" ਬਚਪਨ ਦੀ ਦੀਵਾਲੀ ਦੇ ਦਿਨ "
ਬਚਪਨ ਦੀਆਂ ਦੀਵਾਲੀਆਂ ਚੇਤੇ ਕਰਾਂ ਤਾਂ ਮੈਨੂੰ ਬਹੁਤਾ ਯਾਦ ਨਹੀਂ ਆਉਂਦਾ ਕਿ ਅਸੀਂ ਪੈਸਿਆਂ ਲਈ ਝੂਰਦੇ ਹੋਈਏ ..ਮਿਠਾਈ ਅਤੇ ਪਟਾਕਿਆਂ ਲਈ ਤਰਸਦੇ ਰਹੇ ਹੋਈਏ l ਸ਼ਾਇਦ ਝੋਰਾ ਹੁੰਦਾ ਹੋਵੇ ਕਿਤੇ....ਪਰ ਉਸ ਦਾ ਇਲਮ ਮੈਨੂੰ ਨਹੀਂ ਸੀ ਹੁੰਦਾ ...ਵੱਡੇ ਭਰਾ ਨੂੰ ਜਾਂ ਫਿਰ ਮਾਂ ਨੂੰ ਹੁੰਦਾ ਹੋਵੇਗਾ.... l ਹੁਣ ਦੀਵਾਲੀ ਦੇ ਦਿਨਾਂ ਵਿੱਚ ਵੀ ਗਰਮੀ ਹੁੰਦੀ ਹੈ ਪਰ ਉਨ੍ਹਾਂ ਦਿਨਾਂ ਵਿੱਚ ਦੁਸਹਿਰੇ ਵੇਲੇ ਵੀ ਰਾਤ ਨੂੰ ਸਰਦੀ ਉਤਰ ਆਉਂਦੀ ਹੁੰਦੀ ਸੀ ..ਦੀਵਾਲੀ ਤਕ ਰਾਤਾਂ ਨੂੰ ਇਹ ਠੰਢ ਕਾਫੀ ਹੋ ਜਾਂਦੀ ਸੀ .l
ਦੀਵਾਲੀ ਦੇ ਦਿਨਾਂ ਵਿੱਚ ਪਿਆਰੇਆਨੇ ਤੋਂ ਕਈ ਘਰ ਸ਼ਹਿਰੋਂ (ਫਿਰੋਜ਼ਪੁਰ ਸ਼੍ਰੋਮਣੀ )ਸਾਮਾਨ ਲਿਆਉਂਦੇ ...ਤਾਇਆ ਕ੍ਰਿਸ਼ਨ ਵੀ .....ਤਾਇਆ ਸਾਰੇ ਜੁਆਕਾਂ ਨੂੰ ਇਕੱਠੇ ਕਰਕੇ ਦੀਵਾਲੀ ਦੇ ਪਟਾਕੇ ਚਲਾਉਂਦਾ ..ਤਾਇਆ ਕ੍ਰਿਸ਼ਨ ਸਰਕਾਰੀ ਅਧਿਆਪਕ ਸੀ ਪਰ ਦੀਵਾਲੀ ਉਹ ਇਸੇ ਤਰ੍ਹਾਂ ਮਨਾਉਂਦਾ l ਇਕ ਘਟਨਾ ਮੈਨੂੰ ਕਦੇ ਕਦੇ ਹੁਣ ਵੀ ਯਾਦ ਆਉਂਦੀ ਹੈ ਇਕ ਦੀਵਾਲੀ ਤੇ ਤਾਇਆ ਕ੍ਰਿਸ਼ਨ "ਰੇਲ" ਨਾਂ ਦਾ ਪਟਾਕਾ ਲਿਆ ਸੀ l ਸੀਖਾਂ ਦੀ ਡੱਬੀ ਤੋਂ ਛੋਟਾ ਥੋੜ੍ਹਾ ਜਿਹਾ ਵੱਡਾ ..ਚੌਰਸ.. ਜਿਸ ਦਾ ਉਤਲਾ ਖੋਲ ਖੁੱਲ੍ਹਿਆ ਹੋਇਆ ਸੀ ਤਾਂ ਕਿ ਉਸ ਵਿੱਚ ਧਾਗਾ ਪਾਇਆ ਜਾ ਸਕੇ ... ਇੱਕ ਬੱਤੀ ਬਾਹਰ ਨਿਕਲੀ ਹੋਈ ਸੀ l ਅਸੀਂ ਸਾਰੇ ਬੜੇ ਉਤਸਕ ਸੀ....ਅਸੀਂ ਸਾਰਿਆਂ ਨੇ ਇਹ ਪਟਾਕਾ ਪਹਿਲੀ ਵਾਰ ਦੇਖਿਆ ਸੀ l
ਉਤਸੁਕਤਾ ਉਦੋਂ ਹੋਰ ਵਧ ਗਈ ਜਦੋਂ ਤਾਏ ਨੇ ਇੱਕ ਵੱਡਾ ਸਾਰਾ ਧਾਗਾ ਵਿਹੜੇ ਵਿਚ ਬੰਨ੍ਹ ਲਿਆ ਸੀ ਅਤੇ ਉਸ ਵਿਚ ਉਹ ਪਟਾਕਾ ਟੰਗ ਕੇ ਦੂਜੇ ਸਿਰੇ ਤਕ ਲੈ ਗਿਆ ਸੀ l ਸਾਰੇ ਬੱਚਿਆਂ ਦੇ ਖ਼ਿਆਲ ਉਲਝੇ ਹੋਏ ਸਨ.
ਪਤਾ ਨਹੀਂ ਕੀ ਹੋਵੇਗਾ lਤਾਏ ਨੇ ਮਾਚਿਸ ਦੀ ਤੀਲੀ ਨਾਲ ਉਸ ਦੀ ਨਿਕਲੀ ਹੋਈ ਬੱਤੀ ਤੇ ਅੱਗ ਲਾਈ ਤਾਂ ਰੌਸ਼ਨੀ ਛੱਡਦਾ ਉਹ ਦੂਜੇ ਸਿਰੇ ਵੱਲ ਜਾ ਰਿਹਾ ਸੀ ..ਉਹ ਸੱਚੀਂ ਰੇਲ ਗੱਡੀ ਵਾਂਗ ਹੀ ਜਾ ਰਿਹਾ ਸੀ ...ਇੱਕ ਅਜਬ ਦ੍ਰਿਸ਼ ...ਇਕ ਅਨੋਖਾ ਨਜ਼ਾਰਾ ਜੋ ਅੱਜ ਵੀ ਜ਼ਿਹਨ ਵਿੱਚ ਸਾਹ ਭਰਦਾ ਹੈ l
ਮਾਂ ,ਦੀਵਾਲੀ ਦੇ ਇਨ੍ਹਾਂ ਦਿਨਾਂ ਵਿੱਚ ਘਰ ਨੂੰ ਗੋਹੇ ਨਾਲ ਲਿੱਪ ਲੈਂਦੀ ਸੀ ਸਮੇਤ ਰਸੋਈ ਅਤੇ ਵਿਹੜਾ l ਮੈਨੂੰ ਲਿੱਪੀ ਹੋਈ ਇਹ ਧਰਤੀ ਬੜੀ ਸੋਹਣੀ ਲੱਗਦੀ ...ਪਵਿੱਤਰਤਾ ਦਾ ਅਹਿਸਾਸ ਹੁੰਦਾ l ਬੱਚਿਆਂ ਨੂੰ ਹਮੇਸ਼ਾਂ ਪਟਾਕੇ ਘੱਟ ਲੱਗਦੇ ਹਨ ਪਰ ਮੈਨੂੰ ਨਹੀਂ ਲੱਗਦਾ ਕਿ ਕਦੇ ਸਾਨੂੰ ਇਨ੍ਹਾਂ ਦੀ ਕਮੀ ਮਹਿਸੂਸ ਹੋਈ ਹੋਵੇਗੀ l
ਇਕ ਵੱਡਾ ਕਾਰਨ ਇਹ ਵੀ ਸੀ ਕਿ ਉਨ੍ਹਾਂ ਦਿਨਾਂ ਵਿੱਚ ਪਟਾਖੇ ਬੱਚੇ ਰਲਮਿਲ ਕੇ ਚਲਾਉਂਦੇ ਸਨ l ਦੂਜਿਆਂ ਬੱਚਿਆ ਦੇ ਚਲਾਏ ਗਏ ਪਟਾਕੇ ਵੀ ਉਨ੍ਹਾਂ ਨੂੰ ਆਨੰਦਿਤ ਕਰਦੇ ਸਨ ...ਇਕਜੁੱਟਤਾ ਦੀ ਵੀ ਖ਼ੁਸ਼ੀ ਦਿੰਦੇ ਸਨ l ਇਕੱਠੇ ਹੋ ਕੇ ਮਨਾਈ ਗਈ ਇਹ ਦੀਵਾਲੀ ਸੰਪੂਰਨ ਦੀਵਾਲੀ ਹੁੰਦੀ ਸੀ ਜਿਸ ਵਿੱਚ ਕਦੇ ਕਿਸੇ ਨੂੰ ਨਹੀਂ ਸੀ ਲੱਗਦਾ ਕਿ ਉਸ ਕੋਲ ਘੱਟ ਪਟਾਕੇ ਹਨ ਉਸ ਨੇ ਘੱਟ ਚਲਾਏ ਹਨ l ਬਹੁਤੇ ਘਰ ਸ਼ਹਿਰ ਨਹੀਂ ਸਨ ਜਾਂਦੇ ਭਾਂਵੇ ਉਹ ਬਹੁਤਾ ਦੂਰ ਵੀ ਨਹੀਂ ਸੀ ਬਹੁਤੇ ਘਰਾਂ ਦੀ ਦੀਵਾਲੀ ਦਾ ਸਾਮਾਨ ਪੰਡਤ ਗੋਪਾਲ ਦਾਸ ਅਤੇ ਤਰਸੇਮ ਹੁਰਾਂ ਦੀ ਦੁਕਾਨ ਤੋਂ ਹੀ ਆਉਂਦਾ...ਪਿੰਡ ਵਿਚ ਇਹ ਦੋ ਦੁਕਾਨਾਂ ਹੀ ਸਨ .... ਦੁਕਾਨਾਂ ਹੀ ਨਹੀਂ ਪਿੰਡ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਲਈ ਜ਼ਰੂਰੀ ਸਾਮਾਨ ਲੈਣ ਦੇ ... ਕੇਂਦਰ l ਪਟਾਕੇ , ਮਠਿਆਈ ਦੀਵੇ ਤੇ ਹੋਰ ਸਾਮਾਨ ਉੱਥੋਂ ਹੀ ਮਿਲ ਜਾਂਦਾ l ਦੋਵਾਂ ਦੁਕਾਨਾਂ ਤੇ ਆਮ ਦਿਨਾਂ ਨਾਲੋਂ ਇਨ੍ਹਾਂ ਦਿਨਾਂ ਵਿੱਚ ਵੱਡੀ ਰੌਣਕ ਰਹਿੰਦੀ l
