ਵਿਜੇ ਗਰਗ
ਅਜੋਕੇ ਸਮੇਂ ਦੌਰਾਨ ਕੋਈ ਵਿਰਲਾ ਹੀ ਬੱਚਾ ਹੋਵੇਗਾ, ਜੋ ਤਨ-ਮਨ ਨਾਲ ਪੜ੍ਹਾਈ ’ਚ ਰੁਚੀ ਰੱਖਦਾ ਹੋਵੇਗਾ, ਨਹੀਂ ਤਾਂ 100 ’ਚੋਂ 80 ਫ਼ੀਸਦੀ ਬੱਚੇ ਤਾਂ ਪੜ੍ਹਾਈ ਤੋਂ ਖਹਿੜਾ ਛਡਾਉਣ ਦੇ ਬਹਾਨੇ ਹੀ ਲੱਭਦੇ ਹਨ। ਸ਼ੌਕ ਤੇ ਰੁਚੀ ਤੋਂ ਬਿਨਾਂ ਕੋਈ ਵੀ ਕੰਮ ਅਸੰਭਵ ਹੈ। ਜੇ ਕੋਈ ਵੀ ਕੰਮ ਮਨੁੱਖ ਸ਼ੌਕ ਤੇ ਦਿਲਚਸਪੀ ਨਾਲ ਕਰੇਗਾ, ਫਿਰ ਕੋਈ ਵੀ ਮੈਦਾਨ ਫ਼ਤਿਹ ਕਰਨਾ ਔਖਾ ਨਹੀਂ। ਇਸੇ ਤਰ੍ਹਾਂ ਬੱਚੇ ਦਾ ਮਨ ਹੁੰਦਾ ਹੈ। ਬਗ਼ੈਰ ਦਿਲਚਸਪੀ ਅਤੇ ਸ਼ੌਕ ਤੋਂ ਪੜ੍ਹਾਈ ਬੱਚੇ ਨੂੰ ਬੋਝ ਜਾਪੇਗੀ। ਬੇਸ਼ੱਕ ਤਨੋਂ ਬੱਚਾ ਪੜ੍ਹਾਈ ਕਰੇਗਾ ਪਰ ਮਨੋਂ ਕੁਝ ਵੀ ਸਿੱਖਣ ਵਿਚ ਅਸਮਰੱਥ ਰਹੇਗਾ।
ਰਟਣ ਤੋਂ ਕੀਤਾ ਜਾਵੇ ਗੁਰੇਜ਼
ਅਜੋਕੇ ਤਕਨੀਕੀ ਯੁੱਗ ’ਚ ਅੱਜ ਵੀ ਵਿਦਿਆਰਥੀਆਂ ਨੂੰ ਕੇਵਲ ਤੋਤਾ ਰਟਣ ਅਤੇ ਪੰਨੇ ਕਾਲੇ ਕਰਵਾਉਣ ਤੱਕ ਸੀਮਤ ਰੱਖਿਆ ਗਿਆ ਹੈ, ਜਦੋਂਕਿ ਇਸ ਦੀ ਬਜਾਏ ਪ੍ਰੈਕਟੀਕਲ ਕੰਮ ’ਤੇ ਜ਼ੋਰ ਦੇਣਾ ਚਾਹੀਦਾ ਹੈ। ਸਮਾਜ ’ਚ ਰਹਿੰਦਿਆਂ ਅਸੀਂ ਪ੍ਰੈਕਟੀਕਲ ਤੌਰ ’ਤੇ ਵਿਚਰਦੇ ਹਾਂ ਤੇ ਜੋ ਸਿੱਖਿਆ ਬੱਚਾ ਪ੍ਰੈਕਟੀਕਲ ਵਿਧੀ ਤੋਂ ਗ੍ਰਹਿਣ ਕਰ ਸਕਦਾ ਹੈ, ਉਹ ਤੋਤਾ ਰਟਣ ਅਤੇ ਪੰਨੇ ਕਾਲੇ ਕਰ ਕੇ ਨਹੀਂ ਗ੍ਰਹਿਣ ਕਰ ਸਕਦਾ। ਬਗ਼ੈਰ ਰੁਚੀ ਤੇ ਦਬਾਅ ਹੇਠਾਂ ਕੁਝ ਵੀ ਗ੍ਰਹਿਣ ਕਰਨਾ ਅਸੰਭਵ ਹੈ। ਜੇ ਉਸੇ ਕਾਰਜ ਨੂੰ ਵਿਦਿਆਰਥੀ ਪ੍ਰੈਕਟੀਕਲ ਤੌਰ ’ਤੇ ਕਰੇਗਾ ਤਾਂ ਫਿਰ ਸਾਰੀ ਉਮਰ ਤੱਕ ਯਾਦ ਰੱਖੇਗਾ।
ਰਚਨਾਤਮਿਕ ਤਰੀਕੇ ਨਾਲ ਪੜ੍ਹਾਉਣ ਦੀ ਕਰੋ ਕੋਸ਼ਿਸ਼
ਅੱਜ-ਕੱਲ੍ਹ ਹਰ ਬੱਚਾ ਪੜ੍ਹਾਈ ਤੋਂ ਜੀਅ ਚੁਰਾਉਂਦਾ ਹੈ। ਖੇਡਾਂ ’ਚ ਤਾਂ ਬੱਚੇ ਰੁਚੀ ਰੱਖਦੇ ਹਨ ਪਰ ਪੜ੍ਹਾਈ ’ਚ ਨਹੀਂ। ਪੜ੍ਹਾਈ ਤੋਂ ਦੂਰ ਜਾਣ ਦਾ ਕਾਰਨ ਇਹ ਵੀ ਹੈ ਕਿ ਉਹ ਕੇਵਲ ਤੋਤਾ ਰਟਣ ਤੇ ਪੰਨੇ ਕਾਲੇ ਕਰ ਕੇ ਅੱਕ ਚੁੱਕੇ ਹਨ ਤੇ ਉਨ੍ਹਾਂ ਨੂੰ ਕਈ ਵਰ੍ਹਿਆਂ ਤੋਂ ਚੱਲੀ ਆ ਰਹੀ ਇਹ ਪ੍ਰਕਿਰਿਆ ਰੋਚਕ ਨਹੀਂ ਜਾਪਦੀ। ਜੇ ਸਕੂਲ ’ਚ ਬੱਚੇ ਨੂੰ ਰਚਨਾਤਮਿਕ ਪ੍ਰਕਿਰਿਆ ਨਾਲ ਪੜ੍ਹਾਉਣ ਦਾ ਯਤਨ ਕੀਤਾ ਜਾਵੇ, ਤਾਂ ਉਹ ਹੌਲੀ-ਹੌਲੀ ਪੜ੍ਹਾਈ ’ਚ ਰੁਚੀ ਦਿਖਾਉਣੀ ਸ਼ੁਰੂ ਕਰੇਗਾ।
ਤਕਨਾਲੋਜੀ ਦੇ ਯੁੱਗ ਦੌਰਾਨ ਵਿਦਿਆਰਥੀ ਰਚਨਾਤਮਿਕ ਬੋਧੀ ਦੇ ਮਾਲਕ ਬਣ ਗਏ ਹਨ। ਉਹ ਰਚਨਾਤਮਿਕਤਾ ਨਾਲ ਨਵੀਆਂ ਰੋਚਕ ਚੀਜ਼ਾਂ ਸਿੱਖਣਾ ਪਸੰਦ ਕਰਦੇ ਹਨ।
ਰੁਚੀ ਨੂੰ ਨਿਖਾਰਨ ਦਾ ਕੀਤਾ ਜਾਵੇ ਯਤਨ
ਸਿਰਫ਼ ਹੁਨਰਮੰਦ ਤੇ ਮਿਹਨਤਕਸ਼ ਅਧਿਆਪਕ ਹੀ ਵਿਦਿਆਰਥੀ ਦੀ ਰੁਚੀ ਨੂੰ ਨਿਖਾਰਨ ਦਾ ਯਤਨ ਕਰਦੇ ਹਨ। ਸਕੂਲ ’ਚ ਵਿਦਿਆਰਥੀ ਦੀ ਰੁਚੀ ਅਨੁਸਾਰ ਕੰਮ ਕਰਵਾਉਣਾ ਚਾਹੀਦਾ ਹੈ।
ਜੇ ਛੋਟੀ ਉਮਰ ਤੋਂ ਹੀ ਬੱਚੇ ਦੀ ਰੁਚੀ ਨੂੰ ਨਿਖਾਰਨ ਦਾ ਯਤਨ ਕੀਤਾ ਜਾਵੇ, ਤਾਂ ਭਵਿੱਖ ’ਚ ਉਹ ਜ਼ਰੂਰ ਇਕ ਕਲਾਤਮਿਕ ਸ਼ਖ਼ਸੀਅਤ ਦੇ ਰੂਪ ’ਚ ਉੱਭਰ ਕੇ ਸਾਹਮਣੇ ਆਵੇਗਾ।
