ਪੰਜ ਆਬਾਂ ਦੀ ਧਰਤੀ ਪੰਜਾਬ, “ਪਹਿਲਾ ਪਾਣੀ ਜੀਉ ਹੈ ਫਿਰ ਜਿਤੁ ਹਰਿਆ ਸਭ ਕੋਇ ।।”
ਪਾਣੀ ਕੁਦਰਤ ਦਾ ਅਨਮੋਲ ਤੋਹਫ਼ਾ ਹੈ ਜਲ ਹੀ ਜੀਵਨ ਹੈ ਇਸ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਬਣਾਇਆ ਜਾ ਸਕਦਾ ਹੈ ਇਸ ਨੂੰ ਸੰਭਾਲਿਆ ਜਾ ਸਕਦਾ ਹੈ ਤੇ ਸੰਜਮ ਨਾਲ ਵਰਤਿਆ ਜਾ ਸਕਦਾ ਹੈ ।ਲੋਕ ਸ਼ਾਇਦ ਸੋਚਦੇ ਹੀ ਨਹੀਂ ਕਿ ਪਾਣੀ ਵੀ ਕੀਮਤੀ ਹੁੰਦਾ ਹੈ ਜੇਕਰ ਪੜੇ ਲਿਖੇ, ਵਿਗਿਆਨੀ ਜਾਂ ਬੁੱਧੀਜੀਵੀਆਂ ਦੀ ਗੱਲ ਨਹੀਂ ਪੱਲੇ ਪੈਂਦੀ ਤਾਂ ਘੱਟੋ-ਘੱਟ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਤਾਂ ਕਰੋ ।ਮੋਇਆਂ ਜਿਵਦਿਆਂ ਤਾਂ ਗਤ ਹੋਵੇ ਜੇ ਸਿਰ ਪਾਈਏ ਪਾਣੀ। ਗੁਰੂ ਸਾਹਿਬ ਨੇ ਫ਼ਰਮਾਇਆ ਹੈ “ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ।।“ ਮਾਤਾ ਪਿਤਾ ਦੀ ਅੱਜ ਦੀ ਹਾਲਤ ਕੀ ਹੈ ਚੰਗੇ ਪੁੱਤਰਾਂ ਨੂੰ ਇਸ ਦੀ ਸਾਰ ਲੈਣੀ ਚਾਹੀਦੀ ਸੀ ।
ਦੁਨੀਆਂ ਲਗਾਤਾਰ ਵਿਕਾਸ ਕਰ ਰਹੀ ਹੈ ਅਸੀਂ ਵਿਕਾਸ ਕਰ ਰਹੇ ਹਾਂ ਦੇਸ਼ ਵਿਕਾਸ ਕਰ ਰਿਹਾ ਹੈ ।ਪਰ ਆਪਣੇ ਵਿਕਾਸ ਦੇ ਚੱਕਰ ਵਿਚ ਜੀਵਨ ਨੂੰ ਜਿੰਦਾਂ ਰੱਖਣ ਵਾਲੇ ਜਰੂਰੀ ਸੋਮੇ ਪਾਣੀ ,ਹਵਾ ਨਾਲ ਖਿਲਵਾੜ ਕਰ ਨਜ਼ਰ-ਅੰਦਾਜ਼ ਕਰਦੇ ਜਾ ਰਹੇ ਹਾਂ। ਕੁਦਰਤ ਦੀ ਖੇਡ ਬਹੁਤ ਕਲਾਤਮਕ ਅਤੇ ਵਚਿੱਤਰ ਹੈ ਜਿਵੇਂ ਜਿਵੇਂ ਇਨਸਾਨ ਇਸ ਦਾ ਅੰਤ ਲੱਭਣ ਤੇ ਜ਼ੋਰ ਦੇ ਰਿਹਾ ਹੈ ਤਿਵੇਂ ਤਿਵੇਂ ਹੀ ਉਸ ਨੂੰ ਆਪਣਾ ਆਪ ਕੁਦਰਤ ਅੱਗੇ ਹੋਰ ਛੋਟਾ ਜਾਪਣ ਲੱਗ ਪਿਆ ਹੈ 100 ਸਾਲ ਪਹਿਲਾਂ ਇਹ ਲੱਗਣ ਲੱਗ ਪਿਆ ਸੀ ਕੀ ਇਨਸਾਨ ਨੇ ਕੁਦਰਤ ਦਾ ਭੇਦ ਹੀ ਨਹੀਂ ਪਾ ਲੈਣਾ ਬਲਕਿ ਕੁਦਰਤ ਨੂੰ ਆਪਣੇ ਵੱਸ ਹੀ ਕਰ ਲੈਣਾ ਹੈ ।
ਪਰ ਹੁਣ ਉਸ ਵੱਸ ਕਰਨ ਲਈ ਵਰਤੇ ਸਾਰੇ ਹੀਲੇ-ਵਸੀਲਿਆਂ ਦੇ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ ।ਕੁਦਰਤ ਬੜੀ ਬੇਅੰਤ ਹੈ ਜਿਸ ਨੇ ਕੁਦਰਤ ਨਾਲ ਧੱਕਾ ਕੀਤਾ ਤਾਂ ਕੁਦਰਤ ਵੀ ਇਨਸਾਫ ਬਰਾਬਰ ਕਰਦੀ ਹੈ 100 ਸਾਲਾ ਵਿੱਚ ਮਨੁੱਖ ਨੇ ਪਾਣੀ ਤੇ ਕੁਦਰਤੀ ਸੋਮਿਆਂ ਨਾਲ ਤਿੰਨ ਵੱਡੇ ਧੱਕੇ ਕੀਤੇ ਪਹਿਲਾ ਇਹ ਕਿ ਦਰਿਆਵਾਂ ਨੂੰ ਬੰਨ੍ਹ ਮਾਰ ਲਿਆ ਤੇ ਫਿਰ ਆਪਣੀ ਮਰਜ਼ੀ ਨਾਲ ਵਹਾਅ ਉਲਟ ਪਾਸੇ ਮੋੜੇ , ਡੈਮ ਬਣਾ ਬਿਜਲੀ ਪੈਦਾ ਕਰਦੇ ਹੋਏ ਜੰਗਲਾਂ ਦੇ ਰਕਬੇ ਖਤਮ ਕਰ ਜੰਗਲਾਂ ਵਿੱਚ ਮੰਗਲ ਲਾ ਦਿੱਤੇ ਲੱਖਾਂ ਏਕੜ ਰਕਬਾ ਜੰਗਲ਼ ਹੇਠਾ ਸੀ ।ਜੰਗਲ਼ ਪੁੱਟ ਖੇਤ ਬਣਾ ਜੰਗਲ਼ ਖਤਮ ਕਰ ਦਿੱਤੇ ।
“ਧਰਤੀ ਰੁੱਖਾਂ ਬਿਨਾਂ ਰੰਡੀ ਹੋ ਕੇ ਵੱਧ ਤਪਣ ਲੱਗ ਪਈ ,ਤੇ ਜੰਗਲ ਦੀ ਹਰਿਆਲੀ ਬਿਨਾ ਮੀਂਹ ਵੀ ਨਹੀਂ ਪੈ ਰਹੇ ।ਤੇ ਅੱਜ ਮਨੁੱਖ ਪਰਦੂਸ਼ਿਤ ਹਵਾਂ ਕਾਰਨ ਸਾਫ਼ ਸਾਹ ਲੈਣ ਨੂੰ ਵੀ ਤਰਸ ਰਿਹਾ ਹੈ ।
