ਨਾਮ ਜਪਣਾ - ਸਾਡੀ ਲੋੜ ਅਤੇ ਇਰਾਦਿਆਂ 'ਤੇ ਇੱਕ ਖੁੱਲ੍ਹੀ ਝਾਤ -----------ਡਾ ਰਛਪਾਲ ਸਹੋਤਾ, USA
ਡੂੰਘੇ ਫਲਸਫੇ, ਇਤਿਹਾਸ ਅਤੇ ਪ੍ਰੰਪਰਾਵਾਂ ਨਾਲ ਭਰਪੂਰ, ਪੰਦਰਵੀਂ ਸਦੀ ਦੌਰਾਨ ਹੋਂਦ ਵਿੱਚ ਆਇਆ ਸਿੱਖ ਧਰਮ, ਪੰਜਾਬ ਦੀ ਸਮਾਜਕ ਪਹਿਚਾਣ ਬਣ ਗਿਆ ਹੈ। ਇਸ ਧਰਮ ਦੀਆਂ ਮੂਲ਼ ਸਿਖਿਆਵਾਂ ਚੋਂ ਇੱਕ ਸਿੱਖਿਆ ਹੈ ਨਾਮ ਜਪਣਾ, ਮਤਲਬ ਰੱਬ ਨੂੰ ਹਮੇਸ਼ਾ ਯਾਦ ਰੱਖਣਾ। ਸਿੱਖ ਰਹਿਤ ਮਰਿਆਦਾ ਅਨੁਸਾਰ ਹਰ ਸਿੱਖ ਨੂੰ ਦਿਨ ਵਿੱਚ ਪੰਜ ਬਾਣੀਆਂ ਪੜ੍ਹਨ ਦੀ ਹਿਦਾਇਤ ਹੈ। ਇਸ ਲੇਖ ਵਿੱਚ ਆਪਾਂ ਸਿੱਖ ਧਰਮ ਵਿੱਚ ਨਾਮ ਜਪਣ ਦੀ ਮਹੱਤਤਾ, ਉਸਦੇ ਫਾਇਦਿਆਂ ਅਤੇ ਨਾਮ ਜਪਣ ਪਿੱਛੇ ਸਾਡੇ ਇਰਾਦਿਆਂ ਦਾ ਨਰੀਖਣ ਕਰਾਂਗੇ।
ਰੱਬ ਦਾ ਭੈਅ
ਜਿਵੇਂ ਵੇਖਿਆ ਗਿਆ ਹੈ, ਬਹੁਤ ਇਨਸਾਨ ਰੱਬ ਦਾ ਨਾਮ ਉਸਦੀ ਕਰੋਪੀ ਦੇ ਡਰ ਵਿਚੋਂ ਲੈਂਦੇ ਹਨ-ਰੱਬ ਦੀਆਂ ਮਿਹਰਵਾਨ ਨਜ਼ਰਾਂ ਵਿੱਚ ਰਹਿਣ ਲਈ; ਮਰਨ ਤੋਂ ਬਾਅਦ ਨਰਕ ਵਿੱਚ ਭੇਜੇ ਜਾਣ ਤੋਂ ਬਚਣ ਲਈ ਤੇ ਜਾਂ ਚੁਰਾਸੀ ਲੱਖ ਜਨਮਾਂ ਦੇ ਚੱਕਰ ਵਿੱਚ ਫਸੇ ਨਾਂ ਰਹਿਣ ਲਈ। ਇਹ ਡਰ ਸਦੀਆਂ ਤੋਂ ਧਰਮ ਦੇ ਪੈਰੋਕਾਰਾਂ ਵੱਲੋਂ, ਆਪਣੀ ਗੱਲ ਲੋਕਾਂ ਨੂੰ ਮਨਾਉਣ ਲਈ ਵਰਤਿਆ ਜਾਣ ਵਾਲਾ ਹਥਿਆਰ ਹੈ। ਮੈਂ ਇੱਕ ਵਾਰ ਕੈਨੇਡਾ ਇੱਕ ਗੁਰਦਵਾਰੇ ਬੈਠਾ ਕਥਾ ਸੁਣ ਰਿਹਾ ਸਾਂ ਕਿ ਕਥਾਕਾਰ ਕਹਿਣ ਲੱਗਾ, "ਜਿਹੜੇ ਰੱਬ ਦਾ ਨਾਮ ਨਹੀਂ ਜਪਦੇ, ਉਹ ਅਗਲੀ ਵਾਰ ਕੁੱਤੇ ਦੀ ਜੂਨ ਵਿੱਚ ਪੈਣਗੇ।" ਫਿਰ ਉਹਨੇ ਇੱਕ ਪਲ ਸੋਚਿਆ ਤੇ ਆਪਣੇ ਆਪ ਨੂੰ ਦਰੁੱਸਤ ਕੀਤਾ-"ਇਹ ਸੋਚ ਕੇ ਕਿਤੇ ਖੁਸ਼ ਨਾਂ ਹੋ ਜਾਇਓ ਕਿ ਉਹ ਅਮਰੀਕਾ ਜਾਂ ਕਨੇਡਾ ਵਾਲੇ ਕੁੱਤੇ ਦੀ ਜੂਨ ਪੈਣਗੇ-ਸਾਧ ਸੰਗਤ ਜੀ, ਉਹ ਤਾਂ ਇੰਡੀਆ ਵਾਲੇ ਕੁੱਤੇ ਦੀ ਜੂਨ ਪੈਣਗੇ।"
ਡਰਾ ਕੇ ਲੋਕਾਂ ਨੂੰ ਰੱਬ ਦਾ ਨਾਂ ਲੈਣ ਲਈ ਪ੍ਰੇਰਤ ਕਰ ਸਕਣ ਦੀ ਇੱਕ ਸੀਮਾ ਹੁੰਦੀ ਹੈ। ਧਿਆਨ ਨਾਲ ਸੋਚੀਏ, ਤਾਂ ਅਜਿਹੇ ਡਰ ਪਿੱਛੇ, ਰੱਬ ਦੀ ਸ਼ਖਸ਼ੀਅਤ ਬੰਦੇ ਵਰਗੀ ਬਣਾਈ ਹੁੰਦੀ ਹੈ-ਉਹ ਰੱਬ ਜਿਸਨੂੰ ਇਨਸਾਨ ਵਾਂਗੂੰ ਸਿਫਤ ਕਰਵਾਉਣ ਦੀ ਜ਼ਰੂਰਤ ਹੁੰਦੀ ਹੈ ਅਤੇ ਜਿਹੜੇ ਉਹਦੀ ਸਿਫਤ ਨਹੀਂ ਕਰਦੇ, ਉਹਨਾਂ ਨਾਲ ਉਹ ਦੁਸ਼ਮਣੀ ਕੱਢਦਾ ਅਤੇ ਉਹਨਾਂ ਨੂੰ ਸਜ਼ਾ ਦਿੰਦਾ ਹੈ। ਪਰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਨੇ ਤਾਂ ਰੱਬ ਦੀ ਪ੍ਰੀਭਾਸ਼ਾ, ਕਰਤਾਪੁਰਖੁ, ਨਿਰਭਉ, ਨਿਰਵੈਰੁ ਦੇ ਤੌਰ ਤੇ ਦਿੱਤੀ ਹੈ-ਸ੍ਰਿਸ਼ਟੀ ਸਾਜਣ ਵਾਲਾ ਉਹ ਬੇਅੰਤ, ਜਿਸਨੂੰ ਨਾਂ ਕਿਸੇ ਦਾ ਡਰ ਤੇ ਨਾਂ ਕਿਸੇ ਨਾਲ, ਕੋਈ ਵੈਰ ਹੈ। ਉਹ ਤੇ 'ਸੈਭੰ' ਹੈ-ਆਪਣੇ ਆਪ ਵਿੱਚ ਸੰਪੂਰਨ; ਆਪਣਾ ਮਾਣ ਤਾਣ ਬਣਾਈ ਰੱਖਣ ਲਈ ਉਹਨੂੰ ਆਪਣਾ ਨਾਮ ਜਪਾਉਣ ਦੀ ਲੋੜ ਕਿਓਂ ਪਵੇਗੀ?
ਰੱਬ ਤੋਂ ਬਰਕਤਾਂ ਦੀ ਉਮੀਦ
ਇਸੇ ਤਰਾਂ ਰੱਬ ਤੋਂ ਬਰਕਤਾਂ ਦੀ ਉਮੀਦ ਵੀ ਸਾਨੂੰ ਰੱਬ ਦਾ ਨਾਂ ਜਪਣ ਲਈ ਪ੍ਰੇਰਤ ਕਰਦੀ ਹੈ। ਪਰ ਕੀ ਇਸ ਤਰਾਂ ਦੀ ਉਮੀਦ ਰੱਖਣਾ, ਉਸ ਦਾਤੇ ਦੇ ਨਿਰਪੱਖਤਾ ਵਾਲੇ ਸੁਭਾਅ ਨਾਲ ਮੇਲ ਖਾਂਦੀ ਹੈ? ਦੋ ਵਿਦਿਆਰਥੀਆਂ ਦੀ ਗਾਥਾ ਵੱਲ ਧਿਆਨ ਦਿਓ: ਇੱਕ ਹੁਸ਼ਿਆਰ, ਮਿਹਨਤੀ ਅਤੇ ਘੱਟ ਬੋਲਣ ਵਾਲਾ ਸੰਗਾਊ, ਤੇ ਦੂਜਾ ਐਨਾ ਹੁਸ਼ਿਆਰ ਤੇ ਮਿਹਨਤੀ ਨਹੀਂ, ਪਰ ਹੈ ਆਪਣੇ ਮਾਸਟਰ ਦੀ ਵਧਕੇ ਚਾਪਲੂਸੀ ਕਰਨ ਵਾਲਾ। ਜੇਕਰ ਮਾਸਟਰ ਖੁਸ਼ ਹੋਕੇ ਦੂਜੇ ਵਦਿਆਰਥੀ ਨੂੰ ਵੱਧ ਨੰਬਰ ਦੇਵੇ ਤਾਂ ਕੀ ਇਹ ਮਾਸਟਰ ਦੀ ਨੈਤਿਕਤਾ ਤੇ ਸਵਾਲ ਖੜਾ ਨਹੀਂ ਕਰੇਗਾ? ਇਹ ਉਦਾਹਰਣ, ਸਿੱਖੀ ਧਰਮ ਵਿੱਚ ਰੱਬ ਦੀ ਨਿਰਪੱਖਤਾ ਅਤੇ ਨਿਆਂਪੂਰਨ ਵਾਲੇ ਅਕਸ ਤੇ ਵੀ ਪੂਰਾ ਢੁੱਕਦੀ ਹੈ।
ਮਾਨਸਕ ਸ਼ਾਂਤੀ
ਕਈਆਂ ਲਈ, ਨਾਮ ਜਪਣਾ ਇੱਕ ਕਿਸਮ ਦੀ ਮੈਡੀਟੇਸ਼ਨ ਹੈ ਜਿਸ ਨਾਲ, ਇਸ ਰੁਝੇਵਿਆਂ, ਚਿੰਤਾਵਾਂ ਭਰੀ ਜ਼ਿੰਦਗੀ ਵਿੱਚ ਉਹਨਾਂ ਨੂੰ ਮਨ ਦੀ ਸ਼ਾਂਤੀ ਮਿਲਦੀ ਹੈ। ਪਾਠ ਕਰਦਿਆਂ ਉਹ ਸਹਿਜ ਵਿੱਚ ਚਲੇ ਜਾਂਦੇ ਹਨ ਤੇ ਉਹਨਾਂ ਦਾ ਮਨ ਸ਼ਾਂਤ ਅਤੇ ਸਥਿਰ ਹੋ ਜਾਂਦਾ ਹੈ।
ਰੱਬ ਨਾਲ ਇੱਕ ਮਿੱਕ ਹੋਣ ਦੀ ਤਾਂਘ
ਕਿੰਨਿਆਂ ਦੀ ਸੋਚ ਹੈ ਕਿ ਲਗਾਤਾਰ ਨਾਮ ਜਪਨ ਨਾਲ, ਉਹਨਾਂ ਦੀ ਰੱਬ ਨਾਲ ਤੰਦ ਮਜ਼ਬੂਤ, ਤੇ ਮਨ ਸ਼ੁੱਧ ਹੋ ਜਾਂਦਾ ਹੈ। ਉਹਨਾਂ ਨੂੰ ਗਿਆਨ ਚਾਨਣ ਹੋ ਜਾਂਦਾ ਹੈ ਅਤੇ ਉਹ ਰੱਬ ਨਾਲ ਇੱਕ ਮਿੱਕ ਹੋ ਕੇ ਜਨਮ ਮਰਣ ਦੇ ਬੰਧਨਾਂ ਤੋਂ ਛੁੱਟ ਜਾਂਦੇ ਹਨ। ਬਹੁਤ ਸਾਧੂ ਸੰਤ, ਰੋਜ਼ਮਰਾ ਦੀਆਂ ਜਿੰਮੇਵਾਰੀਆਂ ਨੂੰ, ਰੱਬ ਨਾਲ ਏਕਤਾ ਕਰਨ ਦੇ ਅਧਿਆਤਮਕ ਰਸਤੇ ਵਿੱਚ ਰੋੜਾ ਮੰਨਦੇ ਹਨ। ਰੱਬ ਵੱਲ ਧਿਆਨ ਦੇਣ ਲਈ, ਉਹ ਇਹਨਾਂ ਜਿੰਮੇਵਾਰੀਆਂ ਤੋਂ ਮੂੰਹ ਮੋੜ, ਲੋਕਾਂ ਤੋਂ ਪਰ੍ਹੇ ਚਲੇ ਜਾਂਦੇ ਹਨ ਤਾਂ ਜੋ ਪੂਰਾ ਧਿਆਨ ਰੱਬ ਵੱਲ ਦੇ ਸਕਣ। ਉਹਨਾਂ ਦਾ ਵਿਚਾਰ ਹੁੰਦਾ ਹੈ ਕਿ, ਉਹਨਾਂ ਦੀ ਧਾਰਮਕ ਗ੍ਰੰਥਾਂ ਦੀ ਜਾਣਕਾਰੀ ਤੇ ਕੰਟ੍ਰੋਲ ਕੀਤੇ ਵਾਤਾਵਰਣ ਵਿੱਚ ਕੀਤੀ ਤਪੱਸਿਆ, ਉਹਨਾਂ ਨੂੰ ਰੱਬ ਤੀਕਰ ਪਹੁੰਚਾ ਦੇਵੇਗੀ। ਪਰ ਗੁਰੂ ਨਾਨਕ ਦੇਵ ਨੇ ਅਜਿਹੀ, ਦੁਨੀਆਂ ਤੋਂ ਨਿਰਲੇਪ ਹੋਕੇ ਕੀਤੀ ਤਪੱਸਿਆ ਦਾ ਖੰਡਨ ਕੀਤਾ ਹੈ। ਉਹਨਾਂ ਦੀ ਸਿੱਖਿਆ ਹੈ, 'ਹੱਥ ਕਾਰ ਵੱਲ, ਤੇ ਚਿੱਤ ਕਰਤਾਰ ਵੱਲ।' ਪਰੰਤੂ ਰੋਜ਼ਮਰਾ ਦੀ ਜ਼ਿੰਦਗੀ ਚ ਰੁਲ਼ੇ, ਆਮ ਮਨੁੱਖ ਲਈ 'ਚਿੱਤ ਕਰਤਾਰ ਵੱਲ' ਲਾਉਣ ਵਾਲਾ ਹਿੱਸਾ ਸਮਝਣਾ ਮੁਸ਼ਕਲ ਹੋ ਜਾਂਦਾ ਹੈ। ਸਾਨੂੰ, ਕਰਤਾਰ ਵੱਲ ਚਿੱਤ ਲਾਉਣ ਵਾਲੀ ਸਿੱਖਿਆ ਨੂੰ, ਜੀਵਨ ਵਿੱਚ ਲਗਾਤਾਰ ਬਦਲਾਅ ਲਿਆਉਣ ਦੀ ਪ੍ਰੀਕਿਰਿਆ ਕਰਕੇ ਸਮਝਣ ਦੀ ਜ਼ਰੂਰਤ ਹੈ।
