ਚੜ੍ਹਦੇ ਪੰਜਾਬ ਦੇ ਲੋਕ ਪੰਜਾਬ ਦੀ ਦੋ ਵਾਰ ਹੋਈ ਵੰਡ ਦਾ ਸੰਤਾਪ ਹੁਣ ਤੱਕ ਹੰਢਾ ਰਹੇ ਹਨ। ਪੰਜਾਬ ਦਿਵਸ ਵਾਲੇ ਦਿਨ ਪੰਜਾਬ ਦੇ ਸਿਆਸਤਦਾਨ 1 ਨਵੰਬਰ 2023 ਨੂੰ ਸਤਲੁਜ ਯਮਨਾ Çਲੰਕ ਨਹਿਰ ਦੇ ਪਾਣੀਆਂ ਦੇ ਮੁੱਦੇ ‘ਤੇ ਬਹਿਬਾਜ਼ੀ ਕਰਨ ਵਿੱਚ ਉਲਝੇ ਪਏ ਹਨ। ਭਲੇਮਾਣਸੋ ਇਸ ਬਹਿਸਬਾਜ਼ੀ ਵਿੱਚ ਇੱਕ ਦੂਜੇ ਉਪਰ ਦੂਸ਼ਣਬਾਜ਼ੀ ਕਰਨ ਨਾਲ ਸਤਲੁਜ ਜਮਨਾ Çਲੰਕ ਨਹਿਰ ਦੇ ਮਸਲੇ ਦਾ ਕੋਈ ਹਲ ਨਿਕਲਣ ਦੀ ਕੀ ਉਮੀਦ ਰੱਖਦੇ ਹੋ? ਕਿਉਂ ਪਾਣੀ ਵਿੱਚ ਮਧਾਣੀ ਪਾ ਕੇ ਦੱਬੇ ਮੁਰਦੇ ਉਖਾੜਦੇ ਹੋ? ਜਦੋਂ ਤੁਸੀਂ ਇੱਕਮੁੱਠ ਹੀ ਨਹੀਂ ਤਾਂ ਪੰਜਾਬ ਦਾ ਕੇਸ ਤੁਸੀਂ ਕਿਵੇਂ ਲੜ ਸਕਦੇ ਹੋ? ਤੁਸੀਂ ਤਾਂ ਵੋਟ ਦੀ ਸਿਆਸਤ ਕਰਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਬਹਿਸ ਵਿੱਚੋਂ ਕੀ ਕੱਢੋਗੇ? ਦੂਜੇ ਪਾਸੇ ਪੰਜਾਬੀ ਖਾਸ ਤੌਰ ‘ਤੇ ਸਿੱਖ 1 ਨਵੰਬਰ 2023 ਨੂੰ ਪੰਜਾਬੀ ਸੂਬੇ ਦੀ 57ਵੀਂ ਵਰ੍ਹੇ ਗੰਢ ਮਨਾਉਂਦੇ ਹੋਏ ਫੁਲੇ ਨਹੀਂ ਸਮਾ ਰਹੇ, ਪ੍ਰੰਤੂ ਜਿਸ ਮੰਤਵ ਨਾਲ ਪੰਜਾਬੀ ਸੂਬਾ ਬਣਵਾਇਆ ਸੀ, ਪੰਜਾਬੀ ਭਾਸ਼ਾ ਦਾ ਦਫਤਰੀ ਕੰਮ ਕਾਜ ਵਿੱਚ ਬੋਲਬਾਲਾ ਹੋਵੇ, ਉਹ ਰੁਤਬਾ ਪੰਜਾਬੀ ਭਾਸ਼ਾ ਨੂੰ ਅਜੇ ਤੱਕ ਸਹੀ ਢੰਗ ਨਾਲ ਨਸੀਬ ਨਹੀਂ ਹੋਇਆ। ਪੰਜਾਬ ਨੂੰ ਅਜੇ ਤੱਕ ਰਾਜਧਾਨੀ ਅਤੇ ਹਾਈ ਕੋਰਟ ਵੱਖਰੀ ਨਹੀਂ ਮਿਲੀ। ਇਹ ਖ਼ੁਸ਼ੀ ਕਾਹਦੀ ਹੈ, ਸਮਝ ਨਹੀਂ ਆਉਂਦੀ? ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਤੋਂ ਬਾਅਦ ਕੋਈ ਵੀ ਪੰਜਾਬ ਦਾ ਮੁੱਖ ਮੰਤਰੀ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਸੰਜੀਦਾ ਨਹੀਂ ਰਿਹਾ। ਬਹੁਤੇ ਸੀਨੀਅਰ ਅਧਿਕਾਰੀ ਹਮੇਸ਼ਾ ਪੰਜਾਬੀ ਲਿਖਣ ‘ਤੇ ਬੋਲਣ ਤੋਂ ਕੰਨ੍ਹੀ ਕਤਰਾਉਂਦੇ ਹਨ। ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਕੇਂਦਰ ਸਰਕਾਰ ਵਾਅਦੇ ਹੀ ਕਰਦੀ ਰਹੀ ਹੈ ਪ੍ਰੰਤੂ ਅਜੇ ਤੱਕ ਪੱਲੇ ਕੁਝ ਨਹੀਂ ਪਾਇਆ। ਪਹਿਲੀ ਵਾਰ 1947 ਵਿੱਚ ਪੰਜਾਬ ਦੀ ਵੰਡ ਹੋਈ, ਜਿਸਦੇ ਸਿੱਟੇ ਵਜੋਂ ਪੰਜਾਬੀਆਂ ਖਾਸ ਤੌਰ ‘ਤੇ ਸਿੱਖਾਂ ਨੇ ਆਪਣੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਦਾ ਜਨਮ ਅਸਥਾਨ ਗੁਆ ਲਿਆ। ਉਸ ਵੰਡ ਵਿੱਚ ਭਰਾ ਮਾਰੂ ਜੰਗ ਵੀ ਹੋਈ, ਬਹੁਤ ਸਾਰੇ ਦੋਹਾਂ ਪਾਸਿਆਂ ਦੇ ਪੰਜਾਬੀ ਆਪਣੇ ਸਕੇ ਸੰਬੰਧੀਆਂ ਨੂੰ ਗੁਆ ਬੈਠੇ। ਇਸ ਤੋਂ ਬਾਅਦ 1 ਨਵੰਬਰ 1966 ਨੂੰ ਪੰਜਾਬੀਆਂ ਖਾਸ ਤੌਰ ‘ਤੇ ਸਿੱਖਾਂ ਨੇ ਪੰਜਾਬੀ ਸੂਬਾ ਲੈ ਕੇ ਪੰਜਾਬੀ ਬੋਲਦੇ ਇਲਾਕੇ ਗੁਆ ਲਏ। ਪੰਜਾਬ ਦੇ 26 ਪਿੰਡਾਂ ਦੀ ਥਾਂ ਚੰਡੀਗੜ੍ਹ ਬਣਾਇਆ ਗਿਆ ਸੀ ਪ੍ਰੰਤੂ ਅਸੀਂ ਚੰਡੀਗੜ੍ਹ ਤੋਂ ਵੀ ਹੱਥ ਧੋ ਬੈਠੇ। ਭਾਖੜਾ ਡੈਮ ਅਤੇ ਹੈਡ ਵਰਕਸ ‘ਤੇ ਕੇਂਦਰ ਨੇ ਕਬਜ਼ਾ ਕਰ ਲਿਆ। ਏਸੇ ਕਰਕੇ ਪਰਤਾਪ ਸਿੰਘ ਕੈਰੋਂ ਪੰਜਾਬੀ ਸੂਬਾ ਬਣਨ ਨਹੀਂ ਦੇ ਰਿਹਾ ਸੀ। ਪੰਜਾਬੀ ਸੂਬਾ ਲੈਣ ਲਈ ਸਿੱਖ ਕੌਮ ਖਾਸ ਤੌਰ ‘ਤੇ ਅਕਾਲੀ ਦਲ ਨੇ ਲੰਬਾ ਸਮਾਂ ਸੰਘਰਸ਼ ਕੀਤਾ। ਇਸ ਅੰਦੋਲਨ ਦੌਰਾਨ ਅਨੇਕਾਂ ਸਿੱਖ ਜੇਲ੍ਹਾਂ ਦੀ ਹਵਾ ਖਾਂਦੇ ਰਹੇ। ਬਹੁਤ ਸਾਰੇ ਸਿੱਖ ਜਾਨਾ ਗੁਆ ਬੈਠੇ। ਪੰਜਾਬ ਨੂੰ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਨੁਕਸਾਨ ਹੋਇਆ ਹੈ। ਇਤਨੇ ਨੁਕਸਾਨ ਕਰਵਾ ਕੇ ਲੰਗੜਾ ਪੰਜਾਬੀ ਸੂਬਾ ਲਿਆ ਤੇ ਫਿਰ ਵੀ ਪੰਜਾਬੀ ਖ਼ੁਸ਼ੀ ਮਨਾ ਰਹੇ ਹਨ, ਇਹ ਉਨ੍ਹਾਂ ਦੀ ਫ਼ਿਰਾਕਦਿਲੀ ਜਾਂ ਸੰਜੀਦਗੀ ਦੀ ਅਣਹੋਂਦ ਹੈ। ਜੇਕਰ ਗੰਭੀਰਤਾ ਨਾਲ ਵੇਖਿਆ ਜਾਵੇ ਤਾਂ ਪੰਜਾਬੀਆਂ/ਸਿੱਖਾਂ ਨੂੰ ਕੋਈ ਬਹੁਤਾ ਲਾਭ ਨਹੀਂ ਹੋਇਆ, ਜੇ ਕਿਸੇ ਨੂੰ ਲਾਭ ਹੋਇਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਹੋਇਆ ਹੈ। ਹੁਣ ਤਾਂ ਅਕਾਲੀ ਦਲ ਵਿੱਚ ਸ਼੍ਰੋਮਣੀ ਕੌਣ ਹੈ? ਇਸ ਦਾ ਨਿਪਟਾਰਾ ਕਰਨਾ ਹੀ ਅਸੰਭਵ ਹੋ ਗਿਆ ਹੈ ਕਿਉਂਕਿ ਅਨੇਕਾਂ ਅਕਾਲੀ ਦਲ ਬਣ ਚੁੱਕੇ ਹਨ। ਅਕਾਲੀ ਦਲ ‘ਤੇ ਪਰਿਵਾਰਾਂ ਦੇ ਨਿੱਜੀ ਕਬਜ਼ੇ ਹਨ। ਹਾਂ ਸਾਂਝੇ ਪੰਜਾਬ ਦੇ 1947 ਤੋਂ 1 ਨਵੰਬਰ 1966 ਤੱਕ 5 ਮੁੱਖ ਮੰਤਰੀ ਡਾ.ਗੋਪੀ ਚੰਦ ਭਾਰਗਵ, ਲਾਲਾ ਭੀਮ ਸੈਨ ਸੱਚਰ, ਪ੍ਰਤਾਪ ਸਿੰਘ ਕੈਰੋਂ ਅਤੇ ਕਾਮਰੇਡ ਰਾਮ ਕਿਸ਼ਨ ਬਣੇ, ਉਨ੍ਹਾਂ ਵਿੱਚੋਂ ਸਿਰਫ਼ ਇੱਕ ਪ੍ਰਤਾਪ ਸਿੰਘ ਕੈਰੋਂ ਸਿੱਖ ਸਨ। 1966 ਤੋਂ ਬਾਅਦ ਸਾਰੇ ਮੁੱਖ ਮੰਤਰੀ ਸਿੱਖ ਬਣੇ ਹਨ, ਜਦੋਂ ਕਿ ਸਾਡੇ ਦੇਸ਼ ਦਾ ਸੰਵਿਧਾਨ ਧਰਮ ਨਿਰਪੱਖ ਹੈ। ਪੰਜਾਬੀਆਂ ਦੀ ਪੰਜਾਬ ਦਾ ਮੁੱਖ ਮੰਤਰੀ ਸਿੱਖ ਬਣਾਉਣਾ ਇਹੋ ਇੱਕੋ ਇੱਕ ਪ੍ਰਾਪਤੀ ਹੈ। ਪੰਜਾਬੀ ਭਾਵੇਂ ਆਪਣਾ ਸਿੱਖ ਮੁੱਖ ਮੰਤਰੀ ਬਣਾਉਣ ਵਿੱਚ ਸਫਲ ਰਹੇ ਹਨ ਪ੍ਰੰਤੂ ਸਿੱਖ ਧਰਮ ਦੀ ਬਰਾਬਰਤਾ ਦੀ ਵਿਚਾਰਧਾਰਾ ਦੀ ਉਲੰਘਣਾ ਹੈ। ਪੰਜਾਬੀਆਂ ਨੇ ਕਦੀਂ ਵੀ ਗੰਭੀਰਤਾ ਨਾਲ ਆਪਣੇ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਇਸ ਪੰਜਾਬੀ ਸੂਬੇ ਤੋਂ ਕੀ ਖੱਟਿਆ ਤੇ ਕੀ ਗੁਆਇਆ ਹੈ? ਭਾਵ ਆਮ ਲੋਕਾਂ ਨੂੰ ਕੀ ਲਾਭ ਹੋਇਆ ਹੈ? ਲਾਭ ਤਾਂ ਸਿੱਖ ਸਿਆਸਤਦਾਨਾ ਭਾਵ ਅਕਾਲੀ ਦਲ ਜਾਂ ਵਰਤਮਾਨ ਪੰਜਾਬ ਦੇ ਕਾਂਗਰਸੀਆਂ ਨੂੰ ਹੋਇਆ ਹੈ। ਅਕਾਲੀ ਦਲ ਵੀ ਆਪਣੇ ਨਿਸ਼ਾਨੇ ਤੋਂ ਥਿੜਕ ਗਿਆ ਹੈ। ਉਸਨੇ ਸਿਆਸੀ ਤਾਕਤ ਹਾਸਲ ਕਰਨ ਲਈ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਲਿਆ। ਪੰਜਾਬੀ ਪਾਰਟੀ ਦਾ ਤਾਂ ਕੋਈ ਵੀ ਮੁੱਖ ਮੰਤਰੀ ਬਣ ਸਕਦਾ ਹੈ। ਫਿਰ ਸਾਂਝੇ ਪੰਜਾਬ ਵਿੱਚ ਕੀ ਹਰਜ ਸੀ? ਸਿਆਸਤਦਾਨਾ ਨੇ ਸਿਆਸੀ ਤਾਕਤ ਦਾ ਆਨੰਦ ਮਾਨਣ ਤੋਂ ਬਿਨਾ ਪੰਜਾਬ ਦੇ ਹਿੱਤਾਂ ‘ਤੇ ਪਹਿਰਾ ਨਹੀਂ ਦਿੱਤਾ।
ਪੰਜਾਬੀ ਸੂਬਾ ਬਣਨ ਨਾਲ ਹੋਏ ਨੁਕਸਾਨ ਦੀ ਸੂਚੀ ਲੰਬੀ ਹੈ। ਪਹਿਲਾ ਨੁਕਸਾਨ ਪੰਜਾਬੀਆਂ ਨੂੰ ਇਹ ਹੋਇਆ ਕਿ ਉਸ ਵਿੱਚੋਂ ਇਲਾਕੇ ਕੱਢ ਕੇ ਹਰਿਆਣਾ ਅਤੇ ਹਿਮਾਚਲ ਬਣਾ ਦਿੱਤੇ। ਚਿੜੀ ਦੇ ਪਹੁੰਚੇ ਜਿਤਨਾ ਪੰਜਾਬ ਲੈ ਕੇ ਅਸੀਂ ਫੁਲੇ ਨਹੀਂ ਸਮਾਉਂਦੇ ਪ੍ਰੰਤੂ ਅੰਬਾਲੇ ਤੋਂ ਬਾਅਦ ਦਿੱਲੀ ਜਾਂਦਿਆਂ ਰੁਕਾਵਟਾਂ ਪਹਾੜ ਬਣਕੇ ਖੜ੍ਹ ਜਾਂਦੀਆਂ ਹਨ। ਕੁਝ ਪੰਜਾਬੀ ਬੋਲਦੇ ਇਲਾਕੇ ਵੀ ਹਰਿਆਣਾ ਅਤੇ ਹਿਮਾਚਲ ਨੂੰ ਦੇ ਦਿੱਤੇ। ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਚੰਡੀਗੜ੍ਹ ਵੀ ਪੰਜਾਬ ਤੋਂ ਖੋਹ ਕੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਬਣਾ ਦਿੱਤਾ। ਸਾਂਝੇ ਪੰਜਾਬ ਵਿੱਚੋਂ ਪੰਜਾਬ ਦੇ ਸਾਰੇ ਦਰਿਆ ਨਿਕਲਦੇ ਸਨ। ਉਨ੍ਹਾਂ ਦਰਿਆਵਾਂ ਦੇ ਪਾਣੀ ਦੇ ਹੱਕ ਤੋਂ ਪੰਜਾਬ ਵਾਂਝਾ ਹੋ ਗਿਆ ਹੈ। ਇਨ੍ਹਾਂ ਦਰਿਆਵਾਂ ਵਿੱਚੋਂ ਪੰਜਾਬ ਵਿੱਚ ਆਉਣ ਵਾਲੇ ਪਾਣੀ ਦਾ 75 ਫ਼ੀ ਸਦੀ ਹਿੱਸਾ ਰਾਜਸਥਾਨ ਅਤੇ ਦਿੱਲੀ ਨੂੰ ਜਾ ਰਿਹਾ ਹੈ। ਪੰਜਾਬ ਵਿੱਚ ਜੋ ਅੱਜ ਸਿੰਜਾਈ ਵਾਲੇ ਪਾਣੀ ਦੀ ਘਾਟ ਰੜਕ ਰਹੀ ਹੈ, ਉਹ ਹਰਿਆਣਾ ਤੇ ਹਿਮਾਚਲ ਬਣਨ ਨਾਲ ਪੈਦਾ ਹੋਈ ਹੈ। ਹਰੀ ਕ੍ਰਾਂਤੀ ਨੇ ਪੰਜਾਬ ਦਾ ਜ਼ਮੀਨਦੋਜ਼ ਪਾਣੀ ਖਾ ਲਿਆ ਹੈ। ਜੇ ਪੰਜਾਬ ਦੀ ਵੰਡ ਨਾ ਹੁੰਦੀ ਤਾਂ ਸਤਲੁਜ ਯਮੁਨਾ Çਲੰਕ ਨਹਿਰ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਇਸ ਨਹਿਰ ਕਰਕੇ ਪੰਜਾਬ ਵਿੱਚ ਅਫਰਾਤਫਰੀ ਦਾ ਮਾਹੌਲ ਬਣਿਆਂ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮੇਜਰ ਜਨਰਲ ਬੀ.ਐਨ.ਕੁਮਾਰ ਨੂੰ 7 ਨਵੰਬਰ 1988 ਨੂੰ ਚੰਡੀਗੜ੍ਹ ਵਿਖੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਤਲੁਜ ਜਮਨਾ Çਲੰਕ ਨਹਿਰ ਨਾਲ ਜੁੜੇ ਪੰਜਾਬ ਦੇ ਮੁੱਖ ਇੰਜਿਨੀਅਰ ਐਮ.ਐਲ.ਸੀਕਰੀ, ਸੁਪਰਇਨਟੈਂਡੈਂਟ ਏ.ਐਸ.