ਸਬਜ਼ੀਆਂ ਪੌਦਿਆਂ ਦਾ ਖਾਣ ਵਾਲਾ ਹਿੱਸਾ ਹੁੰਦੀਆਂ ਹਨ।ਸਬਜ਼ੀਆਂ ਭੋਜਨ ਦੀ ਪੌਸ਼ਟਿਕਤਾ ਨੂੰ ਵਧਾਉਣ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦੀਆਂ ਹਨ। ਕੋਈ ਵੀ ਭੋਜਨ ਸਬਜ਼ੀ ਤੋਂ ਬਿਨਾਂ ਅਧੂਰਾ ਹੁੰਦਾ ਹੈ। ਸਬਜ਼ੀਆਂ ਦੇ ਪੌਸ਼ਟਿਕ ਤੱਤ ਉਨ੍ਹਾਂ ਦੀ ਕਿਸਮ, ਉਗਾਉਣ ਦਾ ਤਰੀਕਾ, ਖੇਤ ਤੋਂ ਘਰ ਤੱਕ ਲਿਆਉਣ ਦਾ ਢੰਗ ਅਤੇ ਪਕਾਉਣ ਦੇ ਢੰਗ ਆਦਿ ਉਪਰ ਨਿਰਭਰ ਕਰਦੇ ਹਨ।ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਸਬਜ਼ੀਆਂ ਜੇਕਰ ਪ੍ਰੋਸੈਸਿੰਗ ਤੋਂ ਬਿਨਾਂ ਰੱਖ ਦੇਈਏ ਤਾਂ ਇਹ ਜਲਦੀ ਖਰਾਬ ਹੋ ਜਾਂਦੀਆਂ ਹਨ ਅਤੇ ਖਾਣ ਦੇ ਯੋਗ ਨਹੀਂ ਰਹਿੰਦੀਆਂ, ਪਰ ਜੇਕਰ ਅਸੀਂ ਇਨ੍ਹਾਂ ਦੀ ਪ੍ਰੋਸੈਸਿੰਗ ਕਰੀਏ ਤਾਂ ਇਹ ਜਲਦੀ ਖਰਾਬ ਨਹੀਂ ਹੁੰਦੀਆਂ, ਸਗੋਂ ਇਨ੍ਹਾਂ ਦੀ ਉਮਰ ਵੱਧ ਜਾਂਦੀ ਹੈ ਅਤੇ ਅਸੀਂ ਆਸਾਨੀ ਨਾਲ ਵੱਖ-ਵੱਖ ਜਗ੍ਹਾ ਤੇ ਖਪਤਕਾਰਾਂ ਤੱਕ ਪਹੁੰਚਾ ਸਕਦੇ ਹਾਂ।
ਸਬਜ਼ੀਆਂ ਦੀ ਘੱਟ ਤੋਂ ਘੱਟ ਪ੍ਰੋਸੈਸਿੰਗ (ਘਰੇਲੂ ਪੱਧਰ ਤੇ ਪ੍ਰੋਸੈਸਿੰਗ):
ਸਬਜ਼ੀਆਂ ਦੀ ਘੱਟ ਤੋਂ ਘੱਟ ਪ੍ਰੋਸੈਸਿੰਗ ਇੱਕ ਕਿਸਮ ਦੀ ਕਾਰਵਾਈ ਹੈ ਜਿਸ ਵਿੱਚ ਸਬਜ਼ੀ ਨੂੰ ਪਕਾਉਣ ਤੋਂ ਪਹਿਲਾਂ ਦੀਆਂ ਕਿਰਿਆਵਾਂ ਸ਼ਾਮਿਲ ਹੁੰਦੀਆਂ ਹਨ। ਜਿਵੇਂ ਕਿ ਸਬਜ਼ੀ ਨੂੰ ਧੋਣਾ, ਛਿੱਲਣਾ, ਕੱਟਣਾ ਅਤੇ ਪੈਕਿਟ ਬਨਾਉਣਾ ਆਦਿ, ਜਿਸ ਦੁਆਰਾ ਸਬਜ਼ੀ ਦਾ ਨਾ ਖਾਣ ਯੋਗ ਹਿੱਸਾ ਅਲੱਗ ਕਰਕੇ ਇਸਨੂੰ ਆਸਾਨ ਕਿਸਮ ਵਿੱਚ ਬਦਲਿਆ ਜਾਂਦਾ ਹੈ। ਤਾਂ ਕਿ ਸਬਜ਼ੀ ਦਾ ਸੇਵਣ ਤਾਜ਼ਾ ਸਲਾਦ ਦੇ ਰੂਪ ਵਿੱਚ ਕੀਤਾ ਜਾ ਸਕੇ ਜਾਂ ਦੁਬਾਰਾ ਧੋਣ ਅਤੇ ਕੱਟਣ ਤੋਂ ਬਿਨਾਂ ਸਬਜ਼ੀ ਪਕਾਈ ਜਾ ਸਕੇ।
