ਗੁਰਭਜਨ ਗਿੱਲ ਸਥਾਪਤ ਸ਼ਾਇਰ ਹੈ। ਉਹ ਸਰਬਕਲਾ ਸੰਪੂਰਨ ਤੇ ਹਰਫਨ ਮੌਲਾ ਸਾਹਿਤਕਾਰ ਹੈ। ਉਸ ਨੂੰ ਸਾਹਿਤਕ ਇਤਿਹਾਸਕਾਰ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਵਰਤਮਾਨ ਸਮੇਂ ਦੀਆਂ ਘਿਨੌਣੀਆਂ ਸਥਿਤੀਆਂ ਨੂੰ ਪਾਠਕਾਂ ਦੀ ਨਜ਼ਰਸਾਨੀ ਕਰਨ ਲਈ ਸਾਹਿਤਕ ਰੂਪ ਦੇ ਕੇ ਪ੍ਰਗਟਾਉਂਦਾ ਹੈ। ਗੁਰਭਜਨ ਗਿੱਲ ਦੀ ਇਕ ਹੋਰ ਵਿਲੱਖਣਤਾ ਹੈ ਕਿ ਉਹ ਖਾਸ ਤੌਰ ‘ਤੇ ਪੰਜਾਬੀ ਅਤੇ ਉਰਦੂ ਸਾਹਿਤ ਦੇ ਹਰ ਰੂਪ ਨੂੰ ਪੜ੍ਹਦਾ ਹੈ। ਇਸ ਕਰਕੇ ਉਸ ਦੀ ਸ਼ਬਦਾਵਲੀ ਅਤੇ ਜਾਣਕਾਰੀ ਬਹੁਤ ਵਿਸ਼ਾਲ ਤੇ ਅਮੀਰ ਹੈ। ਉਸ ਦੀ ਕਮਾਲ ਇਸ ਗੱਲ ਵਿੱਚ ਹੈ ਕਿ ਉਸ ਕੋਲ ਹਰ ਭਾਸ਼ਾ ਦੇ ਸਾਹਿਤਕਾਰਾਂ ਬਾਰੇ ਜਾਣਕਾਰੀ ਦਾ ਖ਼ਜ਼ਾਨਾ ਹੈ। ਉਸ ਨੂੰ ਸਾਹਿਤਕਾਰਾਂ ਦਾ ਇਨਸਾਈਕਲੋਪੀਡੀਆ ਵੀ ਕਿਹਾ ਜਾ ਸਕਦਾ ਹੈ। ਉਸ ਦੀ ਸਾਹਿਤਕ ਸੋਚ ਆਮ ਲੋਕਾਂ ਦੀ ਸੋਚ ਬਣ ਗਈ ਹੈ। ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਦੇ ਵਿਸ਼ਾ ਵਸਤੂ ਰੰਗ ਬਿਰੰਗੇ ਅਤੇ ਵੰਨ ਸੁਵੰਨੇ ਹਨ। ਗ਼ਰੀਬਾਂ, ਮਜ਼ਲੂਮਾਂ, ਕਿਸਾਨੀ ਅਤੇ ਕੁਦਰਤ ਦੀ ਕਰੋਪੀ ਦੇ ਦਰਦ, ਵਾਤਾਵਰਨ, ਹਵਾ, ਪਾਣੀ, ਪਰਵਾਸ, ਵਹਿਮ ਭਰਮ, ਸ਼ਾਜ਼ਸ਼ਾਂ, ਸ਼ਾਹੂਕਾਰਾਂ, ਪੁਲਿਸ ਜ਼ਿਆਦਤੀਆਂ, ਨਸ਼ੇ, ਰਾਜਨੀਤੀ ਅਤੇ ਜ਼ਾਤ ਪਾਤ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਗ਼ਜ਼ਲਾਂ ਦੇ ਵਿਸ਼ੇ ਬਣਾਇਆ ਹੈ।
