ਜ਼ਿੰਦਗੀ ਦੀ ਜੰਗ ਲੜ ਰਹੇ ਸ਼ਰਨਾਰਥੀ ਅਤੇ ਪ੍ਰਵਾਸੀ
- ਗੁਰਮੀਤ ਸਿੰਘ ਪਲਾਹੀ
ਦੁਨੀਆ ਭਰ ਵਿੱਚ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਘਰੋਂ ਬੇਘਰ ਹੋਣ ਕਾਰਨ ਸ਼ਰਨਾਰਥੀਆਂ ਨੂੰ ਅੰਤਾਂ ਦੇ ਦੁੱਖ ਝੱਲਣੇ ਪੈਂਦੇ ਹਨ। ਪ੍ਰਵਾਸੀਆਂ, ਸ਼ਰਨਾਰਥੀਆਂ ਦੀਆਂ ਭਾਰੀ ਗਿਣਤੀ ਵਿੱਚ ਹੋ ਰਹੀਆਂ ਮੌਤਾਂ ਨੇ ਪੂਰੀ ਦੁਨੀਆ ਨੂੰ ਹੈਰਾਨ ਕੀਤਾ ਹੋਇਆ ਹੈ।
ਅੰਤਰਰਾਸ਼ਟਰੀ ਸਰਹੱਦਾਂ ਪਾਰ ਕਰਨ ਵਾਲੇ ਸ਼ਰਨਾਰਥੀ ਅਤੇ ਪ੍ਰਵਾਸੀ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ। ਵਿਸ਼ਵ ਪੱਧਰੀ ਜੰਗਾਂ, ਅੰਦਰੂਨੀ ਟਕਰਾਅ, ਸੋਕਾ, ਹੜ੍ਹ, ਅਸੁਰੱਖਿਆ ਗਰੀਬੀ ਜ਼ਬਰਨ ਘਰੋਂ ਬੇਘਰ ਕੀਤੇ ਜਾਣਾ ਸ਼ਰਨਾਰਥ ਅਤੇ ਪ੍ਰਵਾਸ ਦੀਆਂ ਜੜ੍ਹਾਂ ਹਨ। ਇਸ ਸਮੇਂ ਦੁਨੀਆ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਗੰਭੀਰ ਟਕਰਾ ਚੱਲ ਰਹੇ ਹਨ । ਵੱਡੀ ਗਿਣਤੀ ਵਿੱਚ ਮਾਸੂਮ, ਬੇਦੋਸ਼ੇ ਮਰ ਰਹੇ ਹਨ। ਖ਼ਾਸ ਕਰਕੇ ਔਰਤਾਂ ਅਤੇ ਬੱਚਿਆਂ ਨੂੰ ਇਸ ਦੀ ਕੀਮਤ ਚੁਕਾਉਣੀ ਪੈ ਰਹੀ ਹੈ।
ਇੱਕ ਰਿਪੋਰਟ ਅਨੁਸਾਰ ਸਾਲ 2021 ਦੇ ਆਖਰੀ ਅੰਕੜਿਆਂ ਦੇ ਮੁਕਾਬਲੇ 2022 ਵਿੱਚ ਸ਼ਰਨਾਰਥੀਆਂ ਦੀ ਗਿਣਤੀ 1.9 ਕਰੋੜ ਤੋਂ ਜ਼ਿਆਦਾ ਹੋ ਗਈ। ਦੁਨੀਆ ਭਰ ਵਿੱਚ ਘਰੋਂ ਬੇਘਰ ਹੋਏ ਕੁੱਲ 10.84 ਕਰੋੜ ਲੋਕਾਂ ਵਿੱਚੋਂ 3.53 ਕਰੋੜ ਸ਼ਰਨਾਰਥੀ ਹਨ, ਜੋ ਜੀਵਨ ਸੁਰੱਖਿਆ ਲਈ ਅੰਤਰਰਾਸ਼ਟਰੀ ਸਰਹੱਦਾਂ ਪਾਰ ਕਰ ਗਏ। ਪਿਛਲੇ ਸਾਲ 2022 ਵਿੱਚ ਘਰੋਂ ਬੇਘਰ ਹੋਣ ਦਾ ਮੁੱਖ ਕਾਰਨ ਯੂਕਰੇਨ ਦੀ ਲੜਾਈ ਰਹੀ। ਹੁਣ ਫਲਸਤੀਨ ਅਤੇ ਇਜ਼ਰਾਇਲ ਕਾਰਨ ਹਜ਼ਾਰਾਂ ਲੋਕ ਤਬਾਹ ਹੋ ਰਹੇ ਹਨ, ਘਰ ਛੱਡ ਰਹੇ ਹਨ, ਪੀੜਤ ਹੋ ਰਹੇ ਹਨ ਅਤੇ ਵੱਡਾ ਦਰਦ ਹੰਢਾ ਰਹੇ ਹਨ। ਸਾਲ 2022 ਦੇ ਅਖੀਰ ਤੱਕ 1.6 ਕਰੋੜ ਯੂਕਰੇਨੀਆ ਨੂੰ ਆਪਣੇ ਘਰ ਛੱਡ ਕੇ ਹੋਰ ਥਾਵਾਂ ਤੇ ਪਨਾਹ ਲੈਣੀ ਪਈ, ਇਹਨਾਂ ਵਿੱਚ 59 ਲੱਖ ਆਪਣੇ ਦੇਸ਼ ਅੰਦਰ ਅਤੇ 57 ਲੱਖ ਗੁਆਂਢੀ ਦੇਸ਼ਾਂ ਵੱਲ ਤੁਰ ਗਏ।
ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ, ਇਥੋਪੀਆ ਅਤੇ ਮੀਆਂਮਾਰ ਵਿੱਚੋਂ 10 ਲੱਖ ਤੋਂ ਵੱਧ ਲੋਕ, ਦੇਸ਼ ਦੇ ਆਪਸੀ ਸੰਘਰਸ਼ਾਂ ਕਾਰਨ ਘਰੋਂ ਬੇਘਰ ਹੋਏ। ਸੁਡਾਨ ਦੇ 11 ਕਰੋੜ ਲੋਕਾਂ ਨੂੰ ਘਰ ਛੱਡਣੇ ਪਏ।
ਜੰਗ ਤੋਂ ਬਿਨ੍ਹਾਂ ਕੁਦਰਤੀ ਆਫਤਾਂ ਮਨੁੱਖ ਨੂੰ ਪਰੇਸ਼ਾਨ ਕਰਦੀਆਂ ਹਨ ਉਹਨਾਂ ਦੀ ਮੌਤ ਦਾ ਕਾਰਨ ਬਣਦੀਆਂ ਹਨ ਉਹਨਾਂ ਦੇ ਘਰ ਤਬਾਹ ਕਰਦੀਆਂ ਹਨ ਉਹਨਾਂ ਨੂੰ ਘਰ ਛੱਡਣੇ ਨੂੰ ਮਜਬੂਰ ਕਰਦੀਆਂ ਹਨ ਕੁਦਰਤੀ ਆਫਤਾਂ ਕਾਰਨ ਬੇਘਰ ਹੋਣ ਵਾਲਿਆਂ ਦੀ ਗਿਣਤੀ 3.26 ਕਰੋੜ ਰਹੀ ਅਤੇ ਸਾਲ ਦੇ ਅੰਤ ਤੱਕ ਪੱਕੇ ਤੌਰ 'ਤੇ ਲਗਭਗ 87 ਲੱਖ ਲੋਕਾਂ ਦੇ ਘਰ ਤਬਾਹ ਹੋ ਗਏ।
ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਦੀ 90 ਫੀਸਦੀ ਆਬਾਦੀ ਹੇਠਲੇ ਅਤੇ ਵਿਚਕਾਰਲੇ ਵਰਗ ਦੇ ਲੋਕਾਂ ਦੀ ਹੈ। ਇਹਨਾਂ ਲੋਕਾਂ ਦੀ ਬਾਂਹ ਵੀ ਗਰੀਬ ਦੇਸ਼ਾਂ ਨੇ ਹੀ ਫੜੀ। ਲਗਭਗ 76 ਫੀਸਦੀ ਸ਼ਰਨਾਰਥੀਆਂ ਨੇ ਇਹਨਾਂ ਦੇਸ਼ਾਂ ਵਿੱਚ ਹੀ ਸ਼ਰਨ ਲਈ। ਪਰ ਇਹਨਾਂ ਦੇਸ਼ਾਂ ਵਿੱਚ ਰਹਿ ਕੇ ਉਹਨਾਂ ਨੂੰ ਨਾ ਸਿਹਤ ਸਹੂਲਤਾਂ ਮਿਲੀਆਂ, ਨਾ ਹੀ ਉਹਨਾਂ ਦੀ ਸਿੱਖਿਆ ਦਾ ਕੋਈ ਪ੍ਰਬੰਧ ਹੋਇਆ, ਨਾ ਰੁਜ਼ਗਾਰ ਮਿਲਿਆ ਅਤੇ ਇਹ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਅਤਿ ਤਰਸਯੋਗ ਹਾਲਾਤਾਂ ਵਿੱਚ ਰਹਿਣ ਲਈ ਮਜ਼ਬੂਰ ਹੋ ਗਏ।
ਅਮੀਰ ਦੇਸ਼ਾਂ ਨੇ ਇਹਨਾਂ ਸ਼ਰਨਾਰਥੀਆਂ ਦੀ ਬਾਂਹ ਨਹੀਂ ਫੜੀ। ਇਥੇ ਕਿਸੇ ਨਾ ਕਿਸੇ ਕਾਰਨ ਪ੍ਰਵਾਸ ਹੰਢਾਉਣ ਲਈ ਸਰਹੱਦਾਂ ਪਾਰ ਕਰਨ ਵਾਲੇ ਪ੍ਰਵਾਸੀਆਂ ਨੂੰ ਮੌਤ ਦੇ ਮੂੰਹ ਵਿੱਚ ਜਾਣਾ ਪਿਆ। ਉਹ ਏਜੰਟਾਂ ਦੇ ਹੱਥੀ ਚੜ੍ਹੇ ਜਾਂ ਨਿੱਜੀ ਕੋਸ਼ਿਸ਼ਾਂ ਨਾਲ ਸਰਹੱਦਾਂ ਪਾਰ ਕਰਦੇ ਆਪਣੀ ਜਾਨ ਜੋਖ਼ਮ ਵਿੱਚ ਪਾਉਂਦੇ ਰਹੇ।
ਇੰਟਰਨੈਸ਼ਨਲ ਆਰਗਨਾਈਜੇਸ਼ਨ ਫਾਰ ਮਾਈਗਰੇਸ਼ਨ (ਆਈ.ਓ.ਐਮ) ਦੇ ਇੱਕ ਅੰਦਾਜ਼ੇ ਮੁਤਾਬਕ ਸਾਲ 2014 ਤੋਂ ਬਾਅਦ ਅਮਰੀਕਾ ਤੇ ਯੂਰਪ ਸੰਘ ਦੇ ਦੇਸ਼ਾਂ ਵਿੱਚ ਪਹੁੰਚਣ ਦੇ ਚਾਹਵਾਨ 50 ਹਜ਼ਾਰ ਤੋਂ ਵੱਧ ਸ਼ਰਨਾਰਥੀ ਜਾਂ ਪ੍ਰਵਾਸੀ ਜਾਂ ਤਾਂ ਮਾਰੇ ਜਾ ਚੁੱਕੇ ਹਨ ਜਾਂ ਜੰਗਲਾਂ, ਸਮੁੰਦਰਾਂ ਵਿੱਚ ਲਾਪਤਾ ਹੋ ਚੁੱਕੇ ਹਨ। ਅਮਰੀਕਾ ਮੈਕਸੀਕੋ ਸਰਹੱਦ ਤੇ ਮਨੁੱਖੀ ਤਸਕਰ ਸਰਹੱਦ ਪਾਰ ਕਰਾਉਂਦੇ ਹਨ ਅਤੇ ਇੰਜ ਕਰਦਿਆਂ ਕਰਾਉਂਦਿਆਂ 3000 ਤੋਂ ਵੱਧ ਸ਼ਰਨਾਰਥੀ ਜਾਂ ਪ੍ਰਵਾਸੀ ਮੈਕਸੀਕੋ ਸਰਹੱਦਾਂ ਤੇ ਜਾਂ ਮੈਕਸੀਕੋ ਦੇ ਜੰਗਲਾਂ ਵਿੱਚ ਮਾਰੇ ਜਾ ਚੁੱਕੇ ਹਨ।
ਭਾਰਤ ਵਿੱਚ ਘਰੋਂ ਬੇਘਰੇ ਹੋਣ ਦਾ ਮੁੱਖ ਕਾਰਨ ਵਿਕਾਸ ਦੀਆਂ ਪ੍ਰਯੋਜਨਾਵਾਂ ਹਨ। ਕੇਂਦਰ ਅਤੇ ਸੂਬਾ ਸਰਕਾਰ ਵੱਡੇ-ਵੱਡੇ ਹਾਈਵੇਅ, ਦਰਿਆ 'ਤੇ ਬੰਨ, ਬਿਜਲੀ ਪੈਦਾ ਕਰਨ ਲਈ ਡੈਮ ਆਦਿ ਉਸਾਰੀ 'ਤੇ ਜ਼ੋਰ ਦਿੰਦੀਆਂ ਹਨ। ਖਨਣ ਦੀਆਂ ਯੋਜਨਾਵਾਂ ਵੀ ਲੋਕਾਂ ਨੂੰ ਆਪਣੇ ਘਰ ਛੱਡਣ ਤੇ ਮਜ਼ਬੂਰ ਕਰਦੀਆਂ ਹਨ।
ਇਹਨਾ ਯੋਜਨਾਵਾਂ ਦੇ ਚਲਦਿਆਂ ਦੇਸ਼ ਭਰ ਦੇ ਕੁੱਲ ਪੇਂਡੂ ਖੇਤਰਾਂ ਦੇ 10 ਫੀਸਦੀ ਲੋਕ ਪ੍ਰਭਾਵਿਤ ਹੋ ਰਹੇ ਹਨ। ਉਹਨਾਂ ਦੀਆਂ ਜ਼ਮੀਨਾਂ, ਘਰ ਇਹਨਾਂ ਪ੍ਰਯੋਜਨਾਵਾਂ ਦੀ ਭੇਂਟ ਚੜ ਰਹੀਆਂ ਹਨ। ਵੱਡੀ ਗਿਣਤੀ ਦੇਸ਼ ਦੇ ਜਨਜਾਤੀ ਕਬੀਲਿਆਂ ਨੂੰ ਆਪਣੇ ਮੂਲ ਥਾਵਾਂ ਤੋਂ ਪਲਾਇਨ ਕਰਨਾ ਪਿਆ ਹੈ। ਇਸ ਨਾਲ ਵਾਤਾਵਰਨ ਦਾ ਬੇਤਿਹਾਸ਼ਾ ਵਿਨਾਸ਼ ਹੋ ਰਿਹਾ ਹੈ। ਆਦਿਵਾਸੀਆਂ ਦਾ ਜੀਵਨ ਅਤੇ ਉਪਜੀਵਕਾ ਜੰਗਲ ਦੀ ਸੰਸਕ੍ਰਿਤੀ ਤੇ ਨਿਰਭਰ ਕਰਦੀ ਹੈ। ਭਾਵੇਂ ਕਿ ਜੰਗਲਾਂ, ਕਬੀਲਿਆਂ ਦੀ ਸੁਰੱਖਿਆ ਦਾ ਕਾਨੂੰਨ "ਓਪਨ ਨਿਵੇਸ਼ ਭੂਮੀ ਅਧਿਗ੍ਰਹਿਣ ਅਧਿਨਿਯਮ 1894" ਦਾ ਕਾਨੂੰਨ ਬਣਿਆ ਹੈ ਪਰ ਉਹ ਵੀ ਵਿਕਾਸ ਦੀ ਅੰਧਾਂ ਧੁੰਦ ਦੌੜ ਦੀ ਭੇਂਟ ਚੜ ਚੁੱਕਾ ਹੈ। ਦਲਿਤ, ਪਛੜੇ ਅਤੇ ਆਦਿ ਵਾਸੀਆਂ ਦੇ ਆਪਣੇ ਮੂਲ ਰਿਵਾਇਤੀ ਢਿੱਡ ਭਰਨ ਦੇ ਢੰਗ ਤਰੀਕੇ ਇਹਨਾਂ ਪ੍ਰਯੋਜਨਾਵਾਂ ਨੇ ਖ਼ਤਮ ਕਰ ਦਿੱਤੇ ਹਨ ਅਤੇ ਇਹਨਾਂ ਜਨਜਾਤੀ ਦੇ ਲੋਕਾਂ ਦੀ ਜ਼ਿੰਦਗੀ ਅਸੁਰੱਖਿਅਤ ਹੋ ਗਈ ਹੈ।
ਦੇਸ਼ ਭਾਰਤ ਵਿੱਚ ਕਈ ਥਾਵਾਂ ਉੱਤੇ ਆਪਸੀ ਸੰਗਰਸ਼ ਅਤੇ ਹਿੰਸਾ ਨਾਲ ਭਗਦੜ ਮੱਚੀ ਹੈ। ਸੂਬਾ ਮਨੀਪੁਰ ਇਸਦੀ ਉਦਾਹਰਨ ਹੈ। ਕੁਝ ਲੋਕ ਗਰੀਬੀ ਤੋਂ ਤੰਗ ਆ ਕੇ ਬਿਹਤਰ ਜ਼ਿੰਦਗੀ ਲਈ ਯਤਨਸ਼ੀਲ ਰਹਿੰਦੇ ਹਨ ਅਤੇ ਘਰ ਛੱਡਦੇ ਹਨ।
ਵੱਡੀ ਸਮੱਸਿਆ ਇਹ ਹੈ ਕਿ ਬੇਰੁਜ਼ਗਾਰੀ ਤੋਂ ਪੀੜਤ ਲੋਕ ਕੰਮ ਕਾਜ ਦੀ ਤਲਾਸ਼ 'ਚ ਦੂਜੇ ਸੂਬਿਆਂ ਵੱਲ ਪਲਾਇਨ ਕਰਦੇ ਹਨ। ਬਿਹਾਰ, ਯੂ.ਪੀ. ਆਦਿ ਰਾਜਾਂ ਦੇ ਪ੍ਰਵਾਸੀ ਪੰਜਾਬ, ਹਰਿਆਣਾ, ਦਿੱਲੀ, ਮਹਾਰਾਸ਼ਟਰ ਆਦਿ ਸੂਬਿਆਂ ਵੱਲ ਕੰਮ ਦੀ ਤਲਾਸ਼ 'ਚ ਜਾਂਦੇ ਹਨ ਅਤੇ ਉਥੋਂ ਦੇ ਵਸ਼ਿੰਦੇ ਬਣ ਰਹੇ ਹਨ। ਇਸ ਨਾਲ ਉਥੋਂ ਦੇ ਸਮਾਜ ਉਤੇ ਸਮਾਜਿਕ, ਆਰਥਿਕ, ਰਾਜਨੀਤਕ ਪ੍ਰਭਾਵ ਪਿਆ ਹੈ। ਪੰਜਾਬ, ਹਰਿਆਣਾ, ਗੁਜਰਾਤ ਆਦਿ ਸੂਬਿਆਂ ਤੋਂ ਵੱਡੀ ਗਿਣਤੀ 'ਚ ਲੋਕ ਪ੍ਰਵਾਸ ਦੇ ਰਾਹ ਪਏ ਹਨ। ਜ਼ਮੀਨਾਂ, ਜਾਇਦਾਦਾਂ ਵੇਚਕੇ ਕੈਨੇਡਾ, ਅਮਰੀਕਾ, ਅਸਟਰੇਲੀਆ, ਨਿਊਜ਼ੀਲੈਂਡ, ਬਰਤਾਨੀਆ ਆਦਿ ਦੇਸ਼ਾਂ 'ਚ ਪੱਕੇ ਵਸ਼ਿੰਦੇ ਬਣ ਗਏ ਹਨ ਅਤੇ ਵੱਡੀ ਗਿਣਤੀ ਅਰਬ ਦੇਸ਼ਾਂ ਵੱਲ ਗਏ ਹਨ ਜਾਂ ਜਾ ਰਹੇ ਹਨ।
ਰੀਫੀਊਜੀ ਜਾਂ ਸ਼ਰਨਾਰਥੀ ਸ਼ਬਦ ਲਚਾਰੀ ਦਾ ਦੂਜਾ ਨਾਅ ਹੈ। ਸ਼ਰਨਾਰਥੀ ਰੱਖਿਆ ਚਾਹੁਣ ਵਾਲੇ ਸਮੂਹ ਗਿਣੇ ਜਾਂਦੇ ਹਨ, ਜਦੋਂ ਮਜ਼ਬੂਰੀ ਵੱਸ ਘਰ-ਬਾਰ ਤਿਆਗਣ ਲਈ ਮਜ਼ਬੂਰ ਹੁੰਦੇ ਹਨ ਜਾਂ ਕਰ ਦਿੱਤੇ ਜਾਂਦੇ ਹਨ। ਭਾਰਤ ਵਿੱਚ ਸ਼ਰਨਾਰਥੀਆਂ ਦਾ ਇਤਿਹਾਸ ਪੁਰਾਣਾ ਹੈ ਅਤੇ ਭਾਰਤ ਵਿੱਚ ਵਸੇ ਕਾਨੂੰਨੀ, ਗੈਰ-ਕਾਨੂੰਨੀ ਸ਼ਰਨਾਰਥੀਆਂ ਦੀ ਜਨਸੰਖਿਆ ਕਈ ਵਿਕਸਤ ਦੇਸ਼ਾਂ ਦੀ ਜਨਸੰਖਿਆ ਤੋਂ ਵੀ ਵੱਧ ਹੈ। ਭਾਰਤ ਦੀ ਵੰਡ ਵੇਲੇ ਪਾਕਿਸਤਾਨੋਂ ਲੱਖਾਂ ਦੀ ਗਿਣਤੀ 'ਚ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ। ਇਹ ਇਸ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਸੀ। ਜਿੱਥੇ ਹਿੰਸਾ ਦੌਰਾਨ, ਬੇਬਸ ਲੋਕ ਮਾਰੇ ਗਏ, ਜ਼ਖ਼ਮੀ ਹੋਏ, ਔਰਤਾਂ ਉਧਾਲੀਆਂ ਗਈਆਂ, ਲੋਕ ਆਪਣੇ ਰੁਜ਼ਗਾਰ, ਜ਼ਮੀਨਾਂ, ਘਰ ਗੁਆ ਬੈਠੇ।
