ਪੰਜਾਬੀ ਦੇ ਵਿਰਸੇ ਅਤੇ ਭਵਿੱਖ ਤੇ ਇੱਕ ਖੁੱਲ੍ਹੀ ਨਜ਼ਰ ------ ਡਾ. ਰਛਪਾਲ ਸਹੋਤਾ, USA
ਪੰਜਾਬ ਦੀ ਧਰਤੀ ਉਪਜਾਊ ਅਤੇ ਇੱਕ ਵਿਲੱਖਣ ਰਣਨੀਤਕ ਟਿਕਾਣੇ ਤੇ ਹੈ। ਇਸੇ ਕਰਕੇ ਐਥੋਂ ਦਾ ਇਤਿਹਾਸ ਕਿੰਨੀਆਂ ਹੀ ਸਭਿਅਤਾਵਾਂ, ਧਰਮਾਂ ਅਤੇ ਸਾਮਰਾਜਾਂ ਦੇ ਵਿਖਿਆਨਾਂ ਨਾਲ ਭਰਿਆ ਹੈ। ਸਿੰਧ ਘਾਟੀ ਦੀ ਸਭਿਅਤਾ ਤੋਂ ਲੈ, ਆਧੁਨਿਕ ਵਿਸ਼ਵ-ਪ੍ਰਧਾਨ ਜੁਗ ਤੀਕਰ ਇਹ ਧਰਤੀ, ਦੂਰ ਦੁਰਾਡੇ ਵਪਾਰੀਆਂ, ਵਿਜੈਤਾਵਾਂ, ਵਿਦਵਾਨਾਂ ਅਤੇ ਯਾਤਰੂਆਂ ਨੂੰ ਆਕਰਸ਼ਕ ਕਰਦੀ ਰਹੀ ਹੈ। ਸਿੱਟੇ ਵਜੋਂ ਪੰਜਾਬ ਦੀ ਸਭਿਅਤਾ ਵੱਖੋ ਵੱਖਰੇ ਰੰਗਾਂ ਨਾਲ ਬੁਣੀ ਇੱਕ ਫੁਲਕਾਰੀ ਹੈ ਜਿਸਦੀ ਰੂਹ ਅਤੇ ਦਿਲਾਂ ਦੀ ਧੜਕਣ, ਐਥੋਂ ਦੀ ਪੰਜਾਬੀ ਬੋਲੀ ਹੈ। ਆਚਾਰ, ਕਦਰਾਂ, ਮਾਣ ਤੇ ਸੰਗੀਤ ਨਾਲ ਗੁੰਦੀ ਇਹ ਬੋਲੀ, ਕਰੋੜਾਂ ਮਾਣਮੱਤੇ ਲੋਕਾਂ ਦੇ ਵਿਰਸੇ ਦਾ ਇੱਕ ਅਟੁੱਟ ਅੰਗ ਹੈ।
ਲਗਾਤਾਰ ਬਦਲਦੇ ਵਕਤ ਨਾਲ ਹਰ ਬੋਲੀ ਨੂੰ ਨਵੀਂਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਬੋਲੀ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ਚ ਨਵੇਂ ਸ਼ੰਕੇ ਉਪਜਣੇ ਸ਼ੁਰੂ ਹੋ ਜਾਂਦੇ ਹਨ। ਪਿਛਲੇ ਪੰਜਾਹ ਕੁ ਸਾਲਾਂ ਵਿੱਚ ਜਿਸ ਸਪੀਡ ਨਾਲ ਸਾਇੰਸ ਅਤੇ ਤਕਨੀਕ ਨੇ ਤਰੱਕੀ ਕੀਤੀ ਹੈ ਕਿ ਇਹ ਨਿੱਕਾ ਸਮਾਂ ਆਪਣੇ ਆਪ ਵਿੱਚ ਇੱਕ ਯੁੱਗ ਬਣ ਗਿਆ ਹੈ; ਐਨੀ ਤਰੱਕੀ ਦੁਨੀਆ ਨੇ ਪਹਿਲੇ ਹਜ਼ਾਰ ਸਾਲਾਂ ਵਿੱਚ ਵੀ ਨਹੀਂ ਸੀ ਵੇਖੀ। ਇਸ ਤੇਜ਼ ਬਦਲਦੀ ਦੁਨੀਆ ਨਾਲ ਕਿਹੜੀ ਬੋਲੀ ਬਚੇਗੀ ਅਤੇ ਕਿਹੜੀ ਖ਼ਤਮ ਹੋ ਜਾਵੇਗੀ, ਵਰਗੇ ਸੁਆਲ ਪੈਦਾ ਹੋਣੇ ਕੁਦਰਤਨ ਹੈ। ਪੰਜਾਬੀ ਦੇ ਬੁੱਧੀਜੀਵੀਆਂ ਅਤੇ ਪੰਜਾਬੀ ਵਿਰਸੇ ਨਾਲ ਮੋਹ ਰੱਖਣ ਵਾਲਿਆਂ ਵਿੱਚ ਵੀ, ਪੰਜਾਬੀ ਬੋਲੀ ਦੇ ਭਵਿੱਖ ਨੂੰ ਲੈ ਕੇ ਇੱਕ ਅਜੀਬ ਜਿਹਾ ਡਰ ਤੇ ਅਣਸੁਖਾਵਾਂ ਪਣ ਨਜ਼ਰ ਆਉਂਦਾ ਹੈ।