ਉਸ ਦੀਆਂ ਗ਼ਜ਼ਲਾਂ ਦੇ ਸ਼ਬਦ ਆਪ ਮੁਹਾਰੇ ਬੋਲਦੇ ਹਨ। ਉਸ ਦਾ ਗ਼ਜ਼ਲਾਂ ਲਿਖਣ ਦਾ ਅੰਦਾਜ਼ ਵਿਲੱਖਣ ਹੈ। ਗੁਰਭਜਨ ਗਿੱਲ ਦੀਆਂ ਕਵਿਤਾਵਾਂ/ਗ਼ਜ਼ਲਾਂ ਸਮੇਂ ਦੀ ਨਜ਼ਾਕਤ ਨੂੰ ਅਨੁਭਵ ਕਰਕੇ ਲਿਖੀਆਂ ਹੋਈਆਂ ਹਨ। ਉਸ ਦੇ ਹੁਣ ਤੱਕ ਦੋ ਦਰਜਨ ਤੋਂ ਉਪਰ ਕਵਿਤਾ ਅਤੇ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ ਪ੍ਰੰਤੂ ‘ਹਰ ਧੁਖਦਾ ਪਿੰਡ ਮੇਰਾ ਹੈ’ ਗੁਰਭਜਨ ਗਿੱਲ ਦੇ ਸਾਹਿਤਕ ਸਫ਼ਰ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਤੇ ਦੂਜੀ ਪੁਸਤਕ ਹੈ। ਉਸ ਦੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਤੋਂ ਮਹਿਜ ਤਿੰਨ ਸਾਲ ਬਾਅਦ ਪਹਿਲਾ ਕਾਵਿ ਸੰਗ੍ਰਹਿ ‘ਸ਼ੀਸ਼ਾ ਝੂਠ ਬੋਲਦਾ ਹੈ’ ਆਉਣਾ ਆਪਣੇ ਆਪ ਵਿੱਚ ਉਸ ਦੀ ਸਾਹਿਤਕ ਪ੍ਰਤਿਭਾ ਦਾ ਸਬੂਤ ਹੈ। ਉਸ ਤੋਂ 7 ਸਾਲ ਬਾਅਦ ਗ਼ਜ਼ਲ ਸੰਗ੍ਰਹਿ ‘ਹਰ ਧੁਖਦਾ ਪਿੰਡ ਮੇਰਾ ਹੈ’ ਪ੍ਰਕਾਸ਼ਤ ਹੋਇਆ ਸੀ। ਇਹ ਉਸ ਗ਼ਜ਼ਲ ਸੰਗ੍ਰਹਿ ਦਾ ਤੀਜਾ ਐਡੀਸ਼ਨ ਹੈ, ਜਿਹੜਾ ਵੱਡੇ ਰੂਪ ਵਿੱਚ 2021 ਵਿੱਚ ਪ੍ਰਕਾਸ਼ਤ ਹੋਇਆ ਸੀ। ਇਹ ਗ਼ਜ਼ਲ ਸੰਗ੍ਰ੍ਰਹਿ ਪੜ੍ਹਕੇ ਇੰਜ ਮਹਿਸੂਸ ਹੁੰਦਾ ਹੈ ਕਿ ਗੁਰਭਜਨ ਗਿੱਲ ਚੜ੍ਹਦੀ ਉਮਰ ਵਿੱਚ ਵੀ ਪ੍ਰੌੜ੍ਹ ਗ਼ਜ਼ਲਗੋ ਦੀ ਤਰ੍ਹਾਂ ਲਿਖਦਾ ਰਿਹਾ ਹੈ। ਗੁਰਭਜਨ ਗਿੱਲ ਦੀਆਂ ਮੁੱਢਲੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦੇ ਵਿਸ਼ਿਆਂ ਵਿੱਚ ਇਸ ਸਮੇਂ ਤੱਕ ਵੀ ਬਹੁਤੀ ਤਬਦੀਲੀ ਨਹੀਂ ਆਈ ਪ੍ਰੰਤੂ ਸੁਰ ਤਾਲ, ਰਦੀਫ ਅਤੇ ਸਾਹਿਤਕ ਮਾਪ ਦੰਡਾਂ ਵਿੱਚ ਪਰਪੱਕਤਾ ਜ਼ਰੂਰ ਆਈ ਹੈ। ਇਸ ਗ਼ਜ਼ਲ ਸੰਗ੍ਰਹਿ ਵਿੱਚ ਉਸ ਨੇ ਗ਼ਜ਼ਲ ਦੇ ਮਾਪ ਦੰਡਾਂ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ ਪ੍ਰੰਤੂ ਵਿਸ਼ੇ ਸਮਾਜਿਕ ਤਾਣੇ ਬਾਣੇ ਵਿੱਚ ਵਾਪਰ ਰਹੀਆਂ ਘਟਨਾਵਾਂ ਨਾਲ ਸੰਬੰਧਤ ਹਨ। ਉਹ ਆਮ ਕਵੀਆਂ ਅਤੇ ਗ਼ਜ਼ਲਗੋ ਵਾਂਗੂੰ ਆਪਣੀਆਂ ਰਚਨਾਵਾਂ ਵਿੱਚ ਪਿਆਰ ਮੁਹੱਬਤ ਤੇ ਬਿਰਹਾ ਦੇ ਰੋਣੇ ਧੋਣੇ ਨਹੀਂ ਰੋਂਦਾ। ਉਸ ਦੀਆਂ ਸਾਰੀਆਂ ਗ਼ਜ਼ਲਾਂ ਵਿੱਚੋਂ ਇਨਸਾਨੀਅਤ ਦੇ ਦਰਦ ਦੀ ਪੀੜ ਦਿ੍ਰਸ਼ਟਾਂਤਿਕ ਰੂਪ ਵਿੱਚ ਝਲਕਦੀ ਹੈ। ਗ਼ਜ਼ਲ ਪੜ੍ਹਦਿਆਂ ਹੀ ਵਾਪਰ ਰਹੀ ਘਟਨਾ ਦਾ ਸੀਨ ਵਿਖਾਈ ਦੇਣ ਲਗਦਾ ਹੈ। ਇਹੋ ਗ਼ਜ਼ਲਗੋ ਦੀ ਕਾਬਲੀਤ ਦਾ ਸਬੂਤ ਹੈ। ਉਸ ਦੀਆਂ ਗ਼ਜ਼ਲਾਂ ਨੀਰਸ ਨਹੀਂ ਹੁੰਦੀਆਂ ਸਗੋਂ ਜੋਸ਼ ਪੈਦਾ ਕਰਦੀਆਂ ਹਨ।
ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਸਮਾਜ ਦੇ ਯਥਾਰਥ ਦਾ ਸ਼ੀਸ਼ਾ ਹਨ। ਸਾਹਿਤਕਾਰ ਦਾ ਮੰਤਵ ਸਿਰਫ ਪਾਠਕਾਂ ਦਾ ਮਨੋਰੰਜਨ ਕਰਨਾ ਹੀ ਨਹੀਂ ਹੁੰਦਾ ਪ੍ਰੰਤੂ ਉਸ ਦੀ ਰਚਨਾਵਾਂ ਸਮਾਜ ਵਿੱਚ ਰੋਜ ਮਰ੍ਹਰਾ ਦੀਆਂ ਵਿਸੰਗਤੀਆਂ ਨਾਲ ਸੰਬੰਧਤ ਵੀ ਹੋਣੀਆਂ ਚਾਹੀਦੀਆਂ ਹਨ, ਜਿਹੜੀਆਂ ਲੋਕਾਈ ਲਈ ਪ੍ਰੇਰਨਾ ਸਰੋਤ ਬਣਨ। ਗੁਰਭਜਨ ਗਿੱਲ ਦੀਆਂ ਕੱਚੀ ਉਮਰ ਵਿੱਚ ਲਿਖੀਆਂ ਗ਼ਜ਼ਲਾਂ ਵੀ ਪਾਠਕਾਂ ਅਤੇ ਖਾਸ ਤੌਰ ‘ਤੇ ਨਵੇਂ ਉਭਰ ਰਹੇ ਸਾਹਿਤਕਾਰਾਂ ਲਈ ਪ੍ਰੇਰਨਾ ਸਰੋਤ ਬਣਦੀਆਂ ਹਨ। ਉਸ ਦੀਆਂ ਗ਼ਜ਼ਲਾਂ ਪਾਠਕਾਂ ਨੂੰ ਅਜਿਹੇ ਤੁਣਕੇ ਮਾਰਦੀਆਂ ਹਨ ਕਿ ਉਹ ਸਮਾਜਕ ਦੁਖਾਂਤ ਨੂੰ ਸਿਰਫ ਮਹਿਸੂਸ ਹੀ ਨਹੀਂ ਕਰਵਾਉਂਦੀਆਂ ਸਗੋਂ ਉਨ੍ਹਾਂ ਦੇ ਹਲ ਲਈ ਵੀ ਪ੍ਰੇਰਿਤ ਕਰਦੀਆਂ ਹਨ। ਲਗਪਗ ਉਸ ਦੀ ਹਰ ਗ਼ਜ਼ਲ ਸਮਾਜਿਕ ਵਰਤਾਰੇ ਵਿੱਚ ਹੋ ਰਹੇ ਗ਼ਲਤ ਕੰਮਾ ਦਾ ਪਰਦਾ ਫਾਸ਼ ਕਰਦੀ ਹੈ ਪ੍ਰੰਤੂ ਗ਼ਜ਼ਲ ਦਾ ਆਖ਼ਰੀ ਸ਼ਿਅਰ ਉਸ ਦੇ ਹਲ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਤੋਂ ਭਾਵ ਹੈ ਕਿ ਉਸ ਦੀਆਂ ਗ਼ਜ਼ਲਾਂ ਸਮਾਜ ਵਿੱਚ ਵਾਪਰ ਰਹੀਆਂ ਦੁਸ਼ਾਵਰੀਆਂ ਬਾਰੇ ਜਾਣਕਾਰੀ ਹੀ ਨਹੀਂ ਦਿੰਦੀਆਂ ਸਗੋਂ ਉਨ੍ਹਾਂ ਤੋਂ ਖਹਿੜਾ ਕਿਵੇਂ ਛੱਡਵਾਇਆ ਜਾਵੇ, ਉਸ ਲਈ ਹੱਲਾ ਸ਼ੇਰੀ ਦਿੰਦੀਆਂ ਹਨ। ਇਸ ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ ਦੀ ਸ਼ਬਦਾਵਲੀ ਅਤੇ ਸ਼ੈਲੀ ਦਿਹਾਤੀ ਧਰਾਤਲ ਵਿੱਚੋਂ ਲਈ ਗਈ ਨਿਵੇਕਲੀ ਹੈ। ਗੁਰਭਜਨ ਗਿੱਲ ਤਿੱਖੀ ਬੁੱਧੀ ਦਾ ਮਾਲਕ ਹੈ, ਉਸ ਦਾ ਜੀਵਨ ਨੂੰ ਵੇਖਣ ਅਤੇ ਪਰਖਣ ਦਾ ਅਨੁਭਵ ਵਿਸ਼ਾਲ ਹੈ, ਜਿਸ ਕਰਕੇ ਉਸ ਨੇ ਵੇਖਕੇ ਜੋ ਮਹਿਸੂਸ ਕੀਤਾ ਉਸ ਨੂੰ ਬੇਬਾਕੀ ਨਾਲ ਲਿਖਿਆ ਹੈ। ਉਸ ਦੀ ਬੇਬਾਕੀ ਆਪਣੇ ਸਾਹਿਤਕਾਰ ਭਾਈਚਾਰੇ ਨੂੰ ਵੀ ਬਖ਼ਸ਼ਦੀ ਨਹੀਂ, ਉਹ ਕਲਮਾ ਵਾਲਿਆਂ ‘ਤੇ ਵਿਅੰਗਮਈ ਸੰਕੇਤਕ ਕਟਾਕਸ਼ ਕਰਦਿਆਂ ਲਿਖਦਾ ਹੈ:
ਡੁੱਲ੍ਹੇ ਖ਼ੂਨ ਦਾ ਲੇਖਾ-ਜੋਖਾ ਕੌਣ ਕਰੇਗਾ ਯਾਰੋ,
ਕਲਮਾਂ ਦੇ ਵੱਲ ਘੂਰ ਰਿਹਾ ਏ ਚੁੱਪ ਕੀਤਾ ਅਸਮਾਨ।
ਕਿਉਂ ਤੇਰੇ ਹੋਠਾਂ ‘ਤੇ ਚੁੱਪ ਦਾ ਪਹਿਰਾ,
ਨਾਗ ਤਾਂ ਜ਼ਹਿਰੀ ਮੁਸਕਣੀਆਂ ਸੰਗ ਖੇਲ੍ਹੇ।
‘ਹਰ ਧੁਖਦਾ ਪਿੰਡ ਮੇਰਾ ਹੈ’ ਗ਼ਜ਼ਲ ਸੰਗ੍ਰਹਿ ਦੇ ਨਾਮ ਤੋਂ ਸਾਬਤ ਹੁੰਦਾ ਹੈ ਕਿ ਇਸ ਵਿੱਚ ਪਿੰਡਾਂ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਵਰਣਨ ਹੋਵੇਗਾ, ਜੋ ਸੱਚ ਸਾਬਤ ਹੋ ਰਿਹਾ ਹੈ। ਗ਼ਜ਼ਲਗੋ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਦੀ ਸੋਚਣੀ ਦੇ ਅੰਤਰ ਦਾ ਜ਼ਿਕਰ ਵੀ ਕਰਦਾ ਹੈ। ਸ਼ਹਿਰਾਂ ਵਾਲਿਆਂ ਨੂੰ ਪਿੰਡਾਂ ਵਾਲਿਆਂ ਦੇ ਦਰਦ ਦੀ ਪੀੜ ਬਾਰੇ ਉਤਨੀ ਜਾਣਕਾਰੀ ਨਹੀਂ। ਸਰਕਾਰੀ ਤੰਤਰ ਪਿੰਡਾਂ ਦੇ ਲੋਕਾਂ ਦੀਆਂ ਮਜ਼ਬੂਰੀਆਂ ਦਾ ਲਾਭ ਉਠਾਉਂਦਾ ਹੋਇਆ ਲੁੱਟਦਾ ਹੈ। ਇਨ੍ਹਾਂ ਸਾਰੀਆਂ ਅਲਾਮਤਾਂ ਦੇ ਬਾਵਜੂਦ ਗ਼ਜ਼ਲਗੋ ਨਿਰਾਸ਼ ਨਹੀਂ, ਉਸ ਨੂੰ ਆਸ ਹੈ ਕਿ ਇਕ ਨਾ ਇਕ ਦਿਨ ਪਿੰਡਾਂ ਦੇ ਲੋਕ ਜਾਗ੍ਰਤ ਹੋਣਗੇ ਤੇ ਮੁੜ ਆਪਣੇ ਪੈਰਾਂ ‘ਤੇ ਖੜ੍ਹੇ ਹੋਣਗੇ। ਉਹ ਕਿਸੇ ਇਨਕਲਾਬ ਦੇ ਸਪਨੇ ਵੇਖ ਰਿਹਾ ਹੈ। ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿੱਚ ਜ਼ੁਲਮਾਂ, ਵਧੀਕੀਆਂ, ਧੋਖਿਆਂ ਦਾ ਬੋਲਬਾਲਾ ਹੋਣ ਦੇ ਬਾਵਜੂਦ ਆਸ਼ਾ ਦੀ ਕਿਰਨ ਵੀ ਵਿਖਾਈ ਦਿੰਦੀ ਹੈ। ਪਿੰਡਾਂ ਦੇ ਲੋਕਾਂ ਦੀ ਤ੍ਰਾਸਦੀ ਬਾਰੇ ਉਸ ਦੀਆਂ ਗ਼ਜ਼ਲਾਂ ਦੇ ਹੇਠ ਲਿਖੇ ਸ਼ਿਅਰ ਸ਼ਪਸਟ ਕਰਦੇ ਹਨ ਕਿ ਗੁਰਭਜਨ ਗਿੱਲ ਲੋਕਾਈ ਦੇ ਦਰਦ ਬਾਰੇ ਕਿਤਨਾ ਚਿੰਤਾਜਨਕ ਹੈ:
ਜਿੱਥੇ ਕਿਧਰੇ ਚੀਕਾਂ ਤੇ ਕੁਰਲਾਹਟਾਂ ਦੀ ਆਵਾਜ਼ ਸੁਣੇ,
ਹਰ ਬਸਤੀ, ਘਰ, ਸ਼ਹਿਰ, ਦੇਸ਼ ਤੇ ਹਰ ਧੁਖਦਾ ਪਿੰਡ ਮੇਰਾ ਹੈ।
ਸਾਡੇ ਪਿੰਡ ਤਾਂ ਫੂਹੜੀ ਵਿਛ ਗਈ ਗੜ੍ਹੇਮਾਰ ਦੇ ਮਗਰੋਂ,
ਸ਼ਹਿਰਾਂ ਦੇ ਵਿੱਚ ਲਾਊਡ-ਸਪੀਕਰ ਉੱਚੀ ਉੱਚੀ ਗਾਵੇ।
ਠੰਢਾ-ਚੁੱਲ੍ਹਾ ਖ਼ਾਲੀ-ਬੋਰੀ ਸੱਖਣੇ-ਪੀਪੇ ਰੋਂਦੇ,
ਵੇਖ ਭੜੋਲੀਆਂ ਖ਼ਾਲਮ-ਖ਼ਾਲੀ ਸਾਹ-ਸਤ ਮੁੱਕਦਾ ਜਾਵੇ।
ਧਰਤੀ ਤੇ ਕੁਰਲਾਹਟ ਪਈ ਹੈ ਕੌਣ ਸੁਣੇ ਅਰਜ਼ੋਈ,
ਸਾਡੀਆਂ ਕਣਕਾਂ ਦਾ ਰਖ਼ਵਾਲਾ ਹੈ ਸਰਕਾਰੀ ਸਾਨ੍ਹ।
ਕੁਝ ਮੌਸਮ ਦੀ ਭੇਟ ਚੜ੍ਹ ਗਿਆ ਬਾਕੀ ਜੋ ਵੀ ਬਚਿਆ,
ਦਾਣਾ ਫੱਕਾ ਹੂੰਝ ਕੇ ਲੈ ਗਏ ਰਲ ਮੰਡੀਆਂ ਦੇ ਚੋਰ।
ਆਦਮ-ਬੋ ਆਦਮ-ਬੋ ਕਰਦੇ ਫਿਰਨ ਸ਼ਿਕਾਰੀ ਏਥੇ,
ਖੇਤਾਂ ਤੇ ਮਲਿ੍ਹਆਂ ਦੀ ਥਾਵੇਂ ਫ਼ੋਲਣ ਸ਼ਹਿਰ ਗਿਰਾਂ।