ਡਰ ’ਚ ਰਹਿ ਕੇ ਨਹੀਂ ਸਿੱਖ ਸਕਦਾ ਬੱਚਾ
ਬੱਚੇ ਦੇ ਮਨ ’ਚ ਘੱਟ ਨੰਬਰ ਆਉਣ ’ਤੇ ਅਧਿਆਪਕ ਵੱਲੋਂ ਦਿੱਤੀ ਜਾਂਦੀ ਸਜ਼ਾ ਦਾ ਡਰ ਹੁੰਦਾ ਹੈ, ਜਿਸ ਕਾਰਨ ਬੱਚਾ ਵਿਸ਼ੇ ਨੂੰ ਸਮਝਣ ਦੀ ਬਜਾਏ ਤੋਤਾ ਰਟਣ ਵਿਧੀ ਦੀ ਮਦਦ ਸਕਦਾ ਦਬਾਅ ਹੇਠ ਜ਼ਬਰਦਸਤੀ ਆਪਣੇ ਦਿਮਾਗ਼ ’ਚ ਘੋਲਣ ਦੀ ਕੋਸ਼ਿਸ਼ ਕਰਦਾ ਹੈ। ਬੱਚੇ ਦੇ ਮਨ ਅੰਦਰ ਡਰ ਹੁੰਦਾ ਹੈ ਕਿ ਘੱਟ ਅੰਕ ਪ੍ਰਾਪਤ ਕਰਨ ’ਤੇ ਮੇਰੇ ਮਾਪੇ ਅਤੇ ਅਧਿਆਪਕ ਮੈਨੂੰ ਝਿੜਕਣਗੇ। ਇਸ ਲਈ ਬੱਚਾ ਘੋਟੇ ਨਾਲ ਸਿੱਖਣ ਦੀ ਕੋਸ਼ਿਸ਼ ਕਰਦਾ ਹੈ, ਜਦੋਂਕਿ ਡਰ-ਭੈਅ ਦੀ ਸਥਿਤੀ ’ਚ ਅਸੀਂ ਕੁਝ ਵੀ ਜ਼ਬਰਦਸਤੀ ਨਹੀਂ ਸਿੱਖ ਸਕਦੇ। ਇਸ ਲਈ ਅਧਿਆਪਕਾਂ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਪੜ੍ਹਾਈ ਸਿਰਫ਼ ਅੰਕਾਂ ਦੀ ਖੇਡ ਹੀ ਨਹੀਂ ਹੈ ਸਗੋਂ ਗਿਆਨ ਤੇ ਨੈਤਿਕ ਕਦਰਾਂ-ਕੀਮਤਾਂ ਦਾ ਖ਼ਜ਼ਾਨਾ ਹੈ, ਜੋ ਸਾਨੂੰ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਉਂਦੀ ਹੈ। ਜੇ ਵਿਦਿਆਰਥੀ ਘੱਟ ਅੰਕ ਪ੍ਰਾਪਤ ਕਰਦਾ ਹੈ ਤਾਂ ਫਿਰ ਅਧਿਆਪਕ ਉਸ ਨੂੰ ਸਜ਼ਾ ਦੇਣ ਦੀ ਬਜਾਏ ਕਾਰਨ ਜਾਣਨ ਦੀ ਕੋਸ਼ਿਸ਼ ਕਰੇ ਕਿ ਆਖ਼ਰ ਕਿਸ ਕਾਰਨ ਕਰਕੇ ਬੱਚਾ ਪੜ੍ਹਨ ’ਚ ਅਸਮਰੱਥ ਹੈ।
ਬਣਾਇਆ ਜਾਵੇ ਵਾਤਾਵਰਨ ਪ੍ਰੇਮੀ
