13 ਨਵੰਬਰ ਨੂੰ ਭੋਗ ‘ਤੇ ਵਿਸ਼ੇਸ਼
ਇਮਾਨਦਾਰੀ ਦਾ ਪ੍ਰਤੀਕ ਪੱਤਰਕਾਰੀ ਦਾ ਬਾਬਾ ਬੋਹੜ :ਅਵਤਾਰ ਸਿੰਘ ਗ਼ੈਰਤ, ਉਜਾਗਰ ਸਿੰਘ ਵੱਲੋਂ ਸ਼ਰਧਾਂਜਲੀ
ਇਨਸਾਨੀ ਜੂਨ ਪਰਮਾਤਮਾ ਦਾ ਇੱਕ ਵਾਰ ਦਿੱਤਾ ਬਿਹਤਰੀਨ ਤੋਹਫ਼ਾ ਹੈ। ਇਨਸਾਨ ਨੇ ਵੇਖਣਾ ਹੁੰਦਾ ਹੈ ਕਿ ਉਸਨੇ ਇਸ ਤੋਹਫ਼ੇ ਦਾ ਇਸਤੇਮਾਲ ਕਿਸ ਪ੍ਰਕਾਰ ਕਰਨਾ ਹੈ। ਇਨਸਾਨੀ ਜੀਵਨ ਦਾ ਸਹੀ ਢੰਗ ਨਾਲ ਸਦਉਪਯੋਗ ਕਰਨ ਨਾਲ ਹੀ ਇਨਸਾਨ ਦੀ ਕਾਬਲੀਅਤ ਦਾ ਪਤਾ ਲੱਗਦਾ ਹੈ। ਖ਼ੁਸ਼ੀ, ਗ਼ਮੀ, ਦੁੱਖ, ਸੁੱਖ ਜ਼ਿੰਦਗੀ ਦਾ ਅਟੁੱਟ ਹਿੱਸਾ ਹੁੰਦੇ ਹਨ। ਜਿਹੜਾ ਇਨਸਾਨ ਦੁੱਖਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਜ਼ਿੰਦਗੀ ਜਿਉਂਦਾ ਹੈ, ਉਹ ਅਸਲ ਵਿੱਚ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਹੁੰਦਾ ਹੈ। ਅਵਤਾਰ ਸਿੰਘ ਗ਼ੈਰਤ ਇੱਕ ਅਜਿਹਾ ਜ਼ਿੰਦਾਦਿਲ ਇਨਸਾਨ ਸੀ, ਜਿਹੜਾ ਪਰਮਾਤਮਾ ਦੇ ਇਨਸਾਨੀ ਰੂਪ ਵਿੱਚ ਦਿੱਤੇ ਤੋਹਫ਼ੇ ਦਾ ਸਹੀ ਇਸਤੇਮਾਲ ਕਰਦਾ ਰਿਹਾ। ਉਸ ਨੇ ਆਪਣੀ 92 ਸਾਲ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਉਤਰਾਅ ਚੜ੍ਹਾਅ ਵੇਖੇ ਪ੍ਰੰਤੂ ਉਹ ਕਦੇ ਵੀ ਡੋਲਿਆ ਨਹੀਂ। ਜਿਸ ਕਰਕੇ ਉਹ 92 ਸਾਲ ਜ਼ਿੰਦਗੀ ਦਾ ਲੁਤਫ ਲੈਂਦਾ ਰਿਹਾ ਹੈ। ਉਸ ਨੂੰ ਸਦਾਬਹਾਰ ਇਨਸਾਨ ਕਿਹਾ ਜਾ ਸਕਦਾ ਸੀ। ਚੰਗਾ ਖਾਣਾ, ਸਾਦੇ ਪ੍ਰੰਤੂ ਸਾਫ਼ ਸੁਥਰੇ ਪਹਿਰਾਵੇ ਵਿੱਚ ਵੀ ਬਣ ਠਣ ਕੇ ਰਹਿਣਾ ਅਤੇ ਹਰ ਮਿਲਣ ਵਾਲੇ ਵਿਅਕਤੀ ਨੂੰ ਖ਼ੁਸ਼ੀ ਖ਼ੁਸ਼ੀ ਮਿਲਣਾ, ਉਸ ਦੀ ਲੰਬੀ ਜ਼ਿੰਦਗੀ ਦਾ ਰਾਜ਼ ਸੀ। ਦੁੱਖ ਨੂੰ ਵੀ ਸੁੱਖ ਸਮਝਕੇ ਹੀ ਵਿਚਰਦਾ ਸੀ। ਦੁੱਖ ਨੂੰ ਉਸ ਨੇ ਕਦੀਂ ਦੁੱਖ ਨਹੀਂ ਸਮਝਿਆ, ਸਗੋਂ ਅਜਿਹੇ ਹਾਲਾਤ ਦਾ ਸਾਹਮਣਾ ਕਰਦਿਆਂ ਦੁੱਖ ਨੂੰ ਸੁੱਖ ਵਿੱਚ ਬਦਲਣ ਦੀ ਸਮਰੱਥਾ ਰੱਖਦਾ ਸੀ। 10 ਨਵੰਬਰ 2023 ਨੂੰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਸਹੀ ਅਰਥਾਂ ਵਿੱਚ ਉਹ ਇਮਾਨਦਾਰ ਪੱਤਰਕਾਰ ਸੀ। ਉਸ ਦਾ ਸਰਕਾਰੀ ਨੌਕਰੀ ਵਿੱਚ ਆਉਣਾ ਇੱਕ ਇਤਫਾਕ ਹੀ ਸੀ। ਇੱਕ ਵਾਰ ਗਿਆਨੀ ਜ਼ੈਲ ਸਿੰਘ ਤੱਤਕਾਲੀ ਮੁੱਖ ਮੰਤਰੀ ਪੰਜਾਬ ਨੂੰ ਉਹ ਆਪਣੇ ਕਿਸੇ ਦੋਸਤ ਨਾਲ ਮਿਲਿਆ। ਗਿਆਨੀ ਜ਼ੈਲ ਸਿੰਘ ਕਿਉਂਕਿ ਖੁਦ ਅਖ਼ਬਾਰ ਪ੍ਰਕਾਸ਼ਤ ਕਰਦੇ ਰਹੇ ਸਨ, ਉਨ੍ਹਾਂ ਨੂੰ ਪਤਾ ਸੀ ਕਿ ਇਹ ਜੋਖ਼ਮ ਭਰਿਆ ਕਿੱਤਾ ਹੈ। ਉਨ੍ਹਾਂ ਦੇ ਨਾਲ ਜਾਣ ਵਾਲੇ ਵਿਅਕਤੀ ਨੇ ਅਵਤਾਰ ਸਿੰਘ ਦੀ ਆਰਥਿਕ ਮਦਦ ਕਰਨ ਦੀ ਗੁਹਾਰ ਲਗਾਈ ਪ੍ਰੰਤੂ ਗਿਆਨੀ ਜ਼ੈਲ ਸਿੰਘ ਨੇ ਉਨ੍ਹਾਂ ਨੂੰ ਪੰਜਾਬ ਰਾਜ ਬਿਜਲੀ ਬੋਰਡ ਵਿੱਚ 26 ਅਪ੍ਰੈਲ 1976 ਨੂੰ ਸੂਚਨਾ ਅਧਿਕਾਰੀ ਨਿਯੁਕਤ ਕਰ ਦਿੱਤਾ। ਅਵਤਾਰ ਸਿੰਘ ਨੌਕਰੀ ਕਰਨ ਤੋਂ ਹਿਚਕਚਾ ਰਿਹਾ ਸੀ, ਕਿਉਂਕਿ ਉਹ ਪੱਤਰਕਾਰ ਹੀ ਰਹਿਣਾ ਚਾਹੁੰਦਾ ਸੀ। ਨੌਕਰੀ ਵਿੱਚ ਵੀ ਉਸ ਦਾ ਮੁੱਖ ਕੰਮ ਅਖ਼ਬਾਰਾਂ ਲਈ ਪ੍ਰੈਸ ਨੋਟ ਜਾਰੀ ਕਰਨਾ ਅਤੇ ਤਿਮਾਹੀ ਅੰਗਰੇਜ਼ੀ ਅਤੇ ਪੰਜਾਬੀ ਦਾ ਮੈਗਜ਼ੀਨ ਇਲੈਕਟਰਿਸਿਟੀ ਅਤੇ ਇਕ ਮਾਸਕ ਨਿਊਜ਼ਲੈਟਰ ਪ੍ਰਕਾਸ਼ਤ ਕਰਨਾ ਸੀ। ਨੌਕਰੀ ਕਰਦਿਆਂ ਅਜੇ ਥੋੜ੍ਹਾਂ ਸਮਾਂ ਹੀ ਹੋਇਆ ਸੀ, ਪਰਕਾਸ਼ ਸਿੰਘ ਬਾਦਲ ਦੀ ਅਕਾਲੀ ਸਰਕਾਰ ਆ ਗਈ। ਉਸ ਸਰਕਾਰ ਨੇ ਅਵਤਾਰ ਸਿੰਘ ਨੂੰ 31 ਅਕਤੂਬਰ 1978 ਨੂੰ ਰਾਜਨੀਤਕ ਕਾਰਨਾਂ ਕਰਕੇ ਨੌਕਰੀ ਵਿਚੋਂ ਕੱਢ ਦਿੱਤਾ। 1 ਅਕਤੂਬਰ 1980 ਨੂੰ ਦਰਬਾਰਾ ਸਿੰਘ ਮੁਖ ਮੰਤਰੀ ਦੀ ਸਰਕਾਰ ਨੇ ਫਿਰ ਉਨ੍ਹਾਂ ਨੂੰ ਦੁਬਾਰਾ ਸੂਚਨਾ ਅਧਿਕਾਰੀ ਦੇ ਤੌਰ ’ਤੇ ਨੌਕਰੀ ਵਿਚ ਲੈ ਲਿਆ। ਬਿਹਤਰੀਨ ਫ਼ਰਜ਼ ਨਿਭਾਉਂਦਿਆਂ ਉਨ੍ਹਾਂ ਦੀ ਤਰੱਕੀ ਡਿਪਟੀ ਡਾਇਰੈਕਟਰ ਦੀ ਹੋ ਗਈ ਅਤੇ ਨਾਲ ਹੀ ਉਸ ਨੂੰ ਡਾਇਰੈਕਟਰ ਲੋਕ ਸੰਪਰਕ ਦਾ ਚਾਰਜ ਦੇ ਦਿੱਤਾ। ਉਹ 31 ਅਕਤੂਬਰ 1991 ਨੂੰ ਸੇਵਾ ਮੁਕਤ ਹੋਏ ਸਨ। ਸੇਵਾ ਮੁਕਤੀ ਤੋਂ ਬਾਅਦ ਉਸ ਨੇ ਆਪਣੇ ਅਖ਼ਬਾਰ ਦੀ ਸੰਪਾਦਕੀ ਦਾ ਕੰਮ ਦੁਬਾਰਾ ਸੰਭਾਲ ਲਿਆ। ਪੱਤਰਕਾਰੀ ਦਾ ਕਿੱਤਾ ਬੜਾ ਲੁਭਾਉਣਾ ਅਤੇ ਇੱਜਤ ਮਾਣ ਵਾਲਾ ਗਿਣਿਆਂ ਜਾਂਦਾ ਹੈ। ਪੱਤਰਕਾਰੀ ਨੂੰ ਪਰਜਾਤੰਤਰ ਦਾ ਚੌਥਾ ਥੰਮ ਵੀ ਕਿਹਾ ਜਾਂਦਾ ਹੈ। ਇੱਕ ਪੱਤਰਕਾਰ ਬਣਨਾ ਮੰਤਰੀਆਂ, ਅਧਿਕਾਰੀਆਂ ਅਤੇ ਸਮਾਜ ਦੇ ਹੋਰ ਪਤਵੰਤੇ ਵਿਅਕਤੀਆਂ ਨਾਲ ਮੇਲ ਜੋਲ ਵਧਾਕੇ ਸਮਾਜ ਵਿਚ ਆਪਣੇ ਆਪ ਨੂੰ ਫੱਨੇ ਖਾਂ ਕਹਾਉਣ ਦਾ ਸਮਾਂ ਹੈ। ਪੱਤਰਕਾਰ ਜੇ ਚਾਹੇ ਤਾਂ ਕਿਸੇ ਵੀ ਪਤਵੰਤੇ ਵਿਅਕਤੀ ਨੂੰ ਆਪਣੀਆਂ ਖ਼ਬਰਾਂ ਅਤੇ ਲਿਖਤਾਂ ਨਾਲ ਅਸਮਾਨ ਤੇ’ ਚੜ੍ਹਾ ਸਕਦਾ ਹੈ, ਜੇਕਰ ਚਾਹੇ ਤਾਂ ਪੌੜੀ ਖਿਚਕੇ ਜ਼ਮੀਨ ’ਤੇ ਸੁੱਟ ਸਕਦਾ ਹੈ। ਪ੍ਰੰਤੂ ਅਜੇ ਵੀ ਕੁਝ ਪੱਤਰਕਾਰ ਅਜਿਹੇ ਹਨ, ਜਿਹੜੇ ਨੈਤਿਕ ਕਦਰਾਂ ਕੀਮਤਾਂ ’ਤੇ ਪਹਿਰਾ ਦਿੰਦੇ ਹੋਏ ਸੱਚਾਈ ਅਤੇ ਇਮਾਨਦਾਰੀ ਦਾ ਪੱਲਾ ਫੜ੍ਹਕੇ ਆਪਣੇ ਕਿਤੇ ਦਾ ਨਾਂ ਰੌਸ਼ਨ ਕਰ ਰਹੇ ਹਨ। ਉਨ੍ਹਾਂ ਵਿਚੋਂ ਅਵਤਾਰ ਸਿੰਘ ਗ਼ੈਰਤ ਦਾ ਨਾਂ ਵਿਸ਼ੇਸ਼ ਵਰਨਣਯੋਗ ਸੀ, ਜਿਹੜਾ 92 ਸਾਲ ਦੀ ਉਮਰ ਤੱਕ ਵੀ ਪੈਪਸੂ ਵਿਚ ਪੱਤਰਕਾਰੀ ਦੇ ਮਿਆਰ ਦੀਆਂ ਗੱਲਾਂ ਕਰਕੇ ਸੰਤੁਸ਼ਟੀ ਮਹਿਸੂਸ ਕਰਦਾ ਸੀ। ਭਾਵੇਂ ਉਹ ਆਪਣੀ ਜੀਵਨ ਸਾਥਣ ਦੇ ਤੁਰ ਜਾਣ ਤੋਂ ਬਾਅਦ ਵਡੇਰੀ ਉਮਰ ਕਰਕੇ ਇਕੱਲਤਾ ਮਹਿਸੂਸ ਕਰ ਰਿਹਾ ਸੀ ਪ੍ਰੰਤੂ ਅਜੇ ਵੀ ਜ਼ਿੰਦਾਦਿਲੀ ਨਾਲ ਬੀਤੇ ਸਮੇਂ ਨੂੰ ਯਾਦ ਕਰਕੇ ਫ਼ਖ਼ਰ ਮਹਿਸੂਸ ਕਰਦਾ ਸੀ। ਉਹ ਮਹਾਰਾਜਾ ਯਾਦਵਿੰਦਰ ਸਿੰਘ ਤੋਂ ਲੈ ਕੇ ਪੈਪਸੂ ਦੇ ਮੁੱਖ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਬਿਤਾਏ ਪਲਾਂ ਨੂੰ ਯਾਦ ਕਰਕੇ ਸਕੂਨ ਮਹਿਸੂਸ ਕਰਦਾ ਵਿਰਾਸਤੀ ਯਾਦਾਂ ਨੂੰ ਰੂਹ ਦੀ ਖ਼ੁਰਾਕ ਬਣਾਉਂਦਾ ਸੀ। ਜਦੋਂ ਉਹ ਨੌਕਰੀ ਵਿਚ ਸਨ ਤਾਂ ਵੀ ਆਪਣਾ ਅਖ਼ਬਾਰ ਆਪਣੀ ਪਤਨੀ ਸੁਰਿੰਦਰ ਕੌਰ ਦੀ ਸੰਪਾਦਕੀ ਹੇਠ ਪ੍ਰਕਾਸ਼ਤ ਕਰਦੇ ਰਹੇ।
ਬਚਪਨ ਤੋਂ ਹੀ ਅਵਤਾਰ ਸਿੰਘ ਨੂੰ ਪੱਤਰਕਾਰੀ ਦਾ ਸ਼ੌਕ ਸੀ, ਇਸ ਕਰਕੇ ਉਸ ਨੇ ਪਹਿਲਾਂ ਪਟਿਆਲਾ ਤੋਂ ਪ੍ਰਕਾਸ਼ਤ ਹੋਣ ਵਾਲੇ ਰੋਜ਼ਾਨਾ ਪ੍ਰਕਾਸ਼ ਅਖ਼ਬਾਰ ਤੇ ਫਿਰ 1952 ਵਿਚ 20 ਸਾਲ ਦੀ ਉਮਰ ਵਿਚ ਹੀ ਉਰਦੂ ਦੇ ਰੋਜ਼ਾਨਾ ਅਜੀਤ ਅਖ਼ਬਾਰ ਵਿਚ ਜਲੰਧਰ ਵਿਖੇ ਨੌਕਰੀ ਕਰ ਲਈ। ਜਲੰਧਰ ਵਿਚ ਭਾਵੇਂ ਉਸ ਨੇ ਇੱਕ ਸਾਲ ਹੀ ਨੌਕਰੀ ਕੀਤੀ ਪ੍ਰੰਤੂ ਇਸ ਸਮੇਂ ਦੌਰਾਨ ਉਸ ਨੂੰ ਚੋਟੀ ਦੇ ਪੱਤਰਕਾਰਾਂ ਅਤੇ ਸੰਪਾਦਕਾਂ ਨੂੰ ਮਿਲਣ ਅਤੇ ਉਨ੍ਹਾਂ ਤੋਂ ਸਿਖਣ ਦਾ ਬੜਾ ਮੌਕਾ ਮਿਲਿਆ, ਜਿਹੜਾ ਸਾਰੀ ਉਮਰ ਉਸ ਨੂੰ ਸਹਾਈ ਹੋਇਆ। ਉਦੋਂ ਜਲੰਧਰ ਵਿਚ ਪੰਜਾਬੀ ਦਾ ਸਿਰਫ ਇਕ ਅਖ਼ਬਾਰ ਅਕਾਲੀ ਪੱਤਰਕਾ ਹੀ ਪ੍ਰਕਾਸ਼ਤ ਹੁੰਦਾ ਸੀ। 1953 ਵਿਚ ਉਸ ਨੇ ਪਟਿਆਲਾ ਆ ਕੇ ਆਪਣੇ ਚਾਚਾ ਐਸ.ਐਸ.ਮੇਹਰ ਸਿੰਘ ਨਾਲ ਰਣਜੀਤ ਅਖ਼ਬਾਰ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਰਣਜੀਤ ਉਰਦੂ ਸਪਤਾਹਕ ਤੋਂ ਪੰਜਾਬੀ ਵਿਚ ਸਪਤਾਹਕ ਅਤੇ ਬਾਅਦ ਵਿਚ ਰੋਜ਼ਾਨਾ ਰਣਜੀਤ ਪੰਜਾਬੀ ਵਿਚ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿਤਾ। ਪਹਿਲਾਂ ਅਵਤਾਰ ਸਿੰਘ ਨੂੰ ਇਸ ਦਾ ਸਮਾਚਾਰ ਸੰਪਾਦਕ ਅਤੇ ਬਾਅਦ ਵਿਚ ਸਹਾਇਕ ਸੰਪਾਦਕ ਬਣਾਇਆ ਗਿਆ। ਇਸ ਦੌਰਾਨ ਉਸ ਦਾ ਅਕਾਲੀ ਦਲ ਅਤੇ ਕਾਂਗਰਸ ਦੇ ਪ੍ਰਮੁਖ ਆਗੂਆਂ ਨਾਲ ਮੇਲਜੋਲ ਹੋ ਗਿਆ। ਅਕਾਲੀ ਨੇਤਾ ਜਸਦੇਵ ਸਿੰਘ ਨਾਲ ਉਸਦੀ ਗੂੜ੍ਹੀ ਦੋਸਤੀ ਪੈ ਗਈ ਜਿਹੜੀ ਲੰਬਾ ਸਮਾਂ ਨਿੱਭੀ।
1965 ਵਿਚ ਅਵਤਾਰ ਸਿੰਘ ਨੇ ਆਪਣਾ ਪੰਜਾਬੀ ਦਾ ਸਪਤਾਹਕ ਅਖ਼ਬਾਰ ਗ਼ੈਰਤ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿਤਾ ਅਤੇ ਉਹ ਉਸ ਦੇ ਮੁਖ ਸੰਪਾਦਕ ਬਣੇ। ਉਸ ਨੇ ਆਪਣੇ ਇਸ ਅਖ਼ਬਾਰ ਵਿਚ ਇਕ ਕਾਲਮ ‘ਮੈਂ ਵੇਖਦਾ ਚਲਾ ਗਿਆ’ ਲਿਖਣਾ ਸ਼ੁਰੂ ਕੀਤਾ ਜਿਹੜਾ ਕਾਫੀ ਹਰਮਨ ਪਿਆਰਾ ਹੋਇਆ। ਉਨ੍ਹਾਂ ਵੱਲੋਂ ਚਲੰਤ ਮਾਮਲਿਆਂ ਤੇ’ ਲਿਖੇ ਗਏ ਲੇਖ ਮੀਲ ਪੱਥਰ ਸਾਬਤ ਹੋਏ ਹਨ। ਇਸ ਲਈ ਉਨ੍ਹਾਂ ਨੂੰ ‘ਅਲੱਗ ਸ਼ਬਦ ਯੋਗ ਚੈਰੀਟੇਬਲ ਟਰੱਸਟ’ ਲੁਧਿਆਣਾ ਵਲੋਂ ਪ੍ਰੋ.ਪੂਰਨ ਸਿੰਘ ਧਾਮੀ ਪੁਰਸਕਾਰ ਅਤੇ ‘ਰਵੇਲ ਮੈਮੋਰੀਅਲ ਪੰਜਾਬੀ ਪੱਤਰਕਾਰੀ ਅਵਾਰਡ’ 2013 ਵਿਚ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਸਮੇਤ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਸਨਮਾਨਤ ਕੀਤਾ ਹੈ। ਉਨ੍ਹਾਂ ਦੀ ਇੱਕ ਪੁਸਤਕ ‘ਪਟਿਆਲਾ ਦਾ ਸੰਖੇਪ ਇਤਿਹਾਸ ਅਤੇ ਉਘੇ ਵਸਨੀਕ ਅਤੇ ਦੋ ਬੁਕਲੈਟ ਪ੍ਰਕਾਸ਼ਤ ਹੋਈਆਂ ਹਨ। ਇੱਕ ਹੋਰ ਪੁਸਤਕ ‘ਪਟਿਆਲਾ ਦੀਆਂ ਉਘੀਆਂ ਔਰਤਾਂ’ ਪ੍ਰਕਾਸ਼ਨਾ ਅਧੀਨ ਸੀ। ਉਹ ਪੰਜਾਬੀ ਕਲਚਰਲ ਐਸੋਸੀਏਸ਼ਨ ਅਤੇ ਪੰਜਾਬੀ ਵੀਕਲੀ ਨਿਊਜ਼ਪੇਪਰਜ਼ ਐਸੋਸੀਏਸ਼ਨਜ਼ ਦੇ ਪ੍ਰਧਾਨ ਵੀ ਰਹੇ ਹਨ। ਅਜੋਕੇ ਕੁਝ ਕੁ ਪੱਤਰਕਾਰਾਂ ਦੇ ਕਿਰਦਾਰ ਬਾਰੇ ਚਿੰਤਾ ਪ੍ਰਗਟ ਕਰਦਿਆਂ ਇਸ ਗੱਲ ਦਾ ਫ਼ਖ਼ਰ ਮਹਿਸੂਸ ਕਰਦਾ ਸੀ ਕਿ ਉਸਦੇ ਪਿਤਾ ਨੇ ਉਸ ਨੂੰ ਨਸੀਅਤ ਦਿੱਤੀ ਸੀ ਕਿ ਇਮਾਨਦਾਰੀ ਦਾ ਪੱਲਾ ਨਹੀਂ ਛੱਡਣਾ ਅਤੇ ਨਸ਼ਿਆਂ ਦਾ ਸੇਵਨ ਨਹੀਂ ਕਰਨਾ। ਜਿਸ ਤੇ ਉਸ ਨੇ ਸਾਰੀ ਉਮਰ ਪਹਿਰਾ ਦਿੱਤਾ ਅਤੇ ਆਪਣੇ ਬੱਚਿਆਂ ਨੂੰ ਇਮਾਨਦਾਰ ਦੀ ਪਰਿਵਾਰਿਕ ਵਿਰਾਸਤ ‘ਤੇ ਪਹਿਰਾ ਦੇਣ ਦੀ ਤਾਕੀਦ ਕਰਦਾ ਸੀ।
