ਉਹ ਆਪਣੇ ਵੱਡੇ ਤੇ ਸੋਹਣੇ ਘਰ ਦੀਆਂ ਚੀਜ਼ਾਂ ਸਵਾਰਦੀ ਥਾਂ ਸਿਰ ਰੱਖਦੀ ਤੇ ਘੱਟਾ ਝਾੜਦੀ ਹਰ ਵੇਲੇ ਕੰਮ ਵਿੱਚ ਰੁੱਝੀ ਰਹਿੰਦੀ। ਪੀੜੇ ਪਰਦਿਆਂ ਤੋਂ ਲੈ ਕੇ ਰਸੋਈ ਦੇ ਭਾਂਡਿਆਂ ਅਤੇ ਅਲਮਾਰੀਆਂ ਵਿੱਚ ਰੱਖੇ ਕੱਪੜਿਆਂ ਦੀਆਂ ਤੈਹਾਂ ਨੂੰ ਵਿਦੇਸ਼ ਵਿੱਚ ਰਹਿੰਦੇ ਆਪਣੇ ਬੱਚਿਆਂ ਨੂੰ ਵੀਡੀਓ ਕਾਲ ਵਿੱਚ ਦਿਖਾਉਂਦੀ। ਇਕੱਲੇਪਣ ਨੂੰ ਮਾਣਨਾ ਕੋਈ ਉਸ ਤੋਂ ਸਿੱਖੇ ਪਰ ਦਿਲ ਵਿੱਚ ਛੁਪੇ ਭਾਵ ਨਾਪਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ। ਉਸ ਦੇ ਦੋਨੋਂ ਪੁੱਤਰ ਵਿਦੇਸ਼ ਵਿੱਚ ਆਪਣੇ ਪਰਿਵਾਰਾਂ ਸਮੇਤ ਰਹਿ ਰਹੇ ਸੀ।" ਤੂੰ ਆਪਣੇ ਪੁੱਤਰਾਂ ਕੋਲ ਵਿਦੇਸ਼ ਵਿੱਚ ਜਾ ਕੇ ਕਿਉਂ ਨਹੀਂ ਰਹਿੰਦੀ?"ਮੈਂ ਪੁੱਛਿਆ। "ਇਥੇ ਇਕੱਲੀ ਦਾ ਦਮ ਘੁੱਟ ਘੁੱਟ ਕੇ ਜੀਣ ਨਾਲੋਂ ਪੁੱਤਰਾਂ ਕੋਲ ਰਹਿ ਕੇ ਜ਼ਿੰਦਗੀ ਪੂਰੀ ਕਰਨੀ ਚੰਗੀ ਹੁੰਦੀ ਹੈ" ,ਮੈਂ ਫਿਰ ਕਿਹਾ।"ਹੁਣ ਤਾਂ ਉਹਨਾਂ ਦੀਆਂ ਵਹੁਟੀਆਂ ਵੀ ਨੌਕਰੀਆਂ ਤੇ ਜਾਂਦੀਆਂ ਹਨ ।ਕੋਈ ਦਿਨ ਵੇਲੇ ਤੇ ਕੋਈ ਰਾਤ ਵੇਲੇ ਡਿਊਟੀ ਤੇ ਹੁੰਦਾ ਹੈ, ਮੇਰੇ ਲਈ ਟਾਈਮ ਕੱਢਣਾ ਉੱਥੇ ਵੀ ਉਹਨਾਂ ਲਈ ਔਖਾ ਹੋ ਜਾਣਾ ਹੈ। ਮੈਂ ਤਾਂ ਵੀਡੀਓ ਕਾਲ ਤੇ ਹੀ ਉਹਨਾਂ ਨੂੰ ਆਪਣੇ ਨਾਲ ਰਹਿੰਦੇ ਮਹਿਸੂਸ ਕਰ ਲੈਂਦੀ ਹਾਂ", ਉਸਨੇ ਬੜੀ ਹਿੰਮਤ ਕਰਕੇ ਮੈਨੂੰ ਸਾਰਾ ਕੁਝ ਕਹਿ ਦਿੱਤਾ। ਦਿਲ ਦੀਆਂ ਗਹਿਰਾਈਆਂ ਵਿੱਚ ਲੁਕੇ ਦੁੱਖਾਂ ਦਾ ਕਿਸੇ ਨੂੰ ਪਤਾ ਨਾ ਲੱਗੇ ,ਇਸ ਲਈ ਤਰ੍ਹਾਂ ਤਰ੍ਹਾਂ ਦੇ ਬਹਾਨੇ ਘੜਦੀ ਉਹ ਕਿੰਨਾ ਚਿਰ ਗੱਲਾਂ ਕਰਦੀ ਰਹੀ। ਵਿਦੇਸ਼ਾਂ ਵਿੱਚ ਰੋਜ਼ੀ ਰੋਟੀ ਲੱਭਣ ਲਈ ਜਾਣ ਦਾ ਰੁਝਾਨ ਤੇ ਬੇਵੱਸ ਮਾਪਿਆਂ ਦੀਆਂ ਭਾਵਨਾਵਾਂ ਨਾਲ ਹੋ ਰਹੇ ਖਿਲਵਾੜ ਦੀ ਉਦਾਹਰਣ ਇਸ ਤੋਂ ਵੱਡੀ ਹੋਰ ਕੀ ਹੋ ਸਕਦੀ ਸੀ।
-
ਦਵਿੰਦਰ ਕੌਰ, ਅਸਿਸਟੈਂਟ ਬੀਪੀਈਓ ਹਾਜੀਪੁਰ
mandeep17095@gmail.com
7986249359
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.