ਦਿੱਲੀ 'ਚ ਪ੍ਰਦੂਸ਼ਿਤ ਹਵਾ ਨੇ ਸਥਿਤੀ ਗੰਭੀਰ ਬਣਾ ਦਿੱਤੀ ਹੈ। ਦਿੱਲੀ 'ਚ ਹਵਾ ਗੁਣਵੱਤਾ ਅੰਕ 483 'ਤੇ ਪਹੁੰਚ ਗਿਆ। ਦਿੱਲੀ ਸਰਕਾਰ ਨੇ ਪ੍ਰਾਇਮਰੀ ਸਕੂਲ 10 ਨਵੰਬਰ ਤੱਕ ਬੰਦ ਕਰ ਦਿੱਤੇ ਹਨ। ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਦਿੱਲੀ ਦਾ ਨਾਮ ਸ਼ਾਮਲ ਹੋ ਗਿਆ ਹੈ।
ਹਰ ਵਰ੍ਹੇ ਦਿੱਲੀ ਗੈਸ ਚੈਂਬਰ ਬਣਦੀ ਹੈ। ਹਰ ਵਰ੍ਹੇ ਹਾਹਾਕਾਰ ਮੱਚਦੀ ਹੈ। ਹਰ ਵਰ੍ਹੇ ਸਰਕਾਰਾਂ ਹਵਾ ਪ੍ਰਦੂਸ਼ਣ ਰੋਕਣ ਲਈ ਯਤਨ ਕਰਨ ਦਾ ਵਾਇਦਾ ਕਰਦੀਆਂ ਹਨ। ਪਰ ਜਦੋਂ ਪ੍ਰਦੂਸ਼ਣ ਥੋੜ੍ਹਾ ਥੰਮਦਾ ਹੈ, ਮੁੜ ਅਫ਼ਸਰਸ਼ਾਹੀ, ਸਿਆਸਤਦਾਨ ਚੁੱਪ ਕਰ ਜਾਂਦੇ ਹਨ ਅਤੇ ਲੋਕਾਂ ਨੂੰ ਉਹਨਾ ਦੇ ਰਹਿਮੋ-ਕਰਮ 'ਤੇ ਛੱਡ ਦਿੰਦੇ ਹਨ।
ਪਰਾਲੀ ਸਾੜੇ ਜਾਣ ਕਾਰਨ ਪੰਜਾਬ ਦੀ ਹਵਾ 'ਚ ਜ਼ਹਿਰ ਘੁਲ ਗਿਆ ਹੈ ਅਤੇ ਧੁਆਂਖੀ ਧੁੰਦ ਕਾਰਨ ਸਾਹ ਲੈਣਾ ਵੀ ਔਖਾ ਹੈ। ਪੰਜਾਬ 'ਚ ਹਵਾ ਗੁਣਵੱਤਾ ਅੰਕ 375 ਤੱਕ ਦਰਜ਼ ਕੀਤਾ ਗਿਆ। ਮਾਹਿਰਾਂ ਅਤੇ ਡਾਕਟਰਾਂ ਅਨੁਸਾਰ ਕਿਸੇ ਵੀ ਸਿਹਤਮੰਦ ਵਿਅਕਤੀ ਲਈ ਹਵਾ ਗੁਣਵੱਤਾ ਸੂਚਕ ਅੰਕ 50 ਤੋਂ ਘੱਟ ਹੋਣਾ ਚਾਹੀਦਾ ਹੈ।
ਹਵਾ ਪ੍ਰਦੂਸ਼ਣ ਦੇ ਮਾਮਲੇ 'ਤੇ ਸਿਆਸਤ ਵੀ ਗਰਮਾਈ ਹੋਈ ਹੈ। ਦਿੱਲੀ ਵਲੋਂ ਖ਼ਬਰਾਂ ਆ ਰਹੀਆਂ ਹਨ ਕਿ ਪੰਜਾਬ 'ਚ ਵੱਧ ਰਹੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ ਕਾਰਨ ਦਿੱਲੀ 'ਚ ਪ੍ਰਦੂਸ਼ਣ ਵਧਿਆ ਹੈ, ਹਾਲਾਂਕਿ ਇਸ ਵਰ੍ਹੇ 15 ਸਤੰਬਰ ਤੋਂ 5 ਨਵੰਬਰ ਤੱਕ ਪਰਾਲੀ ਸਾੜਨ ਦੀਆਂ ਜੋ ਘਟਨਾਵਾਂ ਵਾਪਰੀਆਂ, ਉਹ ਪਿਛਲੇ ਸਾਲ ਵਾਪਰੀਆਂ 29400 ਦੀਆਂ ਘਟਨਾਵਾਂ ਤੋਂ 41 ਫ਼ੀਸਦੀ ਘੱਟ ਹਨ। ਪੰਜਾਬ ਸਰਕਾਰ ਦੇ ਅਫ਼ਸਰ ਤੇ ਮਾਹਿਰ ਕਹਿੰਦੇ ਹਨ ਕਿ ਪਿਛਲੇ ਇਕ ਹਫ਼ਤੇ ਤੋਂ ਹਵਾ ਦੀ ਰਫ਼ਤਾਰ 1.1 ਕਿਲੋਮੀਟਰ ਪ੍ਰਤੀ ਘੰਟਾ ਰਹੀ ਹੈ। ਹਵਾ ਦੀ ਇੰਨੀ ਘੱਟ ਰਫ਼ਤਾਰ ਨਾਲ ਪਰਾਲੀ ਦੇ ਕਿਸੇ ਹੋਰ ਸੂਬੇ ਤੱਕ ਪਹੁੰਚਣਾ ਮੁਸ਼ਕਲ ਹੈ। ਪ੍ਰਦੂਸ਼ਣ ਨੂੰ ਦੂਰ ਤੱਕ ਪਹੁੰਚਣ ਲਈ 6 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੀ ਲੋੜ ਹੁੰਦੀ ਹੈ। ਮਾਹਿਰ ਇਹ ਵੀ ਕਹਿੰਦੇ ਹਨ ਕਿ ਤਾਪਮਾਨ ਦੀ ਗਿਰਾਵਟ ਅਤੇ ਹਵਾ ਦੀ ਗਤੀ ਦੀ ਕਮੀ ਕਾਰਨ ਪਰਾਲੀ ਦਾ ਪ੍ਰਦੂਸ਼ਣ ਸਿਰਫ਼ ਪੰਜਾਬ 'ਚ ਹੀ ਰਹਿ ਗਿਆ ਹੈ। ਇਸ ਕਰਕੇ ਇਥੋਂ ਦੇ ਸ਼ਹਿਰਾਂ 'ਚ ਹਵਾ ਦੀ ਗੁਣਵੱਤਾ ਬਠਿੰਡਾ 'ਚ 375, ਮੰਡੀ ਗੋਬਿੰਦਗੜ੍ਹ 'ਚ 291 ਅਤੇ ਲੁਧਿਆਣਾ 'ਚ 243 ਦਰਜ ਕੀਤੀ ਗਈ ਹੈ।
ਉਪਰਲੀ, ਹੇਠਲੀ ਸਰਕਾਰ ਦਰਮਿਆਨ ਕਸ਼ਮਕਸ਼ ਜਾਰੀ ਹੈ, ਪਰ ਪੀੜਤ ਲੋਕਾਂ ਲਈ ਰਾਹਤ ਦੇਣ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਆਰਜ਼ੀ ਪ੍ਰਬੰਧ ਜਿਸ ਵਿੱਚ ਵਾਹਨਾਂ ਨੂੰ ਟਾਂਕ, ਜਿਸਤ ਅਨੁਸਾਰ ਚਲਾਕੇ, ਸਕੂਲ ਬੰਦ ਕਰਕੇ ਡੰਗ ਟਪਾਉਣ ਦਾ ਯਤਨ , ਇਸ ਮੁਸੀਬਤ ਤੋਂ ਨਿਕਲਣ ਦਾ ਰਾਹ ਸ਼ਾਇਦ ਸਰਕਾਰਾਂ ਸਮਝਦੀਆਂ ਹਨ।
ਭਾਰਤ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਵਿਸ਼ਵ ਭਰ 'ਚ ਸਭ ਤੋਂ ਜ਼ਿਆਦਾ ਹੈ। ਇਹ ਪ੍ਰਦੂਸ਼ਣ ਦੇਸ਼ ਦੀ ਸਿਹਤ ਲਈ ਸਭ ਤੋਂ ਵੱਧ ਖਤਰਾ ਹੈ। ਭਾਰਤ ਵਿੱਚ ਲਗਭਗ ਪੂਰੀ ਆਬਾਦੀ ਆਪਣੇ ਚਾਰੇ ਪਾਸਿਆਂ ਤੋਂ ਹਾਨੀਕਾਰਕ ਪੱਧਰ 'ਤੇ ਹੈ ਮੌਜੂਦਾ ਪੀ.ਐਮ. 2.5 ਕਣਾਂ ਦੇ ਸੰਪਰਕ ਵਿੱਚ ਹੈ, ਜੋ ਸਭ ਤੋਂ ਵੱਧ ਖਤਰਨਾਕ ਹਵਾ ਪ੍ਰਦੂਸ਼ਕ ਹੈ ਅਤੇ ਵੱਖੋ-ਵੱਖਰੇ ਸਰੋਤਾਂ ਤੋਂ ਨਿਕਲਕੇ ਹਵਾ ਵਿੱਚ ਫੈਲ ਰਿਹਾ ਹੈ। ਪਰ ਕੇਂਦਰ ਸਰਕਾਰ ਵਲੋਂ ਇਸ ਪ੍ਰਦੂਸ਼ਣ ਨੂੰ ਰੋਕਣ ਲਈ ਉਪਰਾਲੇ ਨਾਂਹ ਹੋਣ ਬਰਾਬਰ ਹਨ। ਉਂਜ ਜਿੰਨੇ ਵੀ ਯਤਨ ਦੇਸ਼ ਨੂੰ ਸਾਫ਼ ਰੱਖਣ ਤੇ ਪ੍ਰਦੂਸ਼ਣ ਘਟਾਉਣ ਲਈ ਹੋਏ ਹਨ, ਉਹ ਸਿਰਫ ਕਾਗਜਾਂ 'ਚ ਹੀ ਦਿਸਦੇ ਹਨ। ਜੋ ਕਾਨੂੰਨ ਗੰਦਗੀ, ਪ੍ਰਦੂਸ਼ਣ ਰੋਕਣ ਲਈ ਬਣੇ ਹਨ, ਉਹ ਲਾਗੂ ਨਹੀਂ ਹੋ ਰਹੇ।
ਸਾਲ 2013 ਤੋਂ 2021 ਤੱਕ ਦੁਨੀਆ 'ਚ 59.1 ਫੀਸਦੀ ਤੱਕ ਹਵਾ ਦਾ ਪ੍ਰਦੂਸ਼ਣ ਵਧਿਆ ਹੈ। ਇਸੇ ਲਈ ਹਵਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਦੁਨੀਆ ਭਰ 'ਚ ਵੱਡਾ ਖਤਰਾ ਹੈ। ਇਹ ਖ਼ਤਰਾ ਦੁਨੀਆ ਭਰ 'ਚ ਬਰਾਬਰ ਪੱਧਰ 'ਤੇ ਨਹੀਂ ਹੈ। ਬੰਗਲਾ ਦੇਸ਼, ਭਾਰਤ, ਪਾਕਿਸਤਾਨ, ਚੀਨ, ਨਾਈਜੀਰੀਆ ਅਤੇ ਇੰਡੋਨੇਸ਼ੀਆ ਸਭ ਤੋਂ ਵੱਧ ਪ੍ਰਦੂਸ਼ਤ ਦੇਸ਼ ਹਨ। ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਅਨੁਸਾਰ ਜੇਕਰ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਸਾਂਝੇ ਯਤਨ ਹੋਣ ਤਾਂ ਹਰ ਵਿਅਕਤੀ ਦੀ ਉਮਰ ਔਸਤਨ 23 ਵਰ੍ਹੇ ਵਧ ਸਕਦੀ ਹੈ ਅਤੇ ਕਰੋੜਾਂ ਲੋਕਾਂ ਨੂੰ ਪ੍ਰਤੀ ਸਾਲ ਮੌਤ ਦੇ ਮੂੰਹ ਜਾਣ ਤੋਂ ਰੋਕਿਆ ਜਾ ਸਕਦਾ ਹੈ।
