ਜ਼ਿੰਦਗੀ ਤੋਂ ਉਪਰਾਮ ਕਿਉਂ ਹੋ ?
ਚਲੋ ਕਿ ਮਰਨ ਮੁਲਤਵੀ ਕਰੀਏ ।
ਜ਼ਿੰਦਗੀ ਦੇ ਦਰਬਾਰ 'ਚ ਜਾ ਕੇ ਦਸਤਕ ਦੇਈਏ ।
ਚਲੋ ਚਲੋ ਹੁਣ
ਮੌਤ ਬਸਤੀਓਂ ਬਾਹਰ ਨਿਕਲੋ ।
ਜਿਉਣ ਨਗਰ ਦੀ ਧਰਤੀ ਉੱਪਰ ਕਿੰਨੀਆਂ ਬਾਹਾਂ ।
ਠੰਢੀ ਪੌਣ ਹਵਾ ਦੇ ਬੁੱਲੇ ।
ਖਿੜੇ ਗੁਲਾਬ ਕਿਆਰੀਆਂ ਭਰੀਆਂ,
ਪੱਕੇ ਫ਼ਲ ਤੇ ਮਿੱਠੜੇ ਮੇਵੇ ।
ਖੇਤਾਂ ਵਿਚ ਲਹਿਰਾਉਂਦੀਆਂ ਫ਼ਸਲਾਂ,
ਸੂਰਜ ਦੀ ਟਿੱਕੀ ।
ਤੇ ਖਿੜਦੀ ਚੰਨ ਚਾਨਣੀ,
ਸਿਰਫ਼ ਤੁਹਾਨੂੰ ਲੱਭ ਰਹੀਆਂ ਨੇ ।
ਅੰਨ੍ਹੇ ਖੂਹ 'ਚੋਂ ਬਾਹਰ ਆਓ।
ਗੋਲ-ਦੀਵਾਰੀ ਅੰਦਰ ਤਾਂ ਬਈ
ਨੇਰ੍ਹ ਬੜਾ ਹੈ ।
ਹੱਥ ਨੂੰ ਹੱਥ ਪਛਾਣੇ ਕਿੱਦਾਂ,
ਕੱਲ੍ਹੇ ਨੂੰ ਗਲਵੱਕੜੀ
ਏਥੇ ਕਿਹੜਾ ਪਾਵੇ ।
ਬਾਹਰ ਆਓ ।
ਇਸ ਘੁਰਨੇ ਵਿਚ ਸਹਿਮ ਬੜਾ ਹੈ ।
ਮੋਈਆਂ ਰੀਝਾਂ,
ਬਦਬੂਦਾਰ ਅਧੂਰੇ ਸੁਪਨੇ,
ਲੀਰੋ ਲੀਰ ਉਦਾਸ ਜਿਹਾ ਮਨ ।
ਤੇਜ਼ ਹਥੌੜਾ ਠਾਹ ਠਾਹ ਵੱਜੇ ।
ਟੋਟੇ ਟੋਟੇ ਕੰਕਰ ਕੰਕਰ
ਮਨ ਦਾ ਬਰਤਨ ।
ਸਾਬਤ ਕਦਮਾਂ ਨਾਲ ਤੁਰਦਿਆਂ,
ਜ਼ਿੰਦਗੀ ਦੇ ਬੂਹੇ ਤੇ ਆਓ ।
ਦਸਤਕ ਦੇਵੋ ।
ਜ਼ਿੰਦਗੀ ਮੌਤ ਵਿਚਾਲੇ
ਬਹੁਤਾ ਫ਼ਰਕ ਨਹੀਂ ਹੈ ।
ਇੱਕ ਅਣਦਿਸਦੀ ਤਾਰ ਜਿਹੀ ਹੈ ।
ਜੁੜੀ ਰਹੇ ਤਾਂ ਮਨ ਦੇ ਘੋੜੇ,
ਕਦੇ ਨਾ ਅੱਕਦੇ ਕਦੇ ਨਾ ਥੱਕਦੇ ।
ਟੁੱਟ ਜਾਵੇ ਤਾਂ ਆਪਣਾ ਆਪਾ
ਵਾਧੂ ਲੱਗਦਾ ।
ਆਪਣਾ ਹੀ ਪਰਛਾਵਾਂ ਖ਼ੁਦ
ਨੂੰ ਇਉਂ ਲੱਗਦਾ ਹੈ,
ਜਿਵੇਂ ਕੋਈ ਬਦ-ਰੂਹ ਹੈ
ਮੇਰਾ ਪਿੱਛਾ ਕਰਦੀ ।
ਕੰਧਾਂ ਦੇ ਘਸਮੈਲੇ ਰੰਗ ਤੋਂ,
ਭੈਅ ਆਉਂਦਾ ਹੈ ।
ਬਣਦੀ ਮਿਟਦੀ ਸ਼ਕਲ ਡਰਾਉਂਦੀ ।
ਨੇਰ੍ਹੇ ਦਾ ਸੰਸਾਰ ਵਚਿੱਤਰ
ਆਦਮ-ਖਾਣਾ ।
ਚਲੋ ਉਦਾਸੀ ਵੇਸ ਨੂੰ ਬਦਲੋ ।
ਮੂੰਹ ਵਿਚ ਦਾਤਣ,
ਸਿਰ ਵਿਚ ਕੰਘਾ ਨ੍ਹਾਵੋ ਧੋਵੋ ।
ਇਹ ਸੂਰਜ ਇਹ ਤਾਰੇ ਖਿੱਤੀਆਂ,
ਚੰਦਰਮਾ ਚਾਂਦੀ ਦਾ ਪਹੀਆ ।
ਦਿਨ ਤੇ ਰਾਤ ਦਿਵਸ ਦੇ ਗੇੜੇ ।
ਧਰਤੀ ਮਾਂ ਦੀ ਕੁੱਖ 'ਚੋਂ ਪੈਦਾ
ਅੰਨ ਦੇ ਦਾਣੇ ।
ਜੰਤ ਜਨੌਰ ਪਰਿੰਦੇ ਸਾਰੇ ।
ਉੱਡਣੇ ਪੁਡਣੇ ਰੀਂਘਣ ਹਾਰੇ ।
ਵੰਨ ਸੁਵੰਨੇ ਵਣ ਤ੍ਰਿਣ ਬੂਟੇ
ਸਤਰੰਗੀ ਅਸਮਾਨ ਦੀ ਲੀਲ੍ਹਾ ।
ਜਿੰਨਾ ਕੁਝ ਧਰਤੀ ਤੇ ਵਿਛਿਆ,
ਅੱਖਾਂ ਖੋਲ੍ਹੋ ਅਤੇ ਨਿਹਾਰੋ ।
ਕਿੰਨੇ ਗਿਆਨ ਧਿਆਨ ਫ਼ਲਸਫ਼ੇ,
ਵਿਚ ਕਿਤਾਬਾਂ ਕੈਦ ਪਏ ਨੇ ।
ਅੱਖਰ ਅੱਖਰ ਪੌੜੀ ਪੌੜੀ
ਚੜ੍ਹਦੇ ਜਾਓ ।
ਸੋਚਾਂ ਦੀ ਮਮਟੀ ਤੇ
ਸੁਰਖ਼ ਚਿਰਾਗ ਬਲੇਗਾ ।
ਮਨ-ਅੰਧਿਆਰਾ
ਗਹਿਰ ਗੁਬਾਰਾ ਦੂਰ ਹਟੇਗਾ ।
ਇਸ ਜੀਵਨ ਨੇ ਫਿਰ ਨਹੀਂ ਆਉਣਾ ।
ਇਕ ਇਕ ਕਰਕੇ ਰੋਜ਼ਾਨਾ ਹੀ,
ਕਿੰਨਾ ਵਕਤ ਪਹਿਰ ਤੇ ਘੜੀਆਂ,
ਹੱਥਾਂ ਵਿਚੋਂ ਕਿਰਦੇ ਜਾਂਦੇ ।
ਜਿਸ ਨੂੰ ਲੋਕੀਂ ਉਮਰਾ ਕਹਿੰਦੇ,
ਇਹ ਤਾਂ ਵੀਰੋ ਉਹ ਪੂੰਜੀ ਹੈ,
ਜਿਸ ਨੂੰ ਆਪਾਂ ਖਰਚ ਲਿਆ ਹੈ ।
ਗਿਣਤੀ ਮਿਣਤੀ ਕਰਕੇ ਵੇਖੋ,
ਇੱਟਾਂ ਗਾਰੇ ਲੱਕੜੀ ਖਾਤਰ,
ਕਿੰਨਾ ਵਕਤ ਗੁਆਚ ਗਿਆ ਹੈ ।
ਮੋਹ ਮਮਤਾ ਦੀਆਂ ਤੰਦਾਂ ਨੂੰ
ਮਜ਼ਬੂਤ ਕਰਦਿਆਂ,
ਕਿੰਨੀ ਅਉਧ ਵਿਅਰਥ ਗੁਆਈ ।
ਚਲੋ ਅਜੇ ਵੀ ਸੰਭਲ ਜਾਈਏ,
ਡੁੱਲ੍ਹੇ ਬੇਰ ਇਕੱਠੇ ਕਰਕੇ
ਆਓ ਧੋਈਏ ।
ਚਲੋ ਚਲੀ ਦੇ ਮੇਲੇ ਅੰਦਰ,
ਕੁਝ ਪਲ ਆਪਣੇ ਕੋਲ ਖਲੋਈਏ ।
-
ਗੁਰਭਜਨ ਗਿੱਲ , writer
gurbhajangill@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.