ਅਵਤਾਰ ਸਿੰਘ ਗ਼ੈਰਤ ਦਾ ਜਨਮ ਪਿਤਾ ਗੁਰਬਚਨ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੇ ਘਰ ਲੁਧਿਆਣਾ ਜਿਲ੍ਹੇ ਦੇ ਪਿੰਡ ਗੁਰਮਾ ਵਿਖੇ 13 ਨਵੰਬਰ 1932 ਨੂੰ ਹੋਇਆ। ਉਨ੍ਹਾਂ ਦੇ ਵਡੇਰਿਆਂ ਦਾ ਜੱਦੀ ਪਿੰਡ ਭਾਡੀਵਾਲ ਤਹਿਸੀਲ ਡਸਕਾ ਜਿਲ੍ਹਾ ਸਿਆਲਕੋਟ ਸੀ। ਦੇਸ਼ ਦੀ ਵੰਡ ਤੋਂ ਬਾਅਦ ਉਹ ਪਟਿਆਲਾ ਵਿਖੇ ਆ ਕੇ ਵੱਸ ਗਏ ਪ੍ਰੰਤੂ ਉਸ ਦੇ ਪਿਤਾ ਪਟਿਆਲਾ ਸਟੇਟ ਵਿਚ ਨਾਇਬ ਤਹਿਸੀਲਦਾਰ ਸਨ, ਇਸ ਲਈ ਉਸ ਨੇ ਆਪਣੀ ਪੜ੍ਹਾਈ ਵੱਖ ਵੱਖ ਥਾਵਾਂ ਜਿਨ੍ਹਾਂ ਵਿਚ ਪ੍ਰਾਇਮਰੀ ਨਰਵਾਣਾ, ਮਿਡਲ ਸਰਕਾਰੀ ਹਾਈ ਸਕੂਲ ਬਠਿੰਡਾ, 9ਵੀਂ ਕੰਡਾਘਾਟ, ਦਸਵੀਂ ਪਟਿਆਲਾ ਅਤੇ ਬੀ.ਏ.ਪ੍ਰਾਈਵੇਟ ਤੌਰ ’ਤੇ ਪਾਸ ਕੀਤੀ ਕਿਉਂਕਿ ਉਸ ਦੇ ਪਿਤਾ ਦੀ ਬਦਲੀ ਹੁੰਦੀ ਰਹਿੰਦੀ ਸੀ। ਉਹ ਬੁੱਧੀਮਾਨੀ ਦੇ ਇਮਤਿਹਾਨ ਚੋਂ ਪੰਜਾਬ ਵਿਚੋਂ ਫਸਟ ਆਏ। ਫਿਰ ਵਿਦਵਾਨੀ ਅਤੇ ਗਿਆਨੀ ਪਾਸ ਕੀਤੀਆਂ। ਉਸ ਦੇ ਦਾਦਾ ਰਾਮ ਸਿੰਘ ਵੀ ਤਹਿਸੀਲਦਾਰ ਸਨ। ਉਸ ਦਾ ਵਿਆਹ ਬੀਬੀ ਸੁਰਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੇ ਦੋ ਲੜਕੇ ਅਤੇ ਚਾਰ ਲੜਕੀਆਂ ਹਨ। ਉਸ ਦਾ ਵੱਡਾ ਲੜਕਾ ਪ੍ਰੀਤਇੰਦਰ ਸਿੰਘ ਆਬਕਾਰੀ ਤੇ ਕਰ ਵਿਭਾਗ ਵਿਚ ਇੰਸਪੈਕਟਰ ਅਤੇ ਦੂਜਾ ਸਿਮਰਨਜੀਤ ਸਿੰਘ ਪਬਲਿਕ ਹੈਲਥ ਵਿਭਾਗ ਵਿਚ ਜੂਨੀਅਰ ਇੰਜੀਨੀਅਰ ਹੈ।
ਅਵਤਾਰ ਸਿੰਘ ਗ਼ੈਰਤ ਨਮਿਤ ਅੰਤਿਮ ਅਰਦਾਸ ਤੇ ਭੋਗ 13 ਨਵੰਬਰ ਦਿਨ ਸੋਮਵਾਰ ਨੂੰ 12.30 ਤੋਂ 1.30 ਵਜੇ ਦੁਪਹਿਰ ਨੂੰ ਨਿਊ ਸਤਿਸੰਗ ਭਵਨ ਤ੍ਰਿਪੜੀ ਸ਼ਮਸ਼ਾਨ ਘਾਟ ਪਟਿਆਲਾ ਵਿਖੇ ਪਵੇਗਾ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.