ਅਫਰੀਕਾ ਅਤੇ ਏਸ਼ੀਆ ਖਿਤੇ ਵਿੱਚ ਬੁਨਿਆਦੀ ਢਾਂਚੇ ਦੀ ਘਾਟ ਹੈ। ਇਸੇ ਕਰਕੇ ਇਥੇ ਪ੍ਰਦੂਸ਼ਣ ਵੱਧ ਹੈ। ਹਵਾ ਪ੍ਰਦੂਸ਼ਣ ਰੋਕਣ ਲਈ ਵੀ ਇਸ ਖਿੱਤੇ 'ਚ ਖ਼ਾਸ ਯਤਨ ਨਹੀਂ ਹੋ ਰਹੇ। ਐਚ.ਆਈ.ਬੀ. ਏਡਜ਼, ਮਲੇਰੀਆ, ਤਪਦਿਕ ਜਿਹੇ ਰੋਗਾਂ ਨੂੰ ਰੋਕਣ ਲਈ ਤਾਂ ਦੁਨੀਆ ਕੋਲ ਵੱਡੇ ਫੰਡ ਹਨ। ਹਰ ਸਾਲ ਚਾਰ ਅਰਬ ਅਮਰੀਕੀ ਡਾਲਰ ਇਹਨਾ ਬੀਮਾਰੀਆਂ ਨੂੰ ਰੋਕਣ ਲਈ ਖ਼ਰਚੇ ਜਾਂਦੇ ਹਨ ਪਰ ਹਵਾ ਪ੍ਰਦੂਸ਼ਣ ਰੋਕਣ ਲਈ ਸਿਰਫ਼ ਤਿੰਨ ਅਰਬ ਅਮਰੀਕੀ ਡਾਲਰ ਹੀ ਉਪਲਬੱਧ ਹੁੰਦੇ ਹਨ। ਚੀਨ ਅਤੇ ਭਾਰਤ ਲਈ ਇਹ ਹਿੱਸਾ ਸਿਰਫ਼ 14 ਲੱਖ ਅਮਰੀਕੀ ਡਾਲਰ ਹੈ, ਜਦਕਿ ਯੂਰਪ, ਅਮਰੀਕਾ ਅਤ ਕੈਨੇਡਾ ਲਈ 3.4 ਕਰੋੜ ਅਮਰੀਕੀ ਡਾਲਰ ਉਪਲਬੱਧ ਹੁੰਦੇ ਹਨ।
ਇਹੋ ਕਾਰਨ ਹੈ ਕਿ 2019 ਵਿੱਚ ਦੁਨੀਆ ਭਰ 'ਚ 90 ਲੱਖ ਲੋਕ ਪ੍ਰਦੂਸ਼ਣ ਕਾਰਨ ਆਪਣੀ ਜੀਵਨ ਯਾਤਰਾ ਸਮੇਂ ਤੋਂ ਪਹਿਲਾ ਪੂਰੀ ਕਰ ਗਏ। ਇੰਜ ਹਵਾ ਪ੍ਰਦੂਸ਼ਣ ਕਾਰਨ 66.7 ਲੱਖ ਲੋਕਾਂ ਦੀ ਮੌਤ ਹੋਈ, 17 ਲੱਖ ਲੋਕਾਂ ਦੀ ਮੌਤ ਰਸਾਇਣਾਂ ਦੀ ਵਰਤੋਂ ਕਾਰਨ ਹੋਈ। ਇਹਨਾ ਵਿੱਚ ਮੌਤਾਂ ਦੀ ਵੱਡੀ ਗਿਣਤੀ ਦੁਨੀਆ ਦੇ ਦੋ ਵੱਡੀ ਆਬਾਦੀ ਵਾਲੇ ਦੇਸ਼ਾਂ ਚੀਨ ਅਤੇ ਭਾਰਤ ਵਿੱਚ ਦਰਜ਼ ਹੋਈ।
ਦੇਸ਼ ਭਾਰਤ ਦੇ ਹਾਲਾਤ ਤਾਂ ਬਹੁਤ ਮਾੜੇ ਹਨ। ਹਵਾ ਪ੍ਰਦੂਸ਼ਣ ਦੇ ਕਾਰਨ 2019 ਵਿੱਚ 17 ਲੱਖ ਭਾਰਤੀ ਮਰੇ। ਭਾਰਤ ਵਿੱਚ ਕਰੀਬ 67.4 ਫੀਸਦੀ ਆਬਾਦੀ ਉਹਨਾ ਪ੍ਰਦੂਸ਼ਿਤ ਖੇਤਰਾਂ ਵਿੱਚ ਵਸਦੀ ਹੈ, ਜਿਥੇ ਸਲਾਨਾ ਔਸਤ ਦਾ ਪ੍ਰਦੂਸ਼ਣ ਪੱਧਰ ਬਹੁਤ ਜ਼ਿਆਦਾ ਹੁੰਦਾ ਹੈ। ਹਵਾ ਪ੍ਰਦੂਸ਼ਣ ਕਾਰਨ ਦਿਲ ਦੇ ਰੋਗਾਂ ਦੀਆਂ ਬੀਮਾਰੀਆਂ ਭਾਰਤੀਆਂ ਦੀ ਉਮਰ ਘਟਾ ਰਹੀਆਂ ਹਨ। ਬੱਚਿਆਂ ਦੇ ਕੁਪੋਸ਼ਣ ਕਾਰਨ ਲਗਭਗ 4.5 ਸਾਲ ਅਤੇ ਔਰਤਾਂ ਦੇ ਕੁਪੋਸ਼ਣ ਕਾਰਨ ਉਹਨਾ ਦੀ ਉਮਰ ਦੇ 1.8 ਸਾਲ ਤੱਕ ਘੱਟ ਹੋਏ ਹਨ।
ਕੰਮ ਦੀ ਭਾਲ ਵਿੱਚ ਪੇਂਡੂ ਖੇਤਰਾਂ ਤੋਂ ਸ਼ਹਿਰਾਂ ਵੱਲ ਲੋਕ ਪ੍ਰਵਾਸ ਕਰਦੇ ਹਨ। ਸ਼ਹਿਰਾਂ 'ਚ ਜਨਸੰਖਿਆ ਵਧਦੀ ਹੈ। ਵੱਧ ਤੋਂ ਵੱਧ ਲੋਕ ਖਾਣਾ ਪਕਾਉਣ ਲਈ ਲੱਕੜ ਅਤੇ ਧੂੰਆਂ ਪੈਦਾ ਕਰਨ ਵਾਲੇ ਹੋਰ ਸਾਧਨਾਂ ਦੀ ਵਰਤੋਂ ਕਰਦੇ ਹਨ। ਇਸ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ। ਉਦਯੋਗ ਧੰਦੇ ਵੀ ਸ਼ਹਿਰਾਂ ਵਿੱਚ ਵਧ ਪ੍ਰਦੂਸ਼ਣ ਵਧਾਉਂਦੇ ਹਨ। ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਵਧਾਉਣ ਦੇ ਕਾਰਕਾਂ ਵਿੱਚ ਟਰੱਕ, ਚਾਰ ਪਹੀਏ ਵਪਾਰਕ ਵਾਹਨ, ਉਦਯੋਗਾਂ ਤੋਂ ਨਿਕਲਣ ਵਾਲੀ ਗੰਦੀ ਹਵਾ ਹੈ। ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ 55 ਫੀਸਦੀ ਵਾਧਾ ਵੇਖਣ ਨੂੰ ਮਿਲਿਆ ਹੈ।
"ਦੀ ਲਾਂਸੇਟ" ਦੀ ਇੱਕ ਰਿਪੋਰਟ ਪੜ੍ਹਨ ਵਾਲੀ ਹੈ। ਇਹ ਰਿਪੋਰਟ ਕਹਿੰਦੀ ਹੈ ਕਿ ਕੁੱਲ ਪ੍ਰਦੂਸਣ ਤੋਂ ਹੋਣ ਵਾਲੀਆਂ ਮੌਤਾਂ ਦੇ ਲਈ ਦੁਨੀਆ ਦੇ ਦਸ ਦੇਸ਼ ਜ਼ਿੰਮੇਵਾਰ ਹਨ। ਇਹ ਦਸ ਦੇਸ਼ ਪੂਰੀ ਤਰ੍ਹਾਂ ਉਦਯੋਗਿਕ ਦੇਸ਼ ਹਨ। ਇਹਨਾ ਦੇਸ਼ਾਂ ਵਿੱਚ ਫਰਾਂਸ, ਜਰਮਨੀ, ਬਰਤਾਨੀਆ, ਇਟਲੀ, ਨੀਦਰਲੈਂਡ, ਸਾਊਥ ਕੋਰੀਆ, ਸਵਿਟੱਜਰਲੈਂਡ, ਅਮਰੀਕਾ, ਜਪਾਨ, ਰੂਸ, ਸ਼ਾਮਲ ਹਨ। ਇਹਨਾ ਦੇਸ਼ਾਂ ਦੇ ਲਿੱਡ-ਏਸਿਡ ਬੈਟਰੀ ਅਤੇ ਈ-ਕਚਰੇ ਦੇ ਪੂਰਨ ਨਿਰਮਾਣ ਚੱਕਰ ਕਾਰਨ ਜਦੋਂ ਬਹੁਤੇ ਲੋਕ ਇਸਦੇ ਕਿਸੇ ਵੀ ਹਾਲਤ 'ਚ ਸੰਪਰਕ ਵਿੱਚ ਆਉਂਦੇ ਹਨ ਤਾਂ ਮਨੁੱਖੀ ਧਮਣੀਆਂ ਸਖ਼ਤ ਹੋ ਜਾਂਦੀਆਂ ਹਨ। ਦਿਲ ਦੇ ਰੋਗ ਵਧਦੇ ਹਨ। ਦਿਮਾਗੀ ਵਿਕਾਸ ਰੁਕਦਾ ਹੈ। ਦਿਲ ਦੇ ਰੋਗਾਂ ਨਾਲ ਮੌਤ ਹੋ ਜਾਂਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਹ ਦਸ ਵੱਡੇ ਦੇਸ਼ ਖ਼ਾਸ ਕਰਕੇ ਅਮਰੀਕਾ ਪ੍ਰਦੂਸ਼ਣ ਰੋਕਣ ਲਈ ਬਣਾਏ ਫੰਡ ਵਿੱਚ ਕੋਈ ਵੱਡੀ ਰਕਮ ਨਹੀਂ ਦਿੰਦਾ, ਜਿਸ ਨਾਲ ਡਵਲਯੂ.ਐਚ.ਓ. (ਵਿਸ਼ਵ ਸਿਹਤ ਸੰਗਠਨ) ਦੇ ਹਵਾ ਪ੍ਰਦੂਸ਼ਣ ਰੋਕਣ ਵਾਲੇ ਪ੍ਰਾਜੈਕਟਾਂ ਨੂੰ ਸਫਲਤਾਪੂਰਵਕ ਲਾਗੂ ਨਹੀਂ ਕੀਤਾ ਜਾ ਸਕਦਾ ਹੈ।
ਵਿਸ਼ਵ ਸਿਹਤ ਸੰਗਠਨ ਅਨੁਸਾਰ ਹਵਾ ਪ੍ਰਦੂਸ਼ਣ ਦੇ 10 ਕਾਰਕ ਗਿਣੇ ਹਨ, ਜਿਹਨਾ ਵਿੱਚ ਉਦਯੋਗਾਂ ਤੋਂ ਪੈਦਾ ਗੰਦਲੀ ਹਵਾ, ਜੰਗਲਾਂ ਵਿੱਚ ਅੱਗ, ਘਰਾਂ ਅੰਦਰ ਹਵਾ ਪ੍ਰਦੂਸ਼ਣ, ਈਂਧਣ ਦਾ ਅਧੂਰਾ ਜਲਣ, ਵਾਹਨਾਂ ਵਲੋਂ ਪੈਦਾ ਧੂੰਆਂ, ਕਚਰੇ ਦਾ ਖੁੱਲ੍ਹੇ ਵਿੱਚ ਜਾਲਣਾ, ਖੇਤੀ ਸਬੰਧੀ ਗਤੀਵਿਧੀਆਂ, ਰਸਾਇਣ ਅਤੇ ਸਿੰਥੈਂਟਕ ਉਤਪਾਦਾਂ ਦੀ ਵਰਤੋਂ ਆਦਿ ਹਨ। ਇਹ ਪ੍ਰਦੂਸ਼ਣ ਸਾਫ਼ ਹਵਾ ਗੰਦਲੀ ਕਰਦੇ ਹਨ। ਇੰਜ ਹਵਾ ਪ੍ਰਦੂਸ਼ਣ ਨਾਲ ਸਾਹ ਲੈਣ 'ਚ ਤੰਗੀ ਹੁੰਦੀ ਹੈ।
