ਏਡਜ਼ ਅਜਿਹੀ ਬਿਮਾਰੀ ਹੈ, ਜਿਸ ਕਾਰਨ ਸਰੀਰ ਦੇ ਬਿਮਾਰੀਆਂ ਤੋਂ ਰੱਖਿਆ ਕਰਨ ਵਾਲੇ ਪ੍ਰਤੀਰੋਧੀ ਚਿੱਟੇ ਸੈੱਲ ਖ਼ਤਮ ਹੋਣੇ ਸ਼ੁਰੂ ਹੋ ਜਾਂਦੇ ਹਨ। ਕੁਦਰਤ ਨੇ ਮਨੁੱਖੀ ਸਰੀਰ ਚ ਬਿਮਾਰੀਆਂ ਤੋਂ ਬਚਣ ਲਈ ਜੋ ਪ੍ਰਬੰਧ ਕੀਤਾ ਹੁੰਦਾ ਹੈ, ਉਹ ਫੇਲ੍ਹ ਹੋ ਜਾਂਦਾ ਹੈ।
ਏਡਜ਼ ਇਕ ਜਾਨਲੇਵਾ ਬਿਮਾਰੀ ਹੈ, ਜੋ ਹੌਲੀ-ਹੌਲੀ ਪੂਰੇ ਵਿਸ਼ਵ ਨੂੰ ਆਪਣੇ ਗ੍ਰਿਫ਼ਤ 'ਚ ਲੈ ਰਹੀ ਹੈ। ਦੁਨੀਆ ਭਰ ਦੇ ਡਾਕਟਰ ਤੇ ਵਿਗਿਆਨਕ ਬਹੁਤ ਸਾਲਾਂ ਤੋਂ ਇਸ ਦੀ ਰੋਕਥਾਮ ਲਈ ਦਵਾਈਆਂ ਦੀ ਖੋਜ ਕਰ ਰਹੇ ਹਨ ਪਰ ਅਜੇ ਤਕ ਸਫਲਤਾ ਨਹੀਂ ਮਿਲੀ। ਏਡਜ਼ ਦਾ ਪੂਰਾ ਨਾਂ 'ਐਕੁਆਇਰਡ ਇਮਿਊਨ ਡੈਫੀਸਿਐਂਸੀ ਸਿੰਡਰੋਮ' ਹੈ। ਇਹ ਅਜਿਹੀ ਨਾਮੁਰਾਦ ਬਿਮਾਰੀ ਹੈ, ਜਿਸ ਨੂੰ ਅੱਸੀ ਦੇ ਦਹਾਕੇ ਤੋਂ ਪਹਿਲਾਂ ਕੋਈ ਨਹੀਂ ਜਾਣਦਾ ਸੀ। ਸਭ ਤੋਂ ਪਹਿਲਾਂ ਇਸ ਬਿਮਾਰੀ ਦਾ ਪਤਾ 1981 'ਚ ਅਮਰੀਕਾ ਵਿਖੇ ਲੱਗਿਆ। ਇਸ ਤੋਂ ਲਗਪਗ 8 ਸਾਲ ਬਾਅਦ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ) ਦੀ ਇਕ ਗਣਨਾ ਅਨੁਸਾਰ 1,40,000 ਤੋਂ ਵੀ ਜ਼ਿਆਦਾ ਲੋਕ ਇਸ ਬਿਮਾਰੀ ਦੇ ਸ਼ਿਕਾਰ ਹੋ ਚੁੱਕੇ ਸਨ।
ਪਹਿਲੀ ਵਾਰ ਸਾਲ 1987 ਵਿੱਚ ਏਡਜ਼ ਦਿਵਸ ਮਨਾਉਣ ਬਾਰੇ ਮਤਾ ਪ੍ਰਸਤਾਵਿਤ ਕੀਤਾ ਗਿਆ ਸੀ। ਵਿਸ਼ਵ ਸਿਹਤ ਸੰਗਠਨ ਦੇ "ਗਲੋਬਲ ਆਨ ਏਡਜ਼" ਪ੍ਰੋਗਰਾਮ ਦੇ ਦੋ ਸੂਚਨਾ ਅਧਿਕਾਰੀ ਜੇਮਸ ਡਬਲਯੂ ਬੰਨ ਅਤੇ ਥਾਮਸ ਨੇਟਰ ਨੇ ਸਭ ਤੋਂ ਪਹਿਲਾਂ ਇਸ ਸਮਾਗਮ ਨੂੰ ਮਨਾਉਣ ਦਾ ਵਿਚਾਰ ਸਭ ਦੇ ਸਾਹਮਣੇ ਰੱਖਿਆ। ਜਿਸ ਤੋਂ ਬਾਅਦ "ਗਲੋਬਲ ਆਨ ਏਡਜ਼" ਦੇ ਨਿਰਦੇਸ਼ਕ ਜੋਨਾਥਨ ਮਾਨ ਨੇ 1 ਦਸੰਬਰ 1988 ਨੂੰ ਵਿਸ਼ਵ ਏਡਜ਼ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ। ਜਿਸ ਲਈ "ਸੰਚਾਰ" ਥੀਮ ਨਿਰਧਾਰਤ ਕੀਤਾ ਗਿਆ ਸੀ।ਇਸ ਤੋਂ ਬਾਅਦ ਸੰਨ 1996 ਤੋਂ ਸੰਯੁਕਤ ਰਾਸ਼ਟਰ ਦੇ ਇੱਕ ਪ੍ਰੋਗਰਾਮ "ਯੂਐਨ ਏਡਜ਼" ਦੁਆਰਾ ਵਿਸ਼ਵ ਏਡਜ਼ ਦਿਵਸ ਮਨਾਉਣ ਅਤੇ ਇਸ ਤਹਿਤ ਵੱਖ-ਵੱਖ ਜਾਗਰੂਕਤਾ ਸਮਾਗਮਾਂ ਅਤੇ ਮੁਹਿੰਮਾਂ ਦਾ ਆਯੋਜਨ ਕਰਨ ਦੇ ਯਤਨ ਸ਼ੁਰੂ ਕੀਤੇ ਗਏ। ਇਸ ਮੁਹਿੰਮ ਲਈ ਸ਼ੁਰੂ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਕੇਂਦਰ ਵਿੱਚ ਰੱਖਿਆ ਗਿਆ। ਪਰ ਬਾਅਦ ਵਿੱਚ ਹਰ ਉਮਰ ਵਰਗ ਅਤੇ ਲਿੰਗ ਦੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਸ਼ੁਰੂ ਕੀਤੇ ਗਏ। ਇਸ ਮੁੱਦੇ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਵਾਈਟ ਹਾਊਸ ਵਿੱਚ ਸਾਲ 2007 ਵਿੱਚ ਵਿਸ਼ਵ ਏਡਜ਼ ਦਿਵਸ ਦੇ ਪ੍ਰਤੀਕ ਵਜੋਂ ਰੈੱਡ ਰਿਬਨ ਨੂੰ ਮਾਨਤਾ ਦਿੱਤੀ ਗਈ ਸੀ। ਇਸੇ ਕਰਕੇ ਇਸ ਦਿਨ ਨੂੰ "ਰੈੱਡ ਰਿਬਨ ਡੇ" ਵਜੋਂ ਵੀ ਜਾਣਿਆ ਜਾਂਦਾ ਹੈ।ਮਹੱਤਵਪੂਰਨ ਗੱਲ ਇਹ ਹੈ ਕਿ ਏਡਜ਼ ਦਾ ਪਹਿਲਾ ਕੇਸ 1957 ਵਿੱਚ ਅਫ਼ਰੀਕਾ ਦੇ ਕਾਂਗੋ ਵਿੱਚ ਪਾਇਆ ਗਿਆ ਸੀ। ਇਸ ਬਿਮਾਰੀ ਤੋਂ ਪੀੜਤ ਵਿਅਕਤੀ ਦੀ ਮੌਤ ਤੋਂ ਬਾਅਦ ਜਦੋਂ ਉਸ ਦੇ ਖੂਨ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਉਹ ਏਡਜ਼ ਤੋਂ ਪੀੜਤ ਹੈ। ਪਰ ਇਸ ਬਿਮਾਰੀ ਨੂੰ 1980 ਵਿੱਚ "ਏਡਜ਼" ਵਜੋਂ ਮਾਨਤਾ ਦਿੱਤੀ ਗਈ ਸੀ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਸਾਲ 1986 ਵਿੱਚ ਸਾਡੇ ਦੇਸ਼ ਵਿੱਚ ਮਦਰਾਸ ਵਿੱਚ ਏਡਜ਼ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ।
20ਵੀਂ ਸਦੀ 'ਚ ਏਡਜ਼ ਅਜਿਹੀ ਬਿਮਾਰੀ ਬਣ ਗਈ, ਜੋ ਮੌਤ ਦਾ ਵੱਡਾ ਕਾਰਨ ਬਣੀ ਹੋਈ ਹੈ। ਏਡਜ਼ ਕਾਰਨ ਮਨੁੱਖੀ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਏਡਜ਼ ਖ਼ੁਦ ਕੋਈ ਬਿਮਾਰੀ ਨਹੀਂ ਹੈ ਪਰ ਏਡਜ਼ ਨਾਲ ਪੀੜਤ ਮਨੁੱਖ 'ਚ ਬਿਮਾਰੀਆਂ ਬਹੁਤ ਜਲਦੀ ਫੈਲਦੀਆਂ ਹਨ। ਏੇਡਜ਼ ਜਿਸ ਵਾਇਰਸ ਨਾਲ ਫੈਲਦੀ ਹੈ, ਉਸ ਦਾ ਨਾਂ 'ਹਿਊਮਨ ਇਮਿਊਨੋ ਡੈਫੀਸਿਐਂਸੀ' ਹੈ।
ਅਸੀਂ ਆਮ ਬੋਲਚਾਲ ਵਿੱਚ ਏਡਜ਼ ਅਤੇ ਐੱਚ. ਆਈ. ਵੀ. ਨੂੰ ਇੱਕੋ ਤਰ੍ਹਾਂ ਦੀ ਬਿਮਾਰੀ ਸਮਝ ਕੇ ਹੀ ਸੰਬੋਧਨ ਕਰਦੇ ਹਾਂ ਪਰ ਏਡਜ਼ ਤੇ ਐੱਚ.ਆਈ.ਵੀ. 'ਚ ਫ਼ਰਕ ਹੁੰਦਾ ਹੈ। ਐੱਚ. ਆਈ. ਵੀ. ਅਜਿਹਾ ਵਾਇਰਸ ਹੈ ਜੋ ਮਨੁੱਖੀ ਸਰੀਰ ਨੂੰ ਜਦੋਂ ਸੰਕ੍ਰਮਿਤ ਕਰਦਾ ਹੈ ਤਾਂ ਸਰੀਰ ਦੀ ਰੋਗਾਂ ਨਾਲ਼ ਲੜਨ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਖ਼ਤਮ ਕਰ ਦਿੰਦਾ ਹੈ। ਏਡਜ਼ ਅਜਿਹੀਆਂ ਬਿਮਾਰੀਆਂ ਦਾ ਸਮੂਹ ਹੈ, ਜਿਸ 'ਚ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਖ਼ਤਮ ਹੋਣ ਤੋਂ ਬਾਅਦ ਆਮ ਤੌਰ 'ਤੋ ਹੋਣ ਵਾਲੇ ਰੋਗ ਜਿਵੇਂ ਖ਼ਾਸੀ, ਜ਼ੁਕਾਮ, ਬੁਖ਼ਾਰ ਏਨਾ ਕੁ ਭਿਆਨਕ ਰੂਪ ਲੈ ਲੈਂਦੇ ਹਨ ਕਿ ਉਨ੍ਹਾਂ ਦਾ ਇਲਾਜ ਕਰਨਾ ਅਸੰਭਵ ਹੋ ਜਾਂਦਾ ਹੈ, ਅੰਤ ਮਰੀਜ਼ ਦੀ ਮੌਤ ਹੋ ਜਾਂਦੀ ਹੈ।
