ਖਸਮਾਂ ਨੂੰ ਖਾਂਦਾ ਈ ਤੇਰਾ ਘਰ ਵੇ, ਚੱਲ ਮੇਲੇ ਨੂੰ ਚੱਲੀਏ । ਮੇਲੇ ਦਾ ਮਤਲਬ ਹੈ ਮੇਲ -ਮਿਲਾਪ ਮਤਲਬ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਦਾ ਮੇਲ ਮਿਲਾਪ । ਪੁਰਾਣੇ ਵੇਲੇ ਮੇਲੇ ਦਾ ਚਾਅ ਵਿਆਹ ਤੋਂ ਵੀ ਵਧ ਹੁੰਦਾ ਸੀ, ਲੋਕ ਮਹੀਨੇ ਪਹਿਲਾਂ ਹੀ ਮੇਲੇ ਦੀ ਤਿਆਰੀ ਸ਼ੁਰੂ ਕਰ ਦਿੰਦੇ ਸੀ । ਜਿਸ ਪਿੰਡ ਵੀ ਮੇਲਾ ਲੱਗਣਾ ਹੁੰਦਾ ਪਿੰਡ ਦੇ ਨਾਲ ਨਾਲ ਉੱਥੇ ਘਰਾਂ ਦੀ ਸਾਫ਼ ਸਫ਼ਾਈ ਅਗਾਓਂ ਹੀ ਸ਼ੁਰੂ ਹੋ ਜਾਂਦੀ ਸੀ । ਬੱਚੇ, ਬੁੱਢੇ, ਜਵਾਨ ਸਾਰੇ ਇਸ ਦਿਨ ਦੀ ਬੇਸਬਰੀ ਨਾਲ ਉਡੀਕ ਕਰਦੇ ਰਹਿੰਦੇ ਸਨ । ਮੇਲੇ ਵਿੱਚ ਪਕੌੜੇ,ਜਲੇਬੀਆਂ ਤੇ ਹੋਰ ਮਿਠਾਈ ਚਾਅ ਨਾਲ ਖਰੀਦ ਕੇ ਖਾਧੀ ਜਾਂਦੀ ਸੀ । ਗਾਹਕਾਂ ਦੀ ਮੰਗ ਦੇ ਨਾਲ- ਨਾਲ ਦੁਕਾਨਦਾਰਾਂ ਨੂੰ ਵੀ ਚੋਖੀ ਕਮਾਈ ਹੋ ਜਾਂਦੀ ਸੀ । ਮੇਲੇ ਵਿਚ ਵੱਖ -ਵੱਖ ਪ੍ਰਕਾਰ ਦੇ ਮਨੋਰੰਜਨ ਸਾਧਨ ਜਿਵੇੰ ਝੂਲੇ, ਚੰਡੋਲ, ਸਰਕਸ, ਢਾਡੀ ਵਾਰਾਂ, ਧਾਰਮਿਕ ਨੇਤਾਵਾਂ ਦੇ ਜੋਸ਼ ਭਰੇ ਭਾਸ਼ਣ ਆਦਿ ਮਨ ਦੀ ਤ੍ਰਿਪਤੀ ਦਾ ਸਾਧਨ ਬਣਦੇ ਸਨ । ਵੱਖ ਵੱਖ ਪ੍ਰਕਾਰ ਦੀਆਂ ਖੇਡਾਂ ਜਿਵੇਂ ਕੁਸਤੀ,ਕੱਬਡੀ,ਰੱਸਾਕੱਸੀ,ਦਾ ਵੀ ਆਯੋਜਨ ਕੀਤਾ ਜਾਂਦਾ ਸੀ ਜਿਸ ਵਿਚ ਪਿੰਡ ਦੇ ਨੌਜਵਾਨ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ । ਜਿੱਥੇ ਜਿੱਥੇ ਮੇਲਾ ਆਦਮੀਆਂ ਲਈ ਮਨੋਰੰਜਨ ਦਾ ਸਾਧਨ ਬਣਦਾ ਸੀ ਉੱਥੇ ਔਰਤਾਂ ਵੀ ਹਾਰ ਸ਼ਿੰਗਾਰ ਲਗਾ ਕੇ ਮੇਲੇ ਦਾ ਆਨੰਦ ਮਾਣਦੀਆਂ ਸਨ । ਇਸ ਤੋਂ ਇਲਾਵਾ ਇਹ ਸਾਧਨ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਦਾ ਵਸੀਲਾ ਵੀ ਬਣ ਜਾਂਦੇ ਸਨ । ਮੇਲੇ ਵਿਚ ਹੀ ਖੇਤੀਬਾੜੀ ਤੇ ਪਾਲਤੂ ਪਸ਼ੂਆਂ ਦੀ ਵੇਚ ਤੇ ਖਰੀਦ ਦਾ ਕੰਮ ਵੀ ਨਿੱਬੜ ਜਾਂਦਾ ਸੀ । ਸਾਰੇ ਲੋਕ ਰੱਜ ਕੇ ਮਨਪਰਚਾਵਾ ਕਰਦੇ ਤੇ ਬਿਨਾ ਵੈਰ ਵਿਰੋਧ ਤੋਂ ਮੇਲੇ ਦਾ ਆਨੰਦ ਮਾਣਦੇ ਸਨ ,ਇਸ ਦੇ ਉਲਟ ਅੱਜਕਲ੍ਹ ਦੇ ਮੇਲੇ ਸਿਰਫ਼ ਦਿਖਾਵਾ ਤੇ ਲੜਾਈ ਦਾ ਅਖਾੜਾ ਹੀ ਜਾਪਦੇ ਨੇ ।
