ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲ਼ੇ ਤਾਂ ਉੱਗ ਪੈਂਦੇ ਨੇ , ਸੀਨਾ ਪਾੜ ਕੇ ਪੱਥਰਾਂ ਦਾ।
ਗੱਲ ਕਾਲਜ ਵੇਲ਼ੇ ਦੀ ਆ,ਅਸੀਂ ਸਾਰੇ ਦੋਸਤ ਐਨ.ਐਫ.ਐਲ.ਕਲੋਨੀ ਬਠਿੰਡਾ ਦੇ ਰਹਿਣ ਵਾਲੇ ਸੀ। ਸਾਡਾ ਇੱਕ ਦੋਸਤ ਹੁੰਦਾ ਸੀ , ਅਸ਼ੋਕ ਕੁਮਾਰ। ਉਸਦੀ ਫੋਟੋਗ੍ਰਾਫੀ ਦੀ ਦੁਕਾਨ ਬਠਿੰਡੇ ਬੱਸ ਸਟੈਂਡ ਦੇ ਪਿਛਲੇ ਪਾਸੇ ਹੁੰਦੀ ਸੀ। ਮੈ ਰਾਜਿੰਦਰਾ ਕਾਲਜ ਬਠਿੰਡੇ ਤੋਂ , ਆਈ.ਟੀ.ਆਈ.ਕਾਲਜ ਬਠਿੰਡੇ ਤੋ ਅਰਵਿੰਦ ਕੁਮਾਰ,ਡੀ.ਏ.ਵੀ.ਕਾਲਜ ਬਠਿੰਡੇ ਤੋਂ ਅਜੇ ਕੁਮਾਰ, ਪੋਲੀਟੈਕਨੀਕਲ ਕਾਲਜ ਬਠਿੰਡੇ ਤੋਂ ਅਨਿਲ ਕੁਮਾਰ ਅਕਸਰ ਅਸੀਂ ਸਾਰੇ ਕਾਲਜ ਤੋਂ ਬਾਅਦ ਅਸ਼ੋਕ ਕੁਮਾਰ ਦੀ ਦੁਕਾਨ ਤੇ ਜ਼ਰੂਰ ਇਕੱਠੇ ਹੁੰਦੇ ਸੀ। ਗੱਲ ਅਕਤੂਬਰ ਮਹੀਨੇ ਦੀ ਹੈ। ਉਸ ਦੀ ਦੁਕਾਨ ਦੇ ਨਾਲ਼ ਇੱਕ ਕਰਿਆਨੇ ਦੀ ਦੁਕਾਨ ਹੁੰਦੀ ਸੀ , ਜੋ ਇੱਕ ਪਿਸਤੀ ਨਾਂ ਦਾ ਆਦਮੀ ਚਲਾਉਂਦਾ ਸੀ।
ਉਹ ਵੀ ਵਿਹਲੇ ਟਾਈਮ ਵਿੱਚ ਸਾਡੇ ਕੋਲ ਆ ਕੇ ਪੰਜ ਸੱਤ ਮਿੰਟ ਲਈ ਬੈਠ ਜਾਂਦਾ ਸੀ। ਉਸਨੇ ਸਾਨੂੰ ਹਾਸੇ ਮਖੌਲ ਚ ਸਾਨੂੰ ਕਿਹਾ ," ਤੁਸੀਂ ਇੱਥੇ ਰੋਜ਼ ਦੋ ਤਿੰਨ ਘੰਟੇ ਆਉਂਦੇ ਹੋ, ਕਿਉਂ ਨਾ ਤੁਸੀਂ ਹਰ ਰੋਜ਼ ਥੋੜ੍ਹੇ - ਬਹੁਤੇ ਪਟਾਕੇ ਵੇਚ ਦਿਆ ਕਰੋ। ਤੁਹਾਡਾ ਜੇਬ ਖ਼ਰਚ ਵੀ ਨਿਕਲ ਜਾਵੇਗਾ।" ਅਸੀਂ ਕਿਹਾ ਸਾਡੇ ਕੋਲ ਬਿਜ਼ਨਸ ਕਰਨ ਲਈ ਪੈਸਾ ਨਹੀਂ ਹੈ, ਤਾਂ ਉਸਨੇ ਸਾਨੂੰ ਦੱਸਿਆ ਤੁਸੀਂ ਪਟਾਕੇ ਵੇਚਣ ਤੋਂ ਬਾਅਦ ਹੀ ਵਪਾਰੀ ਨੂੰ ਪੈਸੇ ਦੇ ਸਕਦੇ ਹੋ। ਅਸੀਂ ਸਾਰਿਆਂ ਨੇ ਰਾਏ ਕਰਕੇ ਬਿਜ਼ਨਸ ਕਰਨ ਦੀ ਤਿਆਰੀ ਕੀਤੀ। ਪਿਸਤੀ ਨੇ ਕਿਹਾ ਮੇਰੀ ਜਾਣ - ਪਹਿਚਾਣ ਦਾ ਇੱਕ ਵਪਾਰੀ ਤੁਹਾਨੂੰ ਪਟਾਕੇ ਦੇਵੇਗਾ, ਤੁਸੀਂ ਬਾਅਦ ਵਿੱਚ ਉਸ ਨੂੰ ਪਟਾਕੇ ਦੇ ਪੈਸੇ ਦੇ ਦਿਓ । ਅਸੀਂ ਬੜੇ ਉਤਸ਼ਾਹ ਨਾਲ ਉਸਨੂੰ ਪੁੱਛਿਆ ਕਿ ਅਸੀਂ ਕਿੰਨੇ ਪੈਸੇ ਦੇ ਪਟਾਕੇ ਵੇਚੀਏ ।
ਉਸਨੇ ਕਿਹਾ ਤੁਸੀਂ ਦੱਸ ਪੰਦਰਾ ਹਜ਼ਾਰ ਦੇ ਪਟਾਕੇ ਵੇਚ ਦਿਓ ,ਬਹੁਤ ਆ । ਅਸੀਂ ਉਸੇ ਦੁਕਾਨ ਦੇ ਕੋਲ ਮੰਜੀ ਲਗਾ ਲਈ । ਅਸੀਂ ਹਰੇਕ ਪਟਾਕੇ ਦੇ ਡੱਬੇ ਉੱਤੇ ਜਾਇਜ਼ ਰੇਟ ਲਿੱਖ ਦਿੱਤੇ । ਅਸੀਂ ਬਹੁਤ ਥੋੜ੍ਹਾ ਮਾਰਜਨ ਰੱਖਿਆ ਸੀ । ਤਕਰੀਬਨ 7-8 ਦਿਨਾਂ ਨੂੰ ਹੀ ਸਾਡੇ ਸਾਰੇ ਪਟਾਕੇ ਵਿਕ ਗਏ । ਦੀਵਾਲ਼ੀ ਨੂੰ ਦਿਨ ਰਹਿੰਦੇ ਸਨ ਅਸੀਂ ਹੋਰ ਪਟਾਕੇ ਵੇਚਣ ਲਈ ਲੈ ਲਏ । ਇਸ ਵਾਰ ਨੌਬਤ ਇਹ ਆ ਗਈ ਕਿ ਸਾਡਾ ਪਟਾਕੇ ਵੇਚਣ ਦਾ ਮੁਕਾਬਲਾ ਪਿਸਤੀ ਨਾਲ ਹੀ ਹੋ ਗਿਆ। ਪਿਸਤੀ ਨੇ ਕਿਹਾ ਕਿ ਮੇਰੇ ਨਾਲ ਮੁਕਾਬਲਾ ਕਿਉਂ ਕਰਨ ਲੱਗੇ ਹੋ। ਤੁਸੀਂ ਆਪਣੇ ਪਟਾਕਿਆਂ ਦਾ ਰੇਟ ਵਧਾਓ। ਅਸੀਂ ਕਿਹਾ ਜੇ ਅਸੀਂ ਪਟਾਕਿਆਂ ਦਾ ਰੇਟ ਵਧਾਇਆ , ਤਾਂ ਸਾਡੇ ਪਟਾਕੇ ਨਹੀਂ ਵਿਕਣਗੇ । ਅਸੀਂ ਕਿਹਾ," ਅਸੀਂ ਪਟਾਕੇ ਕਿੱਥੇ ਰੱਖਾਂਗੇ ? ਨਾਲ਼ੇ ਅਸੀਂ ਇੱਕ ਸਾਲ ਇਹਨਾਂ ਨੂੰ ਸੰਭਾਲ ਕੇ ਕੀ ਕਰਨਾ ਹੈ ? ਅਸੀਂ ਆਪਣੀ ਪੜ੍ਹਾਈ ਵੀ ਪੂਰੀ ਕਰਨੀ ਹੈ ।" ਫੇਰ ਪਿਸਤੀ ਨੇ 100 ਰੁਪਏ, 500 ਰੁਪਏ ਤੇ 1000 ਰੁਪਏ ਦੇ ਪਟਾਖੇ ਗਾਹਕਾਂ ਨੂੰ ਖਰੀਦਣ ਤੇ ਆਫਰ ਦੇਣੀ ਸ਼ੁਰੂ ਕਰ ਦਿੱਤੀ ।
ਗਹਾਕਾਂ ਨੂੰ ਅਸੀਂ ਕਿਹਾ ਸਾਡੇ ਰੇਟ ਪਹਿਲਾਂ ਹੀ ਬਹੁਤ ਘੱਟ ਹਨ, ਸਾਨੂੰ ਆਫਰ ਦੀ ਕੋਈ ਲੋੜ ਨਹੀਂ । ਸਾਡੇ ਪਟਾਕੇ ਇੰਨੇ ਵਿਕੇ ਕਿ ਦੀਵਾਲ਼ੀ ਤੋਂ ਇੱਕ ਦਿਨ ਪਹਿਲਾਂ ਸਾਰਾ ਸਟਾੱਕ ਖ਼ਤਮ ਹੋ ਗਿਆ। ਸਾਡੇ ਪਟਾਕੇ ਵਿਕਣ ਦਾ ਇੱਕੋ - ਇੱਕ ਰਾਜ਼ ਸੀ,ਅਸੀਂ ਰੇਟ ਬਹੁਤ ਘੱਟ ਰੱਖਿਆ ਹੋਇਆ ਸੀ । ਅਸੀਂ ਸਾਰਿਆਂ ਨੇ ਆਪਣੇ ਘਰ ਲਈ ਵੀ ਕੁੱਝ ਪਟਾਕੇ ਦੀਵਾਲ਼ੀ ਲਈ ਰੱਖ ਲਏ । ਅਸੀਂ ਸਾਰੇ ਰੁਪਏ ਦਾ ਹਿਸਾਬ - ਕਿਤਾਬ ਕਰਕੇ ਸਾਰੇ ਪੈਸੇ ਪਟਾਖੇ ਵਾਲੇ ਵਪਾਰੀ ਨੂੰ ਵਾਪਿਸ ਕਰ ਦਿੱਤੇ । ਉਹ ਵਪਾਰੀ ਕਹਿੰਦਾ ਤੁਸੀਂ ਪਹਿਲੇ ਇਨਸਾਨ ਹੋ,ਜਿਹਨਾਂ ਨੇ ਦੀਵਾਲ਼ੀ ਤੋਂ ਪਹਿਲਾਂ ਹੀ ਸਾਰੀ ਪੈਮੇਂਟ ਕਰ ਦਿੱਤੀ । ਵਪਾਰੀ ਸਾਡੇ ਕੰਮ ਤੋਂ ਬੜਾ ਖੁਸ਼ ਹੋਇਆ ।