ਏਡਜ਼ ਹੋਣ ਦੇ ਮੁੱਖ ਕਾਰਨ
- ਸਮਲਿੰਗੀ ਸਰੀਰਕ ਸਬੰਧ ਬਣਾਉਣਾ।
- ਕਿਸੇ ਮਹਿਲਾ ਜਾਂ ਪੁਰਸ਼ ਦੇ ਇਕ ਤੋਂ ਜ਼ਿਆਦਾ ਵਿਅਕਤੀਆਂ ਨਾਲ ਸਰੀਰਕ ਸਬੰਧ ਹੋਣਾ।
- ਜਦੋਂ ਕਿਸੇ ਸਿਹਤਮੰਦ ਵਿਅਕਤੀ ਨੂੰ ਐੱਚਆਈਵੀ ਪੀੜਤ ਵਿਅਕਤੀ ਦਾ ਖ਼ੂਨ ਚੜ੍ਹਾਇਆ ਜਾਂਦਾ ਹੈ।
- ਦੂਸ਼ਿਤ ਸਰਿੰਜ ਤੇ ਸੂਈ ਦੀ ਵਾਰ-ਵਾਰ ਵਰਤੋਂ ਨਾਲ।
- ਐੱਚਆਈਵੀ ਪੀੜਤ ਮਹਿਲਾ ਦੇ ਗਰਭਧਾਰਨ ਕਰਨ ਨਾਲ ਹੋਣ ਵਾਲੇ ਬੱਚੇ 'ਚ ਵੀ ਇਸ ਬਿਮਾਰੀ ਦੇ ਫੈਲਣ ਦਾ ਖ਼ਤਰਾ ਰਹਿੰਦਾ ਹੈ।
- ਇਸ ਬਿਮਾਰੀ ਤੋਂ ਪੀੜਤ ਮਾਂ ਦਾ ਦੁੱਧ ਬੱਚੇ ਨੂੰ ਪਿਲਾਉਣ ਨਾਲ।
- ਪੀੜਤ ਵਿਅਕਤੀ ਦੇ ਅੰਗਦਾਨ, ਜਿਵੇਂ ਗੁਰਦਾ, ਕੌਰਨੀਆਂ, ਬੋਨ ਮੈਰੋ ਆਦਿ ਦੇ ਟਰਾਂਸਪਲਾਂਟ ਕਰਨ ਨਾਲ ਸਿਹਤਮੰਦ ਵਿਅਕਤੀ 'ਚ ਵੀ ਐੱਚਆਈਵੀ ਹੋਣ ਦਾ ਖ਼ਤਰਾ ਹੋ ਜਾਂਦਾ ਹੈ।
ਏਡਜ਼ ਪੀੜਤ ਵਿਅਕਤੀ ਦੇ ਲੱਛਣ
ਐੱਚ. ਆਈ. ਵੀ. ਪੀੜਤ ਵਿਅਕਤੀ 'ਚ ਲੰਮੇ ਸਮੇਂ ਤਕ ਇਸ ਦੇ ਲੱਛਣ ਨਹੀਂ ਦਿਸਦੇ। ਜਿਵੇਂ-ਜਿਵੇਂ ਰੋਗ ਪ੍ਰਤੀਰੋਧਕ ਪ੍ਰਤੀਰੋਧਕ ਸਮਰੱਥਾ ਘੱਟਦੀ ਜਾਂਦੀ ਹੈ, ਤਾਂ ਰੋਗੀ ਨੂੰ ਇਸ ਦੇ ਲੱਛਣਾਂ ਦਾ ਪਤਾ ਲੱਗਦਾ ਰਹਿੰਦਾ ਹੈ ਤੇ ਇਸ ਦੇ ਲੱਛਣ ਪੂਰੀ ਤਰ੍ਹਾਂ ਸਾਹਮਣੇ ਆਉਣ ਲਈ 8-10 ਸਾਲ ਲੱਗ ਜਾਂਦੇ ਹਨ। ਇਸ ਸਮੇਂ ਰੋਗੀ ਨੂੰ ਇਹ ਵੀ ਅਹਿਸਾਸ ਨਹੀਂ ਹੁੰਦਾ ਕਿ ਉਹ ਇੰਨੀ ਭਿਆਨਕ ਬਿਮਾਰੀ ਦੀ ਗ੍ਰਿਫ਼ਤ 'ਚ ਆ ਚੁੱਕਿਆ ਹੈ। ਇਹੀ ਉਹ ਸਮਾਂ ਹੁੰਦਾ ਹੈ, ਜਦੋਂ ਪੀੜਤ ਵਿਅਕਤੀ ਅਣਜਾਣੇ 'ਚ ਹੋਰ ਬਹੁਤ ਸਾਰੇ ਵਿਅਕਤੀਆਂ ਨੂੰ ਇਸ ਬਿਮਾਰੀ ਤੋਂ ਸੰਕ੍ਰਮਿਤ ਕਰ ਦਿੰਦਾ ਹੈ। ਪਹਿਲੇ ਦੌਰ 'ਚ ਜਦੋਂ ਐੱਚਆਈਵੀ ਵਾਇਰਸ ਸਰੀਰ 'ਚ ਦਾਖ਼ਲ ਹੁੰਦਾ ਹੈ ਤਾਂ ਇੰਨਫਲੂਐਂਜਾ ਵਰਗੀ ਬਿਮਾਰੀ ਜਿਹੇ ਲੱਛਣ ਦਿਖਾਈ ਦਿੰਦੇ ਹਨ, ਜਿਵੇਂ ਸਰਦੀ, ਜ਼ੁਕਾਮ, ਬੁਖ਼ਾਰ, ਗਲੇ 'ਚ ਸੋਜ਼, ਚੱਕਰ ਆਉਣਾ, ਸਿਰਦਰਦ, ਮੂੰਹ 'ਚ ਛਾਲੇ ਹੋਣਾ, ਉਲਟੀਆਂ, ਦਸਤ ਆਦਿ ਲੱਗਣਾ। ਕੁਝ ਵੱਖਰੇ ਲੱਛਣ ਨਾ ਹੋਣ ਕਰਕੇ ਅਕਸਰ ਲੋਕ ਇਸ ਸਮੇਂ ਇਸ ਨੂੰ ਐੱਚਆਈਵੀ ਦੇ ਲੱਛਣ ਨਹੀਂ ਮੰਨਦੇ ਤੇ ਰੋਗ ਨੂੰ ਪਛਾਣਨ 'ਚ ਦੇਰੀ ਹੋ ਜਾਂਦੀ ਹੈ।
ਇਲਾਜ ਨਾ ਹੋਣ ਕਰਕੇ ਐੱਚਆਈਵੀ ਵਾਇਰਸ ਦਾ ਦੂਸਰਾ ਪੜਾਅ ਔਸਤਨ 8-10 ਸਾਲ ਤਕ ਦਾ ਰਹਿੰਦਾ ਹੈ। ਆਮ ਤੌਰ 'ਤੇ ਇਸ ਪੜਾਅ 'ਚ ਕੋਈ ਲੱਛਣ ਦਿਖਾਈ ਨਹੀਂ ਦਿੰਦਾ ਪਰ ਆਖ਼ਰ 'ਚ ਕਈ ਲੱਛਣ ਦਿਖਾਈ ਦੇਣ ਲੱਗਦੇ ਹਨ, ਜਿਵੇਂ ਭਾਰ ਦਾ ਅਚਾਨਕ ਘੱਟ ਜਾਣ, ਮਾਸਪੇਸ਼ੀਆਂ 'ਚ ਦਰਦ ਹੋਣਾ, ਬਿਨਾਂ ਕੰਮ ਕੀਤਿਆਂ ਸਰੀਰ 'ਚ ਥਕਾਵਟ ਮਹਿਸੂਸ ਹੋਣਾ ਆਦਿ। ਦੂਜੇ ਪੜਾਅ ਤੋਂ ਬਾਅਦ ਇਨਫੈਕਸ਼ਨ ਇੰਨੀ ਕੁ ਫੈਲ ਜਾਂਦੀ ਹੈ ਕਿ ਸਰੀਰ 'ਚ ਸੈੱਲ ਕੌਸ਼ਿਕਾਂ ਦੀ ਗਿਣਤੀ ਘੱਟ ਜਾਂਦੀ ਹੈ ਤੇ ਵਿਅਕਤੀ ਨੂੰ ਆਸਾਨੀ ਨਾਲ ਰੋਗ ਹੋ ਜਾਂਦੀ ਹੈ। ਇਲਾਜ ਦੀ ਘਾਟ ਕਰਕੇ ਐੱਚਆਈਵੀ ਪੀੜਤ ਵਿਅਕਤੀ ਏਡਜ਼ ਨਾਲ ਗ੍ਰਸਤ ਹੋ ਜਾਂਦਾ ਹੈ ਤੇ ਕਾਫ਼ੀ ਲੱਛਣ ਦਿਸਣ ਲੱਗਦੇ ਹਨ, ਜਿਵੇਂ ਕਮਜ਼ੋਰੀ, ਖ਼ੂਨ ਦੀ ਕਮੀ, ਮਾਸਪੇਸ਼ੀਆਂ 'ਚ ਖਿਚਾਅ, ਰਾਤ ਨੂੰ ਪਸੀਨਾ ਆਉਣਾ, ਲਗਾਤਾਰ ਬੁਖ਼ਾਰ ਰਹਿਣਾ, ਚਮੜੀ ਦੇ ਭਿਆਨਕ ਰੋਗ, ਭਾਰ 'ਚ ਕਮੀ ਆਦਿ।