ਉਂਝ ਵੀ ਅੱਜਕਲ੍ਹ ਕਿਸੇ ਕੋਲ ਏਨਾ ਵਕਤ ਹੀ ਨਹੀਂ ਕੇ ਉਹ ਇੱਕ ਰਾਤ ਮੇਲਾ ਵੇਖਣ ਲਈ ਆਪਣੇ ਰਿਸ਼ਤੇਦਾਰ ਦੇ ਘਰ ਕੱਟ ਲਵੇ ਤੇ ਨਾ ਹੀ ਰੱਖਣ ਵਾਲਿਆਂ ਕੋਲ ਪਰੋਹਣਿਆਂ ਨੂੰ ਸਾਂਭਣ ਦਾ ਟਾਈਮ ਹੁੰਦਾ ਹੈ । ਅੱਜਕਲ੍ਹ ਤਾਂ ਮੇਲਿਆਂ ਵਿਚ ਲੋਕ ਆਪਣੀਆਂ ਧੀਆਂ-ਭੈਣਾਂ ਨੂੰ ਵੀ ਨਾਲ ਲਿਜਾਣ ਤੋਂ ਕੰਨੀ ਕਤਰਾਉਂਦੇ ਹਨ ਕਿਉਂਕਿ ਉੱਥੇ ਫਿਰਦੇ ਕਈ ਮਨਚਲੇ ਔਰਤਾਂ ਨਾਲ ਛੇੜਛਾੜ ਕਰਨ ਤੋਂ ਬਾਜ ਨਹੀਂ ਆਉਂਦੇ । ਮੇਲਿਆਂ ਵਿੱਚ ਖੁੱਲ੍ਹ ਕੇ ਸ਼ਰਾਬ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਲੜਾਈ ਹੋਣ ਦੇ ਆਸਾਰ ਬਣਦੇ ਹਨ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਹੁੰਦਾ ਹੈ । ਅੱਜਕਲ੍ਹ ਤਾਂ ਲੋਕ ਮੇਲੇ ਵਿੱਚ ਚੰਡੋਲ ਤੇ ਝੂਟੇ ਲੈਣ ਦੀ ਬਜਾਏ ਉੱਥੇ ਚਲਦੇ ਡੀਜੇ ਤੇ ਨੱਚਦੇ ਡਾਸਂ ਵੇਖਣ ਨੂੰ ਜਿਆਦਾ ਤਰਜੀਹ ਦਿੰਦੇ ਹਨ । ਮੇਲੇ ਵਿੱਚ ਖੇਡੀਆਂ ਜਾਣ ਵਾਲੀਆਂ ਪਾਰੰਪਰਿਕ ਖੇਡਾਂ ਲੱਗਭਗ ਗਾਇਬ ਹੀ ਹੋ ਗਈਆਂ ਹਨ । ਖਾਣ ਵਾਲੇ ਪਕਵਾਨਾਂ ਵਿੱਚ ਵੀ ਸਫ਼ਾਈ ਤੇ ਸ਼ੁੱਧਤਾ ਨਾ ਮਿਲਣ ਕਾਰਨ ਕੋਈ ਵੀ ਮੇਲੇ ਦੀ ਮਿਠਾਈ ਖਾ ਕੇ ਆਪਣੀ ਸਿਹਤ ਨਾਲ ਖਿਲਵਾੜ ਕਰਨ ਲਈ ਰਾਜ਼ੀ ਨਹੀਂ ਹੁੰਦਾ । ਮੇਲਿਆਂ ਵਿੱਚ ਅੱਗ ਤੇ ਹਥਿਆਰਾਂ ਵਾਲੇ ਕਰਤੱਬ,ਮੋਟਰਸਾਇਕਲ, ਟਰੈਕਟਰ ਵਾਲੇ ਸਟੰਟ ਅੇਤ ਹੋਰ ਖਤਰਨਾਕ ਸਟੰਟ ਕਰਕੇ ਦਰਸ਼ਕਾਂ ਨੂੰ ਆਕਰਸ਼ਿਤ ਕਰਦੇ ਹਨ, ਜਿਸ ਨਾਲ ਜਾਨ-ਮਾਲ ਦਾ ਖਤਰਾ ਹੁੰਦਾ ਹੈ ਜਿਸ ਦੀ ਭਰਪਾਈ ਅਸੰਭਵ ਹੁੰਦੀ ਹੈ। ਮੇਲੇ ਦੇ ਇਸ ਬਦਲ ਰਹੇ ਸਰੂਪ ਤੇ ਨਜ਼ਰਸਾਨੀ ਕਰਕੇ ਇਸ ਨੂੰ ਦੁਬਾਰਾ ਪੁਰਾਤਨ ਰੂਪ ਦੇਣ ਲਈ ਸਾਰੀਆਂ ਨੂੰ ਮਿਲਕੇ ਕੋਈ ਉਪਰਾਲਾ ਕਰਨਾ ਬਣਦਾ ਹੈ, ਨਹੀਂ ਤਾਂ ਇਹ ਵਿਰਾਸਤੀ ਅਨੁਭਵ ਇਤਿਹਾਸਕ ਜਾਂ ਸਿਰਫ਼ ਫ਼ਿਲਮੀ ਪਰਦੇ ਤੱਕ ਸੀਮਤ ਹੋ ਕੇ ਰਹਿ ਜਾਵੇਗਾ ।
-
ਪਿ੍ੰਸੀਪਲ ਰੰਧਾਵਾ ਸਿੰਘ, ਪਿ੍ੰਸੀਪਲ
jakhwali89@gmail.com
9417131332
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.