ਵਿਸ਼ਵੀਕਰਨ ਦੇ ਹੋ ਰਹੇ ਬੇਲਗ਼ਾਮ ਵਾਧੇ ਕਾਰਨ, ਹੋਰਨਾਂ ਬੋਲੀਆਂ, ਖ਼ਾਸਕਰ ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਚ ਵੜਨਾ ਕਿਸੇ ਤੋਂ ਲੁਕਿਆ ਨਹੀਂ ਹੈ। ਬਹੁਤਿਆਂ ਨੂੰ ਲਗਦਾ ਹੈ ਕਿ ਅੰਗਰੇਜ਼ੀ ਦੀ ਇਸ ਘੁਸਪੈਠ ਕਰਕੇ, ਪੰਜਾਬੀ ਦੀ ਸ਼ੁੱਧਤਾ, ਵਿਲੱਖਣਤਾ ਅਤੇ ਇਹਦੀ ਰੂਹ, ਜਿਵੇਂ ਪਤਲੇ ਹੋ ਰਹੇ ਹੋਣ। ਸ਼ੁੱਧਤਾ-ਪੱਖੀ ਅਤੇ ਪਰੰਪਰਾਗਤ ਵਿਦਵਾਨਾਂ ਦੀ ਰਾਇ ਹੈ ਕਿ ਪੰਜਾਬੀ ਦੀ ਪਵਿੱਤਰਤਾ ਨੂੰ ਬਚਾਉਣ ਲਈ ਸਾਡੇ ਲਈ ਇਹ ਜ਼ਰੂਰੀ ਹ ਕਿ ਆਪਾਂ ਇਹਨੂੰ ਹੋਰਨਾਂ ਬੋਲੀਆਂ ਦੇ ਅਸਰ ਤੋਂ ਬਚਾ ਕੇ ਰੱਖੀਏ ਤੇ ਉਹਨਾਂ ਗੈਰ ਸ਼ਬਦਾਂ ਪੰਜਾਬੀ ਬੋਲੀ ਵਿੱਚ ਵੜ ਕੇ ਇਹਨੂੰ ਗੰਧਲਾ ਨਾਂ ਕਰਨ ਦੇਈਏ। ਉਹਨਾਂ ਦੀ ਰਾਇ ਹੈ ਕਿ ਬੋਲੀ ਦਾ ਸੁਹੱਪਣ ਤੇ ਪਾਕੀਜ਼ਗੀ ਸਿਰਫ਼ ਉਸ ਦੇ ਸ਼ੁੱਧ ਰੂਪ ਵਿੱਚ ਹੀ ਮਹਿਸੂਸ ਕੀਤੇ ਜਾ ਸਕਦੇ ਹਨ ਅਤੇ ਜੇਕਰ ਬਾਹਰਲੀਆਂ ਭਾਸ਼ਾਵਾਂ ਬੋਲੀ ਨੂੰ ਨਾਪਾਕ ਅਤੇ ਪਤਲਾ ਕਰ ਦੇਣ ਤਾਂ ਬੋਲੀ, ਸਿਰਫ਼ ਨਾਂ ਮਾਤਰ ਦੀ ਬੋਲੀ ਬਣਕੇ ਰਹਿ ਜਾਂਦੀ ਹੈ।
ਪਰੰਤੂ ਇੱਥੇ ਇੱਕ ਬਹੁਤ ਸੰਜੀਦਾ ਸਵਾਲ ਪੈਦਾ ਹੁੰਦਾ ਹੈ-ਕੀ ਸਖ਼ਤਾਈ ਨਾਲ ਸਾਂਭੀ ਸ਼ੁੱਧਤਾ, ਪੰਜਾਬੀ ਲਈ ਵਧੀਆ ਭਵਿੱਖ ਹੈ? ਇਸ ਆਧੁਨਿਕਤਾ ਅਤੇ ਪਰੰਪਰਾ ਵਾਲੇ ਚੁਰਸਤੇ ਤੇ ਖੜਿਆਂ ਇਹ ਜ਼ਰੂਰੀ ਹੈ ਕਿ ਆਪਾਂ ਭਾਸ਼ਾਈ ਵਿਕਾਸ ਦੀ ਪ੍ਰਕਿਰਿਆ ਅਤੇ ਲੋੜ ਉੱਤੇ ਇਕ ਖੁੱਲ੍ਹੀ ਨਜ਼ਰ ਫੇਰ ਲਈਏ। ਬਿਨਾਂ ਸ਼ੱਕ ਇਹ ਜ਼ਰੂਰੀ ਹੈ ਕਿ ਆਪਾਂ ਆਪਣੀ ਬੋਲੀ ਦੀਆਂ ਨੀਂਹਾਂ ਦੀ ਕਦਰ ਕਰੀਏ ਅਤੇ ਉਹਨਾਂ ਨੂੰ ਸਾਂਭੀਏ, ਪਰ ਸਾਨੂੰ ਇਹ ਅਹਿਸਾਸ ਹੋਣਾ ਜ਼ਰੂਰੀ ਹੈ ਕਿ ਬੋਲੀਆਂ ਬੇਜਾਨ ਚੀਜ਼ਾਂ ਨਹੀਂ ਹੁੰਦੀਆਂ-ਇਹ ਵੀ ਸਾਡੇ ਵਾਂਗ ਜਿਊਂਦੀਆਂ ਜਾਗਦੀਆਂ ਨੇ; ਇਹ ਵੀ ਸਾਹ ਲੈਂਦੀਆਂ, ਵਧਦੀਆਂ, ਫੁੱਲਦੀਆਂ ਨੇ ਤੇ ਆਪਣੇ ਆਪ ਨੂੰ ਆਪਣੇ ਦੁਆਲੇ ਦੇ ਬਦਲਦੇ ਵਾਤਾਵਰਨ ਦੇ ਅਨੁਕੂਲ ਬਣਾਉਂਦੀਆਂ ਨੇ। ਜਿਵੇਂ ਜਿਵੇਂ ਵਿਸ਼ਵੀਕਰਨ, ਦੁਨੀਆ ਦੀਆਂ ਸਭਿਅਤਾਵਾਂ ਨੂੰ ਇਕੱਠਾ ਕਰਦਾ ਜਾ ਰਿਹਾ ਹੈ, ਕੀ ਇਹ ਸੰਭਵ ਨਹੀਂ ਕਿ ਨਵੇਂ ਸ਼ਬਦਾਂ ਨੂੰ ਅਪਣਾਉਣ ਨਾਲ, ਪੰਜਾਬੀ ਸਗੋਂ ਨਰੋਈ ਹੋਵੇ, ਆਉਣ ਵਾਲੀਆਂ ਨਸਲਾਂ ਨੂੰ ਵੱਧ ਚੰਗੀ ਲੱਗੇ, ਅਤੇ ਨਵੀਂ ਜੁੜਦੀ ਦੁਨੀਆ ਵਿੱਚ ਆਪਣੀ ਥਾਂ ਬਣਾਈ ਰੱਖੇ?