ਔਲਖ ਅਤੇ 12 ਮਜ਼ਦੂਰਾਂ ਨੂੰ ਮਾਰ ਦਿੱਤਾ ਗਿਆ। ਅਕਾਲੀ ਦਲ ਦਾ ਧਰਮ ਯੁਧ ਮੋਰਚਾ ਵੀ ਇਸੇ ਸਤਲੁਜ ਯਮੁਨਾ Çਲੰਕ ਨਹਿਰ ਕਰਕੇ ਸ਼ੁਰੂ ਹੋਇਆ, ਜਿਸਨੇ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ। ਧਰਮ ਯੁਧ ਮੋਰਚੇ ਕਰਕੇ ਅਨੇਕਾਂ ਬੇਗੁਨਾਹ ਲੋਕ ਮਾਰੇ ਗਏ। ਧਰਮ ਯੁੱਧ ਮੋਰਚੇ ਦਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਪੰਜਾਬ ਵਿੱਚੋਂ ਬਾਹਰ ਕੱਢੇ ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਅਤੇ ਸਤਲੁਜ ਜਮਨਾ Çਲੰਕ ਦਾ ਮਸਲਾ ਹੱਲ ਕਰਵਾਉਣ ਲਈ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਸਮਝੌਤਾ ਕਰਨ ਕਰਕੇ ਮਾਰਿਆ ਗਿਆ। ਸਿੱਖਾਂ ਦੇ ਸਰਵੋਤਮ ਪਵਿਤਰ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਅਤੇ ਹੋਰ ਗੁਰਦੁਆਰਾ ਸਾਹਿਬਾਨ ‘ਤੇ ਫ਼ੌਜ ਵੱਲੋਂ ਹਮਲੇ ਤੇ ਹੁਰਮਤੀ ਹੋਈ। ਅਨੇਕਾਂ ਸ਼ਰਧਾਲੂ ਸ਼ਹੀਦੀਆਂ ਪ੍ਰਾਪਤ ਕਰ ਗਏ। ਸਿੱਖਾਂ ਵਿੱਚ ਭਰਾ ਮਾਰੂ ਜੰਗ ਦੇ ਨਤੀਜਿਆਂ ਨੇ ਹਿਰਦਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਅਫ਼ਰਾ ਤਫ਼ਰੀ ਦੇ ਹਾਲਾਤ ਵਿੱਚ ਕਿਹਾ ਜਾਂਦਾ 25 ਹਜ਼ਾਰ ਬੇਕਸੂਰ ਪੰਜਾਬੀ ਖਾਸ ਤੌਰ ‘ਤੇ ਸਿੱਖ ਨੌਜਵਾਨ ਮਾਰੇ ਗਏ, ਜਿਨ੍ਹਾਂ ਵਿੱਚ ਹਿੰਦੂ, ਸਿੱਖ ਅਤੇ ਸਰਕਾਰੀਤੰਤਰ ਦਾ ਅਮਲਾ ਵੀ ਸ਼ਾਮਲ ਸੀ। ਇਨ੍ਹਾਂ ਹਾਲਾਤਾਂ ਨੇ ਪੰਜਾਬ ਦੀ ਭਾਈਚਾਰਕ ਸਦਭਾਵਨਾਂ ਨੂੰ ਠੇਸ ਪਹੁੰਚਾਈ ਅਤੇ ਆਰਥਿਕ ਤੌਰ ‘ਤੇ ਪੰਜਾਬ ਪਛੜ ਗਿਆ। ਪੰਜਾਬ ਦੇ ਕਰਜ਼ਈ ਹੋਣ ਦਾ ਸਿਲਸਿਲਾ ਕਥਿਤ ਅਤਵਾਦ ਦੇ ਸਮੇਂ ਤੋਂ ਸ਼ੁਰੂ ਹੋਇਆ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪੰਜਾਬ ਤੋਂ ਲੈ ਕੇ ਕੇਂਦਰ ਦੇ ਕੰਟਰੋਲ ਅਧੀਨ ਕਰ ਦਿੱਤਾ ਪ੍ਰੰਤੂ ਜੇਕਰ ਵੱਡਾ ਪੰਜਾਬ ਰਹਿੰਦਾ ਫਿਰ ਇਸ ਦਾ ਕੇਂਦਰ ਕੋਲ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੋਣਾ ਸੀ। ਸਤਲੁਜ ਯਮੁਨਾ Çਲੰਕ ਨਹਿਰ ਦਾ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਹੁਣ ਸੁਪਰੀਮ ਕੋਰਟ ਦੇ ਸਰਵੇ ਕਰਨ ਦੇ ਹੁਕਮ ਨੇ ਹੋਰ ਭਸੂੜੀ ਪਾ ਦਿੱਤੀ। ਪੰਜਾਬ ਖੇਤੀਬਾੜੀ ਪ੍ਰਧਾਨ ਰਾਜ ਹੈ, ਇਸ ਨੂੰ ਸਿੰਜਾਈ ਲਈ ਪਾਣੀ ਦੀ ਲੋੜ ਪੈਂਦੀ ਹੈ। ਹੁਣ ਹਿਮਾਚਲ ਪ੍ਰਦੇਸ਼ ਪੰਜਾਬ ਤੋਂ ਹਿਮਾਚਲ ਵਿੱਚੋਂ ਆ ਰਹੇ ਪਾਣੀ ਦਾ ਮੁੱਲ ਮੰਗਦਾ ਹੈ, ਰਾਜਸਥਾਨ ਤੇ ਦਿੱਲੀ ਮੁਫ਼ਤ ਪਾਣੀ ਲੈ ਰਹੇ ਹਨ। ਜੇ ਪੰਜਾਬ ਵੰਡਿਆ ਨਾ ਜਾਂਦਾ ਤਾਂ ਇਹ ਸਵਾਲ ਪੈਦਾ ਹੀ ਨਹੀਂ ਹੋਣਾ ਸੀ। ਕੁਦਰਤੀ ਵਸੀਲਿਆਂ ਤੋਂ ਵੀ ਹੱਥ ਧੋ ਲਿਆ। ਏਥੇ ਹੀ ਬਸ ਨਹੀਂ ਪੰਜਾਬ ਦਿੱਲੀ ਦੇ ਆਲੇ ਦੁਆਲੇ ਸੀ। ਫਰੀਦਾਬਾਦ ਸਨਅਤੀ ਸ਼ਹਿਰ ਸੀ। ਗੁੜਗਾਉਂ ਜੋ ਅੱਜ ਆਈ.ਟੀ.ਦੀ ਹੱਬ ਬਣਿਆਂ ਹੋਇਆ ਹੈ, ਉਸ ‘ਤੇ ਹਰਿਆਣੇ ਦਾ ਕਬਜ਼ਾ ਹੋ ਗਿਆ, ਜਿਸ ਕਰਕੇ ਪੰਜਾਬ ਦੀ ਆਰਥਿਕਤਾ ਨੂੰ ਢਾਹ ਲੱਗੀ ਹੈ। ਦਿੱਲੀ ਜਾਣ ਲਈ ਹਰਿਆਣਾ ਵਿੱਚੋਂ ਜਾਣਾ ਪੈਂਦਾ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਤਿੰਨ ਪਾਸੇ ਪੰਜਾਬ ਸੀ। 1982 ਵਿੱਚ ਏਸ਼ੀਅਨ ਖੇਡਾਂ ਮੌਕੇ ਪੰਜਾਬੀਆਂ ਦਾ ਦਿੱਲੀ ਪਹੁੰਚਣਾ ਅਸੰਭਵ ਹੋ ਗਿਆ ਸੀ। ਕਿਸਾਨ ਅੰਦੋਲਨ ਤੇ ਜਾਣ ਵਾਲੇ ਕਿਸਾਨਾ ਦੀ ਹਰਿਆਣਾ ਵਿੱਚ ਖੱਜਲ ਖ਼ੁਆਰੀ ਹੋਈ। ਜੇ ਇਹ ਪੰਜਾਬ ਦੇ ਹਿੱਸੇ ਹੁੰਦੇ ਤਾਂ ਅਜਿਹੀਆਂ ਰੁਕਾਵਟਾਂ ਨਾ ਹੁੰਦੀਆਂ। ਖਾਲਿਸਤਾਨ ਦਾ ਮੁੱਦਾ ਪੰਜਾਬੀ ਸੂਬਾ ਬਣਨ ਨਾਲ ਖੜ੍ਹਾ ਹੋਇਆ। ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਦਾ ਜਿਊਣਾ ਦੁੱਭਰ ਹੋ ਗਿਆ। 1984 ਵਿੱਚ ਦਿੱਲੀ ਅਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਸੇਵਾ ਮੁਕਤ ਫ਼ੌਜੀ ਜਰਨੈਲਾਂ ਅਤੇ ਹੋਰ ਪ੍ਰਤਿਸ਼ਟ ਸਿੱਖਾਂ ਦੀ ਨਿਰਾਦਰੀ ਹੋਈ, ਉਨ੍ਹਾਂ ਨੂੰ ਲੁਕ ਛਿਪ ਕੇ ਦਿਨ ਕਟੀ ਕਰਨੀ ਪਈ। ਏਥੇ ਹੀ ਬਸ ਨਹੀਂ ਬੇਰੋਜ਼ਗਾਰੀ ਦਾ ਮੁੱਖ ਕਾਰਨ ਪੰਜਾਬ ਦੀ ਵੰਡ ਹੋਣਾ ਹੈ। ਸਾਡੇ ਨੌਜਵਾਨ ਦਿੱਲੀ ਅਤੇ ਇਸ ਦੇ ਆਲੇ ਦੁਆਲੇ ਨੌਕਰੀ ਕਰਦੇ ਸਨ। ਦਿੱਲੀ ਦੇ ਆਲੇ ਦੁਆਲੇ ਦੇ ਲੋਕ ਜੋ ਅੱਜ ਹਰਿਆਣਾ ਹੈ, ਉਥੋਂ ਦੇ ਬੱਚੇ ਘੱਟ ਪੜ੍ਹੇ ਲਿਖੇ ਹੋਣ ਕਰਕੇ ਸਾਡੇ ਲੜਕੇ ਲੜਕੀਆਂ ਉਥੇ ਨੌਕਰੀ ਕਰਦੇ ਸਨ। ਹੁਣ ਚਿੜੀ ਦੇ ਪਹੁੰਚੇ ਜਿੱਡਾ ਪੰਜਾਬ ਰਹਿ ਗਿਆ ਹੈ। ਪੰਜਾਬ, ਪੰਜਾਬੀ ਨੌਜਵਾਨਾ ਨੂੰ ਰੋਜ਼ਗਾਰ ਨਹੀਂ ਦੇ ਸਕਦਾ। ਸਾਡੀ ਨੌਜਵਾਨ ਪੀੜ੍ਹੀ ਪਰਵਾਸ ਨੂੰ ਭੱਜ ਰਹੀ ਹੈ। ਸਾਡਾ ਸਭਿਅਚਾਰ ਖ਼ਤਮ ਹੋ ਰਿਹਾ ਹੈ। ਪੰਜਾਬੀ ਸੂਬੇ ਤੋਂ ਅਸੀਂ ਇਹੋ ਖੱਟਿਆ ਕਿ ਸਾਡੀ ਅਗਲੀ ਪੀੜ੍ਹੀ ਸਾਡੇ ਹੱਥੋਂ ਨਿਕਲ ਕੇ ਪਰਵਾਸ ਵਿੱਚ ਜਾ ਰਹੀ ਹੈ। ਪੰਜਾਬੀਆਂ/ਸਿੱਖਾਂ ਨੂੰ ਸੋਚਣ ਦੀ ਲੋੜ ਹੈ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.