ਜਿਸ ਨੇ ਮੇਰੇ ਵੱਸਦੇ ਪਿੰਡ ਨੂੰ ਮਿੱਟੀ ਵਿੱਚ ਮਿਲਾਇਆ ਹੈ,
ਉਹ ਹੀ ਅੱਜ ਬਿਠਾ ਕੇ ਮੈਨੂੰ ਸਬਕ ਦਏ ਧਰਵਾਸ ਦਾ।
ਪਿੰਡ ਜਾਗਣਗੇ ਸੰਭਾਲਣਗੇ ਵੀ ਮਿੱਟੀ,
ਮੁੜ ਉਸਾਰਨਗੇ ਉਹੀ ਢੱਠੇ ਘਰਾਂ ਨੂੰ।
ਪੰਜਾਬ ਵਿੱਚ 80ਵਿਆਂ ਤੋਂ ਕਾਲਾ ਦੌਰ ਸ਼ੁਰੂ ਹੋਇਆ, ਜਿਸਦਾ ਸੇਕ ਲਗਪਗ ਹਰ ਪੰਜਾਬੀ ਪਰਿਵਾਰ ਨੂੰ ਹੰਢਾਉਣਾ ਪਿਆ। 1980 ਤੋਂ 85 ਤੱਕ ਜੋ ਪੰਜਾਬ ਵਿਚ ਇਨਸਾਨੀਅਤ ਦਾ ਘਾਣ ਹੋਇਆ, ਉਸ ਬਾਰੇ ਗੁਰਭਜਨ ਗਿੱਲ ਦਾ ਸਾਹਿਤਕ ਮਨ ਪ੍ਰਭਾਵਤ ਹੋਏ ਬਿਨਾ ਰਹਿ ਨਹੀਂ ਸਕਿਆ। ਇਸ ਲਈ ਉਸ ਨੇ ਇਸ ਗ਼ਜ਼ਲ ਸੰਗ੍ਰਹਿ ਵਿੱਚ ਉਸ ਦੌਰ ਦੀਆਂ ਕੋਝੀਆਂ ਹਰਕਤਾਂ ਨੂੰ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾਇਆ ਹੈ। ਇਹ ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ ਸਿੰਬਾਲਿਕ ਹਨ, ਸਾਹਿਤਕ ਪਿਉਂਦ ਨਾਲ ਉਨ੍ਹਾਂ ਵਿਚ ਕਾਲੇ ਦੌਰ ਦਾ ਜ਼ਿਕਰ ਕੀਤਾ ਗਿਆ ਹੈ। ਉਸ ਦੀਆਂ ਗ਼ਜ਼ਲਾਂ ਦੇ ਕੁਝ ਸ਼ਿਅਰ ਇਸ ਪ੍ਰਕਾਰ ਹਨ:
ਘੋੜ-ਸਵਾਰ ਬੰਦੂਕਾਂ ਵਾਲੇ ਮੱਲ ਖਲੋਤੇ ਬੂਹੇ,
ਅੰਦਰ ਬਾਹਰ ਲੈਣ ਤਲਾਸ਼ੀ ਅਣਦੱਸੇ ਮਹਿਮਾਨ।
ਜਿਨ੍ਹਾਂ ਰੁੱਖਾਂ ਕੋਲ ਫ਼ਲ ਫੁੱਲ ਹਰੇ ਪੱਤੇ ਸਨ,
ਐਸਾ ਸੇਕਿਆ ਹਵਾ ਨੇ ਹੋਏ ਕੋਲ਼ਿਆਂ ਦੇ ਵਾਂਗ।
ਜੇ ਰਾਤਾਂ ਕਾਲੀਆਂ ਤੇ ਲੰਮੀਆਂ ਏਦਾਂ ਹੀ ਰਹੀਆਂ ਤਾਂ,
ਮੈਂ ਕੀਕਣ ਚਾਨਣੀ ਵਿਚ ਫ਼ਲਣ ਵਾਲਾ ਬਿਰਖ਼ ਲਾਵਾਂਗਾ।