ਸਬਜ਼ੀ ਦੀ ਘਰੇਲੂ ਪੱਧਰ ਤੇ ਪ੍ਰੋਸੈਸਿੰਗ ਦਾ ਤਰੀਕਾ :
ਸਬਜ਼ੀ ਦੀ ਚੋਣ :
ਸਬਜ਼ੀ ਦੀ ਕਿਸਮ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਇਸ ਨੂੰ ਆਸਾਨੀ ਨਾਲ ਧੋਤਾ ਅਤੇ ਛਿੱਲਿਆ ਜਾ ਸਕੇ। ਆਮ ਤੌਰ ਤੇ ਸਾਰੀਆ ਸਬਜ਼ੀਆਂ ਪ੍ਰੋਸੈਸਿੰਗ ਲਈ ਵਰਤੀਆਂ ਜਾ ਸਕਦੀਆਂ ਹਨ ਪਰ ਦੋਗਲੀਆਂ ਜਾਂ ਹਾਈਬਰਿਡ ਕਿਸਮ ਦੀਆਂ ਸਬਜ਼ੀਆਂ ਜ਼ਿਆਦਾ ਵਰਤਣੀਆਂ ਚਾਹੀਦੀਆਂ ਹਨ।
ਸਬਜ਼ੀ ਨੂੰ ਕਿਸ ਸਮੇਂ ਤੋੜਨਾ ਚਾਹੀਦਾ ਹੈ :
ਸਬਜ਼ੀਆਂ ਨੂੰ ਸਵੇਰੇ ਜਾਂ ਸ਼ਾਮ ਦੇ ਸਮੇਂ ਤੋੜਨਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਨਮੀਂ ਦੀ ਮਾਤਰਾ ਜਿਆਦਾ ਹੁੰਦੀ ਹੈ ਅਤੇ ਮੌਸਮ ਵੀ ਠੰਢਾ ਹੁੰਦਾ ਹੈ। ਸਬਜ਼ੀਆਂ ਨੂੰ ਤੋੜਨ ਤੋਂ ਬਾਅਦ ਘੱਟ ਤਾਪਮਾਨ ਤੇ ਰੱਖਣਾ ਚਾਹੀਦਾ ਹੈ। ਸਬਜ਼ੀਆਂ ਨੂੰ ਤੋੜਨ ਤੋਂ ਬਾਅਦ ਖੇਤ ਤੋਂ ਘਰ ਤੱਕ ਗੱਤੇ ਦੇ ਡੱਬਿਆਂ ਵਿੱਚ ਲਿਆਉਣਾ ਚਾਹੀਦਾ ਹੈ ਤਾਂ ਕਿ ਸਬਜ਼ੀ ਉਪਰ ਦਾਗ ਅਤੇ ਝਰੀਟਾ ਆਦਿ ਨਾ ਪੈਣ।
ਸਬਜ਼ੀ ਨੂੰ ਧੋਣ ਦਾ ਢੰਗ :
ਸਬਜ਼ੀਆਂ ਨੂੰ ਸਾਫ ਪਾਣੀ ਵਿੱਚ ਧੋਣਾ ਚਾਹੀਦਾ ਹੈ। ਪਾਣੀ ਦਾ ਤਾਪਮਾਨ 50 ਸੈਂਟੀਗਰੇਡ ਹੋਣਾ ਚਾਹੀਦਾ ਹੈ। ਸਬਜ਼ੀਆਂ ਨੂੰ ਕੀਟਾਣੂ ਰਹਿਤ ਕਰਨ ਲਈ ਪਾਣੀ ਵਿੱਚ 100-200 ਮਿਲੀਗਰਾਮ ਕਲੋਰੀਨ ਪਾਉਣੀ ਚਾਹੀਦੀ ਹੈ ਤਾਂ ਕਿ ਇਨ੍ਹਾਂ ਦੀ ਉਮਰ ਵੱਧ ਜਾਵੇ। ਸਬਜ਼ੀਆਂ ਨੂੰ ਧੋਣ ਲਈ ਪਾਣੀ ਦੀ ਮਾਤਰਾ ਇੱਕ ਕਿਲੋ ਸਬਜ਼ੀ ਲਈ 5-10 ਲਿਟਰ ਹੋਣੀ ਚਾਹੀਦੀ ਹੈ। ਧੋਣ ਤੋਂ ਬਾਅਦ ਸਬਜ਼ੀ ਨੂੰ ਸਾਫ ਕੱਪੜੇ ਉਪਰ ਪਾ ਕੇ ਢੱਕ ਕੇ ਚੰਗੀ ਤਰ੍ਹਾਂ ਸੁਕਾ ਲੈਣਾ ਚਾਹੀਦਾ ਹੈ।
ਸਬਜ਼ੀ ਨੂੰ ਛਿੱਲਣ ਦਾ ਢੰਗ:
ਸਬਜ਼ੀਆਂ ਨੂੰ ਹੱਥ ਨਾਲ ਛਿੱਲਣ ਲਈ ਤੇਜ਼ ਚਾਕੂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਬਜ਼ੀਆਂ ਦਾ ਛਿਲਕਾ ਪਤਲਾ ਉਤਾਰਨਾ ਚਾਹੀਦਾ ਹੈ। ਸਬਜ਼ੀਆਂ ਤੋਂ ਛਿਲਕਾ ਉਤਾਰਨ ਲਈ ਵਰਤੇ ਜਾਣ ਵਾਲੇ ਚਾਕੂ ਨੂੰ ਕੀਟਾਣ ਰਹਿਤ ਕਰਨ ਲਈ ਕਲੋਰੀਨ ਵਾਲੇ ਪਾਣੀ ਵਿੱਚ ਧੋਣਾ ਚਾਹੀਦਾ ਹੈ ਤਾਂ ਕਿ ਸਬਜ਼ੀ ਦੀ ਸ਼ੈਲਫ ਲਾਈਫ (ਨਾ ਖਰਾਬ ਹੋਣ ਦੀ ਸਮਰਥਾ) ਵੱਧ ਜਾਵੇ।ਸਬਜ਼ੀਆਂ ਦਾ ਨਾ ਵਰਤੋਂ ਵਿੱਚ ਆਉਣ ਵਾਲਾ ਹਿੱਸਾ ਬਾਹਰ ਕੱਢ ਦੇਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਪਸ਼ੂਆਂ ਦੀ ਖੁਰਾਕ ਵਜੋਂ ਵਰਤਿਆ ਜਾ ਸਕੇ।
ਸਬਜ਼ੀ ਨੂੰ ਕੱਟਣ ਦਾ ਢੰਗ:
ਸਬਜ਼ੀਆਂ ਦੇ ਟੁਕੜੇ ਨਾ ਜ਼ਿਆਦਾ ਵੱਡੇ ਅਤੇ ਨਾ ਜ਼ਿਆਦਾ ਛੋਟੇ ਹੋਣ, ਇਨ੍ਹਾਂ ਦਾ ਆਕਾਰ ਦਰਮਿਆਨਾ ਹੋਣਾ ਚਾਹੀਦਾ ਹੈ। ਸਬਜ਼ੀਆਂ ਨੂੰ ਰੱਖਣ ਲਈ ਵਰਤੇ ਜਾਣ ਵਾਲੇ ਬਰਤਨ ਸਾਫ-ਸੁਥਰੇ ਅਤੇ ਕੀਟਾਣ ਰਹਿਤ ਹੋਣੇ ਚਾਹੀਦੇ ਹਨ।
ਸਬਜ਼ੀ ਦੀ ਪੈਕਿੰਗ ਬਨਾਉਣਾ :
