ਪੰਜਾਬੀ ਭਾਸ਼ਾ ਦੁਨੀਆਂ ਦੀਆਂ ਸਰਵੋਤਮ ਭਾਸ਼ਾਵਾਂ ਵਿੱਚ ਆਪਣਾ ਬੜਾ ਮਾਣ ਮੱਤਾ ਸਥਾਨ ਰੱਖਦੀ ਹੈ। ਪੰਜਾਬੀ ਸਾਹਿਤ ਦੀ ਗੱਲ ਕਰੀਏ ਤਾਂ ਇਹ ਮੁੱਢ ਤੋਂ ਹੀ ਅਵਾਮ ਹਿਤੈਸ਼ੀ ਰਿਹਾ ਹੈ। ਸਾਹਿਤ ਦੀ ਹਰ ਵਿਧਾ ਵਿੱਚ ਮਨੱਖੀ ਊਣਤਾਈਆਂ ਨੂੰ ਉਭਾਰਿਆ ਗਿਆ ਹੈ। ਉਹ ਸਮਾਜਿਕ ਹੋਣ, ਰਾਜਨੀਤਕ ਹੋਣ ਜਾਂ ਫਿਰ ਆਰਥਿਕ। ਹਾਕਮ ਧਿਰ ਵੱਲੋਂ ਮਨੁੱਖ ਦੀ ਹੁੰਦੀ ਲੁੱਟ ਅਤੇ ਉਸ ਦੇ ਅੰਜਾ਼ਮ ਨੂੰ ਯਥਾਰਥਿਕਤਾ ਨਾਲ਼ ਮੇਲਿਆ ਗਿਆ ਹੈ। ਜਦੋਂ ਹਾਕਮ ਧਿਰ ਦੀ ਮਨੁੱਖ ਨਾਲ ਦਵੰਧਾਤਮਿਕਤਾ ਦੀ ਗੱਲ ਚੱਲਦੀ ਹੈ ਤਾਂ ਉਸ ਦੇ ਨਾਲ ਜੁੜੇ ਹੋਏ ਸਿਧਾਂਤਾਂ ਉੱਤੇ ਚੇਤਨਤਾ ਦਾ ਪਹਿਰਾ ਦੇਣਾ ਜ਼ਰੂਰੀ ਹੋ ਜਾਂਦਾ ਹੈ। ਇਸੇ ਸਾਰਥਿਕਤਾ ਵਿੱਚੋਂ ਮਨੁੱਖਵਾਦੀ ਅਤੇ ਮਾਨਵਤਾ ਦੀ ਗੱਲ ਕਰਨ ਵਾਲੇ , ਆਜ਼ਾਦ ਤਬੀਅਤ ਦੇ, ਸ਼ਹੀਦਾਂ ਦਾ ਜ਼ਿਕਰ ਕਰਨਾ ਬੇਹੱਦ ਲਾਜ਼ਮੀ ਹੋ ਜਾਂਦਾ ਹੈ। ਇਹਨਾਂ ਸ਼ਹੀਦਾਂ ਦੇ ਸੁਪਨਿਆਂ ਦੇ ਸਿਧਾਂਤਾਂ ਨੂੰ ਪਰਣਾਏ ਹੋਏ ਨੇ ਉਸਤਾਦ ਕਾਮਰੇਡ ਡਾ.ਹਰਵਿੰਦਰ ਸਿੰਘ ਸਿਰਸਾ।
ਡਾਕਟਰ ਹਰਵਿੰਦਰ ਸਿੰਘ ਸਿਰਸਾ ਮਹਿਜ ਇਕ ਵਿਅਕਤੀਗਤ ਨਾਮ ਨਹੀਂ ਬਲਕਿ ਨਵ ਚੇਤਨਤਾ ਦੇ ਉਸ ਕ੍ਰਾਂਤੀਕਾਰੀ, ਪ੍ਰਗਤੀਵਾਦੀ ਸੰਘਰਸ਼ਸ਼ੀਲ ਯੋਧੇ ਦੀ ਪਹਿਚਾਣ ਹੈ, ਜਿਨ੍ਹਾਂ ਦੀਆਂ ਅੱਖਾਂ ਵਿੱਚ ਲੱਖਾਂ ਹੀ ਸੂਰਜ ਦਗਦੇ ਅਤੇ ਚਮਕਦੇ ਹਨ। ਇਹਨਾਂ ਦੀ ਸਿੱਖਿਆ ਦੇ ਖੇਤਰ ਵਿੱਚ ਇਹ ਇਨਕਲਾਬੀ ਸੋਚ ਨਿੱਕੇ ਨਿੱਕੇ ਚਿਰਾਗਾਂ ਨੂੰ ਮਸ਼ਾਲਾਂ ਬਣਾ ਰਹੀ ਹੈ। ਸਿਧਾਂਤਵਾਦੀ ਸੋਚ ਦੇ ਧਾਰਨੀ ਡਾਕਟਰ ਹਰਵਿੰਦਰ ਸਿੰਘ ਸਿਰਸਾ ਖੱਬੇ ਪੱਖੀ ਮਾਰਕਸਵਾਦੀ ਅਤੇ ਲੈਨਨਵਾਦੀ ਵਿਚਾਰਧਾਰਾ ਦੀ ਪ੍ਰੋੜਤਾ ਕਰਦੇ ਹੋਏ ਪ੍ਰਬੁੱਧ ਆਲੋਚਕ ਵੀ ਹਨ ਅਤੇ ਕ੍ਰਾਂਤੀਕਾਰੀ ਇਨਕਲਾਬੀ ਕਵੀ ਵੀ। ਸ਼ਹੀਦ-ਏ ਆਜ਼ਮ ਭਗਤ ਸਿੰਘ ਦੀ ਸੋਚ ਦੇ ਧਾਰਨੀ ਗੁਰੂਵਰ ਡਾ. ਹਰਵਿੰਦਰ ਸਿੰਘ ਸਿਰਸਾ ਸੰਸਾਰ ਪੱਧਰ ਤੇ ਸਰਮਾਏਦਾਰੀ ਦੇ ਵੱਧ ਰਹੇ ਨਿਜ਼ਾਮ ਪ੍ਰਤੀ ਚਿੰਤਤ ਅਤੇ ਚੇਤਨਸ਼ੀਲ ਹਨ। ਨਾਬਰ ਜਮਾਤ ਦੇ ਇਸ ਵਰਤਾਰੇ ਨੂੰ ਜੜ੍ਹੋਂ ਪੁੱਟਣ ਲਈ ਉਹ ਕ੍ਰਾਂਤੀਕਾਰੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਇਨਕਲਾਬੀ ਰਾਹਾਂ ਦੀ ਪੈਰਵੀ ਕਰ ਰਹੇ ਹਨ।
ਜ਼ਮੀਨੀ ਪੱਧਰ ਦੀਆਂ ਯਥਾਰਥਵਾਦੀ ਪਰਸਥਿਤੀਆਂ ਵਿੱਚੋਂ ਉਪਜੇ ਮਾਨਵਤਾ ਦੇ ਨਿਘਾਰ ਅਤੇ ਵਧਦੇ ਪਾੜੇ ( ਜਿਸ ਵਿੱਚ ਕਿ ਗਰੀਬ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਹੋ ਰਿਹਾ ਹੈ) ਸਮਾਜਿਕ ਜਾਤੀ ਪਾੜੇ ਨੂੰ ਇਨਕਲਾਬੀ ਸੋਚ ਨਾਲ ਸਮਾਨਤਾ ਦੀ ਪ੍ਰਤੀਬੱਧਤਾ ਰੱਖਦੇ ਹਨ। ਗੁਰੂਦੇਵ ਡਾਕਟਰ ਹਰਵਿੰਦਰ ਸਿੰਘ ਸਿਰਸਾ ਵਰਤਮਾਨ ਸਮੇਂ ਵਿੱਚ ਚੱਲ ਰਹੇ ਸਾਹਿਤਕ ਅਤੇ ਸਮਾਜਿਕ ਵਰਤਾਰੇ ਪ੍ਰਤੀ ਬੇਹੱਦ ਚਿੰਤਨਸ਼ੀਲ ਹਨ। ਮੌਜੂਦਾ ਸਾਹਿਤਕ ਸਿਰਜਕਾਂ ਬਾਰੇ ਉਹਨਾਂ ਦੀ ਕਲਮ ਵਿੱਚ ਵੰਗਾਰ ਝਲਕਦੀ ਹੈ ਅਤੇ ਸਾਹਿਤਕਾਰ ਸਮਾਜ ਪ੍ਰਤੀ ਜਵਾਬਦੇਹ ਵੀ ਹੁੰਦਾ ਹੈ ,ਜਦੋਂ ਉਹ ਆਪਣੀ ਕਵਿਤਾ ਵਿੱਚ ਲਿਖਦੇ ਹਨ:-
"ਲੋਕ ਪੁੱਛਣਗੇ,
ਪੁੱਛਣਗੇ ਜਰੂਰ, ਪੁੱਛਣਾ ਬਣਦਾ ਵੀ ਹੈ...
