ਖ਼ਬਰ ਹੈ ਕਿ ਮੋਦੀ ਦੀ ਸਰਕਾਰ ਨੇ ਵਿਦੇਸ਼ੀ ਕੰਪਨੀਆਂ ਲਈ ਭਾਰਤ ਵਿਚ ਨਿਵੇਸ਼ ਦਾ ਰਾਹ ਖੋਹਲ ਦਿਤਾ ਹੈ। ਰੱਖਿਆ ਸਮੇਤ ਬਹੁਤ ਸਾਰੇ ਮੰਤਰਾਲਿਆਂ ਦੇ ਪ੍ਰਾਜੈਕਟਾਂ ਵਿਚ ਵਿਦੇਸ਼ੀ ਕੰਪਨੀਆਂ ਹੁਣ ਸਿੱਧਾ ਨਿਵੇਸ਼ ਕਰ ਸਕਣਗੀਆਂ। ਇਹ ਵੀ ਚਰਚਾ ਹੈ ਕਿ ਜਿਸ ਕੰਮ ਦੀ ਸ਼ੁਰੂਆਤ ਇੰਦਰਾ ਗਾਧੀ ਨੇ ਕੀਤੀ ਸੀ , ਉਸੇ ਵਿਦੇਸ਼ੀ ਚੱਕਰ ਵਿਚ ਮੋਦੀ ਜੀ ਦੇਸ਼ ਨੂੰ ਫਸਾ ਰਹੇ ਹਨ। ਇਹ ਵੀ ਚਰਚਾ ਹੈ ਕਿ ਅੱਜ ਦੇਸ਼ 'ਚ ਭਾਜਪਾ ਦਾ ਨਹੀਂ , ਮੋਦੀ ਜੀ ਦਾ ਰਾਜ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੋਦੀ ਜੀ ਤਾਨਾਸ਼ਾਹ ਬਣ ਗਏ ਹਨ।
ਵੇਖੋ ਜੀ , ਮੋਦੀ ਜੀ , ਕਿਹੜਾ ਇੰਦਰਾ ਜੀ ਤੋਂ ਘੱਟ ਨੇ ? ਜਿਸ -ਜਿਸ ਵੀ ਬੰਦੇ ਨੂੰ ਦੇਸ਼ ਦੀ ਜਨਤਾ ਜਨਾਰਧਨ ਨੇ ਮੋਢਿਆਂ ਉਤੇ ਚੁੱਕਿਆ , ਉਸੇ-ਉਸੇ ਬੰਦੇ ਨੇ ਜਨਤਾ ਦਾ ਢੁੰਡਰ ਭੰਨਿਆ। ਜਿਸ-ਜਿਸ ਬੰਦੇ ਦੀ ਦੇਸ਼ ਦੇ ਲੋਕਾਂ ਨੇ ਜੈ-ਜੈ ਕਾਰ ਕੀਤੀ , ਉਸੇ ਬੰਦੇ ਨੇ ਦੇਸ਼ ਦੀ ਜਨਤਾ ਨੂੰ ਢਾਅ ਢਾਅ ਮਾਰਿਆ । ਜੇ ਇੰਦਰਾ ਨੂੰ ਲੋਕਾਂ ਨੇ ਉਤੇ ਚੁੱਕਿਆ ਤਾਂ ਉਹਨੇ ਸਦਾ ਹੀ ਭਾਰਤੀਆਂ ਤੇ ਰਾਜ ਕਰਨਾ ਆਪਣਾ ਹੱਕ ਸਮਝਿਆ ਤੇ ਬਹੁਤਾ ਵਿਰੋਧ ਹੋਣ ' ਤੇ ਲੋਕਾਂ ਦਾ ਨੱਕ 'ਚ ਦਮ ਕਰਦਿਆ ਐਮਰਜੰਸੀ ਲਾ ਕੇ ਵਿਰੋਧੀ ਨੇਤਾ ਜੇਲ 'ਚ ਲਿਆ ਸੁਟੇ ਤੇ ਆਪ ਤਾਨਾਸ਼ਾਹ ਬਣ ਬੈਠੀ। ਹੁਣ ਆਪਣੇ ਮੋਦੀ ਜੀ ਚੀਨ , ਜਪਾਨ , ਜਰਮਨ , ਇੰਗਲਿਸਤਾਨ , ਅਫਗਾਨਿਸਤਾਨ , ਅਮਰੀਕਾ ਦੀ ਯਾਤਰਾ ਕਰਕੇ ਤਾਨਾਸ਼ਾਹ ਬਨਣ ਵਾਲੇ ਗੁਣ ਗ੍ਰਹਿਣ ਕਰ ਰਹੇ ਆ , ਤਾਂ ਕਿ ਇਹ ਯੋਗਤਾ ਲੋੜ ਵੇਲੇ ਕੰਮ ਆਵੇ।
ਮੋਦੀ ਜਾਵੇ 'ਮਰੀਕਾ , ਮੋਦੀ ਜਾਵੇ ਵਲੈਤ। ਮੋਦੀ ਖਾਵੇ ਦਲੀਆ, ਮੋਦੀ ਪੀਵੇ ਸੁਕੈਸ਼। ਮੋਦੀ ਲਾਵੇ ਲਾਰੇ ਜਾਂ ਮੋਦੀ ਕਰੇ ਯੋਗ ! ਪਰ ਭਾਈ ਆਖਰ ਲੋਕਾਂ ਦੀ ਕਚਿਹਰੀ 'ਚ “ਰਾਜਿਆ ਰਾਜ ਕਰੇਂਦਿਆ , ਤਾਰੀਖ ਤਾਂ ਭੁਗਤਣੀ ਹੀ ਪਊ। ਹਿਸਾਬ ਤਾਂ ਦੇਣਾ ਹੀ ਪਊ। ਲਿਖਿਆ ਵਹੀ ਖਾਤਾ ਤਾਂ ਸਾਫ ਕਰਨਾ ਹੀ ਪਊ ! ਕਿਥੋਂ ਲੱਭੂ ਫਿਰ ਗੰਗਾ ਸਾਫ ? ਕਿਥੋਂ ਲੱਭੂਗੇ ਫਿਰ ਅੱਛੇ ਦਿਨ ? ਕਿਥੋਂ ਲੱਭੂ ਫਿਰ ਸਟਾਰਟ ਅਪ ? ਕਿਥੋਂ ਲੱਭੂ ਫਿਰ ਮੇਕ ਇਨ ਇੰਡੀਆ ? ਜਦ ਭਈ ਸਦਾ ਸ਼ੁਰਲੀਆ ਛੱਡਕੇ ਦਿਨ ਟਪਾਇਆ ਹੋਊ ਤਾਂ ਗਰੀਬ ਦਾ ਢਿੱਡ ਤਾਂ ਨੰਗਾ ਹੀ ਦਿਸੂ ! ਜਦ ਤਾਨਾਸ਼ਾਹ ਬਣਕੇ ਲੋਕਾਂ ਦੀ ਅਵਾਜ਼ ਨਾ ਸੁਣੀ ਹੋਊ , ਤਾਂ ਸਾਹਮਣੇ ਲਲਕਾਰੇ ਹੀ ਵੱਜਣਗੇ। ਜਦ ਆਪਣੇ ਬਾਪੂ ਵਰਗਿਆਂ ਅਡਵਾਨੀਆਂ ਮੁਰਲੀ ਮਨੋਹਰਾਂ ਦੀ ਅਡਾਨੀਆਂ , ਅੰਬਾਨੀਆਂ ਕਰਕੇ , ਪੱਗ ਰੋਲੀ ਹੋਊ ਤਾਂ ਸਾਹਮਣੇ ਤਾਂ ਭਾਈ ਹੱਥ ਕੜੀਆਂ ਹੀ ਦਿਸਣਗੀਆ ! ਤਦੇ ਭਾਈ ਰਾਜਿਆ ਰਾਜ ਕਰੇਂਦਿਆ , ਹਾਲੇ ਵੀ ਸੁਣ ਲੈ ਮੇਰੀ ਗੱਲ , ਦੇਸੀ ਲੋਕ ਬੜੇ ਅਵੈੜੇ ਆ , ਹਰ ਆਈ ਮੁਸੀਬਤ ਲੈਂਦੇ ਆ ਆਪੇ ਠੱਲ। ਤਦੇ ਮੈਂ ਆਹਨਾ ਭਾਈ ਸੁਣ ਲੈ ਲੋਕਾਂ ਦੀ ਗੱਲ ਅਤੇ ਕਰਦੇ ਉਨਾਂ ਦੇ ਮਸਲੇ ਹੱਲ। ਹੈ ਕਿ ਨਹੀਂ ਠੀਕ ਰਾਜਿਆ ਰਾਜ ਕਰੇਂਦਿਆ।
ਲੈ ਅਸੀਂ ਕਿਤੇ, ਕਿਸੇ ਨਾਲੋਂ ਘੱਟ ਆਂ
ਖਬਰ ਹੈ ਕਿ ਦੇਸ਼ ਦੇ ਬਾਰਾਂ ਰਾਜ ਸੋਕੇ ਨਾਲ ਜੂਝ ਰਹੇ ਹਨ। ਬਰਸਾਤੀ ਪਾਣੀ ਨੂੰ ਸੰਭਾਲਣ ਲਈ ਤਲਾਬ, ਬੰਨ, ਝੀਲਾਂ, ਛੱਪੜ ਭਰਨ ਦੀ ਯੋਜਨਾ ਸਬੰਧੀ ਦੇਸ਼ ਨੂੰ ਕੋਈ ਫਿਕਰ ਨਹੀਂ ਜਦ ਕਿ ਇਹ ਗੱਲ ਪਰਚਾਰੀ ਜਾ ਰਹੀ ਹੈ ਕਿ ਇਸ ਵੇਰ ਵਧੀਆ ਬਰਸਾਤਾਂ ਹੋਣਗੀਆਂ। ਇਹ ਵੀ ਖਬਰ ਹੈ ਕਿ ' ਪਾਣੀ ਦੇ ਕੁ-ਪ੍ਰਬੰਧ ਕਾਰਨ ਧਰਤੀ ਹੇਠਲਾ ਪਾਣੀ ਦਿਨੋਂ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ ਅਤੇ ਧਰਤੀ ਤੋਂ ਪੀਣ ਵਾਲਾ ਪਾਣੀ ਖਤਮ ਹੋ ਰਿਹਾ ਹੈ । ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ 2050 ਤੱਕ ਚਾਰ ਅਰਬ ਲੋਕ ਪੀਣ ਵਾਲੇ ਪਾਣੀ ਦੀ ਕਮੀ ਨਾਲ ਪ੍ਰਭਾਵਤ ਹੋਣਗੇ। ਅੱਜ ਵੀ ਇੱਕ ਅਰਬ ਲੋਕਾਂ ਨੂੰ ਸ਼ੁੱਧ ਪਾਣੀ ਨਸੀਬ ਨਹੀਂ ਹੋ ਰਿਹਾ।
ਬਾਕੀ ਸੂਬਿਆਂ ਦਾ ਤਾਂ ਸਾਨੂੰ ਭਾਈ ਗਿਆਨ ਨਹੀ, ਪਰ ਇਹ ਜਿਹੜਾ ਆਪਣਾ ਪੰਜਾਬ ਆ, ਇਥੇ ਜੇਕਰ ਆਪਣੇ ਹੁਣ ਵਾਲੇ ਹਾਕਮਾਂ ਦਾ ਰਾਜ ਅਗਲੇ ਹੋਰ 15 ਸਾਲ ਰਹਿ ਗਿਆ ਤਾਂ ਜੇਕਰ ਇੱਕ ਵੀ ਬੂੰਦ ਖੇਤਾਂ, ਬੰਨਿਆਂ, ਛੱਪੜਾਂ, ਤਲਾਬਾਂ ਅਤੇ ਧੁਰ-ਧਰਤੀ ਥੱਲੇ ਰਹਿ ਗਈ ਤਾਂ ਆਖਿਓ। ਦੇਖੋ ਨਾ ਉਪਰਲੀ ਸਰਕਾਰ ਆਂਹਦੀ ਆ, ਛੋਟੀ ਸਰਕਾਰੇ ਤੇਰੇ ਸੂਬੇ ਦੇ 135 ਬਲਾਕਾਂ ਵਿੱਚੋਂ 125 ਬਲਾਕਾਂ 'ਚ ਪਾਣੀ ਖਤਰੇ ਦੇ ਨਿਸ਼ਾਨ ਤੱਕ ਨੀਵਾਂ ਹੋ ਗਿਆ ਆ। ਹੇਠਲੀ ਸਰਕਾਰ ਹੋਰ ਵੀ ਸਰਗਰਮ ਹੋ ਗਈ, ਕਿਸਾਨਾਂ ਲਈ ਇੱਕ ਲੱਖ ਟਿਊਬਵੈਲ ਕੂਨੈਕਸ਼ਨ ਮਨਜੂਰ ਕਰ ਦਿਤਾ, ਅਖੇ ਕੱਢ ਲਉ ਸਾਰਾ ਪਾਣੀ, ਮੁਰਗੀ ਦੇ ਢਿੱਡ ਵਿੱਚੋਂ ਸਾਰੇ ਅੰਡੇ ਕੱਢਣ ਵਾਂਗਰ ਮੁਰਗੀ ਨੂੰ ਮਾਰਕੇ। ਨਾ ਰਹੂ ਪਾਣੀ, ਨਾ ਰਹੂ ਕਿਸਾਨ, ਨਾ ਰਹੂ ਕੋਈ ਰੇੜਕਾ। ਨਾ ਕੋਈ ਪਾਣੀ ਨੱਕੇ ਪਿੱਛੇ ਲੜੂ, ਨਾ ਮਰੂ! ਉਂਝ ਭਾਈ ਬਾਕੀ ਸੂਬਿਆਂ ਦੇ ਲੋਕ ਸੋਕੇ ਨਾਲ ਮਰ ਰਹੇ ਆ ਤਾਂ ਲੈ ਅਸੀਂ ਕਿਤੇ, ਕਿਸੇ ਨਾਲੋਂ ਘੱਟ ਆਂ, ਨਿਰਾ ਖੁਦਕੁਸ਼ੀਆਂ ਨਾਲ ਹੀ ਕਿਉਂ ਮਰੀਏ? ਸੋਕੇ ਨਾਲ ਮਰਾਂਗੇ।
ਮੈਂ ਨਾ ਮਾਨੂੰ
ਖਬਰ ਹੈ ਕਿ ਐਨ .ਐਸ. ਜੀ. 'ਚ ਸ਼ਾਮਲ ਹੋਣ ਦੇ ਭਾਰਤ ਦੇ ਅਣਥਕ ਯਤਨਾਂ ਲਈ ਹਾਲੇ ਸਾਹਮਣੇ ਚਣੋਤੀ ਹੀ ਦਿਸ ਰਹੀ ਹੈ। ਦੱਖਣੀ ਕੋਰੀਆ ਦੀ ਰਾਜਧਾਨੀ ਵਿੱਚ ਅੈਨ .ਐਸ.ਜੀ ਦੇਸ਼ਾਂ ਨੇ ਭਾਰਤ ਦੀ ਦਾਅਵੇਦਾਰੀ 'ਤੇ ਵਿਚਾਰ ਕਰਨ ਦਾ ਪ੍ਰਸਤਾਵ ਤਾਂ ਸਵੀਕਾਰ ਕਰ ਲਿਆ ਪ੍ਰੰਤੂ ਕਈ ਮੈਂਬਰ ਦੇਸ਼ਾਂ ਦੇ ਵਿਰੋਧ ਕਾਰਨ ਭਾਰਤ ਨੂੰ ਨਿਰਾਸ਼ਾ ਹੱਥ ਲਗਣ ਦੇ ਪੱਕੇ ਆਸਾਰ ਹਨ। ਦੇਰ ਰਾਤ ਤੱਕ ਹੋਰ ਮੁਲਕਾਂ ਤੋਂ ਇਲਾਵਾ ਚੀਨ ਨੇ ਮੌਜੂਦਾ ਨਿਯਮਾਂ ਦੇ ਆਧਾਰ ਤੇ ਭਾਰਤ ਦੇ ਦਾਖਲੇ ਦਾ ਵਿਰੋਧ ਕੀਤਾ।
ਹਿੰਦੀ-ਚੀਨੀ ਭਾਈ ਭਾਈ ਦਾ ਨਾਹਰਾ ਲਾਉਣ ਵਾਲੇ ਚੀਨ ਨੇ ਤਾਂ ਕਦੇ ਵੀ ਹਿੰਦ ਨੂੰ ਭਾਈ ਨਹੀਂ ਮੰਨਿਆ, ਸਗੋਂ ਮਤਰੇਏ ਭਰਾ ਵਾਲਾ ਸਲੂਕ ਹੀ ਕੀਤਾ ਆ। ਕਰੇ ਵੀ ਕਿਓ ਨਾ, ਆਹ ਆਪਣਾ ਕੁਖੋਂ ਨਿਕਲਿਆ, ਗੁਆਂਢੀ ਬਣਿਆ ਪਾਕਿਸਤਾਨ, ਚੀਨ ਦੇ ਕੁਛੜ ਚੜਿਆ ਹੋਇਐ, ਉਸਦੇ ਆਰ ਲਾਈ ਜਾਂਦਾ ਆ ਕਿ ਹਿੰਦ ਭਾਈ ਨਹੀਂ, ਹਿੰਦ ਕਸਾਈ ਆ। ਉਂਝ ਵੇਖੋ ਨਾ ਚੀਨ ਦੀ ਸੂਈ ਵੀ ਇੰਡੀਆ 'ਚ ਵਿਕਦੀ ਆ, ਗੰਧੂਈ ਵੀ! ਚੀਨ ਦਾ ਸੈਕਲ ਵੀ ਹਿੰਦੀ ਚਾਅ ਨਾਲ ਖਰੀਦਦੇ ਆ ਅਤੇ ਬੈਟਰੀ ਸੈਲ ਵੀ, ਭਾਵੇ ਚਲੇ ਉਹ ਦੋ ਦਿਨ! ਤੇਰੀ ਕੀਹਨੇ ਤੋੜ ਲੀ ਪਤੰਗ ਵਾਲੀ ਡੋਰ ਵੀ ਚੀਨੇ ,ਹਿੰਦੋਸਤਾਨ ਭੇਜਦੇ ਆ ਜੀਹਦੇ ਨਾਲ ਸੈਂਕੜੇ ਹਿੰਦੀ ਬੱਚੇ, ਕੋਠਿਆਂ ਤੋਂ ਡਿਗਕੇ ਮਰਦੇ ਆ । ਪਰ ਹਿੰਦ ਤਾਂ ਭਾਈ ਅੱਜ ਕੱਲ ਖੁਲੇ ਬਜਾਰ ਦਾ ਅਲੰਬਰਦਾਰ ਬਣਿਆ ਹੋਇਐ। ਆਂਹਦਾ ਆ, ਆਓ ਜਓੁ ਭਾਈ ਆ ਜਓ ਜੀਹਨੇ ਲੁੱਟਣਾ ਆ ਲੁੱਟ ਲਓ। ਪੈਸਾ ਲੁੱਟਣਾ ਆ ਪੈਸਾ ਲੁੱਟੋ। ਦੋ ਚਾਰ ਬੂਥੇ ਤੇ ਥੱਪੜ ਜੜਨੇ ਆਂ, ਉਹ ਵੀ ਜੜ ਲਓ,ਅਸੀਂ ਆ ਗਾਂਧੀ ਦੇ ਭਗਤ ਜਿਹੜਾ ਸਾਡੀ ਗੱਲ ਉਤੇ ਇੱਕ ਮਾਰੂ, ਦੂਜੀ ਵੀ ਸਾਹਮਣੇ ਕਰਾਂਗੇ। ਪਰ ਇਹ ਸਭ ਕੁਝ ਦੇ ਬਾਵਜੂਦ ਵੀ ਭਾਈ ਸ਼ਰੀਕ ਟਿਕਣ ਹੀ ਨਹੀਂ ਦਂੇਦਾ, ਆਂਹਦਾ ਨਾ ਹਿੰਦ ਨੂੰ ਯੂ.ਐਨ.ਓ. ਬੜਨ ਦਊ ਨਾ ਐਨ.ਐਸ.ਜੀ. ਦਾ ਮੈਂਬਰ ਬਨਣ ਦਉਂ, ਬਸ ਈਹਨੂੰ ਤਾਂ ਚੱਠੂ 'ਚ ਪਾ ਕੇ ਪੀਸੂੰ, ਨਿਰਾ ਮਲੈਮ!