ਦੀਵਾਲੀ ਤੋਂ ਕੁਝ ਦਿਨ ਪਹਿਲਾਂ ਪੰਡਤ ਗੋਪਾਲ ਦਾਸ ਤੇ ਉਨ੍ਹਾਂ ਦੇ ਬੇਟੇ ਦੁਕਾਨ ਦੀਆਂ ਸਫ਼ਾਈਆਂ ਕਰਨੀਆਂ ਸ਼ੁਰੂ ਕਰ ਦਿੰਦੇ ਸਨ l ਚਾਚਾ ਸੁਮਨ ,ਚਾਚਾ ਸ਼ੋਕੀ ,ਚਾਚਾ ਸ਼ੀਲੀ ਤੇ ਮੇਸ਼ੀ.....ਪੰਡਤ ਗੋਪਾਲ ਦਾਸ ਦੇ ਲੜਕੇ ਕਸ਼ਮੀਰੀ ਨੂੰ ਮੈਂ ਬਹੁਤਾ ਦੁਕਾਨ ਵਿੱਚ ਨਹੀਂ ਸੀ ਦੇਖਿਆ ਬਾਕੀ ਬੇਟੇ ਦੁਕਾਨ ਤੇ ਕੰਮ ਕਰਦੇ ਰਹਿੰਦੇ.....ਜਿਨ੍ਹਾਂ ਨੂੰ ਮੈਂ ਉੱਪਰ ਚਾਚਾ ਲਿਖਿਆ ਹੈ ਤੇ ਅਸੀਂ ਚਾਚਾ ਹੀ ਕਹਿੰਦੇ ਸੀ ...ਪਰ ਮੇਸ਼ੀ, ਮੇਰਾ ਲੰਗੋਟੀਆ ਯਾਰ ਸੀ....ਜਿਸ ਨੂੰ ਮਿਲਿਆ ਹੁਣ ਸਮਾਂ ਹੋ ਗਿਆ ਹੈ l
ਸਣਿਆ ਹੈ ਉਹ ਹੁਣ ਬਿਮਾਰ ਰਹਿੰਦਾ ਹੈ , ਮਾੜੇ ਦਿਨਾਂ ਵੇਲੇ ਉਹ ਨੰਗਲ ਚਲੇ ਗਏ ਸਨ ।
ਉਹ ਦੁਕਾਨ ਵਿਚ ਬਣੇ ਲੱਕੜੀ ਦੇ ਰੈਕ ਬਾਹਰ ਕੱਢਦੇ ਉਨ੍ਹਾਂ ਨੂੰ ਰੇਕਮਾਰ ਨਾਲ ਸਾਫ ਕਰਦੇ ...ਲੱਕੜ ਦੇ ਇਨ੍ਹਾਂ ਰੱਬ ਤੋਂ ਵਿੱਚ ਥਿੰਧਿਆਈ ਦੀ ਚਡ਼੍ਹੀ ਹੋਈ ਮੋਟੀ ਪਰਤ ਬੜੀ ਮੁਸ਼ਕਲ ਨਾਲ ਲਹਿੰਦੀ ਹੁੰਦੀ ਸੀ ... ਫਿਰ ਰੰਗ ਵੀ ਕਰਵਾਉਂਦੇ...l ਪੱਕੀਆਂ ਇੱਟਾਂ ਦੀ ਬਣੀ ਗਲੀ ਚ ਪਏ ਇਨ੍ਹਾਂ ਰੈਕਾਂ ਦੇ ਕਈ ਹਿੱਸਿਆਂ ਵਿੱਚ ਕੁਝ ਸਿੱਕੇ ਫਸੇ ਹੋਏ ਹੁੰਦੇ l ਮੈਂ ਤੇ ਮੇਸ਼ੀ ਉਨ੍ਹਾਂ ਸਿੱਕਿਆਂ ਨੂੰ ਲੱਭ ਲੈਂਦੇ..ਬੇਸ਼ੱਕ .. ਦੁਕਾਨ ਮੇਸ਼ੀ ਹੁਰਾਂ ਦੀ ਸੀ ...ਇਸ ਕਰਕੇ ਦੂਜੇ ਬੱਚਿਆਂ ਨੂੰ ਇਹ ਇਜਾਜ਼ਤ ਨਹੀਂ ਸੀ ..ਮੈਂ ਮੇਸ਼ੀ ਦਾ ਦੋਸਤ ਸੀ ਇਸ ਕਰਕੇ ਮੈਨੂੰ ਇਹ ਖੁਸ਼ਕਿਸਮਤੀ ਹਾਸਲ ਹੋ ਜਾਂਦੀ l ਮੇਸ਼ੀ ਦੇ ਭਾਵੇਂ ਆਪਣੀ ਦੁਕਾਨ ਦੇ ਰੈਕ ਸਨ ਪਰ ਇਨ੍ਹਾਂ ਸਿੱਕਿਆਂ ਨੂੰ ਮਿਲਣ ਦੀ ਉਸ ਨੂੰ ਵੀ ਓਨੀ ਖੁਸ਼ੀ ਹੁੰਦੀ..ਜਿੰਨੀ ਮੈਨੂੰ ..ਇਹ ਸਿੱਕੇ ਦਸੀ, ਪੰਜੀ ਜਾਂ ਚਵਾਨੀਆਂ ਦੇ ਹੁੰਦੇ ਕਈ ਵਾਰ ਅਠਿਆਨੀ ਮਿਲ ਜਾਣੀ ਤਾਂ ਇਸ ਤਰ੍ਹਾਂ ਲੱਗਣਾ ਕਿ ਪੂਰੀ ਦੁਨੀਆ ਮਿਲ ਗਈ ਹੈ ...ਕੋਈ ਲਾਟਰੀ ਨਿਕਲ ਆਈ ਹੈ l
ਜ਼ਿੰਦਗੀ ਵਿੱਚ ਚਲਦਿਆਂ ਹੁਣ ਕਈ ਵਾਰ ਤਲੀ ਤੇ ਨੋਟ ਆਉਂਦੇ ਹਨ ਪਰ ਉਸ ਅਠਿਆਨੀ ਮਿਲਨ ਦੀ ਜੋ ਖੁਸ਼ੀ ਸੀ ਉਹ ਇਸ ਸਭ ਸਾਹਵੇਂ ਬੜੀ ਫਿੱਕੀ ਨਜ਼ਰ ਆਉਂਦੀ ਹੈ l ਹੁਣ ਮੈਨੂੰ ਅਹਿਸਾਸ ਹੁੰਦਾ ਹੈ ਕਿ ਪਿੰਡਾਂ ਦੇ ਇਹ ਦੁਕਾਨਦਾਰ ਸਿਰਫ ਦੁਕਾਨਦਾਰੀ ਨਹੀਂ ਸਨ ਕਰਦੇ ....ਉਹ ਸਾਂਝੀ ਜ਼ਿੰਦਗੀ ਜਿਉਣ ਦਾ ਇੱਕ ਢੰਗ ਸੀ ...ਰੋਜ਼ੀ ਰੋਟੀ ਦਾ ਇੱਕ ਵਸੀਲਾ ਜਿਸ ਵਿੱਚ ਦੂਜਿਆਂ ਦੀ ਖ਼ੁਸ਼ੀ ਵਿੱਚ ਆਪਣੀ ਖੁਸ਼ੀ ਵੀ ਵੇਖੀ ਜਾਂਦੀ ਸੀ ...ਉਦੋਂ ਸਿਰਫ਼ ਪੈਸਾ ਕਮਾਉਣਾ ਹੀ ਮਕਸਦ ਨਹੀਂ ਸੀ ਹੁੰਦਾ l ਬੇਸ਼ਕ ਦੀਵਾਲੀ ਦੇ ਦਿਨਾਂ ਵਿੱਚ ਕੁਝ ਘਰ ਅਜਿਹੇ ਵੀ ਹੁੰਦੇ ਸਨ ਜਿਨ੍ਹਾਂ ਕੋਲ ਪੈਸਾ ਨਹੀਂ ਸਨ ਹੁੰਦਾ .....ਪਰ ਉਨ੍ਹਾਂ ਦੇ ਬੱਚੇ ਨਿਰਾਸ਼ ਨਹੀਂ ਸਨ ਬੈਠੇ ਹੁੰਦੇ ...ਉਨ੍ਹਾਂ ਨੂੰ ਇਨ੍ਹਾਂ ਹੱਟੀਆਂ ਤੋਂ ਕੁਝ ਨਾ ਕੁਝ ਮਿਲ ਜਾਂਦਾ ਹੁੰਦਾ ਸੀ ਭਾਵੇਂ ਪੈਸੇ ਵੀ ਨਹੀ ਸਨ ਹੁੰਦੇ l ਉਨ੍ਹਾਂ ਦਿਨਾਂ ਵਿੱਚ ਇਨਸਾਨੀਅਤ ਦਾ ਪੱਖ ਅੱਜ ਨਾਲੋਂ ਕਿਤੇ ਮਜ਼ਬੂਤ ਹੁੰਦਾ ਸੀ l
ਪੰਡਤ ਗੋਪਾਲ ਦਾਸ ਅਤੇ ਤਰਸੇਮ ਹੋਰਾਂ ਦੀਆਂ ਦੁਕਾਨਾਂ ਵਰਗੇ ਬੈਂਕ ਸ਼ਾਇਦ ਕਦੇ ਵੀ ਨਹੀਂ ਮਿਲ ਸਕਣੇ ....ਜਦੋਂ ਕੋਈ ਚੀਜ਼ ਚਾਹੀਦੀ ਹੁੰਦੀ, ਲੈ ਆਉਣੀ ਉਨ੍ਹਾਂ ਨੇ ਇੱਕ ਵਹੀ ਵਿਚ ਲਿਖ ਲੈਣਾ ......ਮੈਨੂੰ ਨਹੀਂ ਯਾਦ ਆਉਂਦਾ ਕਿ ਏਨੀ ਵੱਡੀ ਤਾਦਾਦ ਵਿੱਚ ਲੋਕਾਂ ਨੂੰ ਸਾਮਾਨ ਦਿੱਤਾ ਜਾਂਦਾ ਸੀ ਪਰ ਕਦੇ ਕਿਸੇ ਨਾਲ ਰੌਲਾ ਨਹੀਂ ਸੀ ਪਿਆ ....ਫ਼ਸਲਾਂ ਦੇ ਦਿਨਾਂ ਵਿਚ ਪੈਸੇ ਆਪਣੇ ਆਪ ਚੁਕਤਾ ਕਰ ਦਿੱਤੇ ਜਾਂਦੇ ਸਨ lਵਾਲੀ ਵਾਲੇ ਦਿਨ ਮਾਂ ਦੀਵੇ ਜਗਾਉਣ ਦੀ ਤਿਆਰੀ ਕਰਦੀ ....