ਜਦੋਂ ਸਾਡੀਆਂ ਅੱਖਾਂ ਵਿੱਚ ਹੰਝੂ ਸਨ
ਸਾਡੇ ਦਿਲਾਂ ਵਿੱਚ ਰੋਹ ਸੀ
ਆਪਣਿਆਂ ਦੀਆਂ ਅਸਥੀਆਂ
ਦੀ ਸਾਂਭ ਸੰਭਾਲ ਵਿੱਚ ਰੁੱਝੇ...
ਸਿਜਦੇ ਵਿੱਚ ਝੁਕੇ ਹੋਏ
ਉਦਾਸ ਸਾਂ
ਗ਼ਮਗੀਨ ਸਾਂ
ਆਪਣੇ ਬੱਚਿਆਂ ਦੇ ਭਵਿੱਖ ਬਾਰੇ ਫਿਕਰਮੰਦ ਸਾਂ..
ਤੁਸੀਂ ਤਾਂ ਉਦੋਂ ਮਾਨਾਂ ਸਨਮਾਨਾਂ
ਵਿਚ ਗਲਤਾਨ ਹੀ ਰਹੇ
ਫਿਰ ਕਿਹੀ ਹੈ ਸਾਂਝ
ਸਾਡੀ -ਤੁਹਾਡੀ
ਲੋਕ ਪੁੱਛਣਗੇ
ਪੁੱਛਣਗੇ ਜ਼ਰੂਰ
ਪੁੱਛਣਾ ਬਣਦਾ ਹੀ ਹੈ....।
ਉਸਤਾਦ ਡਾਕਟਰ ਹਰਵਿੰਦਰ ਸਿੰਘ ਸਿਰਸਾ ਅੱਜ ਕੱਲ੍ਹ ਸਿਰਸਾ (ਹਰਿਆਣਾ) ਦੇ ਵਾਸੀ ਨੇ। ਹਰਿਆਣਾ ਵਿੱਚ ਪੰਜਾਬੀ ਸਾਹਿਤ ਨੂੰ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਅਤੇ ਸਾਹਿਤ ਦੀ ਨਰੋਈ ਬਣਤਰ ਲਈ ਲਗਾਤਾਰ ਯਤਨਸ਼ੀਲ ਹਨ। ਇਹ ਉਹਨਾਂ ਦੀ ਪੰਜਾਬੀ ਪ੍ਰਤੀ ਅਦਬੀ ਮੁਹੱਬਤ ਦੀ ਸ਼ਿੱਦਤ ਨਾਲ ਭਰੀ ਗਵਾਹੀ ਦਾ ਸਬੂਤ ਹੈ ਕਿ ਉਹ ਰਾਸ਼ਟਰੀ ਪੱਧਰ ਦੇ ਸੈਮੀਨਾਰ ਦਾ ਆਯੋਜਨ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਪੰਜਾਬੀ ਲੇਖਕ ਸਭਾ ਸਿਰਸਾ ਦੇ ਸਹਿਯੋਗ ਨਾਲ਼ "ਸਮਕਾਲ ਅਤੇ ਪੰਜਾਬੀ ਸਾਹਿਤ" ਜਿਹੇ ਬੇਹੱਦ ਗੰਭੀਰ ਅਤੇ ਵਿਸ਼ਾਲ ਵਿਸ਼ੇ ਉੱਤੇ ਪੰਜਾਬੀ ਦੇ ਮਹਾਂਰਥੀ ਲੇਖਕਾਂ ਦਾ ਸੰਵਾਦ ਰਚਾਉਂਦੇ ਹਨ। ਲੇਖਕ ਦੀ ਸਮਾਜ ਪ੍ਰਤੀ ਜਵਾਬਦੇਹੀ ਕੀ ਹੋਵੇ?, ਉਹਨਾਂ ਦੀ ਬੌਧਿਕ ਵਿਦਵਤਾ ਦੀ ਗਵਾਹੀ ਭਰਦੀ ਹੈ।