ਹਵਾ ਪ੍ਰਦੂਸ਼ਕਾਂ ਨੂੰ ਅਸੀਂ ਆਪਣੀ ਨੰਗੀ ਅੱਖ ਨਾਲ ਨਹੀਂ ਵੇਖ ਸਕਦੇ, ਇਸ ਲਈ ਸਾਨੂੰ ਵਧਦੇ ਪ੍ਰਦੂਸ਼ਣ ਦੇ ਪੱਧਰ ਦਾ ਅਹਿਸਾਸ ਨਹੀਂ ਹੁੰਦਾ। ਪਰ ਇਹ ਹਵਾ ਪ੍ਰਦੂਸ਼ਕਾਂ ਦੀ ਵਧਦੀ ਸੰਖਿਆ ਤਾਜੀ, ਸਾਫ਼ ਸੁਥਰੀ ਹਵਾ ਵਿੱਚ ਸਾਹ ਲੈਣਾ ਲਗਭਗ ਅਸੰਭਵ ਬਣਾ ਦਿੰਦੀ ਹੈ। ਅੱਜ ਦੇ ਸਮੇਂ ਹਵਾ ਪ੍ਰਦੂਸ਼ਣ ਸਭ ਤੋਂ ਵੱਡਾ ਹਤਿਆਰਾ ਹੈ।
ਦਿੱਲੀ 'ਚ ਵਧ ਰਹੇ ਹਵਾ ਪ੍ਰਦੂਸ਼ਣ ਲਈ ਭਾਵੇਂ ਗੁਆਂਢੀ ਰਾਜਾਂ ਨੂੰ ਦੋਸ਼ ਦਿੱਤਾ ਜਾ ਰਿਹਾ ਹੈ, ਪਰ ਦਿੱਲੀ ਹਰ ਦਿਨ 9500 ਟਨ ਕਚਰਾ ਪੈਦਾ ਕਰਦੀ ਹੈ। ਇਹ ਕਚਰਾ ਖੁੱਲ੍ਹੇਆਮ ਜਲਾਉਣ ਨਾਲ ਹਵਾ ਵਿੱਚ ਬਲੈਕ ਕਾਰਬਨ, ਕਾਲਖ ਆਦਿ ਜਿਹੇ ਪਦਾਰਥ ਪੈਦਾ ਹੁੰਦੇ ਹਨ, ਜਿਹੜੇ ਸਾਹ ਦੀਆਂ ਬੀਮਾਰੀਆਂ, ਦਮਾ, ਦਿਲ ਦੇ ਰੋਗ ਆਦਿ ਪੈਦਾ ਕਰਦੇ ਹਨ। ਦਿੱਲੀ 'ਚ ਕਿਉਂਕਿ ਜਨ ਸੰਖਿਆ ਨਿੱਤ ਪ੍ਰਤੀ ਵਧ ਰਹੀ ਹੈ, ਨਿਰਮਾਣ ਵਧ ਰਿਹਾ ਹੈ। ਨਿਰਮਾਣ ਥਾਵਾਂ ਉਤੇ ਇੱਟਾਂ, ਕੰਕਰੀਟ ਜਿਹੇ ਕੱਚੇ ਮਾਲ ਨਾਲ ਧੁੰਦ, ਬਦਬੂ ਪੈਦਾ ਹੁੰਦੀ ਹੈ ਜਿਹੜੀ ਬੱਚਿਆਂ, ਬਜ਼ੁਰਗਾਂ ਦੀ ਸਿਹਤ ਲਈ ਅਤਿਅੰਤ ਹਾਨੀਕਾਰਕ ਹੈ।
ਦਿੱਲੀ 'ਚ ਵਾਹਨਾਂ ਦੀ ਗਿਣਤੀ 'ਚ ਵਾਧਾ ਪ੍ਰਦੂਸ਼ਣ ਪੈਦਾ ਕਰਦਾ ਹੈ। ਸੜਕਾਂ 'ਤੇ ਕਾਰਾਂ ਦੀ ਗਿਣਤੀ ਵਧ ਰਹੀ ਹੈ। ਜਦੋਂ ਕਾਰ ਗੈਸੋਲੀਨ ਜਲਾਉਂਦੀ ਹੈ ਤਾਂ ਹਵਾ ਵਿੱਚ ਪ੍ਰਦੂਸ਼ਣ ਪੈਦਾ ਕਰਦੀ ਹੈ, ਜੋ ਇੱਕ ਦਿਨ ਵਿੱਚ 10 ਸਿਗਰਟਾਂ ਪੀਣ ਦੇ ਬਰਾਬਰ ਹਾਨੀਕਾਰਕ ਹੈ। ਸਾਡਾ ਵਾਹਨ ਕਾਰਬਨ ਮੋਨੋਆਕਸਾਈਡ, ਹਾਈਡ੍ਰੋਕਾਰਬਨ, ਨਾਈਟ੍ਰੋਜਨ ਆਕਸਾਈਡ, ਪੀ.ਐਮ. 2.5 ਅਤੇ ਪੀ.ਐਮ. 10 (ਪਾਰਟੀਕੁਲੇਟ ਮੈਟਰ) ਪੈਦਾ ਕਰਦਾ ਹੈ।