ਇਕ ਦੀਵਾ ਅਸੀਂ ਪਿਤਾ ਦੀ ਯਾਦ ਵਿੱਚ ਸਿਵਿਆਂ ਵਿੱਚ ਵੀ ਰੱਖ ਕੇ ਆਉਂਦੇ ਸੀ...ਦਿਨ ਛਿਪਾ ਤੋਂ ਕੁਝ ਸਮਾਂ ਪਹਿਲਾਂ ਮਾਂ ਇਸ ਦੀ ਤਿਆਰੀ ਕਰ ਲੈਂਦੀ ਸੀ . ..ਇਹ ਦ੍ਰਿਸ਼ ਯਾਦ ਕਰ ਕਰਕੇ ਮੇਰੀਆਂ ਅੱਖਾਂ ਅੱਜ ਵੀ ਭਿੱਜ ਜਾਂਦੀਆਂ ਹਨ ਜਦੋਂ ਮਾਂ ਨੇ ਇਕ ਹੱਥ ਵਿਚ ਇਕ ਥਾਲੀ ਫੜੀ ਹੋਣੀ ....ਉਸ ਦੀ ਦੀ ਇਕ ਉਂਗਲ ਮੇਰੇ ਵੱਡੇ ਭਰਾ ਨੇ ਫਡ਼ੀ ਹੋਣੀ ਤੇ ਮੈਂ ਮਾਂ ਦੇ ਕੁੜਤੇ ਦੀ ਇਕ ਨੁੱਕਰ ਫਡ਼ ਕੇ ਉਸ ਨਾਲ ਚੱਲ ਰਿਹਾ ਹੁੰਦਾ । ਸਿਵਿਆਂ ਵੱਲ ਇਹ ਜਾਂਦਾ ਇਹ ਛੋਟਾ ਜਿਹਾ ਸੀ ਪਰ ਉਨ੍ਹਾਂ ਦਿਨਾਂ ਵਿੱਚ ਇਹ ਵੱਡਾ ਲੱਗਦਾ ਹੁੰਦਾ l ਮਾਂ ਇੱਕ ਨਿਸ਼ਚਿਤ ਥਾਂ ਤੇ ਪਾਣੀ ਡੋਲਦੀ....ਰੇਤਲੀ ਧਰਤੀ ਵਿਚ ਪਾਣੀ ਜਲਦੀ ਸਮਾ ਜਾਂਦਾ ..ਉਸੇ ਭਿੱਜੀ ਹੋਈ ਧਰਤੀ ਤੇ ਮਾਂ ਮਠਿਆਈ ਧਰਦੀ ਅਤੇ ਦੀਵਾ ਜਗਾ ਕੇ ਮੱਥਾ ਟੇਕਦੀ..ਤੇ ਫਿਰ ਅਸੀਂ ਦੋਵੇਂ ਭਰਾ ਵੀ ਮੱਥਾ ਟੇਕਦੇ ..ਮੈਂ ਪਿਤਾ ਨੂੰ ਨਹੀਂ ਸੀ ਦੇਖਿਆ... ਸਿਵਿਆਂ ਚ ਖੜ੍ਹਾ ਮੈਂ ਆਸ ਪਾਸ ਤੱਕਦਾ ਇੱਕ ਛੋਟੀ ਜਿਹੀ ਕੰਧ ਤੋਂ ਪਾਰ ਵੀ ....
ਸ਼ਾਇਦ ਮੇਰਾ ਪਿਤਾ ਇਥੇ ਕਿਤੇ ਹੀ ਰਹਿੰਦਾ ਹੈ l ਚਾਰ ਪੰਜ ਸਾਲ ਦੀ ਉਮਰ ਤਕ ਮੈਂ ਸੋਚਦਾ ਰਿਹਾ ਕਿ ਉਹ ਘਰੇ ਕਿਉਂ ਨਹੀਂ ਆ ਜਾਂਦਾ ii
ਥੋੜ੍ਹਾ ਵੱਡਾ ਹੋਇਆ ਤਾਂ ਮੈਨੂੰ ਇਸ ਦਾ ਭੇਤ ਸਮਝ ਆ ਗਿਆ ਸੀ...ਵੱਡਾ ਹੋ ਕੇ ਮੈਂ ਅਕਸਰ ਮਾਂ ਦੀ ਉਸ ਅਕੀਦਤ ਸ਼ਰਧਾ ਨੂੰ ਯਾਦ ਕਰਦਾ ਹੋਇਆ ਰੋ ਪੈਂਦਾ ਹਾਂ ਜਿਸ ਦੇ ਹੱਥ ਵਿੱਚ ਸ਼ਰਧਾ ਦੀ ਇੱਕ ਥਾਲੀ ਹੁੰਦੀ ..ਜਿਸ ਵਿੱਚ ਬਲਦਾ ਹੋਇਆ ਦੀਵਾ ਅੱਜ ਵੀ ਜਗਦਾ ਪਿਆ ਹੈ ।