ਤਬਦੀਲੀ ਭਾਸ਼ਾਵਾਂ ਦਾ ਕੁਦਰਤੀ ਸੁਭਾਅ ਹੈ
ਬੋਲੀਆਂ ਕਿਸੇ ਸਥਾਈ ਚਟਾਨ ਵਾਂਗ ਨਹੀਂ ਹੁੰਦੀਆਂ, ਜਿਹੜੀਆਂ ਗੁਜ਼ਰਦੇ ਵਕਤ ਤੋਂ ਬੇਖ਼ਬਰ, ਇੱਕ ਥਾਂ ਟਿਕੀਆਂ ਪਈਆਂ ਰਹਿਣ। ਇਹ ਤਾਂ ਉਸ ਸ਼ੀਸ਼ੇ ਵਾਂਗ ਹੁੰਦੀਆਂ ਹਨ ਜਿਸ ਵਿੱਚ ਆਪਾਂ ਇਨਸਾਨ ਦੇ ਸਫ਼ਰ ਦੀਆਂ ਸਭਿਅਕ, ਰਾਜਨੀਤਕ, ਆਰਥਕ ਤਬਦੀਲੀਆਂ ਅਤੇ ਜੱਦੋਜਹਿਦਾਂ ਨੂੰ ਵੇਖ ਸਕਦੇ ਹਾਂ। ਬੋਲੀਆਂ ਵੀ ਜਿਉਂਦੇ ਜੀਵ ਜੰਤੂਆਂ ਦੇ ਐਵੋਲਿਊਸ਼ਨ (ਜਾਤੀ-ਵਿਕਾਸ, ਜਿਹੜਾ ਦੁਨੀਆਂ ਦੀ ਹਰ ਜਿਉਂਦੀ ਸ਼ੈਅ ਦੇ ਅਜੋਕੇ ਰੂਪ ਲਈ ਜ਼ਿੰਮੇਵਾਰ ਹੈ) ਵਾਂਗ, ਤਬਦੀਲੀ ਦੇ ਬਹਾਅ ਵਿੱਚ ਫਸੀਆਂ ਹਨ ਅਤੇ ਇਨਸਾਨੀ ਵਿਕਾਸ ਦੇ ਨਾਲ ਨਾਲ ਆਪਣਾ ਰੂਪ ਬਦਲਦੀਆਂ ਰਹਿੰਦੀਆਂ ਨੇ। ਬੋਲੀ ਦਾ ਹਰ ਸੁਰ, ਹਰ ਸ਼ਬਦ, ਹਰ ਵਾਕ-ਰਚਨਾ, ਹਜ਼ਾਰਾਂ ਮਨੁੱਖੀ ਤਜਰਬਿਆਂ, ਰੂਪਾਂਤਰਾਂ, ਅਤੇ ਮਿਲਵਰਤਨ ਦੀ ਪੈੜ ਨਿਸ਼ਾਨੀ ਹੁੰਦੀ ਹੈ। ਬਾਬੇ ਫ਼ਰੀਦ ਦੇ ਸੁਰਾਂ ਬੱਧੇ ਵਚਨ, ਬੋਲੀ ਦੀਆਂ ਡੁੰਘਾਈਆਂ ਦੇ ਪ੍ਰਤੀਕ ਹਨ, ਪਰ ਉਹਦੀ ਬੋਲੀ ਪੰਜਾਬ ਦੇ ਸੰਘਣੇ ਤੇ ਆਰਥਕ ਦੌੜ ਵਿੱਚ ਪਏ ਸ਼ਹਿਰਾਂ ਦੀ ਬੋਲੀ ਨਾਲ਼ ਮੇਲ ਨਹੀਂ ਖਾਂਦੀ। ਪਰ ਇਸ ਤਬਦੀਲੀ ਦਾ ਮਤਲਬ ਇਹ ਨਹੀਂ ਕਿ ਪੰਜਾਬੀ ਪਤਲੀ ਹੋ ਰਹੀ ਹੈ ਜਾਂ ਆਪਾ ਗਵਾ ਰਹੀ ਹੈ। ਇਹ ਤਾਂ ਪੰਜਾਬੀਆਂ ਦੇ ਉੇਸ ਉਤੇਜਿਤ ਸਫ਼ਰ ਦੀ ਕਹਾਣੀ ਹੈ ਜਿਸ ਵਿੱਚ ਉਹਨਾਂ ਨੇ ਵੰਨ ਸੁਵੰਨੇ ਖ਼ਿਆਲਾਂ ਨਾਲ ਖੇਡਿਆ, ਤਕਨੀਕੀ ਵਿਕਾਸ ਨਾਲ ਮੋਢਾ ਡਾਹੀ ਰੱਖਿਆ, ਅਤੇ ਵੱਖੋ ਵੱਖਰੀਆਂ ਸਭਿਅਤਾਵਾਂ ਨਾਲ ਮੋਢੇ ਘਸਰਦੇ ਰਹੇ। ਬੋਲੀ ਦਾ ਲਗਾਤਾਰ ਵਿਕਾਸ, ਬੋਲੀ ਦੀ ਜਿਊਣ-ਸ਼ਕਤੀ ਅਤੇ ਲਚੀਲੇਪਣ ਦੀ ਨਿਸ਼ਾਨੀ ਹੁੰਦੀ ਹੈ, ਕਿ ਇਹ ਕਿਵੇਂ ਪੂਰੀ ਧੜਕਣ ਨਾਲ ਜ਼ਿੰਦਾ ਰਹਿ ਸਕਦੀ ਹੈ ਅਤੇ ਕਿਵੇਂ ਇਹ ਪੁਰਾਣੇ ਨੂੰ ਸਾਂਭਦੀ, ਨਵੇਂ ਨੂੰ ਗਲਵੱਕੜੀ ਵਿੱਚ ਲੈ ਸਕਦੀ ਹੈ।
ਅੰਗਰੇਜ਼ੀ ਜ਼ੁਬਾਨ - ਤਬਦੀਲੀ ਦੀ ਮਿਸਾਲ
ਤੁਲਨਾਤਮਿਕ ਤੌਰ ਤੇ ਆਪਾਂ ਅੰਗ੍ਰੇਜ਼ੀ ਬੋਲੀ ਵੱਲ ਨਜ਼ਰ ਮਾਰਦੇ ਹਾਂ। ਜੇਕਰ ਆਪਾਂ ਇਲੱਜ਼ਬੱਥ ਦੌਰ ਦੇ ਇੰਗਲੈਂਡ ਵਿੱਚ ਇੱਕ ਫੇਰੀ ਮਾਰੀਏ, ਤਾਂ ਸ਼ੈਕਸਪੀਅਰ ਦੇ 'ਸਮਾਂ-ਮੁਕਤ' ਡਰਾਮੇ ਮੁਲਕ ਦੇ ਥੀਏਟਰਾਂ ਚ ਖੇਡੇ ਜਾਂਦੇ ਮਿਲਣਗੇ। ਪਰ ਉਹ ਅੰਗਰੇਜ਼ੀ, ਅੱਜ ਦੇ ਇੱਕੀਵੀਂ ਸਦੀ ਦੇ ਅੰਗਰੇਜ਼ੀ ਕੰਨਾਂ ਨੂੰ ਇੱਕ ਵਿਦੇਸ਼ੀ ਬੋਲੀ ਲਗਦੀ ਹੈ। (ਦੂਜੇ ਪਾਸੇ, ਓਸ ਤੋਂ ਸਦੀਆਂ ਪੁਰਾਣੀ ਬਾਬਾ ਫ਼ਰੀਦ ਦੀ ਬੋਲੀ ਅਜੋਕੀ ਪੰਜਾਬੀ ਬੋਲੀ ਨਾਲ ਪੂਰਾ ਮੇਲ ਖਾਂਦੀ ਹੈ।) ਸ਼ੈਕਸਪੀਅਰ ਦੇ ਡਰਾਮਿਆਂ ਦੀ ਉਹ ਵਿਸਥਾਰਪੂਰਵਕ, ਭਰਪੂਰ ਸ਼ੈਲੀ, ਵਿਲੱਖਣ ਧੁਨ, ਸ਼ਬਦਾਵਲੀ, ਲਹਿਜ਼ਾ, ਅਜੋਕੀ ਅੰਗ੍ਰੇਜ਼ੀ ਬੋਲਣ ਵਾਲੇ ਲਈ ਇੱਕ ਚੁਣੌਤੀ ਹੈ ਤੇ ਇਸ ਪਏ ਵਕਤੀ ਪਾੜ ਨੂੰ ਅਨੁਵਾਦਾਂ ਰਾਹੀਂ ਪੂਰਾ ਕੀਤਾ ਜਾਂਦਾ ਹੈ। ਪਰ ਕੀ ਇਸ ਪਾੜ ਨੂੰ ਅੰਗਰੇਜ਼ੀ ਬੋਲਣ ਵਾਲੇ ਡਰ ਜਾਂ ਖ਼ਤਰੇ ਵਾਲੀ ਐਨਕ ਨਾਲ ਵੇਖਦੇ ਨੇ ਅਤੇ ਉਹਦੀ ਸ਼ੁੱਧਤਾ ਤੇ ਸ਼ੱਕ ਕਰਦੇ ਨੇ? ਨਹੀਂ, ਸਚਾਈ ਸਗੋਂ ਉਸਦੇ ਉਲਟ ਹੈ। ਅੰਗ੍ਰੇਜ਼ੀ ਜ਼ੁਬਾਨ ਦੇ ਇਸ ਬਦਲੇ ਰੂਪ ਨੇ ਅੰਗ੍ਰੇਜ਼ੀ ਬੋਲੀ ਨੂੰ ਤੇ ਜਾਂ ਉਸ ਦੀ ਹੋਂਦ ਨੂੰ ਪਤਲਾ ਨਹੀਂ ਕੀਤਾ; ਇਸ ਨਾਲ ਤਾਂ ਸਗੋਂ ਅੰਗ੍ਰੇਜ਼ੀ ਦੇ ਅਨੋਖੇ ਸਫ਼ਰ ਦੀ ਇੱਕ ਦਿਲਚਸਪ ਕਹਾਣੀ ਰਚੀ ਗਈ ਹੈ। ਨਾਲ ਹੀ ਇਹ ਤਬਦੀਲੀ ਇਸ ਗੱਲ ਦੀ ਸਬੂਤ ਹੈ ਕਿ ਕਿਵੇਂ, ਮੱਧਕਾਲੀ ਮਹਾਰਾਜਿਆਂ ਦੀਆਂ ਅਦਾਲਤਾਂ ਤੋਂ ਲੈ ਕੇ ਅਜੋਕੇ ਡਿਜੀਟਲ ਪਲੇਟਫ਼ਾਰਮ ਤੀਕਰ, ਅੰਗਰੇਜ਼ੀ ਜ਼ੁਬਾਨ ਆਪਣੇ ਆਪ ਨੂੰ ਵਾਤਾਵਰਨ ਦੇ ਅਨੁਕੂਲ ਬਣਾਉਂਦੀ, ਉਸ ਵਿੱਚ ਘੁਲ-ਮਿਲ ਜਾਂਦੀ, ਅਤੇ ਵਿਕਾਸ ਦਾ ਹਿੱਸਾ ਬਣਦੀ ਰਹੀ ਏ। ਅੰਗ੍ਰੇਜ਼ੀ ਦਾ ਇਤਿਹਾਸ ਵੇਖੀਏ ਤਾਂ ਪਤਾ ਚਲਦਾ ਹੈ ਕਿ ਕਿਵੇਂ ਇਹ, ਲਾਤੀਨੀ, ਫਰਾਂਸੀਸੀ, ਜਰਮਨ ਤੇ ਹੋਰ ਅਨੇਕਾਂ ਭਾਸ਼ਾਵਾਂ ਦੀ ਸ਼ਬਦਾਵਲੀ ਨੂੰ ਆਪਣੇ ਆਪ ਵਿੱਚ ਸਮੋਂਦੀ ਅਤੇ ਉਹਨਾਂ ਸ਼ਬਦਾਂ ਨੂੰ ਆਪਣੇ ਰੂਪ ਵਿੱਚ ਰੰਗਦੀ ਰਹੀ ਹੈ। ਅੰਗ੍ਰੇਜ਼ੀ ਦੀ ਦੂਜੀਆਂ ਭਾਸ਼ਾਵਾਂ ਨਾਲ ਇੱਕ-ਮਿੱਕ ਹੋਣ ਅਤੇ ਉਹਨਾਂ ਦੇ ਸ਼ਬਦਾਂ ਨੂੰ ਆਪਣੇ ਰੂਪ ਵਿੱਚ ਢਾਲ਼ ਲੈਣ ਦੀ ਸਮਰੱਥਾ ਇਸ ਬੋਲੀ ਦੇ ਤਕੜੇ ਪਣ ਅਤੇ ਬਹੁਰੂਪਤਾ ਦਾ ਸਬੂਤ ਹੈ। ਵਿਸ਼ਵੀਕਰਨ ਤਬਦੀਲੀਆਂ ਦੇ ਭਾਰ ਥੱਲੇ ਆ, ਖ਼ਤਮ ਹੋਣ ਦੀ ਜਗ੍ਹਾ, ਅੰਗਰੇਜ਼ੀ ਜ਼ੁਬਾਨ ਵਧਦੀ ਫੁੱਲਦੀ ਗਈ, ਬੇਲੋੜੀ ਹੋਣ ਤੋਂ ਬਚਣ ਲਈ ਬਦਲਦੀ ਗਈ, ਲੋਕਾਂ ਦੇ ਕੰਮ ਆਉਂਦੀ ਗਈ ਤੇ ਦੁਨੀਆ ਦੀਆਂ ਦੂਰ ਦੁਰੇਡੀਆਂ ਥਾਵਾਂ ਤੀਕਰ ਪ੍ਰਭਾਵਸ਼ਾਲੀ ਬਣੀ ਰਹੀ।
ਬੋਲੀ ਦੀ ਬਣਤਰ: ਗਰਾਮਰ ਅਤੇ ਵਾਕ-ਰਚਨਾ