ਊਠ ਦਾ ਬੁਲ ਕਦੋਂ ਡਿਗੂ
ਖ਼ਬਰ ਹੈ ਕਿ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਵੀਂ ਦਿੱਲੀ 'ਚ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਵੱਖ-ਵੱਖ ਮੁਲਾਕਾਤਾਂ ਕਰਕੇ ਉਨਾਂ ਕੋਲ ਕੇਂਦਰੀ ਭੰਡਾਰ ਲਈ ਖਰੀਦੇ ਜਾਂਦੇ ਅਨਾਜ ਸਬੰਧੀ ਜਾਰੀ ਹੁੰਦੀ ਕੈਸ਼ ਕਰਜ਼ਾ ਲਿਮਟ ਅਤੇ ਕੇਂਦਰ ਵਲੋਂ ਖਰੀਦ ਪ੍ਰਕੀਰਿਆ ਲਈ ਨਿਰਧਾਰਤ ਖਰਚਿਆਂ ਅਤੇ ਅਸਲ ਖਰਚਿਆਂ ਵਿਚਲੇ ਵੱਡੇ ਫਰਕ ਕਾਰਨ ਪੈਦਾ ਹੋਏ ਵਿੱਤੀ ਸੰਕਟ ਦੇ ਹੱਲ ਲਈ ਦਖ਼ਲ ਦੇਣ ਦੀ ਮੰਗ ਕੀਤੀ ਹੈ । ਕੇਂਦਰ ਨੇ ਕੈਸ਼ ਕਰਜ਼ਾ ਲਿਮਟ ਦੀ ਆਖਰੀ ਕਿਸ਼ਤ ਜ਼ਾਰੀ ਨਹੀਂ ਕੀਤੀ ਤੇ ਕੇਂਦਰ ਵਲੋਂ ਇਹ 2000 ਕਰੋੜ ਤੋਂ ਵੱਧ ਦੀ ਕਿਸ਼ਤ ਰੋਕੇ ਜਾਣ ਨਾਲ ਰਾਜ ਦਾ ਆਪਣਾ ਵਿੱਤੀ ਢਾਂਚਾ ਸੰਕਟ ਵਿੱਚ ਹੈ ।
ਭਾਈ ਛੋਟੀ ਸਰਕਾਰੇ , ਸੋਚਣ ਵਾਲੀ ਗੱਲ ਆ ਇਹ ਆਪਣੀ ਮੋਦੀ ਸਰਕਾਰ ਦਾ ਖਜ਼ਾਨੇ ਬੈਠਾ ਮੰਤਰੀ ਭਲਾ ਪੰਜਾਬੀਆਂ ਵਲੋਂ ਦਿੱਤੀ ਆਪਣੀ ਹਾਰ ਭੁੱਲਿਆ ਕਿਉਂ ਨਹੀਂ? ਤਦੇ ਜਦੋਂ ਬਾਦਲ ਜੀ ਪੰਜਾਬ ਲਈ ਕੁਝ ਮੰਗਣ ਆਪਣੇ ਲਾਮ ਲਸ਼ਕਰ ਸਮੇਤ ਜਾਂਦੇ ਆ , ਉਹ ਬੱਸ ਇਕੋ ਗੱਲ ਆਂਹਦਾ , “ਹੋ ਜਾਏਗਾ ਜੀ”। ਜਾਂ ਬੁੱਲ ਮੀਟਕੇ ਮੁਸਕਰਾਈ ਜਾਂਦਾ , ਬੱਸ ,ਮੁਸਕਰਾਈ ਜਾਂਦਾ । ਉਧਰ ਮੋਦੀ ਜੀ, ਆਖ ਦੇਂਦੇ ਆ , “ਬਾਦਲ ਜੀ , ਪੰਜਾਬ ਤੋਂ ਹਮਾਰਾ ਹੈ ਇਸਕੇ ਲੀਏ ਹਮ ਕੁਛ ਵੀ ਕਰੇਂਗੇ”। ਪਰ ਝੋਲੀ ਨਾ ਪੈਸਾ ਪਾਉਂਦੇ ਆ ਨਾ ਧੈਲਾ , ਬਸ ਲਾਰਿਆਂ ਦੀਆਂ ਪੰਡਾਂ ਸਿਰਾਂ 'ਤੇ ਛੋਟੀ ਸਰਕਾਰ ਨੂੰ ਚੁਕਾਕੇ ਖਚਰਾ ਜਿਹਾ ਮੁਸਕਰਾਕੇ ਤੋਰ ਦਿੰਦੇ ਆ। ਜੇਕਰ ਛੋਟੀ ਸਰਕਾਰ ਬਹੁਤਾ ਜਿੱਦ ਕਰੇ ਤਾਂ ਆਹ ਬਾਦਲ ਵਾਲਾ ਫਾਰਮੂਲਾ “ਕਮੇਟੀ ਬਣਾ ਦੀ ਹੈ , ਜਬ ਰਿਪੋਰਟ ਦੇਗੀ ਕਾਮ ਹੋ ਜਾਏਗਾ” ਇਨਾਂ ਪੱਲੇ ਪਾ ਦਿੰਦੇ ਆ। ਕੋਈ ਨਾ ਭਾਈ ,ਕੋਈ ਨਾ ਸੰਕਟ ਆਉਂਦੇ ਹੀ ਰਹਿੰਦੇ ਆ, ਸੰਕਟ ਜਾਂਦੇ ਹੀ ਰਹਿੰਦੇ ਆ, ਦੇਰ ਨਹੀਂ ਤਾਂ ਸਵੇਰ , ਊਠ ਦਾ ਬੁਲ ਡਿਗ ਹੀ ਪਊ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਸਰਕਾਰੀ ਅੰਕੜਿਆ ਅਨੁਸਾਰ ਦੇਸ਼ ਵਿਚ ਔਸਤਨ ਇਕ ਸਾਲ ਵਿੱਚ 2000 ਤੋਂ 2500 ਮੋਤਾਂ ਅਸਮਾਨੀ ਬਿਜਲੀ ਕਾਰਨ ਹੁੰਦੀਆਂ ਹਨ।.
ਦੇਸ਼ ਦੇ 63% ਪੇਂਡੂ ਲੋਕਾਂ ਕੋਲ ਘਰਾਂ ਵਿਚ ਪੀਣ ਵਾਲੇ ਪਾਣੀ ਦੀ ਸੁਵਿਧਾ ਨਹੀਂ ਹੈ , ਉਨਾਂ ਨੂੰ ਪੀਣ ਵਾਲਾ ਪਾਣੀ ਲੈਣ ਲਈ ਔਸਤਨ ਘਰੋਂ ਅੱਧਾ ਕਿਲੋਮੀਟਰ ਦੂਰ ਜਾਣਾ ਪੈਦਾ ਹੈ। ਚਾਰ ਵਿਚੋਂ ਤਿੰਨ ਪੇਂਡੂ ਪਰਿਵਾਰਾਂ ਨੂੰ ਅੱਧੇ ਘੰਟੇ ਤੋਂ ਜਿਆਦਾ ਸਮਾਂ ਪੀਣ ਵਾਲਾ ਪਾਣੀ ਲਿਆਉਣ ਉਤੇ ਖਰਚ ਕਰਨਾ ਪੈਂਦਾ ਹੈ।.
ਇੱਕ ਵਿਚਾਰ
ਹੈਨਰੀ ਬੀ ਆਏਰਿੰਗ. . . ਅਸੀਂ ਇੱਕ ਇਹੋ ਜਿਹੀ ਦੁਨੀਆਂ ਵਿਚ ਰਹਿੰਦੇ ਹਾਂ , ਜਿਥੇ ਦੂਸਰਿਆਂ ਦੀਆਂ ਗਲਤੀਆਂ ਕੱਢਣਾ ਪਿਆਰੀ ਖੇਡ ਜਿਹਾ ਲੱਗਦਾ ਹੈ .
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.