ਅੰਬਰ ਦੇ ਵਿੱਚ ਤਰਦੀ ਹੋਈ ਕਦੇ ਵੀ ਡੁੱਬ ਸਕਦੀ ਹੈ,
ਅਪਣੀ ਗੁੱਡੀ ਦੀ ਨਾ ਜਦ ਤੱਕ ਆਪ ਸੰਭਾਲੂ ਡੋਰ।
ਝੱਖੜ-ਝਾਂਜਾ ਤੇਜ਼ ਹਨ੍ਹੇਰੀ ਅੱਗ ਬਲੇ ਪਈ ਜੰਗਲ ਵਿਚ,
ਫਿਰ ਵੀ ਬੂਟਾ ਪਾਲ ਰਿਹਾ ਹਾਂ ਰੰਗ-ਬਿਰੰਗੀ ਆਸ ਦਾ।
‘ਵਰਿ੍ਹਆਂ ਤੋਂ ਸਾਂਭਿਆ ਹੈ ਜਿਸ ਚਾਨਣੀ ਦਾ ਸੁਪਨਾ,
ਨੱਚਦੇ ਹਾਂ ਨਾਚ ਕਿਹੜਾ ਕਿਸਦੇ ਇਸ਼ਾਰਿਆਂ ‘ਤੇ।
ਅਖ਼ਬਾਰਾਂ ‘ਚ ਰੋਜ਼ਾਨਾ, ਮਰਿਆਂ ਦੀ ਖ਼ਬਰ ਲੱਗੇ।
ਜ਼ਹਿਰੀਲੀ ਹਵਾ ਦਾ ਹੀ, ਹਰਫਾਂ ਤੇ ਅਸਰ ਲੱਗੇ।
Êਪੰਜਾਬ ਵਿਚ ਅਵਾਰਾ ਪਸ਼ੂਆਂ ਨੇ ਲੋਕਾਈ ਦਾ ਜਿਓਣਾ ਦੁੱਭਰ ਕਰ ਦਿੱਤਾ ਹੈ। ਗਲੀਆਂ, ਮਹੱਲਿਆਂ ਅਤੇ ਬਾਜ਼ਾਰਾਂ ਵਿਚ ਅਨੇਕਾਂ ਪਸ਼ੂ ਘੁੰਮਦੇ ਵਿਖਾਈ ਦਿੰਦੇ ਹਨ, ਜਿਨ੍ਹਾਂ ਨੇ ਕਈ ਮਨੁਖੀ ਜਾਨਾ ਵੀ ਲੈ ਲਈਆਂ ਹਨ। ਇਨ੍ਹਾਂ ਸੰਬੰਧੀ ਗੁਰਭਜਨ ਗਿੱਲ ਦਾ ਸ਼ਿਅਰ ਹੈ:
ਭੁੱਖ ਦੀ ਸਤਾੲਂੀ ਪਈ ਗੰਦਗੀ ਫ਼ਰੋਲਦੀ,
ਜਿਹਨੂੰ ਅਸੀਂ ਆਖਦੇ ਹਾਂ ਗਾਂ ਸਾਡੀ ਮਾਂ ਹੈ।
150 ਰੁਪਏ ਕੀਮਤ, 72 ਪੰਨਿਆਂ ਵਾਲਾ ‘ਹਰ ਧੁਖਦਾ ਪਿੰਡ ਮੇਰਾ ਹੈ’ ਗ਼ਜ਼ਲ ਸੰਗ੍ਰਹਿ ਸਤਵਿਕ ਬੁਕਸ ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਪ੍ਰਕਾਸ਼ਤ ਕੀਤਾ ਹੈ। ਇਹ ਗ਼ਜ਼ਲ ਸੰਗ੍ਰਹਿ ਸਿੰਘ ਬਰਦਰਜ਼ ਅੰਮਿ੍ਰਤਸਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.