ਚਾਹੇ ਬੱਚਾ ਹੋਵੇ ਜਾਂ ਬਜ਼ੁਰਗ, ਵਾਤਾਵਰਨ ਦੀ ਸਾਂਭ-ਸੰਭਾਲ ਸਭ ਦੀ ਵੱਡਮੁੱਲੀ ਜ਼ਿੰਮੇਵਾਰੀ ਹੈ। ਬੱਚੇ ਨੂੰ ਵਾਤਾਵਰਨ ਨਾਲ ਜੋੜਨ ਲਈ ਮਾਪੇ ਅਤੇ ਅਧਿਆਪਕ ਪ੍ਰੇਰਿਤ ਕਰ ਸਕਦੇ ਹਨ। ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਵਾਉਣ ਲਈ ਅਧਿਆਪਕ ਵਾਤਾਵਰਨ ਸਬੰਧੀ ਕਾਰਜ ਬੱਚੇ ਨੂੰ ਸੌਂਪ ਸਕਦੇ ਹਨ। ਅਧਿਆਪਕ ਵਿਦਿਆਰਥੀਆਂ ਨੂੰ ਚੁਣੌਤੀ ਦੇ ਸਕਦੇ ਹਨ ਕਿ ਜਿਹੜਾ ਵਿਦਿਆਰਥੀ ਸਾਲ ’ਚ ਸਭ ਤੋਂ ਵਧੇਰੇ ਪੌਦੇ ਲਗਾਵੇਗਾ, ਉਸ ਨੂੰ ਇਨਾਮ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ।
ਅਜਿਹੀਆਂ ਗਤੀਵਿਧੀਆਂ ਸਦਕਾ ਬੱਚੇ ਦੇ ਮਨ ਅੰਦਰ ਵਾਤਾਵਰਨ ਸਬੰਧੀ ਨੈਤਿਕ ਜ਼ਿੰਮੇਵਾਰੀ ਵੀ ਪੈਦਾ ਹੁੰਦੀ ਹੈ ਅਤੇ ਮੁਕਾਬਲੇ ਦੀ ਭਾਵਨਾ ਵੀ। ਬਦਲਦੇ ਯੁੱਗ ਦੌਰਾਨ ਲੋੜ ਹੈ ਬੇਲੋੜੇ ਸਿਲੇਬਸ ਵਿਚ ਕਟੌਤੀ ਕਰ ਕੇ ਪ੍ਰੈਕਟੀਕਲ ਢੰਗ ਸਦਕਾ ਵਿੱਦਿਆ ਪ੍ਰਣਾਲੀ ਦੀ ਸ਼ੁਰੂਆਤ ਕਰਨ ਦੀ। ਜੇ ਵਿੱਦਿਆ ਪ੍ਰਣਾਲੀ ਵਿਚ ਖੇਡਾਂ-ਖੇਡਾਂ ’ਚ ਬੱਚੇ ਨੂੰ ਸਿਖਾਉਣ ਦਾ ਯਤਨ ਕੀਤਾ ਜਾਵੇ ਤਾਂ ਫਿਰ ਬੱਚੇ ਦੀ ਰੁਚੀ ਪੜ੍ਹਾਈ ’ਚ ਵਧੇਗੀ ਅਤੇ ਉਹ ਖ਼ੁਸ਼ੀ-ਖ਼ੁਸ਼ੀ ਸਕੂਲ ਜਾਵੇਗਾ ਤੇ ਪੜ੍ਹਾਈ ਨੂੰ ਬੋਝ ਵੀ ਨਹੀਂ ਸਮਝੇਗਾ।
-
ਵਿਜੇ ਗਰਗ, ਸੇਵਾਮੁਕਤ ਪ੍ਰਿੰਸੀਪਲ ਵਿਦਿਅਕ ਕਾਲਮ ਨਵੀਸ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.