ਹਰ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਇਸ ਖ਼ਤਰਨਾਕ ਲਾਇਲਾਜ ਬਿਮਾਰੀ ਤੋਂ ਬਚਣ ਲਈ ਏਡਜ਼ ਦੇ ਕਾਰਨਾਂ ਤੋਂ ਸੁਚੇਤ ਰਹੇ। ਏਡਜ਼ ਦੇ ਰੋਗੀਆਂ ਨਾਲ ਆਮ ਲੋਕਾਂ ਵਾਂਗ ਵਿਹਾਰ ਕਰਨਾ ਚਾਹੀਦਾ ਹੈ। ਸਰਕਾਰ ਵੱਲੋਂ ਲੋਕਾਂ 'ਚ ਏਡਜ਼ ਦੀ ਜਾਗਰੂਕਤਾ ਪੈਦਾ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਪੂਰੇ ਵਿਸ਼ਵ 'ਚ ਇਹ ਰੋਗ ਆਪਣੇ ਪੈਰ ਜਮ੍ਹਾ ਚੁੱਕਿਆ ਹੈ ਤੇ ਇਹ ਸਾਡੇ ਸਾਰਿਆਂ ਦੀ ਮੁੱਢਲੀ ਜ਼ਿੰਮੇਵਾਰੀ ਹੈ ਕਿ ਅਸੀਂ ਪੂਰੀ ਸਾਵਧਾਨੀ ਵਰਤੀਏ ਤੇ ਵੱਧ ਤੋਂ ਵੱਧ ਲੋਕਾਂ 'ਚ ਇਸ ਪ੍ਰਤੀ ਜਾਗਰੂਕਤਾ ਪੈਦਾ ਕਰੀਏ। ਜੇਕਰ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਏਡਜ਼ ਸਬੰਧੀ ਪੁਖਤਾ ਜਾਣਕਾਰੀ ਪ੍ਰਦਾਨ ਕਰਾਂਗੇ ਤਾਂ ਉਹ ਇਸ ਲਾ-ਇਲਾਜ ਬਾਰੀ ਤੋਂ ਬਚੇ ਰਹਿਣਗੇ। ਆਓ ਆਪਣਾ ਕਰਤੱਵ ਸਮਝਦਿਆਂ ਹੋਇਆਂ ਆਪਣੇ ਆਪਣੇ ਪਰਿਵਾਰਕ ਮੈਂਬਰਾਂ, ਸਕੂਲੀ ਵਿਦਿਆਰਥੀਆਂ ਅਤੇ ਕਾਲਜਾਂ, ਯੂਨੀਵਰਸਿਟੀਆਂ ਵਿੱਚ ਏਡਜ਼ ਦਿਵਸ ਮੌਕੇ ਗੱਲਬਾਤ ਕਰੀਏ ਅਤੇ ਸਮੂਹ ਵਿਦਿਆਰਥੀਆਂ ਨੂੰ ਇਸਤੋਂ ਬਚਣ ਲਈ ਸੁਚੇਤ ਰੂਪ ਵਿੱਚ ਤਿਆਰ ਕਰੀਏ।
-
ਗਗਨਦੀਪ ਕਟਾਰੀਆ, ਹੈੱਡਮਿਸਟ੍ਰੈੱਸ ਸਰਕਾਰੀ ਹਾਈ ਸਮਾਰਟ ਸਕੂਲ, ਪੂਹਲੀ (ਬਠਿੰਡਾ)
*********
9646131311
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.