ਸਬਜ਼ੀ ਦੇ ਪੈਕਿਟ ਬਨਾਉਣ ਸਮੇਂ ਸਬਜ਼ੀ ਦਾ ਪਾਣੀ ਬਿਲਕੁਲ ਸੁੱਕ ਜਾਣਾ ਚਾਹੀਦਾ ਹੈ। ਸਬਜ਼ੀ ਨੂੰ ਕੱਪੜੇ ਉਪਰ ਪਾ ਕੇ ਢੱਕ ਕੇ ਛਾਵੇਂ ਸੁਕਾਉਣਾ ਚਾਹੀਦਾ ਹੈ। ਸਬਜ਼ੀ ਦੇ ਪੈਕਿਟ ½ ਜਾਂ 1 ਕਿਲੋ ਦੇ ਬਨਾਉਣੇ ਚਾਹੀਦੇ ਹਨ ਤਾਂ ਕਿ ਖਪਤਕਾਰ ਲੋੜ ਮੁਤਾਬਿਕ ਖਰੀਦ ਸਕਣ। ਪੈਕਿਟ ਬਨਾਉਣ ਸਮੇਂ ਸਬਜ਼ੀ ਲਈ ਤਾਪਮਾਨ ਘੱਟ ਹੋਣਾ ਚਾਹੀਦਾ ਹੈ। ਪੈਕਿਟ ਬਨਾਉਣ ਤੋਂ ਬਾਅਦ ਸਬਜ਼ੀ ਨੂੰ ਫਰਿੱਜ ਵਿੱਚ ਰੱਖਣਾ ਚਾਹੀਦਾ ਹੈ।
ਸਬਜ਼ੀ ਦੀ ਘੱਟ ਤੋਂ ਘੱਟ ਪ੍ਰੋਸੈਸਿੰਗ ਦੀ ਮਹੱਤਤਾ:
ਸਬਜ਼ੀਆਂ ਦੀ ਘੱਟ ਤੋਂ ਘੱਟ ਪ੍ਰੋਸੈਸਿੰਗ ਨਾਲ ਸਬਜ਼ੀਆਂ ਜ਼ਿਆਦਾ ਦੇਰ ਤੱਕ ਤਾਜ਼ੀਆ ਰਹਿੰਦੀਆਂ ਹਨ ਅਤੇ ਇਨ੍ਹਾਂ ਦੀ ਪੌਸ਼ਟਿਕਤਾ ਉੱਤੇ ਵੀ ਕੋਈ ਅਸਰ ਨਹੀਂ ਪੈਂਦਾ।
ਸਬਜ਼ੀਆਂ ਦੀ ਪ੍ਰੋਸੈਸਿੰਗ ਕਰਨ ਨਾਲ ਇਨ੍ਹਾਂ ਦੀ ਸ਼ੈਲਫ ਲਾਈਫ (ਨਾ ਖਰਾਬ ਹੋਣ ਦੀ ਸਮਰਥਾ) ਵੱਧ ਜਾਂਦੀ ਹੈ ਅਤੇ ਇਨ੍ਹਾਂ ਨੂੰ ਵੱਖ-ਵੱਖ ਜਗ੍ਹਾ ਤੇ ਖਪਤਕਾਰਾਂ ਤੱਕ ਪਹੁੰਚਾਉਣਾ ਸੌਖਾ ਹੋ ਜਾਂਦਾ ਹੈ।
ਸਬਜ਼ੀਆਂ ਦੀ ਪ੍ਰੋਸੈਸਿੰਗ ਕਰਨ ਨਾਲ ਖਪਤਕਾਰ ਨੂੰ ਸੌਖ ਹੋ ਜਾਂਦੀ ਹੈ ਕਿਉਂਕਿ ਨਾ ਖਾਣ ਵਾਲਾ ਹਿੱਸਾ ਖੇਤ ਵਿੱਚ ਰਹਿ ਜਾਂਦਾ ਹੈ ਅਤੇ ਖਾਣ ਵਾਲੇ ਹਿੱਸਾ ਹੀ ਖਪਤਕਾਰਾਂ ਤੱਕ ਪਹੁੰਚਦਾ ਹੈ।
ਪ੍ਰੋਸੈਸਿੰਗ ਨਾਲ ਕਿਸਾਨ ਨੂੰ ਜ਼ਿਆਦਾ ਲਾਭ ਹੁੰਦਾ ਹੈ ਕਿਉਂਕਿ ਸਬਜ਼ੀ ਮਹਿੰਗੀ ਵਿਕਦੀ ਹੈ ਅਤੇ ਦੂਸਰਾ ਨਾ ਵਰਤੋਂ ਵਿੱਚ ਆਉਣ ਵਾਲਾ ਹਿੱਸਾ ਵੀ ਪਸ਼ੂਆਂ ਦੀ ਖੁਰਾਕ ਵਜੋਂ ਵਰਤਿਆ ਜਾ ਸਕਦਾ ਹੈ, ਜਿਵੇਂ ਕਿ ਗੋਭੀ ਦੇ ਡੰਡਲ ਆਦਿ।
-
ਡਾ: ਜਸ਼ਨਦੀਪ ਕੌਰ ਗਿੱਲ , ਲੇਖਕ
*********
+919876910139
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.