ਮੇਰਾ ਜਨਮ ਮੇਰੇ ਪਿਤਾ ਦੀ ਮੌਤ ਤੋਂ ਕੁਝ ਘੰਟਿਆਂ ਬਾਅਦ ਹੀ ਹੋਇਆ ਸੀ... ਸਾਰੀ ਜ਼ਿੰਦਗੀ ਬਦਲ ਗਈ ਸੀ...ਘਰ ਦਾ ਥੰਮ੍ਹ ਡਿੱਗ ਪਿਆ ਸੀ... ਮਾਂ ਦੇ ਸਿਰ ਤੋਂ ਕੁਦਰਤ ਨੇ ਰਹਿਮਤ ਦਾ ਹੱਥ ਚੁੱਕ ਲਿਆ ਸੀ ... ਤੇ ਮਾਂ ਨੇ ਸਾਰਾ ਬੋਝ ਆਪ ਚੁੱਕ ਲਿਆ ਸੀ ...ਦੋਵੇਂ ਬੱਚੇ ਛੋਟੇ ਸਨ ਪਰ ਉਹਨਾਂ ਦੀ ਪਰਵਰਿਸ਼ ਦਾ ਭਾਰ ਕੋਈ ਹੌਲ ਭਾਰ ਨਹੀਂ ਸੀ ....ਇਕ ਵੱਡਾ ਸੰਘਰਸ਼ ਸਾਹਮਣੇ ਸੀ l
ਸਿਵਿਆਂ ਤੋਂ ਵਾਪਸ ਆਉਂਦਿਆਂ ਮੈਨੂੰ ਕਾਹਲ ਹੁੰਦੀ ਕਦੋਂ ਦੀਵੇ ਜਗਾਵਾਂਗੇ ..ਕਦੋਂ ਪਟਾਕੇ ਚਲਾਵਾਂਗੇ ....ਕਦੋਂ ਮਠਿਆਈ ਵਾਲਾ ਲਿਫ਼ਾਫ਼ਾ ਖੋਲ੍ਹਾਂਗੇ ਪਰ ਅੱਜ ਮੈਂ ਹੈਰਾਨ ਹੁੰਦਾ ਹਾਂ ਕਿ ਮੈਨੂੰ ਸਿਵਿਆਂ ਤੋਂ ਵਾਪਸ ਆ ਰਹੀ ਮਾਂ ਦੁੱਖ ਦਾ ਅਹਿਸਾਸ ਕਿਉਂ ਨਹੀਂ ਸੀ ਹੋਇਆ ?
ਸ਼ਾਇਦ ਬਚਪਨ ਇਸੇ ਤਰਾਂ ਦਾ ਹੁੰਦਾ ਹੈ ।
ਦੀਵਾਲੀ ਦੇ ਦਿਨਾਂ ਵਿੱਚ ਮਾਂ ਸ਼ਾਮ ਨੂੰ ਬਾਹਰ ਨਹੀਂ ਸੀ ਨਿਕਲਣ ਦਿੰਦੀ ...ਮੇਰਾ ਵੱਡਾ ਭਰਾ ਮਾਂ ਦਾ ਆਖਾ ਮੰਨ ਜਾਂਦਾ ਸੀ ਪਰ ਮੈਂ ਨਹੀਂ ਸੀ ਮੰਨਦਾ l ਮਾਂ ਨੂੰ ਵਹਿਮ ਸੀ ਕਿ ਇਨ੍ਹਾਂ ਦਿਨਾਂ ਵਿੱਚ ਬੱਚਿਆਂ ਦਾ ਬਾਲ ਕੱਟ ਕੇ ਕੋਈ ਟੂਣਾ ਕਰ ਦਿੰਦਾ ਹੈ ਜਾਂ ਫਿਰ ਖਾਣ ਪੀਣ ਦੀਆਂ ਚੀਜ਼ਾਂ ਦੇ ਕੇ ਵੀ ਟੂਣਾ ਕਰ ਦਿੰਦਾ ਹੈ ...ਪਿੰਡਾਂ ਵਿੱਚ ਇਹ ਵਹਿਮ ਸ਼ਾਇਦ ਅੱਜ ਵੀ ਪਾਏ ਜਾਂਦੇ ਹੋਣ ਜਾਂ ਫਿਰ ਸ਼ਾਇਦ ਨਾ ਪਾਏ ਜਾਂਦੇ ਹੋਣ ਪਰ ਮੁਸ਼ਕਿਲ ਨਾਲ ਬੱਚੇ ਪਾਲ ਰਹੀ ਮੇਰੀ ਮਾਂ ਡਰੀ ਹੋਈ ਸੀ l
ਮੈਂ ਇਨ੍ਹਾਂ ਤੋਂ ਨਹੀਂ ਸੀ ਡਰਦਾ... ਥੋੜ੍ਹਾ ਜਿਹਾ ਵੱਡਾ ਹੋਇਆ ਤਾਂ ਮਾਂ ਦੇ ਇਨ੍ਹਾਂ ਵਹਿਮਾਂ ਨੂੰ ਮੰਨਣ ਤੋਂ ਕੋਰਾ ਇਨਕਾਰ ਹੀ ਕਰ ਦਿੱਤਾ ਸੀ ...ਮੈਂ ਇਨ੍ਹਾਂ ਚੀਜ਼ਾਂ ਨੂੰ ਨਹੀਂ ਮੰਨਦਾ ਪਰ ਮੈਂ ਮਾਂ ਦੇ ਇਨ੍ਹਾਂ ਵਹਿਮਾਂ ਤੇ ਮੈਂ ਕਦੇ ਖਿਝਿਆ ਨਹੀਂ ਸੀ ....ਸ਼ਾਇਦ ਮੈਨੂੰ ਮਾਂ ਦੇ ਹਾਲਾਤ ਅਤੇ ਫ਼ਿਕਰਾਂ ਦਾ ਥੋੜ੍ਹਾ ਬਹੁਤਾ ਅਹਿਸਾਸ ਸੀ l