ਦਿੱਲੀ ਦੀ ਵਧਦੀ ਆਬਾਦੀ, ਇਨਡੋਰ ਪ੍ਰਦੂਸ਼ਣ ਦਾ ਕਾਰਨ ਹੈ। ਕਮਰੇ ਦੇ ਅੰਦਰ ਸਿਗਰਟਨੋਸ਼ੀ, ਰਸੋਈ ਘਰ 'ਚ ਜਾਂ ਕਮਰੇ 'ਚ ਲੱਕੜਾਂ , ਕੋਲੇ ਦਾ ਜਲਣਾ ਹਵਾ ਪ੍ਰਦੂਸ਼ਣ ਦਾ ਕਾਰਨ ਹੈ। ਸਾਲ 2018 ਦੀ ਇੱਕ ਰਿਪੋਰਟ ਅਨੁਸਾਰ ਨਮੋਨੀਆ, ਘਰ ਵਿੱਚ ਹਵਾ ਪ੍ਰਦੂਸ਼ਣ ਨਾਲ ਹੁੰਦਾ ਹੈ, ਜਿਸ ਨਾਲ 27 ਫੀਸਦੀ ਮੌਤਾਂ ਹੁੰਦੀਆਂ ਹਨ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਨਿਮੋਨੀਆ ਕਾਰਨ 45 ਫੀਸਦੀ ਮੌਤਾਂ ਹੁੰਦੀਆਂ ਹਨ।
ਰਿਪੋਰਟ ਕਹਿੰਦੀ ਹੈ ਕਿ 2020 ਵਿੱਚ ਘਰੇਲੂ ਹਵਾ ਪ੍ਰਦੂਸ਼ਣ ਹਰ ਸਾਲ 3.2 ਮਿਲੀਅਨ ਮੌਤਾਂ ਲਈ ਜ਼ੁੰਮੇਵਾਰ ਹੈ, ਇਸ ਨਾਲ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਪੀੜਤ ਹੁੰਦੇ ਹਨ ਅਤੇ ਸਿੱਟੇ ਵਜੋਂ 2,37,000 ਮੌਤਾਂ ਹਰ ਸਾਲ ਹੁੰਦੀਆਂ ਹਨ।
ਇੰਨਾ ਕੁਝ ਭਿਆਨਕ ਹਵਾ ਪ੍ਰਦੂਸ਼ਣ ਕਾਰਨ ਵਾਪਰਦਾ ਹੈ। ਪਰ ਨਾ ਹੀ ਸਮਾਜਿਕ ਤੌਰ 'ਤੇ ਲੋਕਾਂ ਵਿੱਚ ਇਸ ਪ੍ਰਤੀ ਜਾਗਰੂਕਤਾ ਹੈ ਅਤੇ ਨਾ ਹੀ ਸਰਕਾਰਾਂ ਵਿੱਚ।
ਕੀ ਮਨੁੱਖ ਦੁਆਰਾ ਆਪੇ ਫੈਲਾਏ "ਮੌਤ ਦੇ ਜੰਤਰ" ਨੂੰ ਰੋਕਣ ਲਈ ਕੋਈ ਸਰਕਾਰੀ ਇੱਛਾ ਸ਼ਕਤੀ ਹੈ?
ਕੀ ਅਸੀਂ ਪਾਣੀ ਪ੍ਰਦੂਸ਼ਣ ਤੋਂ ਔਖੇ ਜਿਵੇਂ ਪਾਣੀ ਦੀਆਂ ਬੋਤਲਾਂ ਹੱਥਾਂ ਵਿੱਚ ਫੜਕੇ ਘੁੰਮ ਰਹੇ ਹਾਂ, ਉਵੇਂ ਹੀ ਭਵਿੱਖ ਵਿੱਚ ਆਕਸੀਜਨ ਸਿਲੰਡਰ ਨਾਲ ਸਾਹ ਲੈਣ ਲਈ ਇਸ ਨੂੰ ਆਪਣੇ ਨਾਲ ਚੁੱਕੇ ਜਾਣ ਵਾਲੇ ਸਮੇਂ ਦੀ ਉਡੀਕ 'ਚ ਲੱਗੇ ਹਾਂ?
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.