" ਲਾਂਗਾ ਪੱਥਰ ਗੇਲਾ" (ਕਹਾਣੀ)
" ਗਿੰਦਰਾ, ਉਏ ਗਿੰਦਰਾ"। ਡਾਕੂਆਂ ਦੇ ਜੱਗਸੀਰ ਨੇ ਗਿੰਦਰ ਕੇ ਬੂਹੇ ਅੱਗੇ ਮੋਟਰ ਸਾਈਕਲ ਖੜ੍ਹਾ ਕਰਕੇ ਉਸ ਨੂੰ ਉੱਚੀ ਉੱਚੀ ਦੋ ਆਵਾਜ਼ਾਂ ਮਾਰੀਆਂ। ਆਥਣ ਦਾ ਘੁਸਮੁਸਾ ਜਾ ਹੋ ਰਿਹਾ ਸੀ। ਵਿਸਾਖ ਮਹੀਨੇ ਦੇ ਪਹਿਲੇ ਪੱਖ ਨੇ ਹੀ ਆਪਣੀ ਆਮਦ ਉੱਤੇ ਕਣਕਾਂ ਦਾ ਰੰਗ ਵਟਾਅ ਦਿੱਤਾ ਸੀ ਅਤੇ ਵਾਢੀ ਲਈ ਦਾਤੀ ਪੈ ਗਈ ਸੀ। ਦੂਰ ਦੂਰ ਤੱਕ ਨਜ਼ਰ ਤੱਕਦੇ ਹੀ ਖੇਤਾਂ ਵਿੱਚ ਸੁਨਹਿਰੀ ਭਾਅ ਮਾਰ ਰਹੀ ਸੀ। ਡੁੱਬ ਰਹੇ ਸੂਰਜ ਨਾਲ਼, ਚੋਗਾ ਚੁਗਣ ਗਏ ਪੰਛੀ ਆਥਣੇ ਆਪਣੇ ਆਲ੍ਹਣਿਆਂ ਵੱਲ ਵਹੀਰਾਂ ਘੱਤ ਪਰਤ ਰਹੇ ਸਨ ਅਤੇ ਅਜੇ ਵੀ ਤੱਤੀ ਲੂਅ ਪਿੰਡੇ ਨੂੰ ਲੂੰਹਦੀ ਸੀ। ਗਿੰਦਰ ਅਜੇ ਹੁਣੇ ਹੀ ਖੇਤੋਂ ਕਣਕ ਵੱਢ ਕੇ ਘਰ ਆਇਆ ਸੀ। ਉਸਦੇ ਪਿੰਡੇ ਤੇ ਕਣਕ ਦੀ ਸਾਰੇ ਦਿਨ ਦੀ ਪਈ ਕੰਡ ਲੜ ਰਹੀ ਸੀ। ਸਿਰ ਤੇ ਬੰਨ੍ਹਿਆ ਸਾਫ਼ਾ ਲਾਹ ਉਸ ਨੇ ਧੌਣ ਤੇ ਆਏ ਮੁੜ੍ਹਕੇ ਨੂੰ ਪੂੰਝਿਆ ਤਾਂ ਉਸ ਦੇ ਸਾਫ਼ੇ ਵਿੱਚ ਲੱਗੇ ਕਸੀਰ ਧੌਣ ਉੱਤੇ ਚੁੱਭ ਗਏ।
" ਹਾਂ ਬਾਈ ,ਕੌਣ ਆ ? ਔਨਾ "। ਉਸ ਨੇ ਵਿਹੜੇ ਵਿੱਚੋਂ ਹੀ ਅਵਾਜ਼ ਦਿੱਤੀ ਅਤੇ ਉਸੇ ਸਾਫ਼ੇ ਨੂੰ ਝਾੜ ਕੇ ਲੱਕ ਦੁਆਲ਼ੇ ਲਪੇਟ ਲਿਆ।
ਬੂਹਾ ਖੋਲਦੇ ਹੀ ਗਿੰਦਰ ਬੋਲਿਆ, "ਜੱਗਸੀਰ ਬਾਈ ਆ, ਹਾਂ ਬਾਈ ,ਕੀ ਹੁਕਮ ਆ?" ਗਿੰਦਰ ਨੇ ਸੱਜਾ ਹੱਥ ਆਪਣੇ ਮੱਥੇ ਵੱਲ ਨੂੰ ਉਲਾਰਦੇ ਹੋਏ ਪੁੱਛਿਆ।
"ਗਿੰਦਰਾ, ਦੋ ਕਿੱਲੇ ਨਿਆਈਂ ਵਾਲ਼ੀ ਕਣਕ ਦੇ ਆਏ ਪਏ ਨੇ , ਕੱਲ੍ਹ ਨੂੰ ਦਾਤੀ ਪਾ ਲਿਓ"। ਜੱਗਸੀਰ ਨੇ ਮੋਟਰ ਸਾਈਕਲ ਤੇ ਬੈਠੇ ਨੇ ਕਿਹਾ ।
"ਬਾਈ, ਗੱਲ ਅਸਲ 'ਚ ਇਹ ਆ ਕਿ ਮੇਜਰ ਕੇ ਤਿੰਨ ਦਿਨਾਂ ਦਾ ਕੰਮ ਰਹਿ ਗਿਆ, ਤਿੰਨ ਦਿਨ ਅਟਕ ਜਾ, ਫਿਰ ਤੇਰੇ ਲੱਗ ਜਾਂਗੇ, ਉਹ ਵੀ ਬਾਹਲ਼ੇ ਖਹਿੜੇ ਪੈਗੇ ਕਿ ਪਹਿਲਾਂ ਸਾਡੇ ਵੱਢੋ"।
ਗਿੰਦਰ, ਝੇਪ ਜਿਹੀ ਵਿੱਚ ਮਸਾਂ ਹੀ ਬੋਲਿਆ।
"ਓਏ, ਉਨ੍ਹਾਂ ਦੇ ਤੂੰ ਇੱਕ ਦਿਨ ਵੱਧ ਲਾ ਲਵੀਂ, ਸਾਡੇ ਭਰਜਾਈ ਤੇ ਜਬਾਕਾਂ ਨੂੰ ਘੱਲ ਦੇਵੀਂ ਕੱਲ੍ਹ ਨੂੰ"। ਜੱਗਸੀਰ ਨੇ ਖਚਰੇ ਜੇ ਹਾਸੇ ਨਾਲ਼ ਕਿਹਾ।
"ਬਾਈ ਸਾਡੇ ਗਰੀਬਾਂ ਕੋਲ਼ੇ ਤਾਂ ਆਹ ਹੀ ਢਾਈ ਦਿਨ ਹੁੰਦੇ ਆ ,ਚਾਰ ਮਣ ਦਾਣੇ ਕੱਠੇ ਕਰਨ ਦੇ। ਚੱਲ ਕੋਈ ਨਾ ਦੇਖਦੇ ਹਾਂ ਤੜਕੇ, ਕਿਹੜੇ ਰਾਜੇ ਦੀ ਪਰਜਾ ਹੁੰਦੀ ਆ"। ਗਿੰਦਰ ਨੇ ਬੇਬਸੀ ਜਿਹੀ ਜ਼ਾਹਿਰ ਕੀਤੀ। ਅਸਲ ਵਿੱਚ ਗਿੰਦਰ ਜੱਗਸੀਰ ਕੇ ਨਿਆਈਂ ਵਾਲੇ ਦੋ ਕਿੱਲੇ ਕਣਕ ਦੇ ਵੱਢਣ ਜਾਣਾ ਹੀ ਨਹੀਂ ਸੀ ਚਾਹੁੰਦਾ।
" ਸਾਲ਼ੇ ਢੇਡ ਨੇ, ਰਾਹ ਹੀ ਨਹੀਂ ਦਿੱਤਾ," ਜੱਗਸੀਰ ਮੂੰਹ ਵਿੱਚ ਹੀ ਬੁੜ- ਬੁੜਾਇਆ ਅਤੇ ਮੋਟਰਸਾਈਕਲ ਨੂੰ ਰੇਸ ਦੇ ਕੇ ਕੌਲੇ ਕੇ ਵਿਹੜੇ ਦੀ ਭੀੜੀ ਗਲੀ ਵਿੱਚੋਂ ਲੰਘ ਗਿਆ।
ਜੱਗਸੀਰ ਕੇ ਲਾਣੇ ਨੂੰ ਸਾਰੇ ਗੰਗਾ ਪਿੰਡ ਵਿੱਚ ਡਾਕੂਆਂ ਕਾ ਲਾਣਾ ਕਹਿੰਦੇ ਸਨ। ਗੰਗਾ ,ਨਥਾਣੇ ਦੇ ਕੋਲ਼ ਛੋਟਾ ਜਿਹਾ ਪਿੰਡ ਹੈ। ਜੱਗਸੀਰ ਦੇ ਦਾਦੇ ਹੋਰੀ ਦੋ ਭਰਾ ਸਨ, ਜੈਬ ਤੇ ਨੈਬ। ਵੱਡਾ ਜੈਬ ਛੜਾ ਰਹਿ ਗਿਆ ਸੀ। ਛੋਟਾ ਨੈਬ ਕਾਮਾ ਹੋਣ ਕਰਕੇ ਵਿਆਹਾ ਗਿਆ ਸੀ। ਇਹਦੇ ਨੈਬ ਦੇ ਤਿੰਨ ਜਬਾਕ ਸਨ,ਦੋ ਕੁੜੀਆਂ ਤੇ ਇੱਕ ਮੁੰਡਾ। ਜੱਗਸੀਰ ਨੈਬ ਦਾ ਹੀ ਮੁੰਡਾ ਸੀ।
ਜੈਬ ਵੈਲੀ ਸੀ ਅਤੇ ਡਾਕੂਆਂ ਨਾਲ ਰਲ਼ ਗਿਆ ਸੀ। ਨੇੜੇ -ਤੇੜੇ ਦੇ ਪਿੰਡਾਂ ਵਿੱਚ ਜੇ ਕਿਸੇ ਨੇ ਜ਼ਮੀਨ ਦਾ ਕਬਜ਼ਾ ਲੈਣਾ ਹੁੰਦਾ ਤਾਂ ਜੈਬ ਡਾਕੂ ਕੋਲ਼ੇ ਝੱਟ ਖ਼ਬਰ ਪਹੁੰਚ ਜਾਂਦੀ। ਉਹ ਸਾਝਰੇ ਹੀ ਚਿੱਟਾ ਕਲੀਆਂ ਵਾਲਾ ਕੁੜਤਾ ਪਾ , ਨਾਲ਼ ਚਿੱਟਾ ਹੀ ਚਾਦਰਾ, ਟੁਰਲੇ ਵਾਲੀ ਪੱਗ ਬੰਨ੍ਹ ਅਤੇ ਮੁੱਛਾਂ ਨੂੰ ਦੇ ਕੇ ਤਾਅ, ਦੁਨਾਲੀ਼ ਮੋਢੇ ਲਟਕਾ ਕੇ ਲੱਕ ਨਾਲ਼ ਰੌਂਦਾਂ ਦੀ ਪੇਟੀ ਬੰਨ੍ਹ ਘੋੜੇ ਉੱਤੇ ਸਵਾਰ ਹੋ ਜਾਂਦਾ। ਉਸ ਦੀਆਂ ਮੋਟੀਆਂ ਮੋਟੀਆਂ ਅੱਖਾਂ ਵਿੱਚ ਅੰਗਾਰ ਦੱਗਦੇ ਸਨ। ਕੁਝ ਪਲ ਵੀ ਉਹਦੀਆਂ ਅੱਖਾਂ ਵੱਲ ਕੋਈ ਸਧਾਰਨ ਆਦਮੀ ਝਾਕ ਨਹੀਂ ਸੀ ਸਕਦਾ। ਗੰਗਾ ਦੇ ਆਸੇ ਪਾਸੇ ਦੇ ਪੰਜਾਹ ਪਿੰਡਾਂ ਦੇ ਲੋਕ ਨਥਾਣਾ,ਨਾਥਪੁਰਾ,ਗਿੱਦੜ, ਢੇਲਵਾਂ, ਪੂਹਲਾ ,ਪੂਹਲੀ, ਸੇਮਾ ਆਦਿ ਉਸ ਦੇ ਨਾਂ ਤੋਂ ਤ੍ਰਹਿੰਦੇ ਸਨ। ਜ਼ਮੀਨ ਦਾ ਕਬਜ਼ਾ ਲੈਣ ਪਿੱਛੋਂ ਜ਼ਮੀਨ ਦੇ ਮਾਲਕ ਉਸ ਨੂੰ ਕਿੱਲਾ ਜਾਂ ਦੋ ਕਿੱਲੇ ਜ਼ਮੀਨ ਬਖ਼ਸ਼ਿਸ਼ ਕਰ ਦਿੰਦੇ ਸਨ। ਵੱਢਾ- ਟੁੱਕੀ ਤੋਂ ਪਹਿਲਾਂ, ਅਬਾਦੀ ਘੱਟ ਹੋਣ ਕਰਕੇ ਉਹਨਾਂ ਸਮਿਆਂ ਵਿੱਚ ਜਮੀਨਾਂ ਖੁੱਲ੍ਹੀਆਂ ਹੋਇਆ ਕਰਦੀਆਂ ਸਨ। ਫਿਰ ਹੌਲੀ ਹੌਲੀ ਉਸਨੇ ਉਮਰ ਦੇ ਤਕਾਜ਼ੇ ਨਾਲ਼ ਜ਼ਮੀਨਾਂ ਦੇ ਕਬਜ਼ੇ ਲੈਣ ਜਾਣਾ ਛੱਡ ਦਿੱਤਾ, ਪਰ ਪਿੰਡ ਵਿੱਚ ਉਸਦਾ ਦਬਦਬਾ ਉਵੇਂ ਹੀ ਕਾਇਮ ਰਿਹਾ। ਹੁਣ ਉਹ ਕੀ ਕਰਦਾ ਕਿ ਪਿੰਡ ਦੇ ਹੀ ਕੁਝ ਥੋੜ੍ਹੀ ਜ਼ਮੀਨ ਵਾਲੇ ਵਿਹੜੇ ਵਾਲਿ਼ਆਂ ਦੀ ਜ਼ਮੀਨ ਦੇ ਉਹਨਾਂ ਨੂੰ ਥੋੜ੍ਹੇ ਪੈਸੇ ਦੇ ਕੇ ਅਤੇ ਵਹੀ ਉੱਤੇ ਦੁਗਣੇ ਪੈਸਿਆਂ ਦਾ ਅੰਗੂਠਾ ਲਵਾ ਕੇ ਹੜੱਪਣੀ ਸ਼ੁਰੂ ਕਰ ਦਿੱਤੀ। ਬਾਲਮੀਕੀਆਂ ਦਾ ਛੱਜੂ ਸੱਥ ਵਿੱਚ ਇਹ ਗੱਲ ਬੜੇ ਫ਼ਖ਼ਰ ਨਾਲ ਦੱਸਦਾ ਕਿ ਸਾਡੇ ਪੁਰਖਿਆਂ ਨੂੰ ਇਹ ਜ਼ਮੀਨ ਬਖ਼ਸ਼ਿਸ਼ ਵਿੱਚ ਮਿਲੀ ਹੋਈ ਹੈ। ਸਾਡੇ ਬਜ਼ੁਰਗਾਂ ਨੇ ਸਰਦਾਰਾਂ ਨਾਲ਼ ਲੜਾਈਆਂ ਵਿੱਚ ਹਿੱਸਾ ਲਿਆ, ਡਾਂਗ ਨਾਲ ਡਾਂਗ ਖੜਕਾਈ ਤਾਂ ਕਿਤੇ ਜਾ ਕੇ ਸਰਦਾਰਾਂ ਨੇ ਦਿੱਤੀਆਂ ਨੇ ਜ਼ਮੀਨਾਂ।
ਨੈਬ ਨੇ ਜੈਬ ਨੂੰ ਬਹੁਤ ਵਾਰੀ ਸਮਝਾਇਆ ਵੀ,
" ਦੇਖ ਬਾਈ, ਕਬਜੇ ਲੈ ਲਾ ਜੀ ਸਦਕੇ ,ਪਰ ਪਿੰਡ ਵਿੱਚ ਇਹ ਕੰਮ ਨਾ ਕਰ, ਐਵੇਂ ਕਈ ਵਾਰ ਗਰੀਬ ਦੀ ਦੁਰਸੀਸ ਲੱਗ ਜਾਂਦੀ ਆ"।
" ਓਏ ਨੈਬਿਆ, ਐਵੇਂ ਡਰੀ ਜਾਨਾ, ਮੇਰੀ ਕੋਈ ਸਾਲ਼ਾ ਵਾਅ ਵੱਲ ਨਹੀਂ ਝਾਕ ਸਕਦਾ, ਜੱਟ ਦੀ ਮੁੱਛ ਤੇ ਨਿੰਬੂ ਖੜਦੇ ਆ , ਸਾਲੇ ਦੀਆਂ ਅੱਖਾਂ ਕੱਢਦੂੰ, ਜੇ ਕੋਈ ਜੱਟ ਵੰਨੀ ਝਾਕ ਵੀ ਗਿਆ"। ਅਤੇ ਜੈਬ ਹੰਕਾਰ ਵਿੱਚ ਆਇਆ ਪੈਰ ਧਰਤੀ ਤੇ ਪਟਕਾ ਮਾਰਦਾ। ਉਹਦੇ ਆਪਣੇ ਹੀ ਪੈਰਾਂ ਦੀ ਧਰਤੀ ਤੇ ਉੱਠੀ ਹੋਈ ਧੂੜ ਉਸਦੇ ਮੂੰਹ ਉੱਤੇ ਪੈ ਜਾਂਦੀ। ਨੈਬ ਨੀਵੀਂ ਜਿਹੀ ਪਾ ਕੇ ਆਪਣੇ ਕੰਮ ਲੱਗ ਜਾਂਦਾ।
ਜੱਗਸੀਰ ਦਾ ਪਿਓ ਨੈਬ ਆਵਦੀ ਕਬੀਲਦਾਰੀ ਵਿੱਚ ਉਲਝ ਗਿਆ ਸੀ। ਉਸ ਨੇ ਦੋਨੋਂ ਕੁੜੀਆਂ ਵਿਆਹ ਦਿੱਤੀਆਂ ਸਨ। ਜੱਗਸੀਰ ਅਜੇ ਉਦੋਂ ਛੋਟਾ ਸੀ।
ਗਿੰਦਰ ਨੇ ਸਵੇਰ ਦੇ ਬਾਲਟੀ ਵਿੱਚ ਧੁੱਪੇ ਪਏ ਕੋਸੇ ਪਾਣੀ ਨਾਲ ਨਹਾ ਕੇ ਰੋਟੀ ਖਾਧੀ ਅਤੇ ਆਪਣੇ ਘਰ ਵਾਲੀ ਪੰਮੋ ਨੂੰ ਅਵਾਜ਼ ਦਿੱਤੀ , "ਮਖਿਆਂ ਬੋਲਦੀ ਨੀ, ਐਥੋਂ ਗੁੜ ਦੀ ਡਲੀ਼ ਫੜਈਂ, ਸੰਘ 'ਚ ਕੁਰਕਰੀ ਜੀ ਹੋਈ ਜਾਂਦੀ ਆ ਕੰਡ ਦੀ"।
"ਸਵੇਰ ਦੀ ਤਾਂ ਭੌਂਕੀ ਜਾਂਦੀ ਸੀ, ਕਿ ਘਰੇ ਗੁੜ ਨੀ ਹੈਗਾ ,ਸਵੇਰ ਦੀ ਚਾਹ ਨੂੰ ਵੀ ,ਹੁਣ ਭਾਲਦਾ ਭੇਲੀ", ਪੰਮੋ ਨੇ ਖਿੱਝ ਕੇ ਜਵਾਬ ਦਿੱਤਾ।
"ਚੱਲ ਕੋਈ ਨਾ,ਔਖੀ ਭਾਰੀ ਕਿਉਂ ਹੁੰਨੀ ਆ ,ਹੁਣ ਜਾ ਕੇ ਲੈ ਆਉਨਾ, ਬੀਸੇ ਦੀ ਹੱਟੀ ਤੋਂ, ਅਜੇ ਖੁੱਲ੍ਹੀ ਹੋਊ । ਕਿੰਨਾ ਲਿਆਵਾਂ? ਕੇਰਾਂ ਅੱਧਾ ਕਿਲੋ ਲਿਆਉਨਾ , ਫਿਰ ਮਗਰੋਂ ਲੈ ਆਵਾਂਗੇ"। ਗਿੰਦਰ ਥੱਕਿਆ ਟੁੱਟਿਆ ਹੋਇਆ ਬੀਸੇ ਦੀ ਦੁਕਾਨ ਨੂੰ ਹੋ ਤੁਰਿਆ।
"ਬੀਸੇ, ਬਾਈ ਅੱਧਾ ਕਿਲੋ ਗੁੜ ਤੋਲੀ , ਪੈਸੇ ਝਰੀਟ ਲਵੀਂ" , ਗਿੰਦਰ ਨੇ ਸਿਰ ਦੇ ਪਰਨੇ ਨੂੰ ਠੀਕ ਕਰਦਿਆਂ ਕਿਹਾ।
"ਮੰਦਾ ਚੱਲਦਾ ਗਿੰਦਰਾ,ਪੱਲਾ ਵੀ ਪੂਰਾ ਨੀ ਝੜਦਾ, ਉਧਾਰ ਬੰਦ ਆ ਬਾਈ",ਬੀਸੇ ਨੇ ਮਿੱਠਾ ਜਾ ਜਵਾਬ ਦੇ ਦਿੱਤਾ।
"ਲਾਲਾ,ਬਸ ਦਸ ਦਿਨ ਹੋ ਠਹਿਰ ਜਾ, ਫਿਰ ਅਗਲਾ ਪਿਛਲਾ ਸਾਰਾ ਸਾਰਾ ਨਬੇੜ ਦੂੰ", ਗਿੰਦਰ ਨੇ ਬੀਸੇ ਅੱਗੇ ਲੇਲ੍ਹੜੀਆਂ ਕੱਢਦੇ ਹੋਏ ਕਿਹਾ। ਬੀਸੇ ਨੇ ਦਾਰੂ ਕੱਢਣ ਵਾਲਾ ਗੁੜ ਉਸ ਨੂੰ ਤੋਲ ਦਿੱਤਾ।
"ਮਖਿਆਂ ਬੋਲਦੀ ਨੀ, ਐਨੇ ਕੁ ਗੁੜ ਨਾਲ਼ ਹਫਤਾ ਦਸ ਦਿਨ ਕੱਢ ਲਿਓ, ਫਿਰ ਲੈ ਆਵਾਂਗੇ, ਬੀਸਾ ਐਵੇਂ ਵੱਟੀਆਂ ਜੀਆਂ ਝਾੜਦਾ ਸੀ, ਮੈਂ ਕਿਹਾ ਕਿਤੇ ਨੀ ਪਿੰਡੋਂ ਨਿਕਲਣ ਲੱਗੇ ,ਪਾਈ ਪਾਈ ਚੁਕਾ ਦਿਆਂਗੇ"।
ਗਿੰਦਰ ਨੇ ਅਗਲੇ ਹੀ ਸਾਹ ਪੰਮੋ ਨੂੰ ਕਿਹਾ,
"ਕਿਵੇਂ ਕਰੀਏ ਕੱਲ੍ਹ ਨੂੰ ਫਿਰ? ਡਾਕੂਆਂ ਦੇ ਜਾਣਾ ਕਿ ਨਹੀਂ? ਜੇ ਸੱਚ ਪੁੱਛੇਂ ਤਾਂ ਮੇਰਾ ਉੱਕਾ ਹੀ ਦਿਲ ਨਹੀਂ ਕਰਦਾ", ਗਿੰਦਰ ਨੇ ਪੰਮੋ ਦਾ ਮੂੰਹ ਸੁੰਘਣਾ ਚਾਹਿਆ। ਪੰਮੋ ਚੁੱਪ ਕਰ ਗਈ, ਉਸ ਨੇ ਕੋਈ ਹੁੰਗਾਰਾ ਨਾ ਦਿੱਤਾ।
ਤਾਰਿਆਂ ਭਰੀ ਚੁੱਪਚਾਪ ਰਾਤ ਗਿੰਦਰ ਦੇ ਮਨ ਵਿੱਚ ਉੱਠੇ ਤੂਫਾਨ ਨੂੰ ਠੱਲ੍ਹ ਨਹੀਂ ਸੀ ਰਹੀ। ਉਹ ਬਾਣ ਦੇ ਮੰਜੇ ਉੱਤੇ ਪਿਆ ਤਾਰਿਆਂ ਵੱਲ ਟਿੱਕਟਿਕੀ ਲਾ ਵੇਖ ਰਿਹਾ ਸੀ। ਜੱਗਸੀਰ ਕੇ ਨਿਆਈਂ ਵਾਲੇ ਦੋ ਕਿੱਲੇ ਸੁਤੇ ਸਿਧ ਉਸ ਦੀ ਬੇਚੈਨੀ ਵਧਾ ਰਹੇ ਸਨ। ਉਸ ਨੂੰ ਪਤਾ ਹੀ ਨਾ ਲੱਗਿਆ ਕਦੋਂ ਪਿਆਂ ਪਿਆਂ ਉਸ ਦੀ ਸੁਰਤੀ ਗੇਲੇ ਵੱਲ ਚਲੀ ਗਈ।
ਗੇਲਾ ਛੜਾ ਸੀ। ਨਾਂ ਤਾਂ ਉਸ ਦਾ ਗੁਰਮੇਲ ਸੀ, ਪਰ ਸਾਰੇ ਉਸ ਨੂੰ ਗੇਲਾ ਮਜ੍ਹਬੀ ਕਹਿੰਦੇ ਸਨ। ਆਪਣੀ ਜਵਾਨੀ ਦੇ ਦਿਨਾਂ ਵਿੱਚ ਸਾਰੇ ਵਿਹੜੇ ਵਾਲਿਆਂ ਉੱਤੇ ਉਸ ਦਾ ਰੋਅਬ ਸੀ। ਲੜਾਈ ਵਿੱਚ ਡਾਂਗ ਚਲਾਉਣ ਦਾ ਧਨੀ ਸੀ। ਇਸੇ ਹੁਨਰ ਕਰਕੇ ਉਸ ਨੂੰ ਆਸੇ ਪਾਸੇ ਦੇ ਪਿੰਡਾਂ ਵਾਲੇ ਜ਼ਮੀਨ ਦੇ ਕਬਜੇ ਉੱਤੇ ਲੈ ਕੇ ਜਾਂਦੇ ਸਨ। ਗਿੰਦਰ ਨੂੰ ਯਾਦ ਆਇਆ ਕਿ ਬਾਪੂ ਦੱਸਦਾ ਹੁੰਦਾ ਸੀ, ' ਨਾਲ ਲਾਗੇ ਪਿੰਡ ਨਾਥਪੁਰੇ ਦੇ ਜ਼ਿਮੀਂਦਾਰਾਂ ਦੀ ਜ਼ਮੀਨ ਆਪਣੇ ਪਿੰਡ (ਗੰਗਾ) ਸੀ। ਮੁਜਾ਼ਰਿਆਂ ਨੇ ਉਹ ਜ਼ਮੀਨ ਨੱਪ ਲਈ। ਕਬਜ਼ਾ ਲੈਣ ਲਈ ਜ਼ਿਮੀਂਦਾਰਾਂ ਦੇ ਨਾਲ਼ ਗੇਲਾ ਵੀ ਸੀ। ਕਹਿੰਦੇ ਪੂਰਾ ਘੰਟਾ ਡਾਂਗਾ ਚੱਲੀਆਂ। ਅਖੀਰ ਨੂੰ ਮੁਜਾ਼ਰੇ ਜ਼ਮੀਨ ਛੱਡ ਕੇ ਭੱਜ ਗਏ। ਫਿਰ ਉਦੋਂ ਨਾਥਪੁਰੇ ਦੇ ਸਰਦਾਰਾਂ ਨੇ ਨਿਆਈਂ ਵਾਲੇ ਦੋ ਕਿੱਲੇ ਜ਼ਮੀਨ ਗੇਲੇ ਨੂੰ ਬਖਸ਼ਿਸ਼ ਕਰ ਦਿੱਤੀ। ਗੇਲੇ ਦੀ ਵਿਆਹ ਦੀ ਉਮਰ ਲੰਘ ਚੁੱਕੀ ਸੀ। ਉਸ ਨੇ ਆਪਣੇ ਭਾਣਜੇ ਨੂੰ ਘਰ ਮਿਹਰ ਰੱਖ ਲਿਆ। ਭਾਣਜੇ ਦਾ ਵਿਆਹ ਬੜੇ ਚਾਵਾਂ ਨਾਲ਼ ਕੀਤਾ। ਉਮਰ ਦੇ ਤਕਾਜ਼ੇ ਨਾਲ਼ ਗੇਲੇ ਤੋਂ ਬਹੁਤਾ ਕੰਮ ਧੰਦਾ ਨਾ ਹੁੰਦਾ। ਹੁਣ ਉਹ ਜੈਬ ਡਾਕੂ ਕੋਲ਼ੇ ਜਾਣ ਲੱਗ ਪਿਆ ਸੀ। ਜੈਬ ਵੀ ਉਹਨੂੰ ਮੁਸਕੜੀਏਂ ਹੱਸ ਕੇ ਬਿਠਾਉਂਦਾ। ਉਸਦੇ ਹਾਸੇ ਵਿੱਚ ਤਿਉਹ ਨਹੀਂ, ਸਗੋਂ ਧੋਖਾ ਹੁੰਦਾ।
ਇਕ ਦਿਨ ਗੇਲਾ ਉਸ ਕੋਲ਼ ਚੁੱਪ ਚਾਪ ਜੇ ਜਾ ਕੇ ਬੈਠ ਗਿਆ। ਭਾਂਪ ਜੈਬ ਵੀ ਗਿਆ ਕਿ ਲੱਗਦਾ ਮੁਰਗਾ ਆਪੇ ਹੀ ਫਸ ਗਿਆ। ਉਸ ਨੇ ਪੈਰ ਵਿੱਚ ਪਾਏ ਜੋੜੇ ਨੂੰ ਲਾਹ ਕੇ ਝਾੜਿਆ ਅਤੇ ਨਿੰਮੋਝੂਣਾ ਜਾ ਹੋ ਕੇ ਕਿਹਾ, "ਜੈਬ ਸਿਆਂ ,ਕੁਝ ਰੁਪਿਆਂ ਦੀ ਲੋੜ ਆ"।
"ਗੇਲਿਆ ਜੈਬ ਦੇ ਹੁੰਦਿਆਂ ਤੂੰ ਥੁੜ੍ਹ ਕੇ ਬੈਠੇਂ? ਦਸ ਕਿੰਨੇ ਰੁਪੀਏ ਚਾਹੀਦੇ ਨੇ?" ਜੈਬ ਨੇ ਮੁੱਛਾਂ ਨੂੰ ਤਾਅ ਦੇ ਕੇ ਗਹਿਰੀ ਅੱਖ ਨਾਲ਼ ਗੇਲੇ ਵੱਲ ਝਾਕ ਕੇ ਕਿਹਾ।
"ਵੱਡੇ ਬਾਈ ਸੌ ਕੁ ਰੁਪੀਏ ਚਾਹੀਦੇ ਸੀ"। ਇੰਨਾ ਕਹਿ ਕੇ ਗੇਲੇ ਨੇ ਨੀਵੀਂ ਜਿਹੀ ਪਾ ਲਈ।
ਉਸ ਸਮੇਂ ਚਾਂਦੀ ਦੇ ਰੁਪੀਏ ਹੋਇਆ ਕਰਦੇ ਸਨ। ਜੈਬ ਅੰਦਰਲੀ ਸਬ੍ਹਾਤ ਵਿੱਚ ਗਿਆ ਅਤੇ ਤੌੜੇ 'ਚੋਂ ਚਾਂਦੀ ਦੇ ਰੁਪਈਏ ਬੁੱਕ ਭਰ ਕੇ ਸਾਫ਼ੇ ਦੇ ਲੜ 'ਚ ਪਾ ਲਏ। ਬਾਹਰ ਮੰਜੇ ਤੇ ਆ ਕੇ ਇੱਕ ਇੱਕ ਰੁਪੀਆ ਗਿਣ ਕੇ ਗੇਲੇ ਨੂੰ ਦੇ ਦਿੱਤੇ ਅਤੇ ਵਹੀ ਤੇ ਅੰਗੂਠਾ ਲਵਾ ਲਿਆ। ਕਰਦੇ ਕਰਾਉਂਦੇ ਗੇਲੇ ਨੇ ਸਾਲ ਵਿੱਚ ਤਿੰਨ ਚਾਰ ਵਾਰੀ ਜੈਬ ਤੋਂ ਰੁਪੀਏ ਲੈ ਲਏ। ਜੈਬ ਵਹੀ ਉੱਤੇ ਗੇਲੇ ਤੋਂ ਦੁਗਣੇ ਪੈਸਿਆਂ ਦਾ ਅੰਗੂਠਾ ਲਵਾ ਲੈਂਦਾ। ਇਕ ਦਿਨ ਗੇਲਾ ਫਿਰ ਪੈਸੇ ਮੰਗਣ ਆ ਗਿਆ। ਜੈਬ ਦੇ ਤੇਵਰ ਬਦਲ ਗਏ। ਗੇਲੇ ਨੂੰ ਦੇਖਦੇ ਹੀ ਉਸਨੇ ਕਿਹਾ, "ਕਿਧਰ ਮੂੰਹ ਚੱਕਿਆ ਉਏ ਢੇਡਾ "?
ਗੇਲਾ ਇੱਕ ਦਮ ਠਠੰਬਰ ਗਿਆ ਅਤੇ ਮਸਾਂ ਹੀ ਬੋਲਿਆ ,"ਬਾਈ , ਰੁਪੀਈਆਂ ਦੀ ਲੋੜ ਸੀ"।
"ਕਿਹੜੇ ਉਏ ਰੁਪੀਏ?, ਭਾਜਾ ਇਥੋਂ, ਸਾਲਾ ਰੁਪੀਆਂ ਦਾ, ਨਾਲ਼ੇ ਗੱਲ ਸੁਣ ਲਾ ਉਹ ਨਿਆਂਈਂ ਵਾਲੇ ਦੋ ਕਿੱਲੇ ਸਾਡੇ ਹੋਗੇ ਨੇ, ਜੇ ਉਸ ਵਿੱਚ ਪੈਰ ਵੀ ਧਰਿਆ ਲੱਤਾਂ ਵੱਢ ਦੂੰ, " ਜੈਬ ਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ ਸੀ,।
"ਬਾਈ ਤੂੰ ਤਾਂ ਮੇਰਾ ਵੱਡਾ ਭਾਈ ਆਂ", ਗੇਲੇ ਦੀਆ ਥਾਂਏ ਗਈਆਂ ਅਤੇ ਉਸਦੇ ਗਲੇ ਵਿੱਚ ਸ਼ਬਦ ਅਟਕ ਗਏ।
"ਕਿਹੜਾ ਉਏ ਭਾਈ?, ਅਖੇ ਜਾਤ ਦੀ ਕੋੜ੍ਹ ਕਿਰਲੀ, ਸ਼ਤੀਰਾਂ ਨਾਲ ਜੱਫੇ, ਦਫਾ ਹੋ ਜਾ ਇਥੋਂ ,ਮੁੜ ਕੇ ਨਾ ਦਿਸੀਂ ਇੱਧਰ "।
ਗੇਲੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ਼ ਗਈ। ਬਹੁਤਾ ਹੇਜ ਜਤਾਉਣ ਵਾਲਾ਼ ਜੈਬ ਅੱਜ ਭੇੜੀਏ ਦਾ ਰੂਪ ਧਾਰਨ ਕਰ ਗਿਆ ਸੀ। ਉਸ ਦੀਆਂ ਅੱਖਾਂ ਮੂਹਰੇ ਨੇਰ੍ਹਾ ਆ ਗਿਆ। ਉਹ ਭਾਰੇ ਕਦਮੀਂ ਕੌਲੇ ਕੇ ਵਿਹੜੇ ਵੱਲ ਨੂੰ ਹੋ ਤੁਰਿਆ।
"ਮਖਿਆਂ, ਅਜੇ ਜਾਗਦਾ ਪਿਆਂ ? ਨੀਂਦ ਨੀ ਆਈ?", ਪੰਮੋ ਨੇ ਤਾਰਿਆਂ ਬੰਨੀ ਬਿਟਰ ਬਿਟਰ ਝਾਕਦੇ ਗਿੰਦਰ ਨੂੰ ਹਲੂਣਾ ਦੇ ਕੇ ਪੁੱਛਿਆ। ਗਿੰਦਰ ਤ੍ਰੱਬਕ ਗਿਆ। "ਨਹੀਂ ,ਕੁੱਝ ਨਹੀਂ ,"।
ਪੰਮੋ ਪਾਣੀ ਦਾ ਗਿਲਾਸ ਪੀ ਕੇ ਪੈ ਗਈ। ਗਿੰਦਰ ਦੀ ਸੁਰਤੀ ਫਿਰ ਗੇਲੇ ਵਿੱਚ ਪਹੁੰਚ ਗਈ।
ਅੱਠ ਨੌ ਮਹੀਨਿਆਂ ਬਾਅਦ ਗੇਲੇ ਦਾ ਭਾਣਜਾ ਅਤੇ ਉਹਦਾ ਪਰਿਵਾਰ ਗੇਲੇ ਨੂੰ ਛੱਡ ਕੇ ਆਪਣੇ ਪਿੰਡ ਚਲੇ ਗਏ। ਆਖੇ ਅਸੀਂ ਤਾਂ ਰੇਤ ਦੀ ਮੁੱਠੀ ਦੀ ਖ਼ਾਤਰ ਆਏ ਸੀ। ਜੇ ਜ਼ਮੀਨ ਹੀ ਨਾ ਰਹੀ ਤਾਂ ਅਸੀਂ ਕੀ ਕਰਨਾ ਇੱਥੇ ਰਹਿ ਕੇ। ਹੁਣ ਗੇਲਾ ਕੱਲਾ ਰਹਿ ਗਿਆ ਸੀ। ਦੋ ਮਹੀਨੇ ਆਵਦੇ ਛੱਤੜੇ ਹੇਠਾਂ ਚੁੱਪਚਾਪ ਕੱਲਾ ਪਿਆ ਰਿਹਾ। ਗੁਆਂਢੀ ਜੇ ਰੋਟੀ ਦੇ ਦਿੰਦੇ ਤਾਂ ਉਹ ਖਾ ਲੈਂਦਾ, ਨਹੀਂ ਉਵੇਂ ਹੀ ਪਿਆ ਰਹਿੰਦਾ। ਹੁਣ ਉਹ ਕਮਲ਼ਾ ਹੋਇਆ ਗਲ਼ੀਆਂ ਵਿੱਚ ਆਪ ਮੁਹਾਰੇ ਬੋਲਦਾ ਅਤੇ ਘੁੰਮਦਾ ਰਹਿੰਦਾ।
" ਬਹੂ ਕਦੋਂ ਆਊਗੀ, ਰੋਟੀ ਕਿੱਥੋਂ ਖਾਵਾਂਗੇ, ਬਹੂ ਕਿੱਥੇ ਬੈਠੂਗੀ,
ਮੰਜਾ ਕਿੱਥੇ ਡਾਹਾਂਗੇਂ, ਪੀੜ੍ਹੀ ਕਿੱਥੇ ਡਾਹਾਂਗੇਂ "।
ਇਕ ਦਿਨ ਉਸ ਨੂੰ ਕੀ ਸੁੱਝਿਆ ਕਿ, ਰੂੜੀ ਤੋਂ ਲਾਲ ਰੰਗ ਦੀਆਂ ਲੀਰਾਂ ਚੁੱਕ ਲਈਆਂ । ਉਹਨਾਂ ਨੂੰ ਸੋਟੀ ਤੇ ਲਪੇਟ ਕੇ ਬੰਨ੍ਹ ਲਿਆ। ਬੀਹੀਆਂ ਵਿੱਚ ਉੱਚੀ ਉੱਚੀ ਬੋਲਦਾ ਫਿਰੇ ,
" ਅੱਜ ਬਹੂ ਆਊਗੀ, ਪੀੜ੍ਹੀ ਕਿੱਥੇ ਡਾਹਾਂਗੇਂ, ਜੈਬ ਤੇਰਾ ਕੱਖ ਨਾ ਰਹੇ, ਤੈਨੂੰ ਅੰਬਰੋਂ ਪੱਥਰ ਪੈਣ, ਤੈਨੂੰ ਲਾਲ ਬਾਬਾ ਚੱਕ ਲੇ"।
ਹੁਣ ਉਹ ਗਲ਼ੀ ਵਿੱਚ ਲੰਘਦੇ ਜਾਂਦੇ ਦੇ ਮੂਹਰੇ ਹੋ ਕੇ ਲੀਰਾਂ ਲਪੇਟੀ ਸੋਟੀ ਦਿਖਾ ਕੇ ਕਹਿਣ ਲੱਗ ਜਾਂਦਾ ,
"ਮੇਰੇ ਕੋਲ਼, ਲਾਲ ਬਾਬਾ ਹੈ, ਆਹ ਦੇਖ, ਜੈਬ ਨੂੰ ਅੰਬਰੋਂ ਪੱਥਰ ਪੈਣਗੇ, ਮੈਨੂੰ ਲਾਲ ਬਾਬੇ ਨੇ ਦੱਸਿਆ "।
ਫਿਰ ਉਹੀ ਧੁਨ ਛੇੜ ਲੈਂਦਾ,"ਬਹੂ ਕਦੋਂ ਆਊਗੀ, ਪੀੜ੍ਹੀ ਕਿੱਥੇ ਡਾਹਾਂਗੇਂ, ਮੰਜਾ ਕਿੱਥੇ ਡਾਹਾਂਗੇਂ ,ਬਹੂ ਕਿੱਥੇ ਬੈਠੂਗੀ "।
ਵਿਸਾਖ ਮਹੀਨੇ ਦਾ ਅੱਧ ਸੀ। ਗੇਲਾ ਰਾਤ ਨੂੰ ਜੈਬ ਕੇ ਦਰਵਾਜੇ ਅੱਗੇ ਆ ਕੇ ਬੈਠ ਗਿਆ ਅਤੇ ਸਵੇਰੇ ਨੂੰ ਮੁੱਕਿਆ ਪਿਆ ਸੀ। ਲੀਰਾਂ ਸੋਟੀ ਨਾਲੋਂ ਖੋਲ੍ਹ ਗੁੱਟ ਤੇ ਬੰਨ੍ਹੀਆਂ ਹੋਈਆਂ ਸਨ। ਵਿਹੜੇ ਵਾਲਿ਼ਆਂ ਨੇ ਚੁੱਕ ਕੇ ਸਸਕਾਰ ਕਰ ਦਿੱਤਾ। ਉਸੇ ਦਿਨ ਪਿਛਲਾ ਕੁ ਪਹਿਰ ਸੀ। ਤਪਾੜ ਪਿਆ ਮਾਰਦਾ ਸੀ। ਜੈਬ ਨਿਆਂਈਂ ਵਾਲ਼ੀ ਜ਼ਮੀਨ ਵਿੱਚ ਲਾਂਗਾਂ ਕੱਠਾ ਕਰਦੇ ਦਿਹਾੜੀਆਂ ਕੋਲ਼ ਗੇੜਾ ਮਾਰਨ ਚਲਾ ਗਿਆ। ਛੋਟੀ ਜਿਹੀ ਬੱਦਲੀ ਪੂਰਬ'ਚੋਂ ਉੱਠੀ ਅਤੇ ਦੇਖਦੇ ਹੀ ਦੇਖਦੇ ਕਣੀਆਂ ਪੈਣ ਲੱਗ ਗਈਆਂ। ਜੈਬ ਅਜੇ ਲਾਂਗੇ ਦੀ ਮੰਡਲੀ ਕੋਲ਼ ਗਿਆ ਹੀ ਸੀ ਕਿ, ਇੱਕਦਮ ਜ਼ੋਰ ਦੀ ਬਿਜਲੀ ਕੜਕੀ। ਅੱਖਾਂ ਚੁੰਧਿਆਉਂਦੀ ਰੌਸ਼ਨੀ ਦੀ ਤਾਰ ਤੇਜ਼ੀ ਨਾਲ਼ ਧਰਤੀ ਵੱਲ ਆਈ। ਬਹੁਤ ਜ਼ੋਰ ਦੀ ਖੜਕਾ ਹੋਇਆ। ਦੇਖਦੇ ਹੀ ਦੇਖਦੇ ਲਾਂਗੇ ਦੀਆਂ ਲਾਟਾਂ ਅਸਮਾਨ ਛੂਹਣ ਲੱਗੀਆਂ। ਪਿੰਡ ਵਿੱਚ ਰੌਲ਼ਾ ਪੈ ਗਿਆ ਕਿ, "ਜੈਬ ਉੱਤੇ ਬਿਜਲੀ ਡਿੱਗ ਪਈ,ਥਾਂਏ ਹੀ ਸੜ ਗਿਆ , ਤੇ ਨਾਲ਼ੇ ਸਾਰਾ ਲਾਂਗਾਂ ਸੁਆਹ ਹੋ ਗਿਆ"।
ਗਿੰਦਰ ਨੇ ਲੰਮਾ ਹਾਉਕਾ ਭਰਿਆ, ਪਰਨੇ ਨਾਲ ਮੱਥੇ ਤੇ ਆਇਆ ਮੁੜ੍ਹਕਾ ਪੂੰਝਿਆ, ਅਸਮਾਨ ਵੱਲ ਤੱਕਿਆ, ਉਸ ਨੂੰ ਪੂਰਬ ਵੱਲ ਸੂਹੀ ਭਾਅ ਮਾਰਦੀ ਦਿਸੀ।
-
ਅੰਮ੍ਰਿਤਪਾਲ ਕਲੇਰ ਚੀਦਾ, writer
kaleramritpalkaur@gmail.com
9915780980
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.