ਇਹੋ ਹਾਲਾਤ ਭਾਰਤ ਤੋਂ ਪਰਵਾਸ ਹੰਢਾਉਣ ਵਾਲੇ ਲੋਕਾਂ ਦੇ ਹਨ। ਜਦੋਂ ਵੱਡੀ ਗਿਣਤੀ ਵਿੱਚ ਲੋਕ ਰੁਜ਼ਗਾਰ ਦੀ ਭਾਲ ਵਿੱਚ ਮਜਬੂਰ ਜਾਂ ਆਪਣੇ ਚੰਗੇ ਭਵਿੱਖ ਲਈ ਆਪਣੀ ਮਰਜ਼ੀ ਨਾਲ ਜਾ ਰਹੇ ਹਨ, ਪਰ ਵਿਸ਼ੇਸ਼ ਗੱਲ ਤਾਂ ਇਹ ਹੈ ਕਿ ਉਹਨਾਂ ਨੂੰ ਹਾਲਾਤਾਂ ਤੋਂ ਮਜਬੂਰ ਹੋ ਕੇ ਆਪਣਾ ਘਰ, ਆਪਣਾ ਦੇਸ਼, ਆਪਣੇ ਬੋਲੀ, ਆਪਣਾ ਸੱਭਿਆਚਾਰ ਤੱਕ ਤਿਆਗਣਾ ਪੈਂਦਾ ਹੈ। ਹਰ ਸਾਲ 25 ਲੱਖ ਭਾਰਤੀ ਆਪਣਾ ਦੇਸ਼ ਛੱਡ ਕੇ ਪ੍ਰਦੇਸ਼ਾਂ ਵਿੱਚ ਵਸ ਰਹੇ ਹਨ। ਇਹ ਗਿਣਤੀ ਦੁਨੀਆ ਵਿੱਚ ਸਭ ਤੋਂ ਵੱਧ ਹੈ।
ਅਸਲ ਵਿੱਚ ਸ਼ਰਨਾਰਥੀ ਅਤੇ ਪ੍ਰਵਾਸੀ ਜ਼ਿੰਦਗੀ ਦੀ ਜੰਗ ਲੜਦੇ ਹਨ। ਇਹ ਜੰਗ ਉਜਾੜੇ ਤੋਂ ਬਾਅਦ ਮੁੜ ਸਥਾਪਿਤ ਹੋਣ ਦੀ ਹੈ। ਇਸ ਜੰਗ ਵਿੱਚ ਵੱਡੀਆਂ ਔਕੜਾਂ, ਦੁਸ਼ਵਾਰੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਥਾਵਾਂ ਤੇ ਮਜਬੂਰਨ ਜਾਣਾ ਪੈਂਦਾ ਹੈ ਜਿੱਥੇ ਉਹਨਾਂ ਦਾ ਆਪਣਾ ਘਰ ਨਹੀਂ, ਆਪਣੀ ਬੋਲੀ ਨਹੀਂ, ਆਪਣਾ ਸੱਭਿਆਚਾਰ ਨਹੀਂ। ਜਿੱਥੇ ਉਹਨਾਂ ਲਈ ਕੁਝ ਵੀ ਪਰੋਸ ਕੇ ਨਹੀਂ ਰੱਖਿਆ ਹੁੰਦਾ, ਸਭ ਕੁਝ ਦੀ ਪ੍ਰਾਪਤੀ ਲਈ ਜੱਦੋਜਹਿਦ ਕਰਨੀ ਪੈਂਦੀ ਹੈ। ਸਧਾਰਨ ਰੋਟੀ ਤੋਂ ਲੈ ਕੇ ਚੰਗੇ ਭਵਿੱਖ ਲਈ ਚੰਗੇ ਰੁਜ਼ਗਾਰ ਦੀ ਪ੍ਰਾਪਤੀ ਤੱਕ, ਇਸ ਸਮੇਂ ਦੌਰਾਨ ਉਸ ਦੇ ਸੁਪਨੇ ਨਿੱਤ ਟੁੱਟਦੇ ਹਨ। ਕਈ ਹਾਲਾਤਾਂ ਵਿੱਚ ਉਹ ਆਪਣੀ ਜ਼ਿੰਦਗੀ ਤੋਂ ਹੱਥ ਵੀ ਧੋ ਬੈਠਦੇ ਹਨ। ਇਸ ਤੋਂ ਵੱਡਾ ਮਨੁੱਖੀ ਜ਼ਿੰਦਗੀ ਦਾ ਹੋਰ ਕਿਹੜਾ ਦੁਖਾਂਤ ਹੋ ਸਕਦਾ ਹੈ?
ਸ਼ਰਨਾਰਥ ਅਤੇ ਪ੍ਰਵਾਸ ਨੂੰ ਰੋਕਣ ਦੇ ਸਾਰੇ ਉਪਾਅ ਅੰਤਰਰਾਸ਼ਟਰੀ ਪੱਧਰ 'ਤੇ ਫੇਲ੍ਹ ਹੋ ਰਹੇ ਹਨ। ਨਾ ਜੰਗਾਂ ਰੁਕ ਰਹੀਆਂ, ਨਾ ਹਿੰਸਾ ਰੁੱਕ ਰਹੀ, ਨਾ ਜੰਗਲਾਂ ਦਾ ਉਜਾੜਾ ਰੁਕ ਰਿਹਾ ਅਤੇ ਨਾ ਹੀ ਅੰਨ੍ਹੇਵਾਹ ਹੁੰਦੀਆਂ ਬੇਲੋੜੀਆਂ ਵਿਕਾਸ ਯੋਜਨਾਵਾਂ ਨੂੰ ਨੱਥ ਪਾਈ ਜਾ ਰਹੀ ਹੈ।
ਬੇਰੁਜ਼ਗਾਰੀ ਦਾ ਦੈਂਤ ਸਾਂਭਿਆ ਹੀ ਨਹੀਂ ਜਾ ਰਿਹਾ ਹੈ। ਉਹ ਸਾਰੇ ਕਾਰਕ ਜਿਹੜੇ ਸ਼ਰਨਾਰਥ ਅਤੇ ਪ੍ਰਵਾਸ ਵਿੱਚ ਵਾਧਾ ਕਰ ਰਹੇ ਹਨ, ਉਹਨਾਂ ਨੂੰ ਰੋਕਣ ਲਈ ਨਾ ਯੂ.ਐਨ.ਓ. ਅਤੇ ਨਾ ਹੀ ਕੋਈ ਹੋਰ ਸੰਸਥਾਵਾਂ ਸਫਲ ਹੋ ਰਹੀਆਂ ਹਨ।
ਹਾਂ, ਆਪੋ-ਆਪਣੇ ਦੇਸ਼ਾਂ ਵਿੱਚ ਪ੍ਰਵਾਸ ਤੇ ਸ਼ਰਨਾਰਥੀਆਂ ਦੀ ਸੰਖਿਆ ਨੂੰ ਕਾਬੂ ਵਿੱਚ ਰੱਖਣ ਲਈ ਯਤਨ ਜ਼ਰੂਰ ਇਹ ਦੇਸ਼ ਯਤਨ ਕਰ ਰਹੇ ਹਨ। ਜਰਮਨ ਅਤੇ ਯੂਰਪ ਦੇਸ਼ਾਂ ਦੀਆਂ ਸਰਹੱਦਾਂ 'ਤੇ 2 ਲੱਖ ਤੋਂ ਵੱਧ ਸ਼ਰਨਾਰਥੀ ਪ੍ਰਵਾਸੀ ਬੈਠੇ ਹਨ, ਜੋ ਹਰ ਹੀਲਾ ਵਸੀਲਾ ਵਰਤ ਕੇ ਸਰਹੱਦਾਂ ਪਾਰ ਕਰਦੇ ਹਨ।
ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਅੰਤਰਰਾਸ਼ਟਰੀ ਭਾਈਚਾਰੇ ਦੇ ਸਾਂਝੇ ਯਤਨ ਨਾਲ ਸੰਭਵ ਹੈ। ਅੰਤਰਰਾਸ਼ਟਰੀ ਸ਼ਰਨਾਰਥੀ ਕਾਨੂੰਨ, ਮਨੁੱਖ ਅਧਿਕਾਰ ਸੁਰੱਖਿਆ ਕਾਨੂੰਨ, ਸ਼ਰਨਾਰਥ ਤੇ ਪ੍ਰਵਾਸ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਾਰਗਰ ਹੋ ਸਕਦੇ ਹਨ।
- ਗੁਰਮੀਤ ਸਿੰਘ ਪਲਾਹੀ
-9815802070
-
ਗੁਰਮੀਤ ਸਿੰਘ ਪਲਾਹੀ, Journalist
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.