ਨਾਮ ਜਪਣਾ ਇੱਕ ਨਿੱਜੀ ਬਦਲਾਅ
ਜੇਕਰ ਆਪਾਂ ਇਹ ਮੰਨਕੇ ਤੁਰੀਏ ਕਿ ਰੱਬ ਨੂੰ ਸਾਡੇ ਨਾਮ ਜਪਣ ਨਾਲ ਕੋਈ ਫਰਕ ਨਹੀਂ ਪੈਂਦਾ ਤਾਂ ਸਵਾਲ ਪੈਦਾ ਹੁੰਦਾ ਏ ਕਿ ਫੇਰ ਆਪਾਂ ਨਾਮ ਕਿਓਂ ਜਪੀਏ। ਐਥੇ ਸਾਨੂੰ ਸਮਝਣ ਦੀ ਲੋੜ ਹੈ ਕਿ ਨਾਮ ਜਪਣ ਦਾ ਅਭਿਆਸ ਦਾ ਮਤਲਬ ਰੱਬ ਦੀ ਕਿਸੇ ਲੋੜ ਨੂੰ ਪੂਰਾ ਕਰਨਾ ਨਹੀਂ, ਇਹ ਤਾਂ ਸਗੋਂ ਸਾਨੂੰ ਆਪਣੇ ਨਿੱਜੀ ਜੀਵਨ ਨੂੰ ਬਦਲਣ ਦੀ ਪ੍ਰਤੀਕਿਰਿਆ ਹੈ।
ਗੁਰਬਾਣੀ, ਅਹੰਕਾਰ, ਈਰਖਾ, ਬਦਲਾ ਲਊ ਵਰਗੀਆਂ ਭਾਵਨਾਵਾਂ ਨਾਲ ਨਜਿੱਠਣ ਦੀ ਜਾਚ ਸਿਖਾਉਂਦੀ ਹੈ, ਜਿਹੜੀਆਂ ਸਾਡੇ ਇੱਕ ਦੂਜੇ ਪ੍ਰਤੀ ਸਤਿਕਾਰ, ਮਦਦ ਅਤੇ ਪਿਆਰ ਦੇ ਰਾਹ ਵਿੱਚ ਰੋੜਾ ਹਨ। ਇਸ ਅਹਿਸਾਸ ਨੂੰ ਅਪਣਾ ਲੈਣ ਨਾਲ, ਕਿ ਸਾਡੀ ਜ਼ਿੰਦਗੀ ਜੀਵਨ ਤੋਂ ਮਰਨ ਤੀਕ ਕਿਸੇ ਵੱਡੀ ਤਾਕਤ ਦੇ ਕੰਟ੍ਰੋਲ ਵਿੱਚ ਹੈ, ਘੁਮੰਡ ਖਤਮ ਹੋ ਜਾਂਦਾ ਹੈ, ਗਿਲੇ ਸ਼ਿਕਵੇ ਮਿਟ ਜਾਂਦੇ ਹਨ ਅਤੇ ਉਹਨਾਂ ਦੀ ਥਾਂ ਪਿਆਰ ਤੇ ਅਪਣੱਤ ਲੈ ਲੈਂਦੀ ਹੈ।
ਪਰ ਸਵਾਲ ਇਹ ਹੈ ਕਿ ਜਦੋਂ ਸਾਨੂੰ ਇਹ ਗੱਲ ਇੱਕ ਵਾਰ ਸਮਝ ਲੱਗ ਗਈ ਕਿ ਰੱਬ ਬਹੁਤ ਵੱਡਾ ਹੈ ਤੇ ਸਾਰੇ ਇਨਸਾਨ ਬਰਾਬਰ ਹਨ ਤਾਂ ਸਾਨੂੰ ਗੁਰਬਾਣੀ ਨੂੰ ਬਾਰ ਬਾਰ ਪੜ੍ਹਨ ਦੀ, ਅਤੇ ਦੁਹਰਾਉਣ ਦੀ ਕੀ ਲੋੜ ਹੈ। ਸਾਡਾ ਟੀਚਾ ਸਿਰਫ ਗੱਲ ਨੂੰ ਸਮਝਣ ਦਾ ਹੀ ਨਹੀਂ, ਬਲਕਿ ਇਹਨਾਂ ਤੱਥਾਂ ਨੂੰ ਜੀਵਨ ਜਾਚ ਬਨਾਉਣ ਦਾ ਹੈ। ਇਸ ਸਮਝ ਨੂੰ, ਕਿ ਇਹ ਜਗਤ, ਇਹ ਕਾਇਨਾਤ ਕਿਸੇ ਵੱਡੀ ਤਾਕਤ ਦੀ ਮਰਜ਼ੀ ਨਾਲ ਚੱਲ ਰਹੀ ਹੈ, ਆਪਣੀ ਰੋਜ਼ਾਨਾ ਸੋਚ ਦਾ ਅਟੁੱਟ ਹਿੱਸਾ ਬਨਾਉਣ ਦੀ ਲੋੜ ਹੈ, ਅਤੇ ਆਪਣੇ ਪਹਿਲੂ ਦੇ ਹਰ ਹਿੱਸੇ ਵਿੱਚ ਜੜ੍ਹਨ ਦੀ ਲੋੜ ਹੈ। ਨਾਮ ਜਪਣਾ, ਰੋਜ਼ਾਨਾ ਰੱਟੇ ਤੋਂ ਕਿਤੇ ਵੱਡੀ ਚੀਜ਼ ਹੈ; ਇਹ ਤਾਂ ਵਿਚਾਰਸ਼ੀਲਤਾ ਨਾਲ ਗੁਰਬਾਣੀ ਨਾਲ ਇੱਕ ਮਿੱਕ ਹੋਣ ਲਈ, ਕੀਤੀ ਜਾਣ ਵਾਲੀ ਤਪੱਸਿਆ ਹੈ। ਗੁਰਬਾਣੀ ਦੇ ਲਗਾਤਾਰ ਸੱਚੇ, ਵਿਚਾਰਸ਼ੀਲ ਅਭਿਆਸ ਨਾਲ 'ਹੱਥ ਕਾਰ ਵੱਲ, ਤੇ ਚਿੱਤ ਕਰਤਾਰ ਵੱਲ' ਵਾਲੀ ਸਿੱਖਿਆ, ਇੱਕ ਮਹਿਸੂਸ ਕੀਤੀ ਜਾ ਸਕਣ ਵਾਲੀ ਅਸਲੀਅਤ ਬਣ ਜਾਂਦੀ ਹੈ। ਹਰ ਕੰਮ ਕਰਦਿਆਂ ਤੁਸੀਂ ਰੱਬ ਦੀ ਹੋਂਦ ਮਹਿਸੂਸ ਕਰਦੇ ਹੋ ਤੇ ਕੰਮ ਖੁਦ-ਬ-ਖੁਦ ਰੱਬੀ ਸਿਧਾਂਤਾ ਮੁਤਾਬਕ ਹੋਣ ਲਗਦੇ ਹਨ।
-
ਰਛਪਾਲ ਸਹੋਤਾ ,USA, Editor, Babushahi News Network, USA
rachhpalsahota@hotmail.com
+1 (513) 288 9513
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.