ਸਾਨੂੰ ਕੁੱਲ ਮਿਲਾ ਕੇ ਹਰੇਕ ਨੂੰ ਇੱਕ ਹਜ਼ਾਰ ਤੋਂ ਵੱਧ ਫਾਇਦਾ ਹੋ ਗਿਆ । ਅਸੀਂ ਸੋਚਿਆ ਹੁਣ ਇਹਨਾਂ ਪੈਸਿਆਂ ਦਾ ਕੀ ਕਰੀਏ । ਅਨਿਲ ਨੇ ਰਾਏ ਦਿੱਤੀ ਚਲੋ ਦਿੱਲੀ ਚਲਦੇ ਆ,ਓਥੇ ਜਾ ਕੇ ਪੈਂਟ ਜੈਕਟ ਲੈ ਕੇ ਆਈਏ। ਅਸੀਂ ਸਾਰੇ ਟ੍ਰੇਨ ਤੇ ਦਿੱਲੀ ਚਲੇ ਗਏ । ਬੰਟੀ ਦੇ ਚਾਚਾ ਜੀ ਕਰੋਲ ਬਾਗ਼ ਵਿੱਚ ਰਹਿੰਦੇ ਸੀ । ਇਸ ਲ਼ਈ ਦਿੱਲੀ ਰਹਿਣ ਲਈ ਕੋਈ ਸਮੱਸਿਆ ਨਹੀਂ ਸੀ । ਅਸੀਂ ਸਾਰੇ ਦਿੱਲੀ ਘੁੰਮੇ ਅਤੇ ਹੋਲਸੇਲ ਮਾਰਕੀਟ ਤੋਂ ਵਧੀਆ ਪੈਂਟ ਜੈਕਟ ਸਸਤੇ ਰੇਟ ਤੇ ਲੈ ਕੇ ਆਏ । ਅਸੀਂ ਆਉਂਦੇ ਹੋਏ ਸਾਰਿਆਂ ਨੇ ਸੋਚਿਆ ਕਿ ਆਪਣੇ ਦੋਸਤ ਨਵਨੀਤ ਖੰਨੇ ਨੂੰ ਪਾਣੀਪਤ ਵੀ ਮਿਲ ਹੀ ਆਈਏ। ਫਿਰ ਅਸੀਂ ਨਵਨੀਤ ਖੰਨੇ ਦੇ ਘਰ ਰੁੱਕ ਕੇ ਵਾਪਿਸ ਆਪਣੇ ਘਰ ਬਠਿੰਡੇ ਪਰਤ ਆਏ। ਉਸ ਵੇਲੇ ਸਾਡਾ ਪੜ੍ਹਾਈ ਕਰਦੇ ਸਮੇਂ ਦਾ ਇਹ ਪਹਿਲਾ ਬਿਜ਼ਨਸ ਸੀ, ਜੋ ਪੂਰੀ ਤਰ੍ਹਾਂ ਸਫ਼ਲ ਰਿਹਾ । ਪਰ ਇਸ ਸਫ਼ਲ ਬਿਜ਼ਨਸ ਵਿੱਚ ਮਿਹਨਤ, ਲਗਨ, ਇਮਾਨਦਾਰੀ, ਇੱਕਜੁੱਟਤਾ,ਘੱਟ ਲਾਭ ਦੇ ਨਾਲ ਪਿੱਸਤੀ ਦਾ ਮਾਰਗ ਦਰਸ਼ਨ ਦਾ ਵੀ ਖਾਸ ਯੋਗਦਾਨ ਸੀ।
-
ਪ੍ਰਿੰਸੀਪਲ ਰੰਧਾਵਾ ਸਿੰਘ , ਲੇਖਕ
*********
9417131332
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.