ਥੋੜ੍ਹੀ ਜਿਹੀ ਜ਼ਮੀਨ ਉੱਤੇ ਨਿਰਭਰ ਇਕ ਵਿਧਵਾ ਔਰਤ ਜਿਸ ਨੇ ਬੜੀ ਮੁਸ਼ਕਲ ਨਾਲ ਬੱਚੇ ਪਾਲਣੇ ਸਨ.. ਦਰਅਸਲ ਇਹ ਵਹਿਮ ਉਹ ਦਾ ਡਰ ਸੀ ....ਉਸੇ ਤਰ੍ਹਾਂ ਦਾ ਡਰ ਜਿਵੇਂ ਤੁਸੀਂ ਕੋਈ ਸ਼ੀਸ਼ੇ ਦੀ ਬੇਸ਼ਕੀਮਤੀ ਚੀਜ਼ ਘਰ ਵਿੱੱਚ ਲੈ ਆਂਦੀ ਹੈ ਪਰ ਤੁਹਾਨੂੰ ਡਰ ਲਗਦਾ ਰਹਿੰਦਾ.. ਕਿਤੇ ਕੋਈ ਛੋਟੀ ਜਿਹੀ ਗਲਤੀ ਵੀ ਉਸ ਨੂੰ ਤੋੜ ਸਕਦੀ ਹੈ ਤੇ ਤੁਸੀਂ ਅਜਿਹੀ ਕੋਈ ਵੀ ਗ਼ਲਤੀ ਗ਼ਲਤੀ ਨਾਲ ਵੀ ਨਹੀਂ ਕਰਨੀ...ਛੋਟੀ ਜਿਹੀ ਗਲਤੀ ਵੀ l
ਭਾਵੇਂ ਗ਼ਲਤੀ ਛੋਟੀ ਹੋਵੇ ਜਾਂ ਵੱਡੀ ਉਹ ਬੇਸ਼ਕੀਮਤੀ ਚੀਜ਼ ਮੁੜ ਤੁਹਾਡੇ ਕੋਲ ਨਹੀਂ ਆ ਸਕਨੀ l
ਹੁਣ ਕਦੇ ਕਦੇ ਮਹਿਸੂਸ ਹੁੰਦਾ ਹੈ ਕਿ ਮੈਂ ਆਪਣੇ ਵੱਡੇ ਭਰਾ ਮੁਕਾਬਲਤਨ ਜ਼ਿਆਦਾ ਗੈਰ ਜ਼ਿੰਮੇਵਾਰ ਰਿਹਾ ਸੀ ..ਜ਼ਿਆਦਾ ਸ਼ਰਾਰਤੀ ਸੀ.. ਬੇ ਡਰਾ ਵੀ.... l
ਭਾਵੇਂ ਹੁਣ ਉਹ ਹਾਲਾਤ ਉਹ ਝੋਰੇ ਸਮਝ ਸਕਦਾ ਹਾਂ ਪਰ ਉਨ੍ਹਾਂ ਦਿਨਾਂ ਵਿਚ ਮੇਰਾ ਵੱਡਾ ਭਰਾ, ਹਾਲਾਤਾਂ ਤੋਂ ਮੇਰੇ ਨਾਲੋਂ ਕਿਤੇ ਬਿਹਤਰ ਤੌਰ ਤੇ ਜਾਣੂ ਸੀ l
ਸਿਵਿਆਂ ਦੀ ਮੁਕੱਦਸ ਮਿੱਟੀ ਤੇ ਜਾਣ ਦਾ ਇਹ ਮਾਮੂਲ ਉਨ੍ਹਾਂ ਉਨ੍ਹਾਂ ਚਿਰ ਬਣਿਆ ਰਿਹਾ ਸੀ ਜਿਨ੍ਹਾਂ ਚਿਰ ਅਸੀਂ ਪਿਆਰੇਆਣੇ ਰਹੇ ......ਅਤਿਵਾਦ ਤੋਂ ਬਾਅਦ ਜਦੋਂ ਪਿਆਰੇਆਣਾ ਛੱਡਣਾ ਪਿਆ ਤਾਂ ਕਿਸੇ ਹੋਰ ਜਗ੍ਹਾ ਤੇ ਦੀਵਾਲੀ ਮਨਾਈ ਤਾਂ ਕਈ ਵਰ੍ਹੇ ਮੈਨੂੰ ਸਿਵੇ ਤੇ ਜਾ ਕੇ ਮੱਥਾ ਨਾ ਟੇਕਣ ਦੀ ਕਸਕ ਰੜਕਦੀ ਰਹੀ ਸੀ ...l
ਪਿਤਾ ਨਾਲ ਨੇੜਤਾ ਹੋਣ ਭੁਲੇਖਾ ਖਤਮ ਹੋ ਗਿਆ ਸੀ ।
ਖ਼ੈਰ ਸਮਾਂ ਰੁਕਦਾ ਨਹੀਂ ।
ਦੀਵਾਲੀ ਦੇ ਦਿਨ ਆਉਂਦੇ ਤਾਂ ਮਨ ਖ਼ੁਸ਼ੀਆਂ ਵਿੱਚ ਝੂਮਦਾ ਰਹਿੰਦਾ.. ਉਤਸ਼ਾਹ ਨਾਲ ਭਰਿਆ ਰਹਿੰਦਾ ਪਰ ਜਦੋਂ ਦੀਵਾਲੀ ਦਾ ਦਿਨ ਆ ਜਾਂਦਾ ਤੇ ਉਹ ਗ਼ੁਜ਼ਰ ਰਿਹਾ ਹੁੰਦਾ... ਮਨ ਉਦਾਸ ਹੋਣਾ ਸ਼ੁਰੂ ਹੋ ਜਾਂਦਾ ਤੇ ਅਗਲੇ ਦਿਨ ਬਾਰੇ ਸੋਚਣ ਲੱਗ ਪੈਂਦਾ .....l