ਧਰਤੀ ਨਾਲ ਦੂਜਾ ਵੱਡਾ ਧੱਕਾ ਬੰਦੇ ਨੇ ਜੋ ਕੀਤਾ ਜਿਸ ਵਿੱਚ ਸਾਡੇ ਹਾਕਮਾਂ ਦਾ ਵੱਡਾ ਹੱਥ ਰਿਹਾ ।ਜਿਨ੍ਹਾਂ ਨੇ ਵੱਖ-ਵੱਖ ਸਮੇਂ ਰਾਜਨੀਤੀ ਲਈ ਸਾਡੀ ਹੋਂਦ ਨੂੰ ਖਤਮ ਕਰਨ ਲਈ ਬੇਅਕਲੀ ਦਿਖਾਈ ।ਹਰੀ ਕ੍ਰਾਂਤੀ ਵੇਲੇ ਕੁਦਰਤੀ ਸੋਮੇ ਹੋਣ ਦੇ ਬਾਵਜੂਦ ਅਸੀਂ ਧਰਤੀ ਦੀ ਹਿੱਕ ਪਾੜ ਕੇ ਧਰਤੀ ਵਿਚੋਂ ਤੇਜੀ ਨਾਲ ਪਾਣੀ ਕੱਢਣ ਲੱਗ ਪਏ ,ਖੇਤੀ ਪ੍ਰਧਾਨ ਸੂਬਾ ਅਤੇ ਭਾਰਤ ਦਾ ਅਨਾਜ ਕਟੋਰਾ ਹੋਣ ਕਾਰਨ ਇਸ ਵਿੱਚ ਪੰਜਾਬ ਸੂਬਾ ਸਭ ਤੋਂ ਮੋਹਰੀ ਰਿਹਾ ।
ਲੀਡਰਾਂ ਦੀ ਸਿਆਣਪ ਸਿੰਚਾਈ ਲਈ ਨਹਿਰੀ ਪਾਣੀ ਦੂਜੇ ਸੂਬਿਆਂ ਨੂੰ ਦੇ ਕੇ ਆਪ ਲੱਖਾਂ ਟਿਊਬਵੈਲ ਬਿਜਲੀ ਕੁਨੈਕਸ਼ਨ ਧਰਤੀ ਦੀ ਹਿੱਕ ਪਾੜ ਪਾਣੀ ਕੱਢਣ ਲਈ ਦੇ ਦਿੱਤੇ । ਅੱਜ 15 ਲੱਖ ਮੋਟਰਾਂ ਪੰਜਾਬ ਵਿੱਚ ਲੱਗੀਆਂ ਹੋਈਆਂ ਹਨ ।ਲੱਖਾਂ ਰੁਪਏ ਬੋਰਾਂ ਤੇ ਖਰਚ ਕਰਨੇ ਪਏ ਬਿਜਲੀ ,ਡੀਜ਼ਲ ਫੁਕਣੇ ਪਏ ਜਿਸ ਕਿਸੇ ਨੂੰ ਨਹਿਰੀ ਪਾਣੀ ਲਗਦਾ ਵੀ ਉਸ ਨੂੰ ਪਾਣੀ ਦਾ ਮਾਲਿਆ ਉਤਾਰਨਾ ਪੈਂਦਾਂ ਤੇ ਖ਼ੁਦ ਆਪਣੇ ਪਾਣੀ ਦੂਜਿਆਂ ਸੂਬਿਆਂ ਨੂੰ ਮੁਫ਼ਤ ਜਾ ਰਹੇ ਨੇ । ਦਰਿਆਵਾਂ ਦਾ ਪਾਣੀ ਸਾਨੂੰ ਨਾ ਮਿਲਣ ਦਾ ਵੱਡਾ ਨੁਕਸਾਨ ਹੋਇਆ ਧਰਤੀ ਹੇਠਲਾ ਪਾਣੀ ਦਰਿਆਵਾਂ ਮੁਕਾਬਲੇ ਖੇਤੀ ਯੋਗ ਨਹੀਂ ।
ਫਲਸਰੂਪ ਅਸੀਂ ਧਰਤੀ ਹੇਠਲੇ ਪਾਣੀ ਨਾਲ ਸਿਚਾਈ ਕਰਨ ਲੱਗ ਪਏ ਤੇ ਸੁਭਾਵਿਕ ਹੀ ਸੀ ਕਿ ਪਾਣੀ ਦੀ ਗੁਣਵੱਣਤਾ ਵਧਾਉਣ ਲਈ ਰੈਹਾਂ , ਸਪਰੈਹਾਂ ,ਯੂਰੀਆ ਅਤੇ ਕੈਮੀਕਲ ਪਾਉਣ ਲੱਗ ਪਏ ਅਤੇ ਆਪ ਹੀ ਕੈਂਸਰ , ਕਾਲਾ ਪੀਲੀਆ ਤੇ ਗਠੀਆਂ ਵਰਗੀਆ ਭਿਆਨਕ ਬਿਮਾਰੀਆ ਖੱਟ ਲਈਆਂ । ਪੀਣ ਲਈ ਵੀ ਤਾਜਾ ਪਾਣੀ ਕੱਡਣ ਲੱਗ ਪਏ ਪਹਿਲਾ ਲੋਕ ਛੱਪੜਾਂ ,ਖੂਹਾਂ ,ਤੇ ਡਿਗੀਆਂ ਦਾ ਪਾਣੀ ਪੀਂਦੇ ਤੇ ਤੰਦਰੁਸਤ ਰਹਿੰਦੇ ਸਨ । ਕਹਿੰਦੇ ਹਨ ਕਿ ਜਿਸ ਪਾਣੀ ਨੂੰ ਹਵਾ,ਧੁੱਪ ਲਗਦੀ ਹੋਵੇ ਉਹ ਤਾਜ਼ੇ ਪਾਣੀ ਨਾਲ਼ੋਂ ਕੀਤੇ ਵੱਧ ਸਿਹਤਮੰਦ ਹੁੰਦਾ ਹੈ ।
ਤੀਜਾ ਧੱਕਾ ਵੱਧ ਸ਼ੋਹਰਤ ਦੋਲਤ ਤਰੱਕੀ ਲਈ ਫ਼ੈਕਟਰੀਆਂ , ਉਦਯੋਗਾਂ ਵਿੱਚੋਂ ਲਾਪਰਵਾਹੀ ਨਾਲ ਦੂਸ਼ਿਤ ਪਾਣੀ ਤੇ ਖ਼ਤਰਨਾਕ ਕੈਮੀਕਲ ਧਰਤੀ ਵਿੱਚ ਪਾ ਨਾਲਿਆਂ ਰਾਹੀਂ ਨਹਿਰਾਂ ,ਨਦੀਆਂ ਤੇ ਦਰਿਆਵਾਂ ਨੂੰ ਵੀ ਬਿਮਾਰ ਕਰ ਦਿੱਤਾ ।ਫਲਸਰੂਪ ਹੁਣ ਪਾਣੀ ਨਾ ਪੀਣ ਯੋਗ ਨਾ ਸਿੰਚਾਈ ਯੋਗ ਰਿਹਾ । ਅਸੀਂ ਗਲਤੀ ਦਰ ਗਲਤੀ ਕਰਦੇ ਹੋਏ ਬੰਦਿਆਂ , ਪਸ਼ੂਆਂ ਨੂੰ ਹੀ ਨਹੀਂ ਸਗੋਂ ਧਰਤੀ ਨੂੰ ਵੀ ਕੈਂਸਰ ਕਰ ਲਿਆ ।ਦੇਖਦੇ ਹੀ ਦੇਖਦੇ ਪੰਜ ਆਬਾਂ ਦੀ ਧਰਤੀ ਰੇਗਿਸਤਾਨ ਬਣਨ ਦੇ ਰਾਹ ਤੁਰ ਪਈ। NGT (ਨੈਸ਼ਨਲ ਗਰੀਨ ਟਰਿਬਿਊਨਲ ਅਤੇ (CGW)ਕੇਂਦਰੀ ਭੂਜਲ ਬੋਰਡ ਦੀਆਂ ਸਮੀਖਿਆਵਾਂ ਤੇ ਆਕੜੇ ਦੱਸਦੇ ਹਨ ਕਿ ਪੰਜਾਬ ਰੇਗਿਸਤਾਨ ਬਣਨ ਦੀ ਕਗਾਰ ਤੇ ਖੜਾ ਹੈ ।ਅਜੇ ਵੀ ਨਾ ਲੋਕ ਨਾ ਸਰਕਾਰਾਂ ਸਮਝ ਰਹੀਆਂ ਨੇ ਪਤਾ ਨਹੀਂ ਕਿਹੜੀ ਅਣਹੋਣੀ ਦੀ ਉਡੀਕ ਵਿੱਚ ਨੇ ।
-
ਪ੍ਰਭਜੀਤ ਪਾਲ ਸਿੰਘ, ਸੀਨੀਅਰ ਵਕੀਲ ਪਟਿਆਲਾ
*********
9888491406
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.