ਮੈਂ ਰਾਵਣ ਬੋਲਦਾ ਹਾਂ.!
ਜੁਗਾਂ ਜੁਗਾਂਤਰਾਂ ਤੋਂ ਇਸ ਤਿਉਹਾਰ ਦਾ ਆਗਾਜ ਹੋਇਆ" ਆਪਣੀ ਬੇਟੀ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਮੈਂ ਕਿਹਾ| ਪਰ ਉਸ ਦੇ ਸਵਾਲ ਵੀ ਤਾਂ ਖਤਮ ਹੋਣ ਵਾਲੇ ਨਹੀਂ ਸਨ| ਬਹੁਤ ਸਾਰੇ ਸਵਾਲ ਉਸ ਦੇ ਮਨ ਵਿੱਚ ਭੁਚਾਲ ਵਾਂਗ ਹਲਚਲ ਮਚਾ ਰਹੇ ਸਨ |"ਅੱਛਾ ਮੰਮਾ ਇਸ ਦੇ ਸ਼ੁਰੂ ਹੋਣ ਦਾ ਕੀ ਲੋਜਿਕ ਸੀ, ਕੀ ਇਸ ਦਾ ਕੋਈ ਲਿਖਤ ਪਰੂਫ ਹੈ ?" ਮੈਂ ਦੱਸਣਾ ਸ਼ੁਰੂ ਕੀਤਾ " ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਯੁਧਿਆ ਦੇ ਰਾਜੇ ਦਸਰਥ ਨੇ ਆਪਣੇ ਪੁੱਤਰ ਰਾਮ ਚੰਦਰ ਜੀ ਨੂੰ 14 ਸਾਲ ਲਈ ਦੇਸ ਨਿਕਾਲਾ ਦਿੱਤਾ ਸੀ|
ਪਤੀ ਧਰਮ ਧਰਮ ਨਿਭਾਉਣ ਲਈ ਰਾਮ ਚੰਦਰ ਜੀ ਦੀ ਪਤਨੀ ਨੇ ਵੀ ਨਾਲ ਜਾਣ ਦੀ ਜਿੱਦ ਕਰ ਲਈ| ਆਪਣੇ ਬਨਵਾਸ ਦੇ ਦਿਨਾਂ ਵਿੱਚ ਉਹ ਜੰਗਲਾਂ ਵਿੱਚ ਰਹੇ| ਇਕ ਦਿਨ ਰਾਵਣ ਜੋ ਕਿ ਲੰਕਾ ਦਾ ਰਾਜਾ ਸੀ ਸਾਧੂ ਦਾ ਭੇਸ ਬਣਾ ਕੇ ਰਾਮ ਚੰਦਰ ਜੀ ਦੀ ਕੁਟੀਆ ਵਿੱਚ ਆਇਆ ਅਤੇ ਧੋਖੇ ਨਾਲ ਉਹਨਾਂ ਦੀ ਪਤਨੀ ਸੀਤਾ ਜੀ ਨੂੰ ਉਠਾ ਕੇ ਆਪਣੇ ਮਹਿਲ ਵਿੱਚ ਲੈ ਗਿਆ ਅਤੇ ਉਥੇ ਉਨਾਂ ਨੂੰ ਅਸ਼ੋਕ ਵਾਟਿਕਾ ਵਿੱਚ ਰੱਖਿਆ ਗਿਆ ਅਤੇ ਰਾਵਣ ਵੱਲੋਂ ਕਦੇ ਵੀ ਉਹਨਾਂ ਨਾਲ ਬਦਸਲੂਕੀ ਨਹੀਂ ਕੀਤੀ ਗਈ ਅਤੇ ਨਾ ਹੀ ਉਹਨਾਂ ਨੂੰ ਕਦੇ ਸਰੀਰਕ ਤੌਰ ਤੇ ਸਪਰਸ਼ ਕੀਤਾ ਗਿਆ| ਫਿਰ ਰਾਮ ਚੰਦਰ ਜੀ ਨੇ ਯੁੱਧ ਦੇ ਦੌਰਾਨ ਰਾਵਣ ਨੂੰ ਮਾਰ ਦਿੱਤਾ ਅਤੇ ਸੀਤਾ ਜੀ ਨੂੰ ਆਜ਼ਾਦ ਕਰਵਾ ਲਿਆ ਗਿਆ|
ਕਿਹਾ ਜਾਂਦਾ ਹੈ ਕਿ ਰਾਵਣ ਦੇ ਦਸ ਸਿਰ ਸਨ| ਇਸ ਕਰਕੇ ਉਸੇ ਦਿਨ ਤੋਂ ਹੀ ਦੁਸ਼ਹਿਰਾ ਮਨਾਇਆ ਜਾਂਦਾ ਹੈ |ਇਸ ਨੂੰ ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਰਾਵਣ ਦਾ ਪੁਤਲਾ ਬਣਾ ਕੇ ਜਲਾਇਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਸੁਨੇਹਾ ਮਿਲ ਸਕੇ ਕਿ ਔਰਤ ਨੂੰ ਕੈਦ ਕਰਕੇ ਰੱਖਣ ਵਾਲਿਆਂ ਦਾ ਕੀ ਹਸ਼ਰ ਹੁੰਦਾ ਹੈ | "ਅੱ.....ਛਾ!" ਉਸਨੇ ਲੰਬਾ ਹੌਂਕਾ ਲੈਂਦੇ ਹੋਏ ਕਿਹਾ| ਉਸ ਦੇ ਸਵਾਲ ਫਿਰ ਤੋਂ ਸ਼ੁਰੂ ਹੋ ਗਏ|"
ਫਿਰ ਉਹਨਾਂ ਦਾ ਕੀ ਜੋ ਨਿਤ ਦਿਨ ਮਾਸੂਮ ਬੱਚੀਆਂ ਦਾ ਬਲਾਤਕਾਰ ਕਰਕੇ ਬੇਰਹਿਮੀ ਨਾਲ ਉਹਨਾਂ ਨੂੰ ਕਤਲ ਕਰ ਦਿੰਦੇ ਹਨ| ਉਨਾਂ ਦੀ ਕੀ ਸਜ਼ਾ ਹੋਵੇਗੀ ?" ਉਸਦੇ ਸਵਾਲਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ |ਮੈਂ ਸਿਰਫ ਇਨਾ ਹੀ ਬੋਲ ਸਕੀ| "ਜਦੋਂ ਰਾਵਣ ਨੂੰ ਜਲਾ ਕੇ ਲੱਖਾਂ ਲੋਕ ਘਰ ਨੂੰ ਵਾਪਸ ਜਾ ਰਹੇ ਹੁੰਦੇ ਹਨ ਤਾਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਬੁਰੀ ਤਰਾਂ ਜਲ ਰਿਹਾ ਰਾਵਣ ਦਾ ਪੁਤਲਾ ਉੱਚੀ ਉੱਚੀ, ਚੀਖ ਚੀਖ ਕੇ ਕਹਿ ਰਿਹਾ ਹੋਵੇ, ਮੈਨੂੰ ਬੁਰੇ ਨੂੰ ਜਲਾਉਣ ਵਾਲਿਓ ਦੱਸ ਕੇ ਜਾਣਾ ਤੁਸੀਂ ਕਿੰਨੇ ਕੁ ਚੰਗੇ ਹੋ ?"
-
ਹਰਜਿੰਦਰ ਕੌਰ, ਲੇਖਕ
............
97795 20972
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.