਵਧੇਰੇ ਬਿਜਲੀ ਦੀ ਜ਼ਰੂਰਤ ਪੈਂਦੀ ਹੈ।ਬਿਜਲੀ ਦੀ ਘਾਟ ਨੂੰ ਬਿਜਲੀ ਦੀ ਪੈਦਾਵਾਰ ਨੂੰ ਵਧਾ ਕੇ ਜਾਂ ਬਿਜਲੀ ਦੀ ਬੱਚਤ ਰਾਹੀ ਹੀ ਪੂਰਾ ਕੀਤਾ ਜਾ ਸਕਦਾ ਹੈ। ਬਿਜਲੀ ਦੀ ਪੈਦਾਵਾਰ ਨੂੰ ਵਧਾਉਣ ਲਈ ਬਿਜਲੀ ਦੇ ਨਵੇਂ ਪ੍ਰਾਜੈਕਟ ਲਗਾਉਣੇ ਪੈਂਦੇ ਹਨ,ਜਿੰਨ੍ਹਾਂ ਦੀ ਉਸਾਰੀ ਲਈ ਬਹੁਤ ਵੱਡੀ ਵਿਉਂਤਬੰਦੀ,ਲੰਮਾ ਸਮਾਂ ਅਤੇ ਵਿੱਤੀ ਸਾਧਨ ਲੱਗਦੇ ਹਨ ਪ੍ਰੰਤੂ ਬਿਜਲੀ ਦੀ ਬੱਚਤ ਰਾਹੀਂ ਅਸੀ ਬਹੁਤ ਘੱਟ ਸਮੇਂ ਵਿੱਚ ਬਿਜਲੀ ਦੀ ਘਾਟ ਨੂੰ ਪੂਰਾ ਕਰ ਸਕਦੇ ਹਾਂ। ਇਸ ਲਈ ਬਿਜਲੀ ਦੀ ਬੱਚਤ ਨਾ ਸਿਰਫ ਸੂਬੇ ਜਾਂ ਭਾਰਤ ਸਗੋਂ ਪੂਰੇ ਵਿਸ਼ਵ ਭਰ ਵਿਚ ਅੱਜ ਦੇ ਸਮੇਂ ਦੀ ਮੁੱਖ ਲੋੜ ਬਣ ਗਈ ਹੈ।
14 ਦਸੰਬਰ ਜੋ ਕਿ ਰਾਸ਼ਟਰੀ ਊਰਜਾ ਬੱਚਤ ਦਿਵਸ ਵੱਜੋਂ ਮਨਾਇਆ ਜਾਂਦਾ ਹੈ । ਭਾਰਤ ਸਰਕਾਰ ਨੇ ਐਨਰਜੀ ਕੰਜਰਵੇਸ਼ਨ ਐਕਟ 2001 ਅਧੀਨ ਬਿਊਰੋ ਆਫ ਐਨਰਜੀ ਐਫੀਸੈਨਸ਼ੀ ਸਥਾਪਤ ਕੀਤੀ ਗਈ ਹੈ ।ਜਿਸ ਦਾ ਮੁੱਖ ਉਦੇਸ਼ ਊਰਜਾ ਸੰਜਮ ਸਬੰਧੀ ਨੀਤੀਆਂ,ਨਿਯਮ ਅਤੇ ਰਾਸ਼ਟਰੀ ਪੱਧਰ ਤੇ ਬਿਜਲੀ ਦੀ ਬਚੱਤ ਸਬੰਧੀ ਜਾਗਰੂਕਤਾ ਲਈ ਲੋੜੀਂਦੀ ਉਪਰਾਲੇ ਕਰਨਾ ਹੈ।*
ਬੇਸ਼ੱਕ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ ਬਿਜਲੀ ਇਕਾਈਆਂ ਵੱਲੋਂ ਬਿਜਲੀ ਦੀ ਬੱਚਤ ਨੂੰ ਲੈ ਕੇ ਬਹੁਤ ਸਾਰੀਆਂ ਸਕੀਮਾਂ,ਪ੍ਰੋਗਰਾਮ,ਮੁਹਿੰਮਾਂ ਰਾਹੀਂ ਯਤਨ ਕੀਤੇ ਜਾਂਦੇ ਹਨ,ਪਰ ਸਾਨੂੰ ਸਾਰਿਆਂ ਨੂੰ ਇਹ ਗੱਲ ਯਾਦ ਰਖਣੀ ਚਾਹੀਦੀ ਹੈ ਕਿ ਬਿਜਲੀ ਇੱਕ ਕੌਮੀ ਸਰਮਾਇਆ ਹੈ, ਅਤੇ ਬਿਜਲੀ ਦਾ ਦੇਸ਼ ਦੇ ਸਰਵ-ਪੱਖੀ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਹੈ। ਭਾਰਤ ਦੇਸ਼ ਦੇ ਸਾਰੇ ਨਾਗਰਿਕਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਬਿਜਲੀ ਦੀ ਬੱਚਤ ਅਤੇ ਬਿਜਲੀ ਨੂੰ ਸੰਜਮ ਨਾਲ ਵਰਤੋਂ ਕਰਨ ਵਿੱਚ ਆਪਣਾ ਆਪਣਾ ਯੋਗਦਾਨ ਪਾਈਏ। ਬਿਜਲੀ ਦੀ ਬੱਚਤ ਅਤੇ ਬਿਜਲੀ ਨੂੰ ਸੰਜਮ ਨਾਲ ਵਰਤੋਂ ਕਰਨ ਲਈ ਦੇਸ਼ ਦੇ ਨਾਗਰਿਕਾਂ ਨੂੰ ਕੋਈ ਵਿੱਤੀ ਸਾਧਨ ਨਹੀਂ ਜੁਟਾਣੇ ਪੈਂਦੇ , ਕੇਵਲ ਹਰ ਨਾਗਰਿਕ ਵੱਲੋਂ ਲੋੜ ਸਮੇਂ ਬਿਜਲੀ ਦੀ ਵਰਤੋਂ ਕੀਤੀ ਜਾਵੇ ਅਤੇ ਫਜੂਲ ਬਿਜਲੀ ਦੀ ਵਰਤੋਂ ਤੋਂ ਪਰਹੇਜ਼ ਕੀਤਾ ਜਾਵੇ, ਅਤੇ ਬਿਜਲੀ ਦੀ ਬਹੁਤ ਸੰਜਮ ਨਾਲ ਵਰਤੋਂ ਕੀਤੀ ਜਾਵੇ । ਕੇਵਲ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬਿਜਲੀ ਦੀ ਬੱਚਤ ਕਰਨ ਅਤੇ ਬਿਜਲੀ ਦੀ ਸੰਜਮ ਨਾਲ ਵਰਤੋਂ ਕਰਨ ਲਈ ਸੱਚੇ ਦਿਲੋਂ ਇਮਾਨਦਾਰੀ ਅਤੇ ਦ੍ਰਿੜ ਇਰਾਦੇ ਨਾਲ ਪਹਿਲ ਕਦਮੀ ਕਰਨ ਦੀ ਲੋੜ ਹੈ ।*
ਦੇਸ਼ ਵਿਚ ਹਰ ਸਾਲ 8 ਤੋਂ 10 ਪ੍ਰਤੀਸ਼ਤ ਬਿਜਲੀ ਦੀ ਔਸਤਨ ਮੰਗ ਵਿੱਚ ਵਾਧਾ ਹੁੰਦਾ ਹੈ । ਸੈਂਟਰਲ ਇਲੈਕਟੀਸਿਟੀ ਅਥਾਰਟੀ ਵੱਲੋਂ ਹਾਲ ਵਿੱਚ ਵਿੱਤੀ ਸਾਲ 2023-2024 ਦੇ ਮੁਕਾਬਲੇ ਵਿੱਤੀ ਸਾਲ 2024-2025 ਵਿੱਚ ਆਲ ਇੰਡੀਆ ਪੱਧਰ ਤੇ ਬਿਜਲੀ ਦੀ ਮੰਗ 256.53 ਗੀਗਾਵਾਟ ਦੀ ਭਵਿੱਖਬਾਣੀ ਕੀਤੀ ਹੈ।ਸੈਂਟਰਲ ਇਲੈਕਟੀਸਿਟੀ ਅਥਾਰਟੀ ਦੀਆਂ ਭਵਿੱਖਬਾਣੀਆਂ ਅਨੁਸਾਰ ਸਤੰਬਰ 2024 ਵਿੱਚ ਬਿਜਲੀ ਦੀ ਮੰਗ 256 ਗੀਗਾਵਾਟ ਤੋਂ ਵੱਧ ਜਾਵੇਗੀ।
ਬਿਜਲੀ ਬੱਚਤ ਕਰਨ ਲਈ ਜਰੂਰੀ ਨੁਕਤੇ:
ਪੁਰਾਣੇ ਰਿਵਾਇਤੀ ਬੱਲਬਾਂ ਨੂੰ ਐਲ.ਈ.ਡੀ ਬੱਲਬਾਂ ਨਾਲ ਬਦਲੋ ਜੋ ਕਿ ਬਿਜਲੀ ਦੀ ਘੱਟ ਖਪਤ ਕਰਦੇ ਹਨ। ਸਜਾਵਟੀ ਲਾਈਟਾਂ ਲਈ ਵੀ ਐਲ.ਈ.ਡੀ ਸਟਰਿਪਾਂ ਦੀ ਵਰਤੋ ਕਰੋ। ਏ.ਸੀ ਦੇ ਤਾਪਮਾਨ ਦੀ ਸੈਟਿੰਗ 24 ਡਿਗਰੀ ਸੈਂਟੀ ਗਰੇਡ ਰੱਖੋ ਅਤੇ ਗੀਜਰ ਦੇ ਤਾਪਮਾਨ ਦੀ ਸੈਟਿੰਗ 60-65 ਡਿਗਰੀ ਸੈਂਟੀ ਗਰੇਡ ਰੱਖੋ। ਬਿਊਰੋ ਆਫ ਐਨਰਜੀ ਐਫੀਸੈਨਸ਼ੀ (ਬੀ.ਈ.ਈ) ਵੱਲੋਂ ਨਿਰਧਾਰਿਤ 5 ਸਟਾਰ ਬਿਜਲੀ ਯੰਤਰਾਂ ਦੀ ਵਰਤੋ ਕਰੋ। ਸੋਲਰ ਪਾਵਰ ਨਾਲ ਚੱਲਣ ਵਾਲੇ ਉਪਕਰਣਾ ਜਿਵੇਂ ਕਿ ਸੋਲਰ ਸਟੋਵ, ਸੋਲਰ ਗੀਜਰ ਆਦਿ ਦੀ ਵਰਤੋਂ ਕਰੋ। ਘਰਾਂ ਅਤੇ ਦਫਤਰਾਂ ਦੀਆਂ ਤਾਕੀਆਂ ਅਤੇ ਦਰਵਾਜੇ ਮੋਸਮ ਅਨੁਸਾਰ ਗਰਮੀ ਕੁਚਾਲਕ ਬਣਵਾਓ। ਘਰਾਂ ਅਤੇ ਦਫਤਰਾਂ ਦਾ ਬਿਜਲੀ ਆਡਿਟ ਕਰਵਾਓ। ਕੁਦਰਤੀ ਰੋਸ਼ਨੀ ਦੀ ਵੱਧ ਤੋਂ ਵੱਧ ਵਰਤੋ ਕਰੋ। ਜਦੋਂ ਬਿਜਲੀ ਦੀ ਜਰੂਰਤ ਨਾ ਹੋਵੇਂ ਤਾਂ ਬਿਜਲੀ ਉਪਕਰਨਾਂ ਨੂੰ ਬੰਦ ਰੱਖੋ ਜਿਵੇਂ ਕਿ ਮੋਬਾਇਲ ਚਾਰਜਰ, ਟੈਲੀਵਿਜਨ, ਕੰਪਿਊਟਰ, ਲੈਪਟੋਪ ਆਦਿ। ਖੇਤੀਬਾੜੀ ਦੇ ਖੇਤਰ ਵਿੱਚ ਪਾਣੀ ਦੀ ਵਰਤੋਂ ਖੇਤੀਬਾੜੀ ਯੂਨੀਵਰਸਿਟੀ ਅਤੇ ਖੋਜ ਕੇਦਰਾਂ ਵੱਲੋਂ ਦਿੱਤੇ ਪ੍ਰਮਾਣਿਤ ਦਰਜੇ ਅਨੁਸਾਰ ਕੀਤੀ ਜਾਵੇ।ਸਾਰੇ ਬਿਜਲੀ ਦੇ ਉਪਕਰਨਾਂ ਦੀ ਮੁਰੰਮਤ ਅਤੇ ਸਾਫ-ਸਫਾਈ ਨਿਯਮਿਤ ਰੂਪ ਨਾਲ ਕਰਵਾਉਂਦੇ ਰਹੋ।
ਬਿਜਲੀ ਦੇ ਇੱਕ ਯੂਨਿਟ ਦੀ ਬੱਚਤ ਕਰਨ ਨਾਲ 1.25 ਯੂਨਿਟ ਬਿਜਲੀ ਪੈਦਾਵਾਰ ਦੇ ਬਰਾਬਰ ਹੈ । ਪੰਜਾਬ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਖ-ਵੱਖ ਸ਼੍ਰੇਣੀਆਂ ਦੇ ਇੱਕ ਕਰੋੜ ਤੋਂ ਵੱਧ ਖਪਤਕਾਰਾਂ ਦੇ ਅਹਾਤਿਆਂ ਨੂੰ ਬਿਜਲੀ ਨਾਲ ਰੋਸ਼ਨਾ ਰਿਹਾ ਹੈ। ਜੇਕਰ ਪੰਜਾਬ ਦਾ ਹਰ ਖਪਤਕਾਰ ਰੋਜ਼ਾਨਾ ਇੱਕ ਯੂਨਿਟ ਬਿਜਲੀ ਦੀ ਬੱਚਤ ਕਰੇ ਤਾਂ ਇਸ ਨਾਲ ਕਲਪਨਾ ਕੀਤੀ ਜਾ ਸਕਦੀ ਹੈ ਕਿ ਕਿੰਨੇ ਵੱਡੇ ਪੱਧਰ ਤੇ ਬਿਜਲੀ ਦੀ ਬੱਚਤ ਹੋਵੇਗੀ ਅਤੇ ਬਿਜਲੀ ਦੀ ਘਾਟ ਵੀ ਪੂਰੀ ਹੋ ਸਕੇਗੀ, ਕਿੰਨੇ ਸੋਮਿਆਂ ਦੀ ਬੱਚਤ ਹੋਵੇਗੀ ਅਤੇ ਇਸ ਨਾਲ ਬਿਜਲੀ ਖਪਤਕਾਰ ਦੇ ਵਿੱਤੀ ਸਾਧਨ ਮਜਬੂਤ ਹੋਣਗੇ ।
-
ਮਨਮੋਹਨ ਸਿੰਘ, ਉਪ ਸਕੱਤਰ ਲੋਕ ਸੰਪਰਕ ਵਿਭਾਗ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ
iopspcl@gmail.com
9646177800
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.