ਉਸਤਾਦ ਡਾਕਟਰ ਹਰਵਿੰਦਰ ਸਿੰਘ ਸਿਰਸਾ ਜਿੰਮੇਵਾਰੀਆਂ ਦੇ ਦੇ ਵੀ ਉਸਤਾਦ ਨੇ, ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਸਾਬਕਾ ਸਕੱਤਰ ਮੈਂਬਰ ਕਾਰਜਕਾਰਨੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਜਨਰਲ ਸਕੱਤਰ ਹਰਿਆਣਾ ਪ੍ਰਗਤੀਸ਼ੀਲ ਲੇਖਕ ਸੰਘ, ਕਾਰਜਕਾਰਨੀ ਮੈਂਬਰ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ, ਐਸੋਸੀਏਟ ਮੈਂਬਰ ਪੰਜਾਬ ਸਾਹਿਤ ਅਕਾਡਮੀ ਚੰਡੀਗੜ੍ਹ , ਅਤੇ ਪ੍ਰਧਾਨ ਸਾਹਿਤ ਸਭਾ ਸਿਰਸਾ (ਹਰਿਆਣਾ ), ਦੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਅ ਰਹੇ ਹਨ ।ਫੁਰਤੀਲੇ ਸੁਭਾਅ ਦੇ ਉਸਤਾਦ ਬਹੁਤ ਗਹਿਰ ਗੰਭੀਰ ਹਨ।
ਉਹਨਾਂ ਦੀ ਤੋਰ ਵਿੱਚ ਰਵਾਨਗੀ ਅਤੇ ਦੇ ਕਦਮਾਂ ਵਿੱਚ ਲੋਹੜਿਆਂ ਦਾ ਉਲਾਸ ਹੈ। ਹਰ ਰੋਜ਼ ਚੜ੍ਹਦੇ ਸੂਰਜ ਨਾਲ਼ ਉਹਨਾਂ ਦੇ ਜੀਵਨ ਪ੍ਰਤੀ ਜ਼ਿੰਦਾਬਾਦ ਵਿਚਾਰ , ਮੀਡੀਆ ਉੱਤੇ ਤੇ ਹਜ਼ਾਰਾਂ ਨਹੀਂ ਬਲਕਿ ਲੱਖਾਂ ਪਾਠਕਾਂ ਵਿੱਚ ਨਵੀਂ ਊਰਜਾ ਦਾ ਆਗਾਜ਼ ਕਰਦੇ ਹਨ। ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜਿਉਣ ਦਾ ਸੁਨੇਹਾ ਦਿੰਦੇ ਹਨ। ਗੁਰੂਵਰ ਸਿਰਸਾ ਨੇ ਹੁਣ ਤੱਕ ਆਲੋਚਨਾ ਦੀਆਂ ਦੋ ਪੁਸਤਕਾਂ ਪ੍ਰਗਤੀਵਾਦੀ ਕਾਵਿ ਚਿੰਤਨ ,ਅਨੇਕਾਂ ਹੀ ਕਿਤਾਬਾਂ ਦੇ ਮੁੱਖ ਬੰਦ, ਬਹੁਤ ਸਾਰੇ ਪ੍ਰਗਤੀਵਾਦੀ ਲੇਖ ਅਤੇ ਬਹੁਤ ਸਾਰੀਆਂ ਕ੍ਰਾਂਤੀਕਾਰੀ ਕਵਿਤਾਵਾਂ ਦੀ ਰਚਨਾ ਕਰਕੇ ਪੰਜਾਬੀ ਸਾਹਿਤ ਨੂੰ ਅਮੀਰੀ ਬਖਸ਼ਣ ਦੇ ਨਾਲ਼ ਨਾਲ਼ ਸਮਾਜ ਨੂੰ ਨਵੀਂ ਸੇਧ ਦਿੱਤੀ ਹੈ। ਉਸਤਾਦ ਡਾਕਟਰ ਹਰਵਿੰਦਰ ਸਿੰਘ ਸਿਰਸਾ ਪ੍ਰੋਫੈਸਰ ਹੋਣ ਤੋਂ ਬਿਨਾਂ ਉਹਨਾਂ ਦੀ ਵਿਸ਼ਾਲਤਾ ਕਿਤੇ ਜ਼ਿਆਦਾ ਹੈ।
ਜੁਝਾਰੂ ਕਵੀ ਪਾਸ਼ ਦੀ ਕਵਿਤਾ ਤੇ ਉਹਨਾਂ ਨੇ ਐਮ ਫਿਲ ਕੀਤੀ ਹੈ ਅਤੇ 'ਪ੍ਰਗਤੀਵਾਦੀ ਪੰਜਾਬੀ ਕਵਿਤਾ ਦਾ ਕਾਵਿ ਸ਼ਾਸਤਰ' ਉਹਨਾਂ ਦੀ ਪੀਐਚਡੀ ਦਾ ਥੀਸਿਸ ਰਿਹਾ ਅਤੇ ਡਾਕਟਰ ਦੀ ਉਪਾਧੀ ਮਿਲੀ। ਹੁਣੇ ਜਿਹੇ 04 ਨਵੰਬਰ 2023 ਨੂੰ ਉਹਨਾਂ ਨੂੰ 'ਸਾਹਿਤਿਅਆਰਥ ਪੁਰਸਕਾਰ' ਨਾਲ ਨਿਵਾਜ਼ਿਆ ਗਿਆ ਹੈ। ਅੱਜ ਕੱਲ੍ਹ ਉਹ ਪੰਜਾਬੀ ਸਾਹਿਤ ਨੂੰ ਪ੍ਰਫੁਲਤਾ ਵੱਲ ਅੱਗੇ ਤੋਰਨ ਲਈ ਯਤਨ ਕਰ ਰਹੇ ਹਨ ਅਤੇ ਹਰਿਆਣਾ ਵਿੱਚ ਪੰਜਾਬੀ ਨੂੰ ਪੱਕੇ ਪੈਰੀਂ ਕਰ ਰਹੇ ਹਨ। ਉਹਨਾਂ ਲਈ ਸਾਹਿਤ ਜੀਵਨ ਲਈ ਨਹੀਂ, ਜੀਵਨ ਦੀ ਰਚਨਾ ਹੈ, ਤਾਂ ਕਿ ਸਾਹਿਤ, ਵਰਗ ਰਹਿਤ ਸਮਾਜ ਦਾ ਨਿਰਮਾਣ ਕਰੇ ਅਤੇ ਲੇਖਕ ਚੇਤਨ ਹੋਣ ਦੇ ਨਾਤੇ ਨਾਬਰ ਦੀਆਂ ਆਵਾਮ ਪ੍ਰਤੀ ਮਾਰੂ ਨੀਤੀਆਂ ਦਾ ਮੂੰਹ ਤੋੜ ਜਵਾਬ ਦੇਵੇ। ਕਾਮਰੇਡ ਡਾਕਟਰ ਹਰਵਿੰਦਰ ਸਿੰਘ ਸਿਰਸਾ ਜੀਓ ਸਿਧਾਂਤਵਾਦੀ ਵਿਚਾਰਧਾਰਾ ਜ਼ਿੰਦਾਬਾਦ ਹੈ ,ਅਤੇ ਜ਼ਿੰਦਾਬਾਦ ਰਹੇਗੀ।
-
ਅੰਮ੍ਰਿਤਪਾਲ ਕਲੇਰ ਚੀਦਾ, ਲੇਖਕ
kaleramritpalkaur@gmail.com
9915780980
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.