ਬੋਲੀਆਂ, ਮਨੁੱਖੀ ਭਾਵਨਾਵਾਂ ਨੂੰ ਪੇਸ਼ ਕਰਨ ਤੇ ਉਹਨਾਂ ਦੀ ਵਿਆਖਿਆ ਕਰਨ ਦਾ ਇੱਕ ਜ਼ਰੀਆ ਹੁੰਦੀਆਂ ਹਨ। ਹਰ ਬੋਲੀ ਇੱਕ ਇੱਕ ਗੁੰਝਲਦਾਰ ਤਾਣਾ-ਬਾਣਾ ਹੁੰਦੀ ਹੈ ਜਿਹੜੀ ਪ੍ਰਚੱਲਤ ਸ਼ਬਦਾਂ ਦੀ ਵਰਤੋਂ ਵੱਖੋ ਵੱਖਰੇ ਰੰਗਾਂ ਅਤੇ ਸਾਈਜ਼ ਵਾਲੇ ਮਣਕਿਆਂ ਦੇ ਤੌਰ ਤੇ ਕਰਦੀ ਹੈ। ਸ਼ਬਦਾਵਲੀ ਉਹ ਮਣਕੇ ਹੁੰਦੇ ਹਨ ਜਿਨ੍ਹਾਂ ਰਾਹੀਂ ਭਾਸ਼ਾ ਆਪਣੀ ਗੱਲ ਸਮਝਾ ਸਕਦੀ ਹੈ, ਪਰ ਕਿਸੇ ਵੀ ਭਾਸ਼ਾ ਦੀ ਜੜ ਉਹਦੀ ਗਰਾਮਰ ਅਤੇ ਵਾਕ-ਰਚਨਾ ਹੁੰਦੀ ਹੈ, ਜਿਸ ਨਾਲ ਉਸਦੀ ਇਕਾਗਰਤਾ ਅਤੇ ਡੂੰਘਾਈ ਦਾ ਪਤਾ ਲਗਦਾ ਹੈ। ਗਰਾਮਰ ਤੇ ਵਾਕ ਰਚਨਾ ਭਾਸ਼ਾ ਦੇ ਇੰਜੀਨੀਅਰ ਹੁੰਦੇ ਹਨ ਜਿਹੜੇ ਮਣਕਿਆਂ ਨੂੰ ਫ਼ਿਕਰਿਆਂ ਦਾ ਰੂਪ ਦਿੰਦੇ ਹਨ ਤਾਂ ਜੋ ਗੱਲ ਨੂੰ, ਸੌਖਿਆਂ ਅਤੇ ਸਹੀ ਬਹਾ ਵਿੱਚ ਸਮਝਾਇਆ ਜਾ ਸਕੇ।
ਇੱਕ ਵਾਰ ਮੈਂ ਚੰਡੀਗੜ੍ਹ ਕਿਸੇ ਕਾਨਫ਼ਰੰਸ ਵਿੱਚ ਬੈਠਾ ਜਾਵੇਦ ਅਖ਼ਤਰ ਨੂੰ ਸੁਣ ਰਿਹਾ ਸਾਂ। ਉਹਨਾਂ ਇੱਕ ਬੜੀ ਦਿਲਚਸਪ ਸਵਾਲ ਪੁੱਛਿਆ। "ਯੇ ਹਾਲ ਏਅਰ ਕੰਡੀਸ਼ਨਡ ਹੈ," ਕੀ ਇਹ ਫ਼ਿਕਰਾ ਹਿੰਦੀ ਦਾ ਹੈ, ਜਾਂ ਇੰਗਲਿਸ਼ ਦਾ? ਉਹਨਾਂ ਖ਼ੁਦ ਹੀ ਇਸਦਾ ਜਵਾਬ ਦਿੱਤਾ ਕਿ ਬੇਸ਼ੱਕ ਇਸ ਫ਼ਿਕਰੇ ਵਿੱਚ ਤਿੰਨ ਵੱਡੇ ਲਫ਼ਜ਼ ਅੰਗ੍ਰੇਜ਼ੀ ਅਤੇ ਸਿਰਫ਼ ਦੋ, ਤੇ ਵੀ ਉਹ ਵੀ ਸਭ ਤੋਂ ਨਿੱਕੇ, ਹਿੰਦੀ ਦੇ, ਇਹ ਫ਼ਿਕਰਾ ਹਿੰਦੀ ਦਾ ਹੀ ਹੈ ਕਿਉਂਕਿ ਇਸ ਵਿੱਚ ਗਰਾਮਰ ਤੇ ਵਾਕ ਰਚਨਾ ਹਿੰਦੀ ਦੀ ਹੈ। ਮੈਂ ਇਸ ਦੇ ਉਲਟ ਇੱਕ ਫਿਕਰਾ ਬਣਾਕੇ ਵੇਖਿਆ- 'ਦਿਸ ਕਮਰਾ ਇਜ਼ ਪੂਰਾ ਠੰਡਾ।' ਘੋਖ ਕੇ ਵੇਖੋ ਤਾਂ ਬਿਨਾਂ ਸ਼ੱਕ, ਇਹ ਫਿਕਰਾ ਅੰਗ੍ਰੇਜ਼ੀ ਦਾ ਹੈ ਜਿਸ ਵਿੱਚ ਤਿੰਨ ਪੰਜਾਬੀ ਦੇ ਸ਼ਬਦ ਵਰਤੇ ਗਏ ਹਨ।
ਇਸ ਦਲੀਲ ਨੂੰ ਮੱਦੇ ਨਜ਼ਰ ਰੱਖਦਿਆਂ ਇਹ ਸਾਫ਼ ਹੈ ਕਿ ਦੂਜੀ ਭਾਸ਼ਾ ਦੇ ਸ਼ਬਦਾਂ ਨੂੰ ਅਪਨਾ ਲੈਣਾ, ਭਾਸ਼ਾ ਲਈ ਕੋਈ ਖ਼ਤਰੇ ਵਾਲੀ ਗੱਲ ਨਹੀਂ ਹੁੰਦੀ; ਇਹਤਾਂ ਸਗੋਂ ਉਸ ਕੋਲ ਆਪਣੇ ਆਪ ਨੂੰ ਅਮੀਰ ਕਰਨ ਦੇ ਮੌਕੇ ਹੁੰਦੇ ਹਨ। ਜਿਵੇਂ ਦਰਿਆ, ਚੋਆਂ ਅਤੇ ਨਦੀ ਨਾਲਿਆਂ ਦਾ ਪਾਣੀ ਲੈ, ਹੌਲੀ ਹੌਲੀ ਵੱਡਾ ਤੇ ਤਾਕਤਵਰ ਹੋ ਜਾਂਦਾ ਹੈ, ਇਸੇ ਤਰਾਂ ਬੋਲੀਆਂ, ਦੂਜੀਆਂ ਬੋਲੀਆਂ ਦੀ ਸ਼ਬਦਾਵਲੀ ਨੂੰ ਗਲਵੱਕੜੀ ਲੈ, ਆਪਣੇ ਆਪ ਨੂੰ ਨਰੋਆ ਤੇ ਬਦਲਦੀ ਦੁਨੀਆਂ ਦੇ ਅਨੁਕੂਲ ਕਰ ਲੈਂਦੀਆਂ ਹਨ। ਇਸ ਤਰਾਂ ਕਰਨ ਨਾਲ ਕੋਈ ਬੋਲੀ ਪਤਲੀ ਨਹੀਂ ਹੁੰਦੀ ਤੇ ਨਾਂ ਹੀ ਆਪੇ ਨੂੰ ਗਵਾਉਂਦੀ ਹੈ-ਇਹ ਤਾਂ ਸਗੋਂ ਲੋਕਾਂ, ਖ਼ਾਸ ਕਰ ਨਵੀਆਂ ਪੀੜੀਆਂ ਵਿੱਚ ਆਪਣੇ ਲਈ ਨਵੀਂ ਚਾਹਤ ਪੈਦਾ ਕਰ ਲੈਂਦੀ ਹੈ ਤੇ ਉਹ ਇਸ ਬੋਲੀ ਨੂੰ ਸਿੱਖਦੇ ਹਨ ਤਾਂ ਜੋ ਉਹ ਉਹਨੂੰ ਸੌਖਿਆਂ ਵਰਤ ਸਕਣ, ਨਾਂ ਕਿ ਇਸ ਕਰਕੇ ਕਿ ਇਹ ਉਹਨਾਂ ਦੇ ਪੁਰਖਿਆਂ ਦੀ ਜਾਇਦਾਦ ਹੈ, ਜਿਸਨੂੰ ਸੰਭਾਲ ਕੇ ਰੱਖਣ ਦੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਭਾਰ ਹੈ। ਕਿਸੇ ਬੋਲੀ ਦੀ ਆਪਣੇ ਆਪ ਨੂੰ ਬਦਲ ਲੈਣ ਦੀ ਸਮਰੱਥਾ ਤਾਂ ਜੋ ਆਪਣਾ ਮੂਲ ਰੂਪ ਨੂੰ ਗਵਾਏ ਬਿਨਾਂ, ਦੂਜੀਆਂ ਬੋਲੀਆਂ ਨਾਲ ਜੁੜੀ, ਜਿਊਂਦੀ ਰਹਿ ਸਕੇ, ਲੋਕਾਂ ਦੀ ਲੋੜ ਨੂੰ ਪੂਰਿਆਂ ਕਰ ਸਕੇ, ਅਤੇ ਨਵੀਂ ਪੀੜੀਆਂ ਨੂੰ ਆਪਣੇ ਨਾਲ ਜੋੜੀ ਰੱਖ ਸਕੇ, ਉਸ ਬੋਲੀ ਦੇ ਨਰੋਏ ਅਤੇ ਲਚਕੀਲੇ ਪਣਾਂ ਦੀ ਪਛਾਣ ਹੁੰਦੀ ਹੈ।
ਵਿਕਾਸ ਤੇ ਝਾਤ- ਭਵਿੱਖ ਤੇ ਇੱਕ ਨਜ਼ਰ
ਅੱਜ ਦੇ ਵਿਸ਼ਵੀਕਰਨ ਯੁੱਗ ਵਿੱਚ, ਜਿੱਥੇ ਦੁਨੀਆਂ ਡਿਜੀਟਲ ਰੂਪ ਵਿੱਚ ਜੁੜ ਚੁੱਕੀ ਹੈ, ਅੰਗ੍ਰੇਜ਼ੀ ਬੋਲੀ ਦਾ ਦੁਨੀਆਂ ਦੀ ਸਟੇਜ ਤੇ ਉੱਭਰ ਕੇ ਆਉਣਾ ਕਿਸੇ ਤੋਂ ਲੁਕਿਆ ਨਹੀਂ ਹੈ। ਆਪਣੇ ਇਤਿਹਾਸ, ਦੂਜੇ ਮੁਲਕਾਂ ਉੱਤੇ ਜਿੱਤਾਂ, ਵਪਾਰ ਅਤੇ ਸਭਿਅਤਾ ਦੀਆਂ ਨੀਂਹਾਂ ਤੇ ਖੜੋ, ਅੰਗ੍ਰੇਜ਼ੀ ਦਾ ਬਾਕੀ ਬੋਲੀਆਂ ਦੇ ਉੱਤੋਂ ਸਿਰ ਕੱਢ ਲੈਣ ਦਾ ਕਾਰਨ, ਕਿਸੇ 'ਲੋਹੇ ਦੀ ਛੜੀ ਤੇ ਪਾਈ ਗਾਂਧੀ ਟੋਪੀ' ਵਰਗੀ ਕੱਟੜਤਾ ਨਹੀਂ, ਇਹ ਇਸ ਬੋਲੀ ਦੇ ਲਚਕੀਲਾਪਣ ਅਤੇ ਅਡੈਪਟੇਬਿਲਿਟੀ-ਮਤਲਬ ਵਾਤਾਵਰਨ ਦੇ ਅਨੁਕੂਲ ਹੋ ਸਕਣ ਦੀ ਯੋਗਤਾ ਹੈ। ਇਸੇ ਲਚਕੀਲੇਪਣ ਅਤੇ ਅਡੈਪਟੇਬਿਲਿਟੀ ਸਦਕਾ, ਅੰਗ੍ਰੇਜ਼ੀ ਵਿਭਿੰਨ ਖਿਆਲਾਂ, ਸੱਭਿਆਚਾਰ ਤੇ ਵਿਕਾਸ ਦੇ ਨਾਲ ਇੱਕ ਮਿੱਕ ਹੁੰਦੀ ਰਹੀ ਹੈ। ਹਰ ਸਾਲ ਆਪਾਂ ਵੇਖਦੇ ਹਾਂ ਕਿਵੇਂ, ਕਿੰਨੇ ਹੀ ਨਵੇਂ ਸ਼ਬਦ ਜਿਹੜੇ ਅੰਗ੍ਰੇਜ਼ੀ ਦੀ ਡਿਕਸ਼ਨਰੀ ਵਿੱਚ ਜੋੜੇ ਜਾਂਦੇ ਹਨ, ਕਿਵੇਂ ਵੱਖੋ ਵੱਖਰੀਆਂ ਬੋਲੀਆਂ, ਸਭਿਅਤਾਵਾਂ ਤੇ ਤਕਨੀਕੀ ਵਿਕਾਸ ਵਿੱਚੋਂ ਲਏ ਹੁੰਦੇ ਹਨ।
ਭਾਸ਼ਾਈ ਵਿਕਾਸ ਦੇ ਚੁਰਸਤੇ ਤੇ ਖਲੋਤੀ ਪੰਜਾਬੀ ਭਾਸ਼ਾ ਨੂੰ, ਅੰਗ੍ਰੇਜ਼ੀ ਦੇ ਇਸ ਚੜ੍ਹਾਈ ਵਾਲੇ ਸਫ਼ਰ ਤੋਂ ਕਈ ਗੱਲਾਂ ਸਿੱਖਣ ਦੀ ਲੋੜ ਹੈ। ਪੰਜਾਬੀ ਨੂੰ ਅੰਗ੍ਰੇਜ਼ੀ ਦੇ ਵਿਸ਼ਵੀਕਰਨ ਰਸੂਖ਼ ਤੋਂ ਡਰਨ ਜਾਂ ਨਿਰਾਸ਼ ਹੋਣ ਦੀ ਜਗ੍ਹਾ, ਅੰਗ੍ਰੇਜ਼ੀ ਦੇ ਇਸ ਸਫ਼ਰ ਤੋਂ ਆਪਣੇ ਲਈ ਨਕਸ਼ੇਕਦਮ ਤਿਆਰ ਕਰਨ ਦੀ ਜ਼ਰੂਰਤ ਹੈ ਕਿ ਕਿਵੇਂ, ਇਸ ਧੁੰਦਲੀਆਂ ਹੋ ਰਹੀਆਂ ਹੱਦਾਂ ਵਾਲੀ ਨਵੀਂ ਦੁਨੀਆਂ ਵਿੱਚ, ਪ੍ਰਫੱਲਤ ਹੋਣਾ ਹੈ। ਭਵਿੱਖ ਲਈ ਤਿਆਰ ਹੋਣ ਦਾ ਮਤਲਬ ਇਸ ਵਿਸ਼ਵੀਕਰਨ ਬਗੀਚੇ ਨੂੰ ਇੱਕ ਜੰਗੀ ਮੈਦਾਨ ਵਾਂਗ ਨਹੀਂ, ਸਗੋਂ ਉਸ ਬੁਣੀ ਜਾ ਰਹੀ ਫੁਲਕਾਰੀ ਵਾਂਗ ਵੇਖਣ ਦੀ ਲੋੜ ਹੈ, ਜਿਸ ਵਿੱਚ ਹਰ ਜਿਉਂਦੀ ਬੋਲੀ, ਇੱਕ ਵਿਲੱਖਣ ਰੰਗ ਵਾਲੇ ਧਾਗੇ ਵਾਂਗ ਹੋਵੇਗੀ, ਜਿਸ ਬਿਨਾਂ ਇਹ ਫੁਲਕਾਰੀ ਪੂਰੀ ਨਹੀਂ ਲੱਗੇਗੀ।
ਇਸੇ ਦਲੀਲ ਨੂੰ ਅੱਗੇ ਤੋਰਦਿਆਂ, ਜੇਕਰ ਪੰਜਾਬੀ 'ਉਹਨੇ ਮੇਰੇ ਸਿਰ ਵਿੱਚ ਸਟੋਨ ਮਾਰਿਆ,' ਅਤੇ ਜਾਂ, 'ਟਰੀਜ਼ ਤੋਂ ਲੀਵਜ਼ ਫਾਲ ਕਰ ਰਹੇ ਨੇ,' ਵਰਗੇ ਫਿਕਰਿਆਂ ਨੂੰ ਸਵੀਕਾਰ ਕਰ ਲਵੇ ਤਾਂ ਇਸ ਨਾਲ ਪੰਜਾਬੀ ਬੋਲੀ ਨੂੰ ਢਾਹ ਲੱਗਣਾ ਨਹੀਂ ਆਖਾਂਗੇ। ਸਗੋਂ ਇੱਕ ਦਿਨ ਆਉਣ ਵਾਲੀਆਂ ਪੀੜ੍ਹੀਆਂ ਲਈ, ਸਕੂਲ, ਗਲਾਸ, ਸਟੇਸ਼ਨ, ਤੇ ਪੇਪਰ ਵਰਗੇ ਸ਼ਬਦਾਂ ਵਾਂਗ, ਸਟੋਨ, ਟਰੀਜ਼, ਲੀਵਜ਼ ਤੇ ਫਾਲ ਵਰਗੇ ਸ਼ਬਦ ਵੀ, ਪੰਜਾਬੀ ਜ਼ੁਬਾਨ ਦਾ ਅਟੁੱਟ ਹਿੱਸਾ ਲੱਗਣ ਲੱਗ ਜਾਣਗੇ। ਇਹ ਸਬੂਤ ਹੋਵੇਗਾ, ਪੰਜਾਬੀ ਦੀ ਚਲਦੀ ਨਬਜ਼ ਦਾ ਅਤੇ ਇਸਦੇ ਦਿਲ ਦੀ ਧੜਕਣ ਦਾ। ਸਿੱਟੇ ਵਜੋਂ, ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਬੋਲੀ, ਆਪਣੀ ਤਾਕਤ ਅਤੇ ਰੈਲੇਵੈਂਸ (ਪ੍ਰਸੰਗ) ਬਣਾਈ ਰੱਖ ਸਕੇਗੀ।
ਬਦਲਦੀ ਦੁਨੀਆਂ ਵਿੱਚ ਆਪਣੇ ਵਿਰਸੇ ਨੂੰ ਬਚਾਈ ਰੱਖਣਾ
ਬੋਲੀ ਨੂੰ ਬਚਾਉਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਉਸ ਦੁਆਲੇ ਕੋਈ ਕੰਧ ਖੜ੍ਹੀ ਕਰ ਦੇਈਏ ਤਾਂ ਜੋ ਉਹ ਬਾਹਰੀ ਅਸਰਾਂ ਤੋਂ ਬਚੀ ਰਹਿ ਸਕੇ। ਇਹਨੂੰ ਬਚਾਉਣ ਦਾ ਇੱਕੋ ਤਰੀਕਾ ਹੈ ਕਿ ਇਹਨੂੰ ਬੋਲਣ ਵਾਲੇ, ਸਿੱਧੇ ਜਾਂ ਅਸਿੱਧੇ ਤੌਰ ਤੇ, ਦੂਜੀਆਂ ਸੱਭਿਅਤਾਵਾਂ, ਬਦਲਦੀ ਤਕਨਾਲੋਜੀ ਤੇ ਵਿਕਸਤ ਹੋ ਰਹੀਆਂ ਦੂਜੀਆਂ ਬੋਲੀਆਂ ਦੇ ਲਗਾਤਾਰ ਸੰਪਰਕ ਵਿੱਚ ਰਹਿਣ। ਬੋਲੀਆਂ ਸਿਰਫ਼ ਸੰਪਰਕ ਦਾ ਸਾਧਨ ਹੀ ਨਹੀਂ ਹੁੰਦੀਆਂ, ਇਹ ਜਿਉਂਦੀਆਂ ਜਾਗਦੀਆਂ ਚੀਜ਼ਾਂ ਨੇ, ਜਿਨ੍ਹਾਂ ਨੂੰ ਆਪਣੀ ਧੜਕਣ ਕਾਇਮ ਰੱਖਣ ਲਈ, ਸਾਹ ਲੈਣ, ਵਧਣ ਫੁੱਲਣ ਅਤੇ ਬਦਲਦੇ ਵਾਤਾਵਰਨ ਨਾਲ ਸੰਪਰਕ ਰੱਖਣ ਦੀ ਲੋੜ ਹੁੰਦੀ ਹੈ। ਮਨੁੱਖੀ ਇਤਿਹਾਸ ਦੱਸਦਾ ਹੈ ਕਿ ਉਹੀਓ ਬੋਲੀਆਂ ਜਿਉਂਦੀਆਂ ਜਾਗਦੀਆਂ ਅਤੇ ਧੜਕਦੀਆਂ ਰਹਿੰਦੀਆਂ ਹਨ ਜਿਹੜੀਆਂ ਮਨੁੱਖੀ ਤਜਰਬਿਆਂ ਦੇ ਵਿਕਸਤ ਹੋ ਰਹੇ ਬਗੀਚੇ ਦੇ ਨਾਲ ਨਾਲ ਪੁੰਗਰਦੀਆਂ ਰਹਿੰਦੀਆਂ ਨੇ। ਹੱਦਾਂ ਵਿੱਚ ਸੀਮਤ ਰੱਖੀਆਂ ਬੋਲੀਆਂ ਹੌਲੀ ਹੌਲੀ ਅਲੋਪ ਜਾਂ ਇਰਰੈਲੇਵੈਂਟ (ਬੇਪ੍ਰਸੰਗ) ਹੋ ਜਾਂਦੀਆਂ ਹਨ।
ਆਪਣੀ ਇਸ ਰਸਮਈ ਅਤੇ ਗਹਿਰਾਈਆਂ ਵਾਲੀ ਪੰਜਾਬੀ ਬੋਲੀ ਦਾ ਵਿਰਸਾ ਸਦੀਆਂ ਪੁਰਾਣਾ ਹੈ। ਇਹ ਲੋਕਾਂ ਦੀ ਰੂਹ ਅਤੇ ਉਹਨਾਂ ਦੇ ਹਠ ਅਤੇ ਵਿਕਾਸ ਦੀ ਕਹਾਣੀ ਹੈ। ਆਪਣੇ ਲੰਮੇ ਸਫ਼ਰ ਦੌਰਾਨ, ਪੁਰਾਣੇ ਸ਼ਾਸਤਰਾਂ, ਗੁਰਬਾਣੀ ਤੋਂ ਲੈ, ਅਜੋਕੇ ਡਿਜੀਟਲ ਯੁੱਗ ਤੀਕ ਇਹ ਬਹੁਤ ਤਬਦੀਲੀਆਂ ਵਿੱਚੋਂ ਲੰਘੀ ਹੈ ਅਤੇ ਆਪਣੇ ਆਪੇ ਨੂੰ ਗਵਾਏ ਬਗੈਰ ਇਸ ਨੇ ਫ਼ਾਰਸੀ, ਅਰਬੀ, ਸੰਸਕ੍ਰਿਤ ਤੇ ਅੰਗ੍ਰੇਜ਼ੀ ਵਰਗੀਆਂ ਭਾਸ਼ਾਵਾਂ ਦੇ ਅਨੇਕਾਂ ਸ਼ਬਦਾਂ ਨੂੰ ਆਪਣਾ ਬਣਾ ਲਿਆ ਹੈ। ਇਸਦੀ ਇਹ ਅਡੈਪਟੇਬਿਲਿਟੀ ਇਹਦੀ ਤਾਕਤ ਅਤੇ ਵਾਤਾਵਰਨ ਅਨੁਸਾਰ ਢਲ ਸਕਣ ਦੀ ਯੋਗਤਾ ਦਾ ਸਬੂਤ ਹੈ।
ਪੰਜਾਬੀ ਦੀ ਅਹਿਮੀਅਤ ਨੂੰ ਸਦਾ-ਬਰਕਰਾਰ ਰੱਖਣ ਲਈ ਜ਼ਰੂਰੀ ਹੈ ਕਿ ਇਸ ਦੇ ਸੁਨਹਿਰੀ ਵਿਰਸੇ ਅਤੇ ਭਵਿੱਖ ਲਈ ਲੋੜੀਂਦੀ ਤਬਦੀਲੀ ਵਿਚਕਾਰ ਇੱਕ ਸੰਤੁਲਨ ਕਾਇਮ ਰੱਖਿਆ ਜਾਵੇ। ਪੰਜਾਬੀ ਸਿਰ ਉੱਚਾ ਕਰਕੇ ਭਵਿੱਖ ਵਿੱਚ ਵਿਚਰ ਸਕੇ ਇਸ ਲਈ ਪੰਜਾਬੀ ਨੂੰ ਬਦਲਦੀ ਹਵਾ, ਨਵੇਂ ਵਿਚਾਰਾਂ, ਨਵੀਂਆਂ ਧਾਰਨਾਵਾਂ ਅਤੇ ਆਪਣੇ ਭਰਪੂਰ ਵਿਰਸੇ, ਦੋਵਾਂ ਨਾਲ ਜੁੜੇ ਰਹਿਣ ਦੀ ਲੋੜ ਹੈ। ਪੁਰਾਣੇ ਅਤੇ ਨਵੇਂ-ਪਿਰਤ ਅਤੇ ਵਿਕਾਸ ਦੇ ਸੁਮੇਲ ਨਾਲ ਪੰਜਾਬੀ ਦੀ ਧੜਕਣ ਹਮੇਸ਼ਾ ਬਣੀ ਰਹੇਗੀ ਅਤੇ ਇਹ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਲਾਂ ਵਿੱਚ ਵੱਸਦੀ ਰਹੇਗੀ।
24th October, 2023
-
ਡਾ ਰਛਪਾਲ ਸਹੋਤਾ, USA, Editor, Babushahi News Netwok , USA
rachhpalsahota@hotmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.