ਦੀਵਾਲੀ ਤੋਂ ਅਗਲਾ ਦਿਨ ਕਿੱਦਾਂ ਦਾ ਹੋਵੇਗਾ ਸ਼ਾਇਦ ....ਫਿੱਕਾ ਅਤੇ ਉਦਾਸ..... ..ਨਾ ਪਟਾਕੇ ਹੋਣਗੇ ਨਾ ਦੀਵਾਲੀ ਨਾਲ ਸੱਥ ਵਿੱਚ ਬੱਚਿਆਂ ਦਾ ਇਕੱਠ l
ਪਟਾਕੇ ਚਲਾ ਕੇ ਵਾਪਸ ਘਰ ਜਾਣ ਲੱਗਦਾ ਤਾਂ ਪਿੰਡ ਦੇ ਘਰਾਂ ਤੇ ਜਗਦੇ ਦੀਵਿਆਂ ਵੱਲ ਨਜ਼ਰ ਜਾਂਦੀ ਉਨ੍ਹਾਂ ਵਿੱਚੋਂ ਕੁਝ ਬਹੁਤ ਸਾਰੇ ਬੁਝ ਚੁੱਕੇ ਹੁੰਦੇ ਕਈ ਬੁਝਣ ਵਾਲੇ ਹੁੰਦੇ .....ਬੁਝ ਰਹੇ ਦੀਵੇ ਮੈਨੂੰ ਕਿਤੇ ਨਾ ਕਿਤੇ ਉਦਾਸ ਕਰ ਦਿੰਦੇ ਸਨ ਮੇਰੇ ਅੰਦਰ ਤੀਬਰ ਇੱਛਾ ਪੈਦਾ ਹੁੰਦੀ ਹੈ ਇਸ ਸਾਰੇ ਦੀਵੇ ਫਿਰ ਤੋਂ ਜਗ ਜਾਣ l
ਮੈਂ ਸੋਚਦਾ ਕਿ ਜ਼ਿੰਦਗੀ ਦੇ ਸਾਰੇ ਦਿਨ 'ਹਰ ਰੋਜ਼ ਦੀਵਾਲੀ ਕਿਉਂ ਨਹੀਂ ਹੁੰਦੀ .....ਸੋਚਦਾ ਸੋਚਦਾ ਮੈਂ ਘਰੇ ਚਲੇ ਜਾਂਦਾ ...ਮਾਂ ਤੇ ਨਾਨੀ ਮੰਜੇ ਤੇ ਬੈਠੀਆਂ ਗੱਲਾਂ ਕਰ ਰਹੀਆਂ ਹੁੰਦੀਆਂ ਅਚਾਨਕ ਮੈਨੂੰ ਖਿਆਲ ਆਉਂਦਾ ਕਿ ਇਨ੍ਹਾਂ ਨੇ ਤਾਂ ਦੀਵਾਲੀ ਮਨਾਈ ਹੀ ਨਹੀਂ ii
ਅਚਾਨਕ ਪਤਾ ਨ੍ਹੀਂ ਅੰਦਰ ਕੀ ਘਟਦਾ.. ਜਾ ਕੇ ਮਾਂ ਦੀ ਬੁੱਕਲ ਵਿਚ ਬੈਠ ਜਾਂਦਾ......l
....ਹੌਲੀ ਹੌਲੀ ਮੇਰੀ ਉਦਾਸੀ ਘਟ ਜਾਂਦੀ.. ਸੋਚਾਂ ਸ਼ਾਂਤ ਹੋ ਜਾਂਦੀਆਂ ....ਦੀਵਾਲੀ ਤੋਂ ਅਗਲੇ ਦਿਨ ਦੇ ਫਿੱਕੇ ਪਨ ਅਤੇ ਉਸ ਦੀ ਉਦਾਸੀ ਦਾ ਅਸਰ ਮੱਧਮ ਪੈ ਜਾਂਦਾ l
ਮਾਂ ਸ਼ਾਇਦ ਦੀਵਾਲੀ ਦੇ ਅਗਲੇ ਦਿਨ ਬਾਰੇ ਸੋਚੀ ਗਈ ਮੇਰੀ ਉਦਾਸੀ ਨੂੰ ਜਾਣਦੀ ਹੁੰਦੀ .....ਫਿਰ ਉਹਨੇ ਦੱਸਣਾ "ਥੋਡ਼੍ਹੇ ਦਿਨਾਂ ਨੂੰ ਗੁਰਪੁਰਬ ਆਊ,ਫਿਰ ਦੀਵੇ ਜਗਾਵਾਂਗੇ ..ਫਿਰ ਪਟਾਖੇ ਚਲਾ ਲਈ ...ਸੌਂ ਜਾ ਹੁਣ "
ਫਿਰ ਤੋਂ ਦੀਵੇ ਜਗਾਉਣ ਦੇ ਖਿਆਲ ਨਾਲ ਮਨ ਸ਼ਾਂਤ ਹੋ ਜਾਂਦਾ ....ਹੌਲੀ ਹੌਲੀ ਨੀਂਦ ਅੱਖਾਂ ਵਿੱਚ ਉਤਰ ਆਉਣੀ l
-
ਤਰਸੇਮ ਬਸ਼ਰ, writer
bashartarsem@gmail.com
9814163071
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.