"ਭੁਵਨ ਸ਼ੋਮ " ਸੋਮ ਵੀ ਕਿਹਾ ਜਾਂਦਾ ਹੈ ਕਦੇ ਕਦੇ ,ਦੇਖਣ ਲੱਗਿਆਂ ਮੇਰੇ ਮਨ ਵਿੱਚ ਅਚਾਨਕ ਇਕ ਡਰ ਨੇ ਕਰਵਟ ਲਈ । ਸਕਰੀਨ ਤੇ ਭੱਜੀਆਂ ਜਾਂਦੀਆਂ ਰੇਲਵੇ ਦੀਆਂ ਪਟੜੀਆਂ , ਪਿੱਠ ਵਰਤੀ ਸੰਗੀਤ ਵੀ ਪਹਿਲੀ ਵਾਰ ਸੁਣ ਰਿਹਾ ਸੀ , ਕਾਲੇ ਚਿੱਟੇ ਪੁਰਾਣੇ ਅੱਖਰ ਤੇ ਇੱਕ ਅਧਖੜ ਚਿਹਰਾ ਜੋ ਹਾਰਿਆ ਹੋਇਆ ਪ੍ਰਤੀਤ ਹੁੰਦਾ ਸੀ ।
ਕੁਝ ਹੀ ਪਲਾਂ ਚ ਪਤਾ ਨਹੀਂ ਕਿਉਂ ਮੇਰੀ ਕੈਫ਼ੀਅਤ ਚ ਉਦਾਸੀ ਵਰਗੀ ਕੋਈ ਚੀਜ਼ ਘੁਲ ਗਈ ਸੀ ।
ਅਚਾਨਕ ਮੈਂ ਸੋਚਣ ਲੱਗਿਆ ਕੀ ਕੋਈ ਹੋਰ ਵੀ ਇਸ ਵੇਲੇ ਇਹ ਫਿਲਮ ਦੇਖ ਰਿਹਾ ਹੋਵੇਗਾ , ਜਵਾਬ ਮੈਨੂੰ ਆਪਣੇ ਅੰਦਰੋਂ ਹੀ ਤੁਰੰਤ ਮਿਲ ਗਿਆ ਸੀ ।ਸ਼ਾਇਦ ਕੋਈ ਨਹੀਂ ਸ਼ਾਇਦ ਕਿਸੇ ਨੂੰ ਯਾਦ ਵੀ ਨਾ ਹੋਵੇ ।
ਮੈਂ ਆਪਣੇ ਬਾਰੇ ਸੋਚਿਆ ਫਿਰ ਮੈਂ ਕਿਉਂ ਦੇਖ ਰਿਹਾ ਹਾਂ ।
ਪਹਿਲਾਂ ਹੀ ਤਬੀਅਤ ਨਾ ਸਾਜ ਹੈ । ਪਤਾ ਨਹੀਂ ਕਿਸ ਤਰ੍ਹਾਂ ਦੀ ਫਿਲਮ ਹੋਵੇਗੀ । ਤਬੀਅਤ ਹੋਰ ਬੋਝਲ ਚੀਜਾਂ ਦੇਖਣ ਲਈ ਤਿਆਰ ਨਹੀਂ ਸੀ ।
ਖੈਰ
ਮੈਨੂੰ ਅੰਗਰੇਜ਼ੀ ਅਖਬਾਰ ਵਿੱਚ ਛਪੇ ਇਸ ਫਿਲਮ ਬਾਰੇ ਲੇਖ ਦੀ ਯਾਦ ਆਈ ਜਿਸ ਵਿੱਚ ਲੇਖਕ ਨੇ ਲਿਖਿਆ ਸੀ ਕਿ ਉਸਨੇ ਭੁਵਨ ਸੋਮ ਫਿਲਮ ਦੇਖਣ ਤੋਂ ਬਾਅਦ ਬਹੁਤ ਸਾਰੀਆਂ ਉਹ ਚਾਰਜ ਸੀਟਾਂ ਫਾੜ ਕੇ ਸੁੱਟ ਦਿੱਤੀਆਂ ਸਨ ਜੋ ਉਹ ਆਪਣੇ ਅਧੀਨ ਮੁਲਾਜ਼ਮਾਂ ਨੂੰ ਦੇਣ ਲਈ ਤਿਆਰ ਕਰ ਚੁੱਕਿਆ ਸੀ ਪਰ ਫਿਲਮ ਦੇਖਣ ਤੋਂ ਬਾਦ ਫਾੜ ਕੇ ਸੁੱਟ ਦਿੱਤੀਆਂ ਸਨ ।
ਖੈਰ ਕ੍ਰੈਡਿਟ ਖਤਮ ਹੋਇਆ , ਬਚਪਨ ਵਿੱਚ ਅਸੀਂ ਇਸ ਨੂੰ ਨੰਬਰਿੰਗ ਕਹਿੰਦੇ ਸਾਂ , ਸਾਨੂੰ ਕਾਹਲ ਹੁੰਦੀ ਸੀ ਕਿ ਕਦੋਂ ਇਹ ਨੰਬਰਿੰਗ ਖਤਮ ਹੋਵੇ , ਫਿਲਮ ਸ਼ੁਰੂ ਹੋਵੇ । ਸਮੇਂ ਦਾ ਫੇਰ ਹੈ ਮੈਂ ਹੁਣ ਕਲਾਸਿਕ ਫਿਲਮਾਂ ਦੀ ਚਰਚਾ ਕਰਦਾ ਹਾਂ , ਉਹਨਾਂ ਨਾਲ ਜੁੜੇ ਲੋਕਾਂ ਬਾਰੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਤਾਂ ਸਭ ਤੋਂ ਵੱਧ ਮੈਂ ਕ੍ਰੈਡਿਟ ਤੇ ਹੀ ਧਿਆਨ ਦਿੰਦਾ ਹਾਂ । ਹੁਣ ਇਹ ਭਾਉਂਦਾ ਵੀ ਹੀ ਤੇ ਮੇਰੀ ਲੋੜ ਵੀ ਹੈ ।
ਖੈਰ ਫਿਲਮ ਸ਼ੁਰੂ ਹੋਈ , ਸੋਚਿਆ ਇਹੀ ਸੀ ਕਿ ਜੇਕਰ ਮਨ ਤੇ ਬੋਝ ਪਾਉਣ ਵਾਲੀ ਕਹਾਣੀ ਹੋਈ ਤਾਂ ਫਿਰ ਕਦੇ ਦੇਖਾਂਗਾ , ਕਿਉਂਕਿ ਮੈਂ ਉਹਨਾਂ ਫ਼ਿਲਮਾਂ ਤੇ ਲਿਖ ਰਿਹਾ ਹਾਂ ਜਿਹਨਾਂ ਦਾ ਅਧਾਰ ਸਾਹਤਿਕ ਸੀ , ਤੇ ਇਹ ਉਹਨਾਂ ਚੋਂ ਇੱਕ ਹੈ , ਪਰ ਗੀਤ ਕਦੇ ਦੇਖਾਂਗਾ , ਕੈਫ਼ੀਅਤ ਨੂੰ ਹੋਰ ਬੋਝਲ ਨਹੀਂ ਕਰਨਾ ।
ਭੁਵਨ ਸ਼ੋਮ ਆਰੰਭਿਕ ਦ੍ਰਿਸ਼ ਰੇਲਵੇ ਸਟੇਸ਼ਨ ਦਾ ਹੈ , ਗੁਜਰਾਤ ਚ ਦੂਰ ਦਰੇਡੇ ਦਾ । ਰੇਲਵੇ ਦੇ ਅਫਸਰ ਆਪਸ ਵਿੱਚ ਗੱਲ ਕਰ ਰਹੇ ਹਨ । ਉਹ ਡਰ ਰਹੇ ਹਨ ਕਿ ਜਿਹੜੇ ਸਾਹਿਬ ਉਥੇ ਆ ਰਹੇ ਹਨ ਉਹ ਬੜੇ ਸਖਤ ਮਿਜਾਜ ਹਨ, ਕਿਸੇ ਨੂੰ ਨਹੀਂ ਬਖਸ਼ਦੇ ।
ਜਾਦਵ ਪਟੇਲ ਟਿਕਟ ਕਲੈਕਟਰ ਹੈ ਵੀ ਉਥੇ । ਉਹ ਸਭ ਤੋਂ ਵੱਧ ਡਰਿਆ ਹੋਇਆ ਹੈ ਕਿਉਂਕਿ ਉਹ ਇਧਰੋਂ ਉਧਰੋਂ ਵੀ ਕੁਝ ਨਾ ਕੁਝ ਕਮਾਈ ਕਰ ਲੈਂਦਾ ਹੈ ਜਿਸ ਨੂੰ ਕਿ ਆਉਣ ਵਾਲਾ ਅਫਸਰ ਬਿਲਕੁੱਲ ਬਰਦਾਸ਼ਤ ਨਹੀਂ ਕਰਦਾ । ਉਸ ਦਾ ਮੰਗਣਾ ਹੋਇਆ ਹੋਇਆ ਹੈ ਅਤੇ ਜਲਦੀ ਹੀ ਸ਼ਾਦੀ ਹੋਣ ਵਾਲੀ ਹੈ ਉਹ ਡਰਦਾ ਹੈ ਕਿ ਕਿਤੇ ਆਉਣ ਵਾਲਾ ਕੜਕ ਅਫਸਰ ਉਸਦੀ ਨੌਕਰੀ ਤੇ ਕੋਈ ਸਵਾਲ ਪੈਦਾ ਨਾ ਕਰ ਦਵੇ , ਉਹ ਇਸ ਕੰਮ ਲਈ ਨਾਮਵਰ ਵੀ ਤਾਂ ਹੈ ।
ਭੁਵਨ ਸ਼ੋਮ , ਮਿਰਨਾਲ ਸੇਨ ਦੀ ਨਿਰਦੇਸ਼ਤ ਚਰਚਿਤ ਫਿਲਮ ਹੈ , ਜੋ ਕਿ ਬੰਗਲਾ ਲੇਖਕ ਬਲਾਈਚੰਦ ਮੁਖੋਉਪਾਧਾਇਆ ਉਰਫ ਬਨਫੂਲ ਦੀ ਇੱਕ ਕਹਾਣੀ ਤੇ ਅਧਾਰਿਤ ਹੈ ।
ਜਾਧਵ ਪਟੇਲ ਅਤੇ ਸਾਥੀ ਜਿਸ ਅਫਸਰ ਤੋਂ ਡਰ ਰਹੇ ਹਨ ਉਹ ਸ਼ੋਮ ਸਾਹਿਬ ਹਨ , ਭੁਵਨ ਸ਼ੋਮ । ਸਖਤ ਅਨੁਸ਼ਾਸਨ ਪਸੰਦ ਰੇਲਵੇ ਦੇ ਵੱਡੇ ਅਫਸਰ , ਜਿਨ੍ਹਾਂ ਨੇ ਅਸੂਲਾਂ ਤੇ ਚਲਦਿਆਂ ਆਪਣੇ ਬੇਟੇ ਦੀ ਨੌਕਰੀ ਤੱਕ ਨੂੰ ਖਤਮ ਕਰਵਾ ਦਿੱਤਾ ਸੀ ਅਤੇ ਉਹ ਹੁਣ ਉਹਨਾਂ ਨਾਲ ਨਹੀਂ ਬੋਲਦਾ ਅਤੇ ਕਿਸੇ ਆਸ਼ਰਮ ਤੇ ਰਹਿੰਦਾ ਹੈ । ਉਹਨਾਂ ਦੀ ਘਰੇਲੂ ਜਿੰਦਗੀ ਲਗਭਗ ਖਤਮ ਹੈ , ਪਤਨੀ ਵੀ ਹੁਣ ਦੁਨੀਆ ਤੇ ਨਹੀਂ ਹੈ। ਉਨਾਂ ਦੀ ਇਸ ਬੇਰਸੀ ਜ਼ਿੰਦਗੀ ਵਿੱਚ ਜੋ ਰਸ ਹੈ ਉਹ ਦਫਤਰੀ ਕੰਮ ਕਾਜ ਦਾ ਹੈ ਜਾਂ ਫਿਰ ਮੁਲਾਜ਼ਮਾਂ ਵਿੱਚ ਪਾਏ ਜਾਂਦੇ ਉਹਨਾਂ ਦੇ ਡਰ ਦਾ ਹੈ ।
ਸ਼ੋਮ ਸਾਹਿਬ ਬੰਗਾਲ ਦੇ ਰਹਿਣ ਵਾਲੇ ਹਨ , ਉਹ ਬੰਗਾਲ ਜਿੱਥੇ ਸਾਹਿਤ ਦੇ ਰਸੀਏ ਰਹਿੰਦੇ ਹਨ, ਜਿੱਥੇ ਲੋਕ ਆਲਾ ਸੰਗੀਤ ਸੁਣਦੇ ਹਨ ਸੂਖਮ ਹਨ , ਪਰ ਸ਼ੋਮ ਸਾਹਬ ਦੇ ਹਾਲਾਤ ਕੁਝ ਇਸ ਤਰ੍ਹਾਂ ਬਦਲੇ ਹਨ ਕਿ ਉਹਨਾਂ ਦੀ ਜਿੰਦਗੀ ਵਿੱਚ ਇਹਨਾਂ ਵਿੱਚੋਂ ਕੁਝ ਵੀ ਨਹੀਂ । ਉਹ ਹੁਣ ਕੰਮ ਕਾਜੀ ਯਾਤਰਾ ਤੇ ਗੁਜਰਾਤ ਆਏ ਹਨ ਉਹ ਵੀ ਦਿਹਾਤੀ ਇਲਾਕੇ ਵਿੱਚ ।
ਦੂਰ ਦਿਹਾਤ ਵਿੱਚ ਇੱਕ ਚਾਰਾਗਾਹ ਹੈ ਜੋ ਸ਼ਿਕਾਰ ਲਈ ਪ੍ਰਸਿੱਧ ਹੈ । ਵੈਸੇ ਤਾਂ ਸ਼ੋਮ ਸਾਹਿਬ ਆਪਣੇ ਇਕ ਢੱਰੇ ਤੇ ਜੰਮੀ ਹੋਈ ਜਿੰਦਗੀ ਵਿੱਚ ਰਹਿ ਕੇ ਖੁਸ਼ ਹਨ ਪਰ ਪਰ ਫਿਰ ਵੀ ਉਹ ਫੈਸਲਾ ਕਰਦੇ ਹਨ ਕਿ ਉਹ ਵੀ ਸ਼ਿਕਾਰ ਖੇਡਣ ਜਾਣਗੇ । ਗੁਜਰਾਤ ਦੇ ਦੂਰ ਦੁਰਾਡੇ ਇਲਾਕੇ ਦਾ ਦ੍ਰਿਸ਼ ਚਿਤਰਨ ਕਮਾਲ ਦਾ ਹੈ । ਫਿਲਮ ਦੇ ਕੈਮਰਾ ਮੈਨ ਕੇ ਕੇ ਮੁਹਾਜਨ ਇਸ ਦੂਰਗਾਮੀ ਰੇਤਲੇ ਇਲਾਕੇ ਦੀ ਸੁੰਦਰਤਾ ਨੂੰ ਫ਼ਿਲਮਾਉਣ ਵਿੱਚ ਅਤਿਅੰਤ ਕਾਮਯਾਬ ਰਹੇ ਪ੍ਰਤੀਤ ਹੁੰਦੇ ਹਨ , ਭਾਂਵੇ ਉਦੋਂ ਤਕਨੀਕ ਵੀ ਅਜੋਕੇ ਪਧਰ ਦੀ ਨਹੀਂ ਸੀ । ਫਿਲਮ ਵਿੱਚ ਕਿਰਦਾਰਾਂ ਦੀ ਵੇਸ ਭੂਸ਼ਾ ਵੀ ਆਕਰਸ਼ਿਤ ਕਰਦੀ ਹੈ , ਬੋਲੀ ਵੀ ਇਲਾਕਾਈ ਹੈ , ਕਈ ਵਾਰ ਸਮਝ ਨਹੀਂ ਵੀ ਆਉਂਦੀ ਤਾਂ ਇੰਗਲਿਸ਼ ਟਾਈਟਲਾਂ ਤੋਂ ਸਮਝ ਆ ਜਾਂਦੀ ਹੈ । ਨਿਰਦੇਸ਼ਕ ਨੇ ਕਹਾਣੀ ਦੇ ਮਰਮ ਨੂੰ ਮੂਲ ਰੂਪ ਚ ਦਿਖਾਉਣ ਲਈ ਹਰ ਉਪਰਾਲਾ ਕੀਤਾ ਹੈ ।
ਉਹ ਗੱਡੇ ਤੇ ਸ਼ਿਕਾਰ ਵਾਲੀ ਜਗ੍ਹਾ ਤੇ ਪਹੁੰਚਣ ਲਈ ਗੱਡਾ ਕਿਰਾਏ ਤੇ ਲੈਂਦੇ ਹਨ , ਗੱਡੇ ਵਾਲਾ ਬਾਤੂੰਨੀ ਬੰਦਾ ਹੈ , ਨਿਰੋਲ ਦਿਹਾਤੀ ਵੀ । ਅੱਗੇ ਜਾ ਕੇ ਉਨਾਂ ਦਾ ਸਾਹਮਣਾ ਇੱਕ ਝੋਟੇ ਨਾਲ ਹੋ ਜਾਂਦਾ ਹੈ । ਝੋਟਾ ਬਹੁਤ ਖਤਰਨਾਕ ਦਿਖਾਈ ਦਿੰਦਾ ਹੈ ਤਾਂ ਸ਼ੋਮ ਬਾਬੂ ਬਹੁਤ ਡਰ ਜਾਂਦੇ ਹਨ । ਝੋਟਾ ਉਹਨਾਂ ਨੂੰ ਮਾਰਨ ਵੀ ਦੌੜਦਾ ਹੈ ਪਰ ਉਹ ਭੱਜ ਭਜਾ ਕੇ ਕਿਵੇਂ ਨਾ ਕਿਵੇਂ ਜਾਨ ਬਚਾਉਂਦੇ ਹਨ ਕਿ ਅਚਾਨਕ ਉੱਥੇ ਇੱਕ ਕੁੜੀ ਆਉਂਦੀ ਹੈ। ਕੁੜੀ ਕਿਸੇ ਛੋਟੇ ਜਾਨਵਰ ਵਾਂਗੂੰ ਝੋਟੇ ਦੇ ਸਿਰ ਤੇ ਹੱਥ ਫੇਰਦੀ ਹੈ ਅਤੇ ਆਪਣੇ ਨਾਲ ਲੈ ਜਾਂਦੀ ਹੈ ।
ਇਹ ਦੇਖ ਕੇ ਸ਼ੋਮ ਬਾਬੂ ਹੈਰਾਨ ਰਹਿ ਜਾਂਦੇ ਹਨ । ਇਸੇ ਰੌਲੇ ਚ ਉਧਰ ਗੱਡੇ ਵਾਲੇ ਦੇ ਬਲਦ ਗੱਡਾ ਕਿਸੇ ਪਾਸੇ ਲੈ ਜਾਂਦੇ ਹਨ ਜੋ ਕਿ ਨਹੀਂ ਮਿਲਦੇ ।ਉਹਨਾਂ ਨੂੰ ਭਾਲਣ ਚਲੇ ਜਾਂਦਾ ਹੈ ਤਾਂ ਭਵਨ ਬਾਬੂ ਨੂੰ ਕੁੜੀ ਦੁਬਾਰਾ ਮਿਲਦੀ ਹੈ ਜਿਸ ਦਾ ਨਾਮ ਗੌਰੀ ਹੈ ।
ਖੁਸ਼ਕਿਸਮਤੀ ਨਾਲ ਉਹ ਹਿੰਦੀ ਬੋਲ ਸਕਦੀ ਹੈ ।
ਦੂਰ ਦੁਰਾਡੇ ਰੇਤਲੇ ਟਿੱਬਿਆਂ ਵਿੱਚ ਰੁਲ ਰਹੇ , ਡਰੇ ਹੋਏ ਸ਼ੋਮ ਬਾਬੂ ਨੂੰ ਕੁੜੀ ਅਤੇ ਉਸ ਦਾ ਪਿਤਾ ਮਹਿਮਾਨ ਨਿਵਾਜ ਵਜੋਂ ਮਿਲਦੇ ਹਨ ।
1950 _ 60 ਕਾਲ ਦੀ ਕਹਾਣੀ ਤੇ ਬਣੀ ਇਸ ਫਿਲਮ ਵਿੱਚ ਭੁਵਨ ਸ਼ੋਮ ਦੀ ਭੂਮਿਕਾ ਉਤਪੱ ਲ ਦੱਤ ਨੇ ਨਿਭਾਈ ਹੈ ਅਤੇ ਗੌਰੀ ਦੀ ਭੂਮਿਕਾ ਸੁਆਸਨੀ ਮੂਲੇ ਨੇ ਅਦਾ ਕੀਤੀ ਹੈ।
ਉਤਪਲ ਦੱਤ ਨੂੰ ਇਸ ਭੂਮਿਕਾ ਵਿੱਚ ਦੇਖਣਾ ਵੀ ਅਨੋਖਾ ਅਨੁਭਵ ਹੈ , ਅਸੀਂ ਆਮ ਤੌਰ ਤੇ ਉਹਨਾਂ ਨੂੰ ਚਿਕਨੇ ਚੋਪੜੇ ਮੁੱਛਾਂ ਵਾਲੇ ਪਿਤਾ ਜੀ , ਬਾਉ ਜੀ ਵਜੋਂ ਹੀ ਦੇਖਦੇ ਆਏ ਹਾਂ ।
ਬਹਰਹਾਲ , ਸ਼ੋਮ ਬਾਬੂ ਜਿਆਦਾ ਤਰ ਦਫਤਰਾਂ ਵਿੱਚ ਹੀ ਰਹੇ ਹਨ, ਸੋ ਸ਼ਿਕਾਰ ਵਿੱਚ ਕਾਮਯਾਬ ਨਹੀਂ ਹੁੰਦੇ , ਭਾਵੇਂ ਕਿ ਫਾਈਲਾਂ ਰਾਹੀਂ ਆਪਣੇ ਅਧੀਨ ਕਰਮਚਾਰੀਆਂ ਦਾ ਸ਼ਿਕਾਰ ਕਰਨਾ ਉਹਨਾਂ ਨੂੰ ਬਾਖੂਬੀ ਆਉਂਦਾ ਹੈ ।
ਗੌਰੀ ਦੀ ਸ਼ਖਸ਼ੀਅਤ ਬੇਦੋਸ਼ ਪੰਛੀ ਵਾਂਗ ਹੈ , ਪਹਾੜਾਂ ਦੇ ਪਾਣੀ ਨਿਰਮਲ ਅਤੇ ਪਵਿਤਰ । ਉਸ ਨੂੰ ਸ਼ੋਮ ਬਾਬੂ ਤੇ ਤਰਸ ਆਉਂਦਾ ਹੈ। ਉਹ ਦਿਲੋਂ ਚਾਹੁੰਦੀ ਹੈ ਕਿ ਸ਼ੋਮ ਬਾਬੂ ਸ਼ਿਕਾਰ ਕਰਨ ਵਿੱਚ ਕਾਮਯਾਬ ਹੋ ਜਾਣ ।
ਗੌਰੀ ਦੀ ਸ਼ਖਸ਼ੀਅਤ ਵਿੱਚ ਮੌਜੂਦ ਪਵਿੱਤਰਤਾ , ਰਹਿਮ ਦਿਲੀ ਤੋਂ ਉਹ ਪ੍ਰਭਾਵਿਤ ਹੁੰਦੇ ਹਨ , ਖੁੱਲੇ ਵਾਤਾਵਰਨ ਅਤੇ ਕੁਦਰਤ ਦੀ ਨੇੜਤਾ , ਪਿੰਡਾਂ ਦੇ ਲੋਕਾਂ ਚ ਵਸੀ ਮਨੁੱਖਤਾ ਦਾ ਅਸਰ ਵੀ ਉਹਨਾਂ ਦੀ ਰੂਹ ਤੇ ਹੁੰਦਾ ਹੈ । ਇਹ ਨਿਰਦੇਸ਼ਕ ਦਾ ਕਮਾਲ ਹੈ ਕਿ ਨਾ ਦਿਖਣ ਵਾਲਾ ਇਹ ਅੰਦਰੂਨੀ ਵਰਤਾਰਾ ਫਿਲਮ ਵਿੱਚ ਸਾਫ ਦਿਖਾਈ ਦਿੰਦਾ ਹੈ ।
ਮਿਰਨਾਲ ਸੇਨ ਨਿਰਦੇਸ਼ਤ ਇਹ ਫਿਲਮ ਦੇਖਦਿਆਂ ਪਤਾ ਲੱਗਦਾ ਹੈ ਕਿ ਕਿਸੇ ਸਾਹਿਤਕ ਕਹਾਣੀ ਦੀ ਸੂਖਮਤਾ ਨੂੰ ਪਰਦੇ ਤੇ ਕਿਵੇਂ ਦਿਖਾਇਆ ਜਾਣਾ ਚਾਹੀਦਾ ਹੈ । ਕਹਾਣੀ ਨਾਲ ਨਿਆ ਕਿਵੇਂ ਕੀਤਾ ਜਾਂਦਾ ਹੈ । ਗੌਰੀ ਮਦਦ ਕਰਦੀ ਹੈ , ਉਹ ਸਲਾਹ ਦਿੰਦੀ ਹੈ ਕਿ ਭੁਵਨ ਬਾਬੂ ਨੂੰ ਦਿਹਾਤੀ ਕੱਪੜੇ ਪਹਿਣਨੇ ਚਾਹੀਦੇ ਹਨ ਇਸ ਨਾਲ ਪੰਛੀ ਡਰ ਨਗੇ ਨਹੀਂ । ਖੁਦ ਇਹ ਹਿਚਕ ਚਾਹੜ ਤੋਂ ਬਾਅਦ ਭੁਵਨ ਬਾਊ ਉਹ ਕੱਪੜੇ ਪਹਿਣ ਲੈਂਦੇ ਹਨ ।
ਸ਼ਿਕਾਰ ਦੀ ਇੱਕ ਕੋਸ਼ਿਸ਼ ਵਿੱਚ ਜਦੋਂ ਭਵਨ ਬਾਬੂ ਗੋਲੀ ਚਲਾਉਂਦੇ ਹਨ ਤਾਂ ਇੱਕ ਪੰਛੀ ਡਿੱਗ ਕੇ ਗਿਰ ਜਾਂਦਾ ਹੈ । ਭੁਵਨ ਬਾਬੂ ਖੁਸ਼ ਹਨ ਕਿ ਉਨਾਂ ਨੇ ਸ਼ਿਕਾਰ ਕਰ ਲਿਆ ਹੈ ਗੌਰੀ ਸਾਹਮਣੇ ਉਹਨਾਂ ਦੀ ਇੱਜਤ ਰਹਿ ਗਈ ਹੈ ਜੋ ਕਿ ਇਸ ਸਮੇਂ ਵੀ ਨਾਲ ਹੀ ਹੈ । ਗੌਰੀ ਜੋ ਪੰਛੀਆਂ ਨੂੰ ਜਿਆਦਾ ਬਿਹਤਰ ਜਾਣਦੀ ਹੈ, ਸ਼ੋਮ ਨੂੰ ਦੱਸਦੀ ਹੈ ਕਿ ਪੰਛੀ ਮਰਿਆ ਨਹੀਂ ਉਸਨੂੰ ਗੋਲੀ ਨਹੀਂ ਲੱਗੀ ਉਹ ਸਿਰਫ ਬੇਹੋਸ਼ ਹੋਇਆ ਹੈ । ਪੰਛੀ ਅਕਸਰ ਡਰ ਕੇ ਬੇਹੋਸ਼ ਹੋ ਜਾਂਦੇ ਹਨ , ਇਨਸਾਨ ਵੀ ।
ਇਹ ਦ੍ਰਿਸ਼ ਸਾਹਿਤ ਦੀ ਸੰਕੇਤਕ ਭਾਸ਼ਾ ਨੂੰ ਪਰਦੇ ਤੇ ਉੱਤਾਰੇ ਜਾਣ ਦੀ ਸ੍ਰੇਸ਼ਟ ਉਦਾਰਹਣ ਹੈ । ਅਚੇਤਨ ਚ ਸ਼ੋਮ ਬਾਬੂ ਨੂੰ ਉਹਨਾਂ ਅਧੀਨ ਕਰਮਚਾਰੀਆਂ ਦੇ ਚਿਹਰੇ ਆਉਂਦੇ ਹਨ ਜੋ ਉਹਨਾਂ ਤੋਂ ਡਰੇ ਹੋਏ ਰਹਿੰਦੇ ਹਨ ।
ਅੰਦਰੂਨੀ ਬਦਲਾਵ ਦੀ ਸ਼ਰੂਆਤ ।
ਸ਼ਹਿਰ ਤੋਂ ਦੂਰ ਰੇਤਲੇ ਟਿੱਬਿਆਂ ਵਿੱਚ ਥਕਾਨ ਭਰਿਆ ਦਿਨ ਬਿਤਾਉਣ ਦਰਮਿਆਨ ਭਵਨ ਬਾਬੂ ਨੂੰ ਪਤਾ ਲੱਗਦਾ ਹੈ ਕਿ ਗੌਰੀ ਦੀ ਸ਼ਾਦੀ ਰੇਲਵੇ ਦੇ ਇੱਕ ਮੁਲਾਜ਼ਮ ਨਾਲ ਹੋਣ ਵਾਲੀ ਹੈ । ਕੁਝ ਸੰਕੋਚ ਤੋਂ ਬਾਅਦ ਭਵਨ ਬਾਬੂ , ਗੌਰੀ ਨੂੰ ਦੱਸਦੇ ਹਨ ਕਿ ਉਹ ਵੀ ਰੇਲਵੇ ਵਿੱਚ ਅਫਸਰ ਹਨ ।
ਤਾ ਗੌਰੀ ਉਹਨਾਂ ਨੂੰ ਆਪਣੇ ਮਨ ਦਾ ਇਕ ਤੌਖਲਾ ਦੱਸਦੀ ਹੈ । ਉਹ ਕਹਿੰਦੀ ਹੈ ਕਿ ਉਸ ਦਾ ਹੋਣ ਵਾਲਾ ਪਤੀ ਟਿਕਟ ਕਲੈਕਟਰ ਹੈ, ਤਨਖਾਹ ਵੀ ਹੈ ਅਤੇ ਉੱਤੋਂ ਵੀ ਚਾਹ ਪਾਣੀ ਬਣ ਜਾਂਦਾ ਹੈ , ਪਰ ਸ਼ੋਮ ਸਾਹਿਬ ਨਾਂ ਦਾ ਕੋਈ ਅਫਸਰ ਉਸਦੇ ਪਿੱਛੇ ਪਿਆ ਹੋਇਆ ਹੈ ਉਹ ਸ਼ੋਮ ਸਾਹਿਬ ਕੋਲ ਉਸ ਦੀ ਪਤੀ ਦੀ ਸਿਫਾਰਿਸ਼ ਕਰ ਦੇਵੇ ।ਉਹ ਸਾਹਿਬ ਤੋਂ ਬਹੁਤ ਡਰਿਆ ਹੋਇਆ ਹੈ , ਉਹ ਉਹ ਬੜਾ ਭੈੜਾ ਅਫਸਰ ਹੈ।
ਦਿਲਚਸਪ ਗੱਲ ਇਹ ਹੈ ਕਿ ਗੌਰੀ ਨੂੰ ਨਹੀਂ ਪਤਾ ਕਿ ਉਹ ਜਿਸ ਨਾਲ ਗੱਲ ਕਰ ਰਹੀ ਹੈ ਇਹ ਉਹੀ ਅਫਸਰ ਹੈ "ਭੁਵਨ ਸ਼ੋਮ " ਜਿਸ ਦੇ ਬਾਰੇ ਉਸਦੇ ਪਤੀ ਨੇ ਆਪਣਾ ਡਰ ਸਾਂਝਾ ਕੀਤਾ ਹੈ , ਜਿਸ ਨੂੰ ਬੜਾ ਬੇਰਹਿਮ ਦੱਸਿਆ ਹੈ।
ਕੁਦਰਤ ਦੀ ਨੇੜਤਾ , ਪਿੰਡਾਂ ਦੇ ਲੋਕਾਂ ਦੇ ਭੋਲੇਪਨ, ਪੰਛੀਆਂ ਦੀ ਮਾਸੂਮੀਅਤ ਅਤੇ ਗੌਰੀ ਦੀ ਸ਼ਖਸ਼ੀਅਤ ਨੇ ਭੁਵਨ ਸ਼ੋਮ ਦੇ ਅੰਦਰ ਦੀ ਕਠੋਰਤਾ ਨੂੰ ਪਿਘਲਾ ਦਿੱਤਾ ਹੈ ,ਸ਼ਖਸ਼ੀਅਤ ਨੂੰ ਕੁਝ ਹੱਦ ਤੱਕ ਬਦਲ ਦਿੱਤਾ ਹੈ , ਮੁਰਛਿਤ ਹੋ ਚੁੱਕੀਆਂ ਮਨੁੱਖੀ ਸੰਵੇਦਨਾਵਾਂ ਕਰਵਟ ਲੈਣ ਲੱਗੀਆਂ ਹਨ ।
ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਹੁਣ ਵਾਪਸ ਸ਼ਹਿਰ ਜਾਣਾ ਪੈਣਾ ਹੈ , ਭਾਵੇਂ ਕਿ ਉਹ ਇਹਨਾਂ ਰੇਤਲੇ ਟਿੱਬਿਆਂ ਦੇ ਹਸੀਨ ਦ੍ਰਿਸ਼ਾਂ ਵਿੱਚ ਦਿਲ ਲਾ ਬੈਠੇ ਹਨ ।
ਭੁਵਨ ਸ਼ੋਮ ਵਾਪਸ ਸ਼ਹਿਰ ਆ ਜਾਂਦੇ ਹਨ , ਦਫਤਰ ਆਪਣੀ ਕੁਰਸੀ ਤੇ ਬੈਠ ਕੇ ਉਹ ਉਸ ਟਿਕਟ ਕਲੈਕਟਰ ਨੂੰ ਬੁਲਾਉਂਦੇ ਹਨ ਜਿਸ ਬਾਰੇ ਗੌਰੀ ਨੇ ਕਿਹਾ ਸੀ । ਉਸਦਾ ਮੰਗੇਤਰ ਜਾਧਵ ਪਟੇਲ ।
ਉਹਨਾਂ ਨੇ ਚਾਰਜ ਸ਼ੀਟ ਤਿਆਰ ਕੀਤੀ ਹੋਈ ਹੈ , ਸਿਰਫ ਦੇਣੀ ਹੈ । ਪਰ ਜਿਵੇਂ ਪਹਿਲਾਂ ਲਿਖਿਆ ਹੈ ਉਹਨਾਂ ਦੇ ਅੰਦਰ ਕਾਫੀ ਕੁਝ ਬਦਲ ਗਿਆ ਹੈ, ਸਖਤ ਕੋਨਾ ਪਿਗਲ ਕੇ ਨਰਮ ਹੋ ਗਿਆ ਹੈ ।
ਉਹ ਜ਼ਿੰਦਗੀ ਚ ਪਹਿਲੀ ਵਾਰ ਕਿਸੇ ਤੇ ਰਹਿਮ ਕਰਦੇ ਹਨ ਉਹ ਚਾਰ ਸ਼ੀਟ ਨੂੰ ਫਾੜ ਦਿੰਦੇ ਹਨ ਅਤੇ ਚੇਤਾਵਨੀ ਦੇਖ ਕੇ ਜਾਧਵ ਪਟੇਲ ਨੂੰ ਛੱਡ ਦਿੰਦੇ ਹਨ ।
ਜਾਧਵ ਪਟੇਲ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਭੁਵਨ ਸ਼ੋਮ ਨੇ ਉਸਨੂੰ ਬਖਸ਼ ਦਿੱਤਾ ਹੈ। ਉਸ ਨੂੰ ਧੰਨਵਾਦ ਕਰਨ ਲਈ ਲਫਜ਼ ਨਹੀਂ ਸੁੱਝ ਰਹੇ , ਪਰ ਸਭ ਕੁਝ ਉਸ ਦੇ ਚਿਹਰੇ ਤੇ ਲਿਖਿਆ ਹੁੰਦਾ ਹੈ ਅਤੇ ਭੁਵਨ ਸ਼ੋਮ ਉਸ ਨੂੰ ਪੜ ਰਹੇ ਹੁੰਦੇ ਹਨ ।
ਸ਼ੋਮ ਸਾਹਬ ਨੂੰ ਪਹਿਲੀ ਵਾਰ ਅਸਲ ਖੁਸ਼ੀ ਮਿਲਦੀ ਹੈ । ਅੰਦਰੂਨੀ ਖੇੜਾ , ਸਖਤੀ ਤੋਂ ਆਜ਼ਾਦੀ , ਇੱਕ ਢਰੇ ਦੀ ਜ਼ਿੰਦਗੀ ਚ ਖੁਸ਼ ਰਹਿਣ ਦੀ ਵਜਾਹ ।
ਉਹ ਦਫਤਰੀ ਕਮਰੇ ਵਿੱਚ ਹੱਸਦੇ ਹਨ , ਲੇਟਦੇ ਹਨ ਫਾਈਲਾਂ ਚੱਕ ਕੇ ਇਧਰ ਉਧਰ ਮਾਰਦੇ ਹਨ , ਬੱਚਿਆਂ ਵਾਂਗ ਖੁਸ਼ ਹੋ ਰਹੇ ਹਨ । ਇਹ ਇਜ਼ਹਾਰ ਉਹ ਆਪਣੇ ਕਮਰੇ ਵਿੱਚ ਇਸੇ ਤਰ੍ਹਾਂ ਕਰ ਸਕਦੇ ਸਨ ਕਰਦੇ ਹਨ ।
ਥੋੜਾ ਸਮਾਂ ਬੀਤਦਾ ਹੈ ਤਾਂ ਜਾਧਵ ਪਟੇਲ ,ਗੌਰੀ ਨੂੰ ਖਤ ਲਿਖ ਕੇ ਦੱਸਦਾ ਹੈ ਕਿ ਉਸਦੀ ਬਦਲੀ ਉੱਥੇ ਕਰ ਦਿੱਤੀ ਗਈ ਹੈ ਜਿੱਥੇ ਚਾਹ ਪਾਣੀ ਕੁਝ ਜਿਆਦਾ ਮਿਲਦਾ ਹੈ , ।
ਮੈਂ ਆਰੰਭ ਵਿੱਚ ਲਿਖਿਆ ਸੀ ਕਿ ਮੇਰਾ ਇਰਾਦਾ ਸੀ ਫਿਲਮ ਜੇਕਰ ਬੋਝਲ ਹੋਈ ਤਾਂ ਅੱਧ ਵਿੱਚ ਛੱਡ ਦੇਵਾਂਗਾ ਜਾਂ ਫਿਰ ਇਸ ਤੋਂ ਵੀ ਪਹਿਲਾਂ ਪਰ ਫਿਲਮ ਦੀ ਕਹਾਣੀ ਵਿੱਚ ਗਤੀ ਹੈ , ਦਿਲਚਸਪ ਕਥਾ ਦੀ ਵੀ ਜੁਗਤ ਹੈ , ਮੈਂ ਫਿਲਮ ਖਤਮ ਹੋਣ ਤੋਂ ਪਹਿਲਾਂ ਨਹੀਂ ਛੱਡ ਸਕਿਆ ਸੀ ।
ਇਹ ਬੋਝਲ ਤਾਂ ਕਤਈ ਵੀ ਨਹੀਂ ਸੀ ।
ਫਿਲਮ ਵਿੱਚ ਜਿੱਥੇ ਗੁਜਰਾਤ ਦੇ ਰੇਤਲੇ ਇਲਾਕਿਆਂ ਨੂੰ ਦੇਖਣ ਦਾ ਮੌਕਾ ਮਿਲਦਾ ਹੈ , ਉਥੋਂ ਦੇ ਪੁਰਾਤਨ ਸੱਭਿਆਚਾਰ ਰਸਮੋ ਰਿਵਾਜ਼ ਨੂੰ ਤੱਕਣ ਦਾ ਮੌਕਾ ਮਿਲਦਾ ਹੈ ਉਥੋਂ ਦੀ ਭਾਸ਼ਾ ਸੁਣਾਈ ਦਿੰਦੀ ਹੈ ,ਵੇਸ਼ ਭੂਸ਼ਾ ਵੀ ਆਕਰਸ਼ਿਤ ਕਰਦੀ ਹੈ ਉੱਥੇ ਹੀ ਕਈ ਥਾਵਾਂ ਤੇ ਉਥੋਂ ਦਾ ਲੋਕ ਸੰਗੀਤ ਸੁਣਨ ਨੂੰ ਵੀ ਮਿਲਦਾ ਹੈ , ਚੰਗਾ ਲੱਗਦਾ ਹੈ ।
ਮਿਰਨਾਲ ਸੇਂਨ ਦੀ ਇਹ ਮਹਾਨ ਕਿਰਤ ਦੇਖੀ ਜਾਣ ਵਾਲੀ ਫਿਲਮ ਹੈ , ਜਿਸ ਤੋਂ ਮਗਰੋਂ ਤੁਸੀਂ ਉਹਨਾਂ ਛੋਟੀਆਂ ਛੋਟੀਆਂ ਖੁਸ਼ੀਆਂ ਦਾ ਧਿਆਨ ਰੱਖ ਲੱਗਣ ਲੱਗ ਪਾਓਗੇ ਜੋ ਤੁਹਾਡੀ ਰੋਜ਼ਮਰਾ ਦੀ ਤੇਜੀ ਕਾਰਨ ਦਮ ਤੋੜ ਰਹੀਆਂ ਹਨ , ਕੰਮ ਕਾਜੀ ਫਾਈਲਾਂ ਅਤੇ ਦਫਤਰੀ ਰੁਤਬੇ ਦੇ ਰੋਅਬ ਕਾਰਨ ਦਮ ਤੋੜ ਰਹੀਆਂ ਹਨ ।
ਭੁਵਨ ਸ਼ੋਮ ਨੂੰ ਤਿੰਨ ਖੇਤਰਾਂ ਚ ਨੈਸ਼ਨਲ ਫਿਲਮ ਐਵਾਰਡ ਵੀ ਪ੍ਰਾਪਤ ਹੋਏ । ਸਰਵਸ਼੍ਰੇਸ਼ਠ ਫਿਲਮ , ਮਿਰਨਾਲ ਸੇਨ ਨੂੰ ਨਿਰਦੇਸ਼ਕ ਵਾਸਤੇ ਅਤੇ ਉਤਪਲ ਦੱਤ ਨੂੰ ਸਰਵ ਸ਼੍ਰੇਸ਼ਠ ਅਭਿਨੇਤਾ ਲਈ ।
ਇਹ ਫਿਲਮ ਇਸ ਲਈ ਵੀ ਯਾਦ ਕੀਤੀ ਜਾਂਦੀ ਹੈ ਕਿ ਇਸ ਫਿਲਮ ਰਾਹੀਂ ਹੀ ਅਮਿਤਾਭ ਬਚਨ ਨੇ ਹਿੰਦੀ ਫ਼ਿਲਮ ਸੰਸਾਰ ਚ ਪਹਿਲੀ ਵਾਰ ਕਦਮ ਰੱਖਿਆ ਸੀ । ਉਹ ਪਰਦੇ ਤੇ ਨਜਰ ਨਹੀਂ ਆਏ ਸਨ , ਪਰ ਫਿਲਮ ਨੂੰ ਅੱਗੇ ਤੋਰਨ ਚ ਉਹ ਕਹਾਣੀ ਅਤੇ ਪਾਤਰਾਂ ਦੇ ਅੰਦਰ ਦੀ ਹਲਚਲ ਬੋਲ ਕੇ ਦਸਦੇ ਹਨ ।
ਫਿਲਮ ਚ ਸੰਗੀਤ ਵਿਜੈ ਰਾਘਵ ਰਾਓ ਹੁਰਾਂ ਦਾ ਹੈ ।
ਇਹ ਆਵਾਜ਼ ਅਮਿਤਾਭ ਬਚਨ ਦੀ ਸੀ ।
ਸਮਾਪਤ ।
-
ਤਰਸੇਮ ਬਸ਼ਰ , writer
bashartarsem@gmail.com
98141 63071
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.