ਹਰ ਦਮ ਦੇ ਗੇੜੇ ਦਰਸ ਕਰਾਂ, ਸਾਹਾਂ ਵਿੱਚ ਆਉਣਾ ਜਾਣਾ ।
ਮੇਰੇ ਮਨ ਮਸਤਕ ਵਿੱਚ ਵੱਸਦਾ ਏ, ਮੈਥੋਂ ਦੂਰ ਨਹੀਂ ਨਨਕਾਣਾ ।
ਮੱਝੀਆਂ ਦਾ ਛੇੜੂ ਵੇਖ ਰਿਹਾਂ, ਨਾਨਕ ਨੂੰ ਮੱਝੀਆਂ ਚਾਰਦਿਆਂ ।
ਦੂਜੇ ਦੇ ਮਨ ਨੂੰ ਜਿੱਤਣ ਲਈ, ਖ਼ੁਦ ਆਪਣੇ ਹੱਥੋਂ ਹਾਰਦਿਆਂ ।
ਮੈਂ ਵੇਖ ਰਿਹਾਂ ਹਾਂ ਰਾਏ ਬੁਲਾਰ, ਵਕਤੋਂ ਵੀ ਵੱਧ ਸਿਆਣਾ ।
ਮੇਰੇ ਮਨ ਮਸਤਕ ਵਿੱਚ ਵੱਸਦਾ ਏ, ਮੈਥੋਂ ਦੂਰ ਨਹੀਂ ਨਨਕਾਣਾ ।
ਮਰਦਾਨਾ ਛੇੜੇ ਤਾਨ ਜਦੋਂ, ਜੰਗਲ ਤੇ ਬੇਲੇ ਸੁਣਦੇ ਨੇ ।
ਤੇ ਸ਼ਬਦ ਇਲਾਹੀ ਨਾਨਕ ਦੇ, ਪੌਣਾਂ 'ਚੋਂ ਜ਼ਹਿਰਾਂ ਪੁਣਦੇ ਨੇ ।
ਹਿੰਦੂ ਦੀ ਪੱਤਰੀ ਕੂੜ ਕਹੇ, ਤੁਰਕੂ ਨੂੰ ਆਖੇ ਕਾਣਾ ।
ਮੇਰੇ ਮਨ ਮਸਤਕ ਵਿੱਚ ਵੱਸਦਾ ਏ, ਮੈਥੋਂ ਦੂਰ ਨਹੀਂ ਨਨਕਾਣਾ ।
ਉਸ ਮਿੱਟੀ ਤੋਂ ਬਲਿਹਾਰੀ ਹਾਂ, ਜਿੱਥੇ ਵੀ ਸੂਰਜ ਉੱਗਦਾ ਹੈ ।
ਹੱਕ ਸੱਚ ਅਤੇ ਇਨਸਾਫ਼ ਜਿਹਾ, ਜਿਸ ਪਿੰਡ ਨੂੰ ਸੌਦਾ ਪੁੱਗਦਾ ਹੈ ।
ਨਜ਼ਰਾਂ ਵਿੱਚ ਜਿਥੇ ਫ਼ਰਕ ਨਹੀਂ, ਇੱਕੋ ਜਹੇ ਰੰਕ ਤੇ ਰਾਣਾ ।
ਮੇਰੇ ਮਨ ਮਸਤਕ ਵਿੱਚ ਵੱਸਦਾ ਏ, ਮੈਥੋਂ ਦੂਰ ਨਹੀ ਨਨਕਾਣਾ ।
ਉਸ ਜੰਡ ਨੂੰ ਮੇਰਾ ਸੀਸ ਝੁਕੇ, ਜਿਸ ਨਾਲ ਸੀ ਲਛਮਣ ਸਿੰਘ ਸੜਿਆ ।
ਕੁਰਬਾਨੀ ਬਿਨ ਕੁਝ ਲੱਭੇ ਨਾ, ਜਿਸ ਪਾਠ ਪੜ੍ਹਾਇਆ, ਖ਼ੁਦ ਪੜ੍ਹਿਆ ।
ਹਰ ਯੁਗ ਵਿੱਚ ਮਹੰਤ ਨਰੈਣੂ ਨੇ, ਏਦਾਂ ਹੀ ਕਹਿਰ ਕਮਾਣਾ ।
ਕਣ ਕਣ 'ਚੋਂ ਬੋਲੇ ਸਬਕ ਸਦਾ, ਮੇਰੇ ਮਨ ਵਿਚਲਾ ਨਨਕਾਣਾ ।
ਹੱਦਾਂ ਸਰਹੱਦਾਂ ਸਾਂਭ ਲਵੋ, ਮੈਂ ਵੀਜ਼ੇ ਪਰਮਿਟ ਕੀ ਕਰਨੇ ।
ਦਿਲ ਅੰਦਰ ਝਾਤੀ ਮਾਰ ਲਵਾਂ, ਜਦ ਚਾਹਾਂ ਦਰਸ਼ਨ ਖ਼ੁਦ ਕਰਨੇ ।
ਮੈਂ ਆਪਣੇ ਮਨ ਦਾ ਹਾਕਮ ਹਾਂ, ਜਿੱਥੇ ਕੋਈ ਨਾ ਚੌਂਕੀ, ਠਾਣਾ ।
ਮੇਰੇ ਮਨ ਮਸਤਕ ਵਿੱਚ ਵੱਸਦਾ ਏ, ਮੈਥੋਂ ਦੂਰ ਨਹੀਂ